-ਰਸ਼ੀਦ ਕਿਦਵਈ

ਦੇਸ਼ ਦੀ 135 ਸਾਲ ਪੁਰਾਣੀ ਪਾਰਟੀ ਕਾਂਗਰਸ ਵਿਚਾਰਧਾਰਾ ਤੇ ਲੀਡਰਸ਼ਿਪ ਦੋਵੇਂ ਮਾਮਲਿਆਂ 'ਚ ਦੋਰਾਹੇ 'ਤੇ ਖੜ੍ਹੀ ਹੈ। ਵਿਚਾਰਧਾਰਾ ਦਾ ਮਾਮਲਾ ਤਾਂ ਮਹਾਰਾਸ਼ਟਰ 'ਚ ਸ਼ਿਵਸੈਨਾ ਨਾਲ ਗਠਜੋੜ ਕਰ ਕੇ ਸਰਕਾਰ ਬਣਾਉਣ ਤੋਂ ਬਾਅਦ ਥੋੜ੍ਹਾ ਨਰਮ ਪੈ ਗਿਆ ਹੈ ਪਰ ਲੀਡਰਸ਼ਿਪ ਦਾ ਮਾਮਲਾ ਹਾਲੇ ਵੀ ਉਲਝਿਆ ਹੋਇਆ ਦਿਸ ਰਿਹਾ ਹੈ। ਇਕ ਪਾਸੇ ਜਿੱਥੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਆਪਣੇ ਪੁੱਤਰ ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਾਉਣ ਲਈ ਉੁਤਸੁਕ ਨਜ਼ਰ ਆਉਂਦੇ ਹਨ, ਉੱਥੇ ਹੀ ਆਮ ਕਾਂਗਰਸੀ ਨੇਤਾਵਾਂ 'ਚ ਇਕ ਅਜਿਹੀ ਸੋਚ ਹੈ ਕਿ ਹਾਲੇ ਸੋਨੀਆ ਗਾਂਧੀ ਹੀ ਕਾਂਗਰਸ ਪਾਰਟੀ ਦੀ ਕਮਾਂਡ ਸੰਭਾਲੀ ਰੱਖਣ। ਕਾਂਗਰਸੀ ਨੇਤਾਵਾਂ ਦਾ ਇਹ ਵੀ ਮੰਨਣਾ ਹੈ ਕਿ ਦਿੱਲੀ 'ਚ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਹੀ ਕਾਂਗਰਸ ਦੀ ਲੀਡਰਸ਼ਿਪ ਦੇ ਮੁੱਦੇ ਨੂੰ ਦੇਖਣ ਤੇ ਸਮਝਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਜਲਦ ਹੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ।

ਅੱਜ ਕਾਂਗਰਸ ਅੰਦਰ ਜੋ ਹਲਚਲ ਮਚੀ ਹੈ, ਉਸ ਦਾ ਇਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਮਹੱਤਵਪੂਰਨ ਅਹੁਦਿਆਂ 'ਤੇ ਬੈਠੇ ਹੋਏ ਕਾਂਗਰਸੀ ਆਗੂ ਇਸ ਗੱਲ ਲਈ ਤਾਂ ਬਿਲਕੁਲ ਤਿਆਰ ਨਜ਼ਰ ਆ ਰਹੇ ਹਨ ਕਿ ਉਹ ਰਾਹੁਲ ਗਾਂਧੀ ਨੂੰ ਦੁਬਾਰਾ ਆਪਣਾ ਪ੍ਰਧਾਨ ਚੁਣ ਲੈਣ ਪਰ ਇਸ ਦੇ ਨਾਲ ਹੀ ਉਹ ਰਾਹੁਲ ਗਾਂਧੀ ਦੇ ਕੰਮਕਾਜ ਕਰਨ ਦੇ ਤੌਰ-ਤਰੀਕੇ 'ਚ ਥੋੜ੍ਹਾ ਬਦਲਾਅ ਵੀ ਦੇਖਣਾ ਚਾਹੁੰਦੇ ਹਨ। ਉਨ੍ਹਾਂ ਦੀ ਇਕ ਉਮੀਦ ਇਹ ਵੀ ਹੈ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ, ਦੋਵੇਂ ਜਲਦ ਹੀ ਕਾਂਗਰਸ ਵਰਕਿੰਗ ਕਮੇਟੀ ਦੀਆਂ ਨਿਰਪੱਖ ਚੋਣਾਂ ਕਰਵਾਉਣਗੇ। ਦੇਖਣਾ ਹੈ ਕਿ ਸੱਚਮੁੱਚ ਅਜਿਹਾ ਹੁੰਦਾ ਹੈ ਜਾਂ ਨਹੀਂ?

ਦਰਅਸਲ ਕਾਂਗਰਸ 'ਚ ਵਰਕਿੰਗ ਕਮੇਟੀ ਦੀਆਂ ਚੋਣਾਂ ਹਮੇਸ਼ਾ ਬਹੁਤ ਵੱਡੀ ਚੁਣੌਤੀ ਰਹੀਆਂ ਹਨ। 1991 'ਚ ਜਦੋਂ ਪੀਵੀ ਨਰਸਿਮ੍ਹਾ ਰਾਓ ਕਾਂਗਰਸ ਪ੍ਰਧਾਨ ਬਣੇ ਤਾਂ ਉਨ੍ਹਾਂ ਨੇ ਤਿਰੂਪਤੀ ਤੋਂ ਅਪ੍ਰੈਲ 1992 'ਚ ਚੋਣਾਂ ਕਰਵਾਈਆਂ ਸਨ। ਇਸ ਤੋਂ ਇਲਾਵਾ ਦੂਜੀ ਵਾਰ ਸੀਤਾਰਾਮ ਕੇਸਰੀ ਨੇ ਕੋਲਕਾਤਾ 'ਚ ਅਗਸਤ 1997 'ਚ ਕਾਂਗਰਸ ਵਰਕਿੰਗ ਕਮੇਟੀ ਦੀਆਂ ਚੋਣਾਂ ਕਰਵਾਈਆਂ ਸਨ। ਕਾਂਗਰਸੀ ਵਰਕਰ ਚਾਹੁੰਦੇ ਹਨ ਕਿ ਵਰਕਿੰਗ ਕਮੇਟੀ ਦੀਆਂ ਚੋਣਾਂ ਜ਼ਰੀਏ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਭੂਮਿਕਾ ਤੈਅ ਹੋ ਜਾਣੀ ਚਾਹੀਦੀ ਹੈ, ਖ਼ਾਸ ਤੌਰ 'ਤੇ ਉਨ੍ਹਾਂ ਨੇਤਾਵਾਂ ਲਈ ਜੋ ਨਹਿਰੂ-ਗਾਂਧੀ ਪਰਿਵਾਰ ਦੇ ਮੈਂਬਰ ਨਹੀਂ ਹਨ।

ਸੋਨੀਆ ਗਾਂਧੀ ਦੇ ਤਕਰੀਬਨ 20 ਸਾਲ ਲੰਬੇ ਪ੍ਰਧਾਨਗੀ ਦੇ ਕਾਰਜਕਾਲ 'ਚ ਕਾਂਗਰਸ 'ਚ ਮਹੱਤਵਪੂਰਨ ਅਹੁਦਿਆਂ 'ਤੇ ਅਜਿਹੀਆਂ ਹਸਤੀਆਂ ਮੌਜੂਦ ਰਹੀਆਂ, ਜੋ ਉਨ੍ਹਾਂ ਦੀਆਂ ਪਸੰਦੀਦਾ ਸਨ। ਹਾਲਾਂਕਿ ਰਾਹੁਲ ਗਾਂਧੀ ਨੇ ਵੀ ਇਸੇ ਵਿਧੀ ਨੂੰ ਅਪਣਾਉਂਦਿਆਂ ਹੋਇਆਂ ਮਹੱਤਵਪੂਰਨ ਅਹੁਦਿਆਂ 'ਤੇ ਆਪਣੇ ਚਹੇਤਿਆਂ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਪਰ ਇਸ 'ਚ ਉਹ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਏ।

ਹੁਣ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਡਰ ਹੈ ਕਿ ਰਾਹੁਲ ਗਾਂਧੀ ਜਦੋਂ ਕਦੇ ਵਾਪਸ ਆਉਣਗੇ ਤਾਂ ਕਿਤੇ ਉਹ ਪਾਰਟੀ 'ਚ ਵੱਡੇ ਅਹੁਦਿਆਂ ਜਿਵੇਂ ਵਰਕਿੰਗ ਕਮੇਟੀ ਮੈਂਬਰ, ਪਾਰਟੀ ਦੇ ਜਨਰਲ ਸਕੱਤਰ ਜਾਂ ਸੂਬਾ ਪ੍ਰਧਾਨ ਲਈ ਆਪਣੇ ਪਸੰਦੀਦਾ ਵਿਅਕਤੀਆਂ ਨੂੰ ਨਾ ਚੁਣਨਾ ਸ਼ੁਰੂ ਕਰ ਦੇਣ। ਜ਼ਾਹਿਰ ਹੈ ਕਿ ਜੇ ਵਰਕਿੰਗ ਕਮੇਟੀ ਦੀ ਚੋਣ ਹੋਵੇਗੀ ਤਾਂ ਇਸ 'ਚ ਸੀਨੀਆਰਤਾ ਦਾ ਇਕ ਤਰੀਕੇ ਨਾਲ ਕ੍ਰਮ ਤੈਅ ਹੋ ਜਾਵੇਗਾ।

ਕਾਂਗਰਸ ਵਰਕਿੰਗ ਕਮੇਟੀ ਚੁਣਨ ਦਾ ਅਧਿਕਾਰ ਆਲ ਇੰਡੀਆ ਕਾਂਗਰਸ ਕਮੇਟੀ ਦੇ 1500 ਮੈਂਬਰਾਂ ਨੂੰ ਹੈ, ਜੋ ਪੂਰੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਉਂਦੇ ਹਨ। ਕਾਂਗਰਸ ਦੇ ਸੰਵਿਧਾਨ ਅਨੁਸਾਰ ਕਾਂਗਰਸ ਵਰਕਿੰਗ ਕਮੇਟੀ 24 ਮੈਂਬਰਾਂ ਦੀ ਹੋਣੀ ਚਾਹੀਦੀ ਹੈ, ਜਿਨ੍ਹਾਂ 'ਚੋਂ 12 ਮੈਂਬਰਾਂ ਦੀ ਚੋਣ ਹੋਣੀ ਚਾਹੀਦੀ ਹੈ ਤੇ 12 ਮੈਂਬਰਾਂ ਨੂੰ ਕਾਂਗਰਸ ਪ੍ਰਧਾਨ ਨਾਮਜ਼ਦ ਕਰ ਸਕਦਾ ਹੈ। ਇਨ੍ਹਾਂ 12 ਮੈਂਬਰਾਂ 'ਚ ਘੱਟ ਗਿਣਤੀ, ਔਰਤਾਂ ਤੇ ਕਮਜ਼ੋਰ ਤਬਕੇ ਦੇ ਲੋਕ ਹੁੰਦੇ ਹਨ।

ਇਕ ਤੱਥ ਇਹ ਵੀ ਹੈ ਕਿ ਕਾਂਗਰਸ ਵਰਕਿੰਗ ਕਮੇਟੀ ਦੀਆਂ ਚੋਣਾਂ ਬਹੁਤੀ ਵਾਰ ਇਸ ਕਰਕੇ ਨਹੀਂ ਕਰਵਾਈਆਂ ਜਾਂਦੀਆਂ ਕਿ ਇਸ ਨਾਲ ਪਾਰਟੀ 'ਚ ਪਾੜਾ ਪੈ ਸਕਦਾ ਹੈ ਤੇ ਆਪਸੀ ਝਗੜੇ ਵਧ ਸਕਦੇ ਹਨ। ਇਸ ਲਈ ਵਰਕਿੰਗ ਕਮੇਟੀ ਹੀ ਕਾਂਗਰਸ ਪ੍ਰਧਾਨ ਨੂੰ ਅਧਿਕਾਰ ਦੇ ਦਿੰਦੀ ਹੈ ਕਿ ਉਹ ਸਾਰੇ 24 ਮੈਂਬਰਾਂ ਨੂੰ ਨਾਮਜ਼ਦ ਕਰ ਦੇਣ ਪਰ ਅੱਜ ਪਾਰਟੀ ਦੇ ਅੰਦਰੋਂ ਕੁਝ ਆਵਾਜ਼ਾਂ ਉੱਠ ਰਹੀਆਂ ਹਨ। ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਪਾਰਟੀ ਅੰਦਰ ਉੱਠਦੀਆਂ ਇਨ੍ਹਾਂ ਆਵਾਜ਼ਾਂ ਦਾ ਨੋਟਿਸ ਲੈਣਾ ਚਾਹੀਦਾ ਹੈ।

ਝਾਰਖੰਡ ਵਿਧਾਨ ਸਭਾ ਦੇ ਚੋਣ ਨਤੀਜੇ ਆਉਣ ਤੋਂ ਬਾਅਦ ਕਾਂਗਰਸ 'ਚ ਆਸ਼ਾ ਦੀ ਇਕ ਨਵੀਂ ਕਿਰਨ ਆਈ ਹੈ। ਇੱਥੇ ਝਾਰਖੰਡ ਮੁਕਤੀ ਮੋਰਚਾ ਤੇ ਰਾਸ਼ਟਰੀ ਜਨਤਾ ਦਲ ਨਾਲ ਮਿਲ ਕੇ ਚੋਣਾਂ ਲੜੀ ਕਾਂਗਰਸ ਨੂੰ 16 ਸੀਟਾਂ ਮਿਲੀਆਂ ਹਨ। ਝਾਰਖੰਡ ਦੇ ਚੋਣ ਨਤੀਜਿਆਂ ਤੋਂ ੁਬਾਅਦ ਕਾਂਗਰਸੀ ਆਗੂਆਂ ਨੂੰ ਲੱਗਦਾ ਹੈ ਕਿ ਜੇ ਕੇਂਦਰੀ ਲੀਡਰਸ਼ਿਪ ਪਾਰਟੀ 'ਚ ਸਭ ਨੂੰ ਨਾਲ ਲੈ ਕੇ ਚੱਲੇ ਤਾਂ ਸੂਬਿਆਂ 'ਚ ਨਤੀਜੇ ਬਿਹਤਰ ਹੋ ਸਕਦੇ ਹਨ।

ਹਰਿਆਣਾ ਤੇ ਮਹਾਰਾਸ਼ਟਰ ਦੀ ਤਰ੍ਹਾਂ ਝਾਰਖੰਡ 'ਚ ਵੀ ਗਾਂਧੀ ਪਰਿਵਾਰ ਦੀ ਬਹੁਤੀ ਸਰਗਰਮ ਭੂਮਿਕਾ ਨਹੀਂ ਸੀ। ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਦੋਵਾਂ ਨੇ ਪ੍ਰਚਾਰ 'ਚ ਹਿੱਸਾ ਤਾਂ ਲਿਆ ਸੀ ਪਰ ਗਠਜੋੜ ਦੇ ਜ਼ਿਆਦਾਤਰ ਕੰਮ ਹੇਮੰਤ ਸੋਰੇਨ ਦੇ ਜ਼ਿੰਮੇ ਹੀ ਸਨ। ਕਾਂਗਰਸ ਪਾਰਟੀ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਕੰਮ ਉੱਥੋਂ ਦੇ ਕਾਂਗਰਸੀ ਆਗੂ, ਸਾਬਕਾ ਕੇਂਦਰੀ ਮੰਤਰੀ ਆਰਪੀਐੱਨ ਸਿੰਘ ਤੇ ਦੂਜੇ ਜ਼ਮੀਨੀ ਨੇਤਾਵਾਂ ਦਾ ਸੀ। ਕੰਮਕਾਜ ਦੇ ਇਸ ਮੋਰਚੇ 'ਚ ਕਾਂਗਰਸ ਨੂੰ ਉਮੀਦ ਨਾਲੋਂ ਜ਼ਿਆਦਾ ਕਾਮਯਾਬੀ ਮਿਲੀ ਹੈ। ਉਮੀਦ ਹੈ ਕਿ ਇਹ ਮਾਡਲ ਆਉਣ ਵਾਲੇ ਸਮੇਂ 'ਚ ਰਹੇਗਾ ਤੇ ਚੱਲੇਗਾ।

ਕਾਂਗਰਸ ਦੀ ਮੋਹਰੀ ਲੀਡਰਸ਼ਿਪ ਦਾ ਕੰਮ ਇਹ ਹੈ ਕਿ ਉਹ ਸਭ ਨੂੰ ਨਾਲ ਲੈ ਕੇ ਚੱਲੇ ਤੇ ਜੋ ਕੌਮੀ ਮੁੱਦੇ ਹਨ, ਉਸ 'ਤੇ ਸਪੱਸ਼ਟ ਨੀਤੀ ਤੈਅ ਕਰੇ। ਵਰਕਿੰਗ ਕਮੇਟੀ ਦੀਆਂ ਚੋਣਾਂ ਹੋਣ ਪਿੱਛੋਂ ਜੋ ਇਸ ਦੇ ਮੈਂਬਰ ਹੋਣਗੇ, ਉਨ੍ਹਾਂ ਤੋਂ ਵੀ ਅਜਿਹੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਸੰਵੇਦਨਸ਼ੀਲ ਮੁੱਦਿਆਂ 'ਤੇ ਆਪਣੀ ਗੱਲ ਰੱਖਣਗੇ। ਕਾਂਗਰਸ ਅੰਦਰ ਫ਼ੈਸਲਾ ਲੈਣ ਦਾ ਹਾਲੇ ਜੋ ਅਧਿਕਾਰ ਹੈ, ਉਹ ਸੋਨੀਆ ਗਾਂਧੀ ਕੋਲ ਹੈ। ਉਨ੍ਹਾਂ ਦੇ ਸਲਾਹਕਾਰਾਂ ਦਾ ਪਾਰਟੀ ਅੰਦਰ ਜਾਂ ਬਾਹਰ ਲੋਕਪ੍ਰਿਯਤਾ ਜਾਂ ਲੋਕ ਆਧਾਰ ਜਾਣਨ ਦਾ ਕੋਈ ਪੈਮਾਨਾ ਨਹੀਂ ਹੈ। ਸਵਾਲ ਇਹ ਉੱਠਦਾ ਹੈ ਕੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਕਾਂਗਰਸ ਵਰਕਿੰਗ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਤਿਆਰ ਹਨ? ਕੀ ਕਾਂਗਰਸ ਦਿੱਲੀ 'ਚ ਵੀ ਅਜਿਹੀ ਰਣਨੀਤੀ ਅਪਣਾਏਗੀ, ਜਿੱਥੇ ਉਹ ਪਾਰਟੀ ਹਿੱਤ ਨੂੰ ਸਭ ਕੁਝ ਨਾ ਮੰਨ ਕੇ ਭਾਜਪਾ ਖ਼ਿਲਾਫ਼ ਗਠਜੋੜ ਤਿਆਰ ਕਰੇਗੀ ਜਾਂ ਫਿਰ ਉਸ ਦੀ ਕੋਈ ਹੋਰ ਰਣਨੀਤੀ ਹੋਵੇਗੀ?

ਇਹ ਸਮਾਂ ਹੀ ਦੱਸੇਗਾ ਪਰ ਇਹ ਸਮਝਣਾ ਜ਼ਰੂਰੀ ਹੈ ਕਿ ਕਾਂਗਰਸ ਤੇ ਨਹਿਰੂ-ਗਾਂਧੀ ਪਰਿਵਾਰ ਦਾ ਰਿਸ਼ਤਾ ਬਹੁਤ ਦਿਲਚਸਪ ਹੈ। ਇਕ ਆਮ ਕਾਂਗਰਸੀ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਆਪਣੀ ਤਮਾਮ ਸ਼ਕਤੀ ਦੇਣ ਨੂੰ ਤਿਆਰ ਹੈ। ਉਹ ਉਨ੍ਹਾਂ ਦੀਆਂ ਗੱਲਾਂ ਮੰਨਣ ਨੂੰ ਵੀ ਤਿਆਰ ਰਹਿੰਦਾ ਹੈ ਤੇ ਉਨ੍ਹਾਂ ਦੇ ਹੁਕਮ 'ਤੇ ਆਪਣਾ ਸਭ ਕੁਝ ਗੁਆਉਣ ਨੂੰ ਤਿਆਰ ਰਹਿੰਦਾ ਹੈ। ਉਹ ਕੁਝ ਹਾਸਲ ਕਰਨ ਦੀ ਵੀ ਇੱਛਾ ਰੱਖਦਾ ਹੈ ਪਰ ਉਸ ਦੀ ਸਿਰਫ਼ ਇਕ ਹੀ ਚਾਹਤ ਹੈ ਕਿ ਕਾਂਗਰਸ ਸੱਤਾ ਤੋਂ ਦੂਰ ਨਾ ਰਹੇ। ਇਹ ਮੰਤਰ ਸੋਨੀਆ ਗਾਂਧੀ ਬਾਖ਼ੂਬੀ ਸਮਝਦੀ ਹੈ।

ਕੀ ਰਾਹੁਲ ਗਾਂਧੀ ਅਜਿਹਾ ਕਰ ਸਕਣਗੇ? ਕਾਂਗਰਸ ਦਾ ਪ੍ਰਧਾਨ ਬਣਨਾ ਤਾਂ ਆਸਾਨ ਹੈ ਪਰ ਉਸ ਨਾਲ ਇਨਸਾਫ਼ ਕਰ ਸਕਣਾ ਬਹੁਤ ਵੱਡੀ ਚੁਣੌਤੀ ਹੈ, ਜੋ ਰਾਹੁਲ ਗਾਂਧੀ ਨੇ ਪੂਰੀ ਕਰਨੀ ਹੈ। ਕੀ ਉਹ ਇਸ ਲਈ ਤਿਆਰ ਹਨ? ਇਹ ਅਜਿਹਾ ਸਵਾਲ ਹੈ, ਜਿਸ ਦਾ ਜਵਾਬ ਆਉਣ ਵਾਲੇ ਦਿਨਾਂ 'ਚ ਹੀ ਸਾਹਮਣੇ ਆਵੇਗਾ। ਰਾਹੁਲ ਗਾਂਧੀ ਨੂੰ ਹੁਣ ਪੂਰੀ ਤਰ੍ਹਾਂ ਪਾਰਟੀ ਪ੍ਰਧਾਨ ਬਣਨ ਲਈ ਤਿਆਰ ਹੋਣਾ ਚਾਹੀਦਾ ਹੈ। ਦੇਸ਼ ਦੇ ਲੱਖਾਂ ਲੋਕਾਂ ਨੂੰ ਉਨ੍ਹਾਂ ਤੋਂ ਉਮੀਦਾਂ ਹਨ, ਜਿਨ੍ਹਾਂ ਉਮੀਦਾਂ 'ਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੋਵਾਂ ਨੂੰ ਪੂਰਾ ਉੱਤਰਣਾ ਚਾਹੀਦਾ ਹੈ। ਰਾਹੁਲ ਦੇ ਪ੍ਰਧਾਨ ਬਣਨ ਨਾਲ ਹੀ ਪਾਰਟੀ 'ਚ ਨਵੀਂ ਜਾਨ ਤੇ ਰੂਹ ਪੈਦਾ ਹੋਵੇਗੀ।

(ਲੇਖਕ ਸੀਨੀਅਰ ਪੱਤਰਕਾਰ ਤੇ ਆਬਜ਼ਰਵਰ ਰਿਸਰਚ ਫਾਊਂਡੇਸ਼ਨ 'ਚ ਵਿਜ਼ਿਟਿੰਗ ਫੈਲੋ ਹੈ।)

Posted By: Jagjit Singh