ਜਿਵੇਂ ਕਿ ਉਮੀਦ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਸ਼ਟਰ ਦੇ ਨਾਂ ਸੰਬੋਧਨ ਜੰਮੂ-ਕਸ਼ਮੀਰ ਬਾਰੇ ਕੀਤੀਆਂ ਗਈਆਂ ਇਤਿਹਾਸਕ ਅਤੇ ਫ਼ੈਸਲਾਕੁੰਨ ਤਬਦੀਲੀਆਂ 'ਤੇ ਕੇਂਦਰਿਤ ਰਿਹਾ। ਕਿਉਂਕਿ ਧਾਰਾ 370 ਅਤੇ 35-ਏ ਹਟਾਉਣ ਤੋਂ ਬਾਅਦ ਜੰਮੂ-ਕਸ਼ਮੀਰ ਅਤੇ ਨਾਲ ਹੀ ਲੱਦਾਖ ਵਿਚ ਇਕ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ, ਇਸ ਲਈ ਇਹ ਵਕਤ ਦੀ ਨਜ਼ਾਕਤ ਸੀ ਕਿ ਖ਼ੁਦ ਪ੍ਰਧਾਨ ਮੰਤਰੀ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਨਾਲ-ਨਾਲ ਦੇਸ਼ ਦੇ ਲੋਕਾਂ ਨੂੰ ਸਿੱਧੇ ਆਪਣੀ ਗੱਲ ਕਹਿੰਦੇ। ਇਹ ਚੰਗਾ ਹੋਇਆ ਕਿ ਉਨ੍ਹਾਂ ਵਕਤ ਦੀ ਇਹ ਨਜ਼ਾਕਤ ਪੂਰੀ ਕੀਤੀ। ਭਾਵੇਂ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦੇਹਾਂਤ ਕਾਰਨ ਪ੍ਰਧਾਨ ਮੰਤਰੀ ਦੇ ਰਾਸ਼ਟਰ ਦੇ ਨਾਂ ਸੰਦੇਸ਼ ਵਿਚ ਕੁਝ ਦੇਰੀ ਜ਼ਰੂਰ ਹੋਈ ਹੈ ਪਰ ਉਨ੍ਹਾਂ ਆਪਣੇ ਸੰਬੋਧਨ ਨਾਲ ਸਮੂਹ ਦੇਸ਼ ਵਾਸੀਆਂ ਨੂੰ ਧਾਰਾ 370 ਅਤੇ 35-ਏ ਦੇ ਖ਼ਾਤਮੇ ਦੀ ਲੋੜ ਬਾਰੇ ਤਰਕਸ਼ੀਲ ਤਰੀਕੇ ਨਾਲ ਦੱਸਿਆ। ਰਾਸ਼ਟਰ ਦੇ ਨਾਂ ਸੰਬੋਧਨ ਵਿਚ ਉਨ੍ਹਾਂ ਇਹ ਸਹੀ ਕਿਹਾ ਕਿ ਇਕ ਸੁਪਨੇ ਨੂੰ ਸਾਕਾਰ ਕਰ ਕੇ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਲੜੀ ਵਿਚ ਉਨ੍ਹਾਂ ਇਹ ਰੇਖਾਂਕਿਤ ਕਰਕੇ ਬਿਲਕੁਲ ਸਹੀ ਕੀਤਾ ਕਿ ਇਹ ਪ੍ਰਸ਼ਨ ਦਹਾਕਿਆਂ ਤੋਂ ਜਵਾਬ ਮੰਗਦਾ ਸੀ ਕਿ ਆਖ਼ਰ ਧਾਰਾ 370 ਸਦਕਾ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਕੀ ਲਾਭ ਮਿਲ ਰਿਹਾ ਸੀ? ਇਸ ਸਵਾਲ ਦਾ ਜਵਾਬ ਘੱਟੋ-ਘੱਟ ਉਹ ਜ਼ਰੂਰ ਦੇਣ ਜਿਹੜੇ ਧਾਰਾ 370 ਨੂੰ ਹਟਾਉਣ ਅਤੇ ਸੂਬੇ ਦੇ ਪੁਨਰਗਠਨ ਦਾ ਵਿਰੋਧ ਕਰ ਰਹੇ ਹਨ? ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਪੱਖਪਾਤੀ ਅਤੇ ਵਖਰੇਵੇਂ ਨੂੰ ਤਾਕਤ ਦੇਣ ਵਾਲੀ ਉਸ ਤਜਵੀਜ਼ ਦੀ ਵਕਾਲਤ ਕਿਉਂ ਕਰ ਰਹੇ ਹਨ ਜਿਹੜੀ ਇਸ ਸੂਬੇ ਦੇ ਦਲਿਤਾਂ ਅਤੇ ਆਦਿਵਾਸੀਆਂ ਦੇ ਅਧਿਕਾਰਾਂ ਦਾ ਘਾਣ ਕਰਨ ਦੇ ਨਾਲ ਹੀ ਸੂਬੇ ਤੋਂ ਬਾਹਰਲੇ ਲੋਕਾਂ ਨਾਲ ਵਿਆਹ ਕਰਨ ਵਾਲੀਆਂ ਮੁਟਿਆਰਾਂ ਦੇ ਹੱਕਾਂ 'ਤੇ ਡਾਕਾ ਮਾਰ ਰਹੀ ਸੀ? ਅਜਿਹੇ ਲੋਕਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਇਸ਼ਾਰਾ ਕੀਤੀ ਗਈ ਉਸ ਘਾਟ 'ਤੇ ਵੀ ਕੁਝ ਕਹਿਣਾ ਚਾਹੀਦਾ ਹੈ ਜਿਸ ਕਾਰਨ ਸੂਬੇ ਦੇ ਤਮਾਮ ਲੋਕਾਂ ਨੂੰ ਵੱਖ-ਵੱਖ ਚੋਣਾਂ ਵਿਚ ਵੋਟ ਦੇਣ ਦਾ ਅਧਿਕਾਰ ਨਹੀਂ ਸੀ। ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਦੀਆਂ ਅੱਖਾਂ ਖੋਲ੍ਹਣ ਵਾਲੇ ਆਪਣੇ ਸੰਬੋਧਨ ਵਿਚ ਇਹ ਸਪੱਸ਼ਟ ਕਰ ਕੇ ਬਹੁਤ ਸਾਰੇ ਸ਼ੰਕਿਆਂ ਨੂੰ ਖ਼ਤਮ ਕਰਨ ਦਾ ਹੀ ਕੰਮ ਕੀਤਾ ਕਿ ਜੰਮੂ-ਕਸ਼ਮੀਰ ਨੂੰ ਸਿਰਫ਼ ਕੁਝ ਸਮੇਂ ਲਈ ਕੇਂਦਰ ਦੇ ਅਧੀਨ ਰੱਖਣ ਦਾ ਫ਼ੈਸਲਾ ਉੱਥੋਂ ਦੇ ਹਾਲਾਤ ਸੁਧਾਰਨ, ਭ੍ਰਿਸ਼ਟਾਚਾਰ ਅਤੇ ਅੱਤਵਾਦ ਦੀ ਲਗਾਮ ਕੱਸਣ, ਵਿਕਾਸ ਕਰਨ ਅਤੇ ਰੁਜ਼ਗਾਰ ਦੇ ਮੌਕੇ ਸਿਰਜਣ ਦੀ ਰਫ਼ਤਾਰ ਤੇਜ਼ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਹੈ। ਉਨ੍ਹਾਂ ਜਿਹੜਾ ਇਹ ਭਰੋਸਾ ਦਿੱਤਾ ਕਿ ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਈ ਰੱਖਣ ਦੀ ਜ਼ਰੂਰਤ ਲੰਬੇ ਸਮੇਂ ਤਕ ਨਹੀਂ ਪਵੇਗੀ, ਉਸ ਨੂੰ ਪੂਰਾ ਕਰਨ ਵਿਚ ਰਾਜ ਅਤੇ ਖ਼ਾਸ ਤੌਰ 'ਤੇ ਵਾਦੀ ਦੇ ਲੋਕਾਂ ਦੀ ਮੁੱਖ ਭੂਮਿਕਾ ਹੋਵੇਗੀ। ਉਮੀਦ ਹੈ ਕਿ ਉਹ ਆਪਣੀ ਇਸ ਭੂਮਿਕਾ ਦੇ ਮਹੱਤਵ ਨੂੰ ਸਮਝਣਗੇ। ਉਹ ਇਸ ਦੀ ਅਣਦੇਖੀ ਨਹੀਂ ਕਰ ਸਕਦੇ ਕਿ ਪ੍ਰਧਾਨ ਮੰਤਰੀ ਨੇ ਸਾਫ਼ ਤੌਰ 'ਤੇ ਇਹ ਵੀ ਕਿਹਾ ਹੈ ਕਿ ਉਹ ਧਾਰਾ 370 ਹਟਾਉਣ ਦੇ ਫ਼ੈਸਲੇ ਨਾਲ ਅਸਹਿਮਤ ਲੋਕਾਂ ਦੇ ਵਿਚਾਰਾਂ ਨੂੰ ਸੁਣਨ-ਸਮਝਣ ਨੂੰ ਤਿਆਰ ਹਨ। ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ ਦੇ ਹਾਲਾਤ ਠੀਕ ਕਰਨ ਵਿਚ ਦੇਸ਼ ਵਾਸੀਆਂ ਤੋਂ ਵੀ ਸਹਿਯੋਗ ਦੀ ਉਮੀਦ ਕੀਤੀ ਹੈ। ਇਸ ਲਈ ਸਭ ਦੇਸ਼ ਵਾਸੀਆਂ ਵੱਲੋਂ ਇਕ ਸੁਰ ਵਿਚ ਇਹੋ ਸੰਦੇਸ਼ ਉਭਾਰਨਾ ਚਾਹੀਦਾ ਹੈ ਕਿ ਕਸ਼ਮੀਰ ਦੇ ਨਾਲ-ਨਾਲ ਕਸ਼ਮੀਰੀ ਵੀ ਸਾਡੇ ਹਨ ਅਤੇ ਅਸੀਂ ਹਰ ਸੁੱਖ-ਦੁੱਖ ਵਿਚ ਉਨ੍ਹਾਂ ਨਾਲ ਚੱਟਾਨ ਵਾਂਗ ਖੜ੍ਹੇ ਹਾਂ।

Posted By: Susheel Khanna