-ਪ੍ਰੋ. ਹਮਦਰਦਵੀਰ ਨੌਸ਼ਹਿਰਵੀ

ਮੈਂ ਰੋਲ ਨੰਬਰ ਪ੍ਰਾਪਤ ਕਰਨ ਲਈ ਹੈੱਡ ਕਲਰਕ ਦੀ ਖਿੜਕੀ ਸਾਹਮਣੇ ਖੜ੍ਹਾ ਸਾਂ। ਮੇਰੇ ਅੱਗੇ ਲਾਈਨ ਵਿਚ ਛੇ-ਸੱਤ ਵਿਦਿਆਰਥੀ ਰੋਲ ਨੰਬਰ ਪ੍ਰਾਪਤ ਕਰਨ ਲਈ ਖੜ੍ਹੇ ਸਨ। ਚਾਰ-ਪੰਜ ਹੱਥ ਇਕੱਠੇ ਹੀ ਖਿੜਕੀ ਦੇ ਛੋਟੇ ਜਿਹੇ ਝਰੋਖੇ ਰਾਹੀਂ ਰੋਲ ਨੰਬਰ ਸਲਿੱਪ ਫੜਨ ਲਈ ਅੰਦਰ ਯੁੱਧ ਕਰ ਰਹੇ ਸਨ। ਇਕ ਵਿਦਿਆਰਥੀ ਦਾ ਲੋਹੇ ਦਾ ਭਾਰਾ ਕੜਾ ਵੱਜ ਕੇ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ। ਖਿੜਕੀ ਦੇ ਅੰਦਰ ਘੁਸੇ ਹੱਥ ਤੁਰੰਤ ਬਾਹਰ ਆ ਗਏ। ਕਾਹਲੇ ਵਿਦਿਆਰਥੀ ਪਿੱਛੇ ਹਟ ਗਏ, ਮੈਂ ਅੱਗੇ ਆ ਗਿਆ। ਮੇਰੇ ਸਿਰ ਟੁੱਟੇ ਸ਼ੀਸ਼ੇ ਦਾ ਕਸੂਰ ਮੜ੍ਹ ਦਿੱਤਾ ਗਿਆ। 'ਅੱਜ ਤੈਨੂੰ ਰੋਲ ਨੰਬਰ ਨਹੀਂ ਮਿਲੇਗਾ। ਕੱਲ ਟੁੱਟੇ ਸ਼ੀਸ਼ੇ ਦਾ ਪੰਜ ਸੌ ਰੁਪਏ ਜੁਰਮਾਨਾ ਲੈ ਕੇ ਆਵੀਂ, ਤਾਂ ਤੈਨੂੰ ਰੋਲ ਨੰਬਰ ਮਿਲੇਗਾ।' ਰਾਜ ਮੇਰੇ ਨਿਵਾਸ ਆ ਕੇ ਇਹ ਵਿਥਿਆ ਸੁਣਾ ਕੇ ਚਲਾ ਗਿਆ। ਜਾਂਦਾ ਹੋਇਆ ਕਹਿ ਗਿਆ ਕਿ ਮੈਂ ਤਾਂ ਇਮਤਿਹਾਨ ਦੇਣਾ ਹੀ ਨਹੀਂ। ਮੈਂ ਪੰਜ ਸੌ ਰੁਪਏ ਕਿੱਥੋਂ ਦਿਆਂਗਾ।

ਰਾਜ ਪਹਿਲਾਂ ਵੀ ਮੇਰੇ ਪਾਸ ਕਵਿਤਾ ਭਵਨ ਆ ਜਾਇਆ ਕਰਦਾ ਸੀ। ਥੋੜ੍ਹੇ-ਬਹੁਤੇ ਪੈਸਿਆਂ ਦੀ ਲੋੜ ਉਸ ਨੂੰ ਪੈਂਦੀ ਹੀ ਰਹਿੰਦੀ ਸੀ। ਮੈਂ ਅਕਸਰ ਉਸ ਦੀ ਲੋੜ ਪੂਰੀ ਕਰ ਦਿਆ ਕਰਦਾ ਸਾਂ। ਉਹ ਆਰਥਿਕ ਪੱਖੋਂ ਥੁੜ੍ਹੇ ਹੋਏ ਕਿਰਤੀ ਮਾਪਿਆਂ ਦਾ ਪੁੱਤਰ ਸੀ। ਪੜ੍ਹ ਜਾਵੇ ਤਾਂ ਵਿਹੜੇ ਦੇ ਦਲਿੱਦਰ 'ਚੋਂ ਨਿਕਲ ਜਾਵੇਗਾ।

ਰਾਜ ਕਾਹਲੀ-ਕਾਹਲੀ ਆਇਆ। ਗੁੱਸੇ ਦਾ ਭਰਿਆ ਹੋਇਆ। ਕਾਹਲੀ-ਕਾਹਲੀ ਚਲਾ ਗਿਆ। ਮੈਂ ਸੋਚੀਂ ਪੈ ਗਿਆ। ਜੇ ਕੱਲ ਰਾਜ ਰੋਲ ਨੰਬਰ ਨਾ ਲੈਣ ਗਿਆ। ਪਰਸੋਂ ਦਾ ਪਹਿਲਾ ਪਰਚਾ ਹੈ। ਰਾਜ ਪੇਪਰ ਨਹੀਂ ਦੇ ਸਕੇਗਾ ਤਾਂ ਬੀਏ ਭਾਗ ਦੂਜਾ 'ਚੋਂ ਫੇਲ੍ਹ ਹੋ ਜਾਵੇਗਾ।

ਸਵੇਰੇ ਸੈਰ ਕਰਨ ਜਾਂਦਿਆਂ ਹੋਇਆਂ, ਹਰਜਿੰਦਰਪਾਲ ਸਿੰਘ ਮੈਨੂੰ ਘਰੋਂ ਆਵਾਜ਼ ਦੇ ਦਿਆ ਕਰਦਾ ਸੀ। ਅਸੀਂ ਇਕੱਠੇ ਭਰਥਲਾ ਰੋਡ ਉੱਤੇ ਸੈਰ ਨੂੰ ਨਿਕਲ ਜਾਇਆ ਕਰਦੇ ਸਾਂ। ਅੱਜ ਤੜਕੇ ਹਰਜਿੰਦਰਪਾਲ ਸਿੰਘ ਆਇਆ। ਮੈਂ ਕਿਹਾ ਕਿ ਆਪਾਂ ਅੱਜ ਭਰਥਲਾ ਰੋਡ ਦੀ ਇਕਾਂਤ ਵਿਚ ਸੈਰ ਕਰਨ ਨਹੀਂ ਜਾਵਾਂਗੇ। ਅੱਜ ਸ਼ਹਿਰ ਦੇ ਗੰਦੇ ਨਾਲੇ ਦੇ ਕੰਢੇ ਵਸਦੇ ਵਿਹੜੇ ਸਲੱਮਜ਼ ਵੱਲ ਸੈਰ ਕਰਨ ਜਾਵਾਂਗੇ। ਹਰਜਿੰਦਰਪਾਲ ਸਿੰਘ ਹੈਰਾਨ ਹੋਇਆ, ਕਥਿਤ ਬੱਦੂ ਬੰਗਾਲਿਆਂ ਦੇ ਮੁਹੱਲੇ ਵਿਚ ਸੈਰ ਕਰਨ ਜਾਣਾ। ਫਿਰ ਵੀ ਮੈਂ ਤੁਹਾਡੇ ਨਾਲ ਹਾਂ। ਚਲੋ ਚੱਲਦੇ ਹਾਂ।

ਇਸ ਮੁਹੱਲੇ 'ਚ ਲੋਕ ਕੱਚੇ ਘਰਾਂ 'ਚ ਰਹਿੰਦੇ ਸਨ ਪਰ ਵੋਟਾਂ ਪੱਕੀਆਂ ਸਨ। ਵੋਟਾਂ ਵੇਲੇ ਇਸ ਬਸਤੀ 'ਚ ਕਾਫ਼ੀ ਸਰਗਰਮੀ ਹੁੰਦੀ ਸੀ। ਬਸਤੀ ਦੇ ਲੋਕ ਰੱਜਦੇ ਸਨ, ਡਾਂਗ-ਸੋਟਾ ਖੜਕਦਾ ਸੀ, ਚਾਂਗਰਾਂ ਵੱਜਦੀਆਂ ਸਨ। ਲੋਕ ਲੜਦੇ ਸਨ, ਭਿੜਦੇ ਸਨ। ਮਿਲਾਵਟੀ ਸ਼ਰਾਬ ਦੀ ਹਵਾੜ ਤੇ ਗਾਲ੍ਹਾਂ ਨਾਲ ਇਹ ਬਸਤੀ ਸ਼ਾਮ ਨੂੰ ਦਹਿਲਦੀ ਸੀ।

ਉਹ ਰੇਹੜੀ 'ਤੇ ਮੋਟੇ-ਮੋਟੇ ਬੇਰ ਪੂੰਝ-ਪੂੰਝ ਕੇ ਰੱਖ ਰਿਹਾ ਸੀ। ਰੇਹੜੀ ਸਜਾ ਰਿਹਾ ਸੀ। ਉਹ ਬਾਜ਼ਾਰ ਵਿਚ ਰੇਹੜੀ ਲੈ ਕੇ ਜਾਣ ਦੀ ਤਿਆਰੀ ਕਰ ਰਿਹਾ ਸੀ। ਮੈਂ ਕਦੇ-ਕਦੇ ਉਸ ਪਾਸੋਂ ਬੇਰ ਜਾਂ ਹੋਰ ਕੋਈ ਮੌਸਮੀ ਫਲ ਖ਼ਰੀਦ ਲਿਆ ਕਰਦਾ ਸਾਂ। ਮੈਂ ਉਸ ਨੂੰ ਪਛਾਣ ਲਿਆ। ਉਸ ਨੇ ਵੀ ਮੈਨੂੰ ਪਛਾਣ ਲਿਆ ਸੀ। ਉਹ ਪੁੱਛਣ ਲੱਗਾ, 'ਸਾਹਬ! ਏਧਰ ਕਿਵੇਂ?'

ਮੈਂ ਉਸ ਨੂੰ ਪੁੱਛਿਆ, 'ਤੈਨੂੰ ਰਾਜ ਕੁਮਾਰ ਦੇ ਘਰ ਦਾ ਪਤਾ ਹੋਵੇਗਾ?' 'ਰਾਜ ਕੁਮਾਰ, ਕਿਹੜਾ ਰਾਜ ਕੁਮਾਰ। ਇੱਥੇ ਤਾਂ ਰਾਜ ਕੁਮਾਰ ਨਾਂ ਦਾ ਕੋਈ ਬੰਦਾ ਨਹੀਂ ਰਹਿੰਦਾ। ਸੀਟਾ ਹੈ, ਬੀਟਾ ਹੈ, ਭੰਨਾ ਹੈ, ਦੇਬਾ ਹੈ, ਤਾਬਾ ਹੈ ਪਰ ਰਾਜ ਕੁਮਾਰ ਤਾਂ ਕੋਈ ਨਹੀਂ।' ਉਸ ਨੇ ਜਵਾਬ ਦਿੱਤਾ।

ਹਰਜਿੰਦਰਪਾਲ ਅੱਗੇ ਸੀ, ਮੈਂ ਪਿੱਛੇ ਚੱਲ ਰਿਹਾ ਸੀ। ਗਲੀ ਬਹੁਤ ਭੀੜੀ ਸੀ, ਚਿੱਕੜ ਨਾਲ ਭਰੀ ਹੋਈ ਸੀ। ਅਸੀਂ ਦੋਵੇਂ ਸਮਾਨਾਂਤਰ ਨਾਲ-ਨਾਲ ਨਹੀਂ ਸਾਂ ਚੱਲ ਸਕਦੇ।

ਨਾਲ ਹੀ ਕਿਸੇ ਦੇਵੀ ਦਾ ਮਦਿਰ ਸੀ। ਲਾਊਡ ਸਪੀਕਰ ਵੱਜ ਰਿਹਾ ਸੀ। ਮੈਂ ਇਕ ਬੰਦੇ ਨੂੰ ਪੁੱਛਿਆ, 'ਇੱਥੇ ਰਾਜ ਕੁਮਾਰ ਦਾ ਘਰ ਕਿਹੜਾ ਹੈ? ਕਾਲਜ ਵਿਚ ਪੜ੍ਹਦਾ ਹੈ ਉਹ।'

ਉਸ਼ ਨੇ ਜਵਾਬ ਦਿੱਤਾ 'ਹੱਛਾ, ਕਾਲਜ ਵਿਚ ਪੜ੍ਹਦਾ ਹੈ। ਰਾਜ ਕੁਮਾਰ ਨਹੀਂ, ਉਹ ਤਾਂ ਟੀਟੂ ਹੈ। ਇਹ ਨਾਲ ਦਾ ਘਰ ਟੀਟੂ ਹੋਰਾਂ ਦਾ ਹੀ ਹੈ।' ਰਾਜ ਕੁਮਾਰ ਨੀਵੀਂ ਜਿਹੀ ਕੰਧ ਦੇ ਪਰ੍ਹਾਂ ਵਿਹੜੇ ਵਿਚ ਖੜ੍ਹਾ ਮੂੰਹ ਧੋ ਰਿਹਾ ਸੀ।

'ਸਰ, ਤੁਸੀਂ ਇੱਥੇ।' ਉਸ ਨੇ ਹੈਰਾਨ ਹੋ ਕੇ ਪੁੱਛਿਆ। ਮੈਂ ਉਸ ਨੂੰ ਕਿਹਾ 'ਰਾਜ, ਤੂੰ ਕੱਲ੍ਹ ਸ਼ਾਮੀਂ ਪੂਰੀ ਗੱਲ ਦੱਸਣ ਤੋਂ ਪਹਿਲਾਂ ਹੀ ਆ ਗਿਆ ਸੀ। ਜੇ ਤੂੰ ਅੱਜ ਰੋਲ ਨੰਬਰ ਲੈਣ ਨਹੀਂ ਜਾਵੇਂਗਾ ਤਾਂ ਕੱਲ ਨੂੰ ਬੀਏ ਭਾਗ ਦੂਜਾ ਯੂਨੀਵਰਸਿਟੀ ਇਮਤਿਹਾਨ ਦਾ ਪਹਿਲਾ ਪਰਚਾ ਨਹੀਂ ਦੇ ਸਕੇਂਗਾ। ਤੂੰ ਤਾਂ ਫੇਲ੍ਹ ਹੋ ਜਾਵੇਂਗਾ। ਫਿਰ ਤੂੰ ਸ਼ਾਇਦ ਬੀਏ ਪਾਸ ਹੀ ਨਾ ਕਰ ਸਕੇਂ।'

'ਸਰ, ਹੋਰ ਮੈਂ ਕੀ ਕਰਨਾ ਹੈ। ਪਿਉ ਨਾਲ ਦਿਹਾੜੀਆਂ ਕਰਿਆ ਕਰਾਂਗਾ। ਅੰਦਰ-ਬਾਹਰ ਨਰਕ ਵਾਲਾ ਜੀਵਨ ਕੱਟ ਹੀ ਜਾਵੇਗਾ।' ਰਾਜ ਕੁਮਾਰ ਨੇ ਜਵਾਬ ਦਿੱਤਾ।

'ਨਹੀਂ ਰਾਜ, ਐਸਾ ਨਹੀਂ ਹੋਵੇਗਾ। ਤੂੰ ਪੜ੍ਹੇਂਗਾ। ਇਮਤਿਹਾਨ ਦੇਵੇਂਗਾ। ਬੀਏ ਪਾਸ ਕਰਂੇਗਾ।' ਇਹ ਕਹਿੰਦਿਆਂ ਮੈਂ ਰਾਜ ਨੂੰ ਪੰਜ ਸੌ ਰੁਪਏ ਦਿੱਤੇ ਅਤੇ ਕਿਹਾ ਕਿ ਅੱਜ ਦਿਨੇਂ ਕਾਲਜ ਜਾ ਕੇ ਜੁਰਮਾਨਾ ਭਰ ਦੇਵੇ ਅਤੇ ਰੋਲ ਨੰਬਰ ਲੈ ਆਵੇ।

ਰਾਜ ਬੀਏ ਪਾਸ ਕਰ ਗਿਆ। ਜਦੋਂ ਕੋਈ ਮਾਇਕ ਸਮੱਸਿਆ ਆਉਂਦੀ ਤਾਂ ਮੈਂ ਉਸ ਦੀ ਆਪਣੇ ਸੀਮਤ ਸਾਧਨਾਂ 'ਚੋਂ ਥੋੜ੍ਹੀ ਕੁ ਆਰਥਿਕ ਸਹਾਇਤਾ ਕਰ ਦਿਆ ਕਰਦਾ ਸਾਂ।

ਕਾਲਜ ਸੇਵਾ 'ਚੋਂ ਮੈਨੂੰ ਸੇਵਾਮੁਕਤ ਹੋਇਆਂ ਵੀਹ ਸਾਲ ਹੋ ਗਏ ਸਨ। ਕਾਲਜ ਸੇਵਾ ਸਮੇਂ ਵੀ ਅਤੇ ਰਿਟਾਇਰ ਹੋਣ ਤੋਂ ਬਾਅਦ ਵੀ, ਅਕਸਰ ਪੁਲਿਸ ਅਧਿਕਾਰੀ ਮੇਰੇ ਘਰ ਜਾਂਚ ਕਰਨ ਆਇਆ ਕਰਦੇ ਸਨ। ਉਹ ਪੁੱਛਦੇ, 'ਹੁਣ ਕੀ ਕਰਦੇ ਹੋ? ਕਿਹੜੀ ਯੂਨੀਅਨ 'ਚ ਕੰਮ ਕਰਦੇ ਹੋ? ਹੁਣ ਵੀ ਤੁਹਾਡੇ ਘਰ ਗੁਪਤਵਾਸ ਇਨਕਲਾਬੀ ਜੱਥੇਬੰਦੀਆਂ ਦੇ ਲੀਡਰ ਆਉਂਦੇ ਹੋਣਗੇ?' ਪਿਛਲੇ ਚਾਲੀ ਸਾਲਾਂ ਤੋਂ ਹਰ ਸਾਲ ਰਾਜਧਾਨੀ ਤੋਂ ਮੇਰੇ ਬਾਰੇ, ਥਾਣੇ ਵਿਚ ਕਾਗ਼ਜ਼ ਆਇਆ ਕਰਦੇ ਸਨ। ਪੁਲਿਸ ਅਧਿਕਾਰੀ ਕਾਲਜ ਵਿਚ ਆ ਕੇ ਮੇਰੇ ਬਾਰੇ ਪੁੱਛਿਆ ਕਰਦੇ ਸਨ। ਮੈਂ ਰਿਟਾਇਰ ਹੋਇਆ। ਪੁਲਿਸ ਅਧਿਕਾਰੀ ਮੇਰੇ ਘਰ ਆ ਕੇ ਪੁੱਛਗਿੱਛ ਕਰਦੇ ਸਨ। ਹਰ ਸਾਲ ਇਕ ਵਾਰ ਮੈਨੂੰ ਲਿਖ ਕੇ ਐੱਮਸੀ ਦੀ ਗਵਾਹੀ ਪਵਾ ਕੇ ਬਿਆਨ ਦੇਣਾ ਪੈਂਦਾ ਸੀ।

ਅੱਜ ਫਿਰ ਬਾਵਰਦੀ ਪੁਲਿਸ ਅਧਿਕਾਰੀ ਕਵਿਤਾ ਭਵਨ ਦੇ ਖੁੱਲ੍ਹੇ ਦਰਵਾਜ਼ੇ 'ਚੋਂ ਅੰਦਰ ਲੰਘ ਕੇ ਹੌਲੀ-ਹੌਲੀ ਅੱਗੇ ਵੱਧ ਰਿਹਾ ਸੀ। ਮੈਂ ਆਪਣੇ ਖੁੱਲ੍ਹੇ ਘਰ ਦੇ ਵਰਾਂਡੇ 'ਚ ਬੈਠਾ ਹਿਟਲਰ ਦੀ ਜੀਵਨੀ 'ਮੀਨ ਕੈਂਫ' ਪੜ੍ਹ ਰਿਹਾ ਸਾਂ। ਮੈਂ ਸੋਚ ਰਿਹਾ ਸਾਂ, ਮੇਰੀ ਉਮਰ ਅੱਸੀ ਸਾਲ ਹੋਣ ਵਾਲੀ ਹੈ। ਮੈਂ ਕੁਲ ਵਕਤੀ ਲੇਖਕ ਹਾਂ। ਪਰ ਸਥਾਪਤੀ ਨੂੰ ਮੇਰੇ ਪਾਸੋਂ ਹਾਲੀ ਵੀ ਖ਼ਤਰਾ ਸੀ।

ਇਹ ਤਾਂ ਕੋਈ ਵੱਡਾ ਪੁਲਿਸ ਅਧਿਕਾਰੀ ਲੱਗਦਾ ਸੀ। ਨਵੀਂ ਸੋਹਣੀ ਤੇ ਚਮਕੀਲੀ ਖਾਕੀ ਵਰਦੀ, ਪਾਲਿਸ਼ ਕੀਤੇ ਹੋਏ ਚਮਕਦੇ ਕਾਲੇ ਬੂਟ। ਹੱਥ ਵਿਚ ਰੂਲ। ਦੂਜੇ ਹੱਥ ਵਿਚ ਫੁੱਲਾਂ ਵਾਲਾ ਭਾਰਾ ਬੈਗ। ਸੇਬ ਦਿਸ ਰਹੇ ਸਨ।

ਪੁਲਿਸ ਅਧਿਕਾਰੀ ਮੇਰੇ ਨੇੜੇ ਆਇਆ। ਮੈਂ ਕੁਰਸੀ ਤੋਂ ਉੱਠ ਖੜ੍ਹਾ ਹੋਇਆ। ਅਧਿਕਾਰੀ ਨੇ ਝੁਕ ਕੇ ਮੇਰੇ ਗੋਡੀਂ ਹੱਥ ਲਾਇਆ। 'ਸਰ ਜੀ, ਸਰ ਜੀ-ਉਸ ਨੇ ਨੀਵੀਂ ਪਾਈ ਹੋਈ ਸੀ। ਉਸ ਨੂੰ ਜਿਵੇਂ ਕੋਈ ਗੱਲ ਨਹੀਂ ਔੜ ਰਹੀ ਸੀ।'

ਮੈਂ ਉਸ ਨੂੰ ਕਿਹਾ, 'ਲੱਗਦਾ ਹੈ ਤੁਸੀਂ ਲੋਕ ਕਬਰਾਂ ਤਕ ਮੇਰਾ ਪਿੱਛਾ ਕਰਦੇ ਰਹੋਗੇ। ਚਾਰੇ ਪਾਸੇ ਹਿੱਕ ਦੇ ਜ਼ੋਰ ਫਿਰ ਰਹੇ ਹੋ। ਚੋਰ, ਲੁਟੇਰੇ, ਬਾਊਂਸਰ, ਸਮੱਗਲਰ, ਭੂਮੀ ਮਾਫੀਆ, ਰੇਪ- ਰੇਤ ਮਾਫੀਆ, ਟ੍ਰਾਂਸਪੋਰਟ ਮਾਫੀਆ, ਕੀ ਤੁਹਾਨੂੰ ਨਜ਼ਰ ਨਹੀਂ ਆਉਂਦੇ?'

'ਸਰ ਜੀ, ਸਰ ਜੀ! ਇਹ ਤੁਸੀਂ ਕੀ ਕਹਿ ਰਹੇ ਹੋ। ਮੈਂ ਤਾਂ ਤੁਹਾਡਾ ਉਮਰਾਂ ਦਾ ਦੇਣਦਾਰ ਹਾਂ। ਤੁਹਾਡਾ ਅਹਿਸਾਨ ਤਾਂ ਅਗਲੇ ਜਨਮ ਵਿਚ ਨਹੀਂ ਭੁੱਲ ਸਕਾਂਗਾ। ਇਹ ਪਦਵੀ ਤੁਹਾਡੀ ਹੀ ਦੇਣ ਹੈ। ਪੁਲਿਸ ਅਧਿਕਾਰੀ ਨੇ ਹਾਲੀ ਵੀ ਨੀਵੀਂ ਪਾਈ ਹੋਈ ਸੀ। ਉਸ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਕੇ ਉਸ ਦੇ ਬੂਟਾਂ 'ਤੇ ਡਿੱਗਦੇ ਮੈਂ ਦੇਖ ਲਏ ਸਨ। ਮੈਂ ਉਸ ਦੇ ਫੀਤੀਆਂ ਵਾਲੇ ਮੋਢੇ ਉੱਤੇ ਹੱਥ ਰੱਖਿਆ। ਉਸ ਨੇ ਪਹਿਲੀ ਵਾਰ ਮੇਰੇ ਵੱਲ ਸਿੱਧਾ ਦੇਖਿਆ। ਉਸ ਨੇ ਝੁਕ ਕੇ ਮੇਰੇ ਪੈਰਾਂ ਨੂੰ ਹੱਥ ਲਾਏ ਤੇ ਮੈਨੂੰ ਆਪਣੇ ਕਲਾਵੇ 'ਚ ਲੈ ਲਿਆ। ਇਹ ਤਾਂ ਰਾਜ ਕੁਮਾਰ ਸੀ। ਰਾਜ ਕੁਮਾਰ ਰੋ ਰਿਹਾ ਸੀ। ਇਹ ਹੰਝੂ ਏਨੇ ਸਾਲਾਂ ਦੀ ਦੇਰੀ ਦੇ ਸਨ, ਪਛਤਾਵੇ ਦੇ ਸਨ, ਸ਼ੁਕਰਾਨੇ ਦੇ ਸਨ ਜਾਂ ਪਿਆਰ ਦੇ, ਸਤਿਕਾਰ ਦੇ ਸਨ?

-ਮੋਬਾਈਲ ਨੰ. : 94638-08697

Posted By: Jagjit Singh