ਮੇਰੇ ਭਾਪਾ ਜੀ ਪ੍ਰੋ. ਪ੍ਰੀਤਮ ਸਿੰਘ ਤੇ ਸੰਤੋਖ ਸਿੰਘ ਧੀਰ ਜੀ ਇਕ ਵਾਰ ਦੁਪਹਿਰੇ ਪੰਜਾਬੀ ਜ਼ੁਬਾਨ ਉੱਤੇ ਮੰਡਰਾਉਂਦੇ ਖ਼ਤਰੇ ਬਾਰੇ ਵਿਚਾਰ -ਵਟਾਂਦਰਾ ਕਰ ਰਹੇ ਸਨ। ਮੈਨੂੰ ਉਸ ਸਮੇਂ ਉਨ੍ਹਾਂ ਕੋਲ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਉਨ੍ਹਾਂ ਦੀਆਂ ਉੱਚ ਪੱਧਰੀ ਵਿਦਵਤਾ ਭਰਪੂਰ ਗੱਲਾਂ ਵਿੱਚੋਂ ਬਹੁਤ ਕੁਝ ਸਮਝਣ ਨੂੰ ਮਿਲਿਆ। ਕਦੇ ਗੱਲ ਸ਼ਿਵ ਕੁਮਾਰ ਬਟਾਲਵੀ ਦੀ ਆ ਜਾਂਦੀ ਤੇ ਕਦੇ ਨਾਨਕ ਸਿੰਘ ਜੀ ਬਾਰੇੇ। ਕਦੇ ਮੌਜੂਦਾ ਲੱਚਰ ਗੀਤ ਸੰਗੀਤ ਉੱਤੇ। ਭਾਪਾ ਜੀ ਨੇ ਦੱਸਿਆ ਕਿ ਤਾਮਿਲ ਤੇ ਸੰਸਕ੍ਰਿਤ ਸਭ ਤੋਂ ਪੁਰਾਣੀਆਂ ਜ਼ੁਬਾਨਾਂ ਮੰਨੀਆਂ ਜਾ ਚੁੱਕੀਆਂ ਹਨ ਪਰ ਹੁਣ ਉਹ ਵੀ ਮਰ-ਮੁੱਕ ਚੱਲੀਆਂ ਹਨ।

ਭਾਪਾ ਜੀ ਨੇ ਇਹ ਵੀ ਦੱਸਿਆ ਕਿ ਦੁਨੀਆ ਦੀ ਸਭ ਤੋਂ ਔਖੀ ਜ਼ੁਬਾਨ ‘ਐਂਡਾਰਿਨ’ ਹੈ ਪਰ ਫਿਰ ਵੀ ਉਸ ਨੂੰ ਬੋਲਣ ਵਾਲੇ 100 ਕਰੋੜ ਲੋਕ ਹਨ। ਉਹ ਵੀ ਹੋਰ ਭਾਸ਼ਾਵਾਂ ਸਿੱਖਣ ਦੀ ਚਾਹਤ ਰੱਖਦੇ ਹਨ ਪਰ ਆਪਣੀ ਜ਼ੁਬਾਨ ਮਿੱਧ ਕੇ ਨਹੀਂ। ਅੰਗਰੇਜ਼ੀ ਜ਼ੁਬਾਨ ਮਸਾਂ ਹਜ਼ਾਰ ਕੁ ਸਾਲ ਪੁਰਾਣੀ ਹੈ ਪਰ ਫਿਰ ਵੀ ਸਾਰੀ ਦੁਨੀਆ ਵਿਚ ਧੁੰਮਾਂ ਪਾ ਰਹੀ ਹੈ। ਇਸ ਨੂੰ ਬੋਲਣ ਵਾਲੇ ਧੜਾਧੜ ਇਸ ਵਿਚ ਕਿੱਤਾ ਮੁਹੱਈਆ ਕਰਵਾਉਣ ’ਚ ਜੁਟੇ ਹਨ ਤੇ ਨਵੀਆਂ ਖੋਜਾਂ ਵੀ ਲਗਾਤਾਰ ਜਾਰੀ ਰੱਖ ਰਹੇ ਹਨ। ਲਗਾਤਾਰ ਉਤਸ਼ਾਹਿਤ ਕਰਨ ਦਾ ਹਰ ਹੀਲਾ ਵਰਤਿਆ ਜਾਂਦਾ ਹੈ। ਸਾਡੇ ਭੋਲੇ ਲੋਕ ਇਨ੍ਹਾਂ ਨੁਕਤਿਆਂ ਵਿਚ ਅੜ ਕੇ ਅਤੇ ਰੁਜ਼ਗਾਰ ਲੱਭਦੇ ਹੌਲੀ-ਹੌਲੀ ਅੰਗਰੇਜ਼ੀ ਜ਼ੁਬਾਨ ਤੋਂ ਵੀ ਪੁਰਾਣੀ ਆਪਣੀ ਪੰਜਾਬੀ ਜ਼ੁਬਾਨ ਨੂੰ ਅਨਜਾਣੇ ਹੀ ਖ਼ਤਮ ਕਰਨ ਵੱਲ ਤੁਰ ਪਏ ਹਨ।

ਮੈਨੂੰ ਚੁੱਪ ਬੈਠੀ ਨੂੰ ਵੇਖ ਕੇ ਧੀਰ ਅੰਕਲ ਪੁੱਛਣ ਲੱਗੇ, ‘‘ਕਿਉਂ ਬਈ ਡਾਕਟਰ ਬੇਟੀ, ਤੇਰਾ ਕੀ ਖ਼ਿਆਲ ਐ? ਨਵੀਂ ਪੀੜ੍ਹੀ ਸਾਨੂੰ ਤਾਂ ਪੁਰਾਣਾ ਮੰਨ ਕੇ ਪੰਜਾਬੀ ਜ਼ੁਬਾਨ ਉੱਤੇ ਅੰਗਰੇਜ਼ੀ ਦਾ ਗਿਲਾਫ਼ ਚਾੜ੍ਹਨ ਲੱਗ ਪਈ ਐ। ਹੈ ਕੋਈ ਡਾਕਟਰੀ ਇਲਾਜ?’’ ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦੀ, ਭਾਪਾ ਜੀ ਕਹਿਣ ਲੱਗੇ, ‘‘ਇਸ ਨੇ ਕੀ ਦੱਸਣੈ, ਇਹ ਤਾਂ ਸਰੀਰ ਦੀਆਂ ਬਿਮਾਰੀਆਂ ਵਿਚ ਉਲਝੀ ਪਈ ਐ। ਸੰਨ 1971 ਤੋਂ ਹੁਣ ਤਕ ਸਿਰਫ਼ ਉਹ ਜ਼ੁਬਾਨਾਂ ਹੀ ਗਿਣੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਬੋਲਣ ਵਾਲੇ 10,000 ਤੋਂ ਵੱਧ ਹਨ। ਇਸ ਦਾ ਮਤਲਬ ਇਹ ਹੋਇਆ ਕਿ 1652 ਜ਼ੁਬਾਨਾਂ ਤੋਂ ਘਟ ਕੇ ਸਿਰਫ਼ 108 ਜ਼ੁਬਾਨਾਂ ਹੀ ਜ਼ਿੰਦਾ ਬਚੀਆਂ ਹਨ।’’

‘‘ਇਹ ਤਾਂ ਬਹੁਤ ਖ਼ਤਰੇ ਦੀ ਗੱਲ ਹੈ।’’ ਮੈਂ ਬੋਲੀ। ‘‘ਇਸ ਤੋਂ ਵੀ ਖ਼ਤਰਨਾਕ ਗੱਲ ਇਹ ਹੈ ਕਿ ਪੰਜਾਬੀ ਆਪਣੀ ਮਾਂ ਬੋਲੀ ਉੱਤੇ ਮੰਡਰਾਉਂਦੇ ਖ਼ਤਰੇ ਬਾਰੇ ਚਿੰਤਤ ਨਹੀਂ ਹਨ। ਦੁਨੀਆ ਭਰ ਵਿਚ ਝਾਤ ਮਾਰੀਏ ਤਾਂ ਭਾਰਤ ਵਿਚਲੀਆਂ ਜ਼ੁਬਾਨਾਂ ਉੱਤੇ ਸਭ ਤੋਂ ਵੱਧ ਮਾਰ ਪੈ ਰਹੀ ਹੈ ਜਿੱਥੇ ਆਸਟ੍ਰੇਲੀਆ, ਕੈਨੇਡਾ, ਚੀਨ, ਰੂਸ ਤੇ ਅਮਰੀਕਾ ਤੋਂ ਕਿਤੇ ਵੱਧ ਬੋਲੀਆਂ ਖ਼ਾਤਮੇ ਵੱਲ ਜਾ ਰਹੀਆਂ ਹਨ। ਕਬੀਲਿਆਂ ਦੀਆਂ ਜ਼ੁਬਾਨਾਂ ਜੇ ਹੌਲੀ-ਹੌਲੀ ਖ਼ਤਮ ਹੋ ਗਈਆਂ ਤਾਂ ਸਮਝੋ ਸਾਡੇ ਪਿਛੋਕੜ ਵਿੱਚੋਂ ਅੱਧਾ ਇਤਿਹਾਸ ਗ਼ਾਇਬ ਹੋ ਗਿਆ। ਸਾਡਾ ਸਦੀਆਂ ਤੋਂ ਚੱਲਦਾ ਆਉਂਦਾ ਜੜ੍ਹੀਆਂ-ਬੂਟੀਆਂ ਦਾ ਗਿਆਨ ਅਤੇ ਪੁਰਾਣੇ ਰੀਤੀ-ਰਿਵਾਜ ਸਮੇਤ ਬਹੁਤ ਵੱਡਮੁੱਲੀ ਜਾਣਕਾਰੀ ਹਮੇਸ਼ਾ ਲਈ ਗੁੰਮ ਹੋ ਜਾਵੇਗੀ।’’ ਭਾਪਾ ਜੀ ਨੇ ਸਮਝਾਇਆ।

ਧੀਰ ਅੰਕਲ ਨੇ ਕਿਹਾ, ‘‘ਬਿਲਕੁਲ ਸਹੀ ਪ੍ਰੋਫੈਸਰ ਸਾਹਿਬ। ਜੇ ਸਾਡੇ ਯੂਨੀਵਰਸਿਟੀਆਂ ਵਿਚਲੇ ਪ੍ਰੋਫੈਸਰ ਇਹ ਨੁਕਤਾ ਸਮਝ ਜਾਣ ਤਾਂ ਕੁਝ ਹੋ ਸਕਦਾ ਹੈ। ਵੇਖੋ ਨਾ, ਓਡੀਸ਼ਾ, ਛੱਤੀਸਗੜ੍ਹ, ਮਿਜ਼ੋਰਮ, ਤ੍ਰਿਪੁਰਾ ਤੇ ਮੇਘਾਲਿਆ ਵਿਚ ਪੜ੍ਹੇ-ਲਿਖੇ ਲੋਕਾਂ ਨੇ ਜ਼ਿੰਮਾ ਚੁੱਕ ਕੇ ਆਪੋ-ਆਪਣੀ ਮਾਂ ਬੋਲੀ ਦੀ ਮਹੱਤਤਾ ਬਾਰੇ ਹੋਰਨਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਹੈ ਅਤੇ ਬੱਚਿਆਂ ਨਾਲ ਸਿਰਫ਼ ਮਾਂ-ਬੋਲੀ ਵਿਚ ਬੋਲਣਾ ਸ਼ੁਰੂ ਕਰ ਦਿੱਤਾ ਹੋਇਆ ਹੈ।’’

‘‘ਬਿਲਕੁਲ’’ ਭਾਪਾ ਜੀ ਨੇ ਅੱਗੋਂ ਗੱਲ ਤੋਰੀ। ‘ਆਪਣੀ ਮਾਂ-ਬੋਲੀ ਵਿਚ ਵਧੀਆ ਬਾਲ ਕਹਾਣੀਆਂ, ਕਵਿਤਾਵਾਂ, ਲੇਖ, ਨਾਵਲ, ਫਿਲਮਾਂ ਆਦਿ ਬਣਾ ਕੇ ਜ਼ੁਬਾਨ ਵਿਚ ਰੂਹ ਫੂਕੀ ਜਾ ਸਕਦੀ ਹੈ। ਸਭ ਤੋਂ ਵੱਡਾ ਉੱਦਮ ਤਾਂ ਤਕਨੀਕੀ ਮਾਹਿਰਾਂ ਵੱਲੋਂ ਕਰਨਾ ਪੈਣਾ ਹੈ। ਜੇ ਤਕਨੀਕੀ ਵਿੱਦਿਆ ਆਪਣੀ ਜ਼ੁਬਾਨ ਵਿਚ ਸਿਖਾਈ ਜਾਵੇ ਤਾਂ ਜ਼ੁਬਾਨ ਕਦੇ ਨਹੀਂ ਮਰ ਸਕਦੀ। ਬਿਲਕੁਲ ਇੰਜ ਹੀ ਹਰ ਦਾਦੇ-ਨਾਨੇ ਨੂੰ ਵੀ ਆਪਣੇ ਪੋਤੇ-ਦੋਹਤਿਆਂ ਨੂੰ ਮਾਂ-ਬੋਲੀ ਦੀਆਂ ਕਹਾਣੀਆਂ ਸੁਣਾ ਕੇ ਮਾਂ-ਬੋਲੀ ਦੀ ਨੀਂਹ ਪੱਕੀ ਕਰਨੀ ਚਾਹੀਦੀ ਹੈ।’’

ਮੈਂ ਉਤਸੁਕਤਾ ਨਾਲ ਪੁੱਛਿਆ, ‘‘ਭਲਾ ਕਬਾਇਲੀਆਂ ਦੀ ਭਾਸ਼ਾ ਮੁੱਕ ਜਾਣ ਨਾਲ ਹੋਰ ਭਾਸ਼ਾਵਾਂ ਉੱਤੇ ਕੀ ਫ਼ਰਕ ਪਵੇਗਾ?’’ ਭਾਪਾ ਜੀ ਨੇ ਸਮਝਾਇਆ, ‘‘ਜ਼ੁਬਾਨ ਨਾਲ ਲੋਕਾਂ ਦੀ ਪਛਾਣ ਜੁੜੀ ਹੁੰਦੀ ਹੈ। ਉਸੇ ਪਛਾਣ ਸਦਕਾ ਹੀ ਉਹ ਆਪਣੀ ਧਰਤੀ ਨਾਲ ਜੁੜਦੇ ਹਨ। ਉਹੀ ਜ਼ੁਬਾਨ ਉਨ੍ਹਾਂ ਦੀ ਆਪਣੇ ਪੁਰਖਿਆਂ ਨਾਲ ਸਾਂਝ ਗੰਢਦੀ ਹੈ। ਜਦੋਂ ਜ਼ੁਬਾਨਾਂ ਮਰਨ ਲੱਗ ਜਾਣ ਤਾਂ ਉਨ੍ਹਾਂ ਨਾਲ ਜੁੜੀ ਸੱਭਿਅਤਾ ਤਾਂ ਮਰਨੀ ਹੀ ਹੋਈ ਪਰ ਉਨ੍ਹਾਂ ਦੀ ‘ਆਪਣੀ ਧਰਤੀ’ ਵੀ ਮਰ-ਮੁੱਕ ਜਾਂਦੀ ਹੈ। ਜੇ ਅਜਿਹਾ ਵੱਡੇ ਪੱਧਰ ਉੱਤੇ ਹੋਣ ਲੱਗ ਪਵੇ ਤਾਂ ਸਭ ਇੱਕੋ ਜਿਹੀ ਦੌੜ ਵਿਚ ਲੱਗ ਜਾਣਗੇ ਅਤੇ ਆਪੋ ਵਿਚ ਹੀ ਲੜ-ਮਰ ਕੇ ਖ਼ਤਮ ਹੋ ਜਾਣਗੇ। ਕਿਸੇ ਨੂੰ ਦੂਜੇ ਬਾਰੇ ਜਾਣਨ ਦੀ ਚਾਹ ਹੀ ਨਹੀਂ ਹੋਵੇਗੀ ਕਿਉਂਕਿ ਸਭ ਇੱਕੋ ਜ਼ੁਬਾਨ ਰਾਹੀਂ ਇੱਕੋ ਸੱਭਿਅਤਾ ਬਾਰੇ ਰਟਦੇ ਇਕ-ਦੂਜੇ ਨੂੰ ਕਾਟ ਕਰਨ ਲੱਗ ਪੈਣਗੇ। ਜੇ ਦੋ ਵੱਖੋ-ਵੱਖ ਜਣੇ ਮਿਲਣ ਤਾਂ ਇਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਅਤੇ ਦੂਜੇ ਨਾਲ ਜੁੜੇ ਇਤਿਹਾਸ ਵੱਲ ਵੀ ਝਾਤ ਮਾਰਨਗੇ। ਬੇਅੰਤ ਕੁਦਰਤੀ ਇਲਾਜ ਅਤੇ ਦਵਾਈਆਂ ਦੀ ਜਾਣਕਾਰੀ ਜੋ ਪੁਰਾਤਨ ਸਮੇਂ ਵਿਚ ਸੀ, ਬਹੁਤ ਵਡਮੁੱਲੀ ਪੁਰਾਣੀ ਤਕਨੀਕੀ ਜਾਣਕਾਰੀ ਅਤੇ ਹੋਰ ਵੀ ਬਹੁਤ ਕੀਮਤੀ ਪੁਰਾਣਾ ਸਾਹਿਤ, ਸਭ ਕੁਝ ਖ਼ਤਮ ਹੋ ਜਾਵੇਗਾ। ਇਸੇ ਲਈ ਜ਼ਰੂਰੀ ਹੈ ਨਵੀਂ ਪਨੀਰੀ ਨੂੰ ਆਪਣੀ ਜ਼ੁਬਾਨ ਨਾਲ ਜੋੜਨਾ। ਉਹ ਭਾਵੇਂ ਦਸ ਹੋਰ ਜ਼ੁਬਾਨਾਂ ਸਿੱਖਣ ਪਰ ਆਪਣੀ ਮਾਂ-ਬੋਲੀ ਮਿੱਧ ਕੇ ਨਹੀਂ।’’ ਧੀਰ ਅੰਕਲ ਕਹਿਣ ਲੱਗੇ, ‘‘ਚੱਲ ਬੀਬਾ ਸਿਰਫ਼ ਏਨਾ ਹੀ ਸੋਚ ਕੇ ਵੇਖ ਕਿ ਕੱਲ੍ਹ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖੀ ਭਾਸ਼ਾ ਨੂੰ ਸਮਝਣ ਵਾਲਾ ਕੋਈ ਬਚਿਆ ਹੀ ਨਾ ਤਾਂ ਜਿਹੜਾ ਮਰਜ਼ੀ ਆ ਕੇ ਕਹਿ ਦੇਵੇਗਾ ਕਿ ਇਸ ਵਿਚ ਈਸਾ ਮਸੀਹ ਦੀ ਉਸਤਤ ਲਿਖੀ ਹੈ। ਸੋਚ ਕੇ ਵੇਖ ਫਿਰ ਕੀ ਬਣੇਗਾ?’’

ਗੱਲ ਤਾਂ ਮੇਰੇ ਪੱਲੇ ਚੰਗੀ ਤਰ੍ਹਾਂ ਪੈ ਗਈ ਸੀ। ਉਸ ਸਮੇਂ ਜੋ ਮੇਰੇ ਜ਼ਿੰਮੇ ਉਨ੍ਹਾਂ ਦੋਵਾਂ ਨੇ ਕੰਮ ਲਾਇਆ ਸੀ, ਉਹ ਮੈਂ ਅਜੇ ਤਕ ਨਿਭਾ ਰਹੀ ਹਾਂ। ਭਾਪਾ ਜੀ 25 ਅਕਤੂਬਰ 2008 ਨੂੰ ਅਲਵਿਦਾ ਕਹਿ ਗਏ ਸਨ ਪਰ ਨਿੱਕੇ ਬਾਲਾਂ ਨੂੰ ਤਕਨੀਕੀ ਜਾਣਕਾਰੀ ਪੰਜਾਬੀ ਜ਼ੁਬਾਨ ਵਿਚ ਦੇਣ ਦੀ ਜ਼ਿੰਮੇਵਾਰੀ ਮੈਂ ਲਗਾਤਾਰ ਨਿਭਾ ਰਹੀ ਹਾਂ ਅਤੇ ਪੁਰਾਣੇ ਪੰਜਾਬੀ ਸਾਹਿਤਕਾਰਾਂ ਦੀ ਯਾਦ ਵੀ ਤਾਜ਼ਾ ਕਰਦੀ ਰਹਿੰਦੀ ਹਾਂ। ਡਾਕਟਰੀ ਵਿਗਿਆਨ ਨੂੰ ਆਪਣੀ ਮਾਂ-ਬੋਲੀ ਵਿਚ ਸੌਖੇ ਸ਼ਬਦਾਂ ਵਿਚ ਲਿਖਣ ਦਾ ਕੰਮ ਵੀ ਭਾਪਾ ਜੀ ਦੀ ਹੱਲਾਸ਼ੇਰੀ ਸਦਕਾ ਹੀ ਸੰਭਵ ਹੋ ਰਿਹਾ ਹੈ।

ਡਾ. ਹਰਸ਼ਿੰਦਰ ਕੌਰ

ਫੋਨ : 0175-2216783

Posted By: Jatinder Singh