ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਚੱਲ ਰਹੀ ਸਿਆਸੀ ਲੜਾਈ ਦਰਮਿਆਨ ਲੋਕਾਂ ਲਈ 1.9 ਟਿ੍ਲੀਅਨ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਹ ਭਾਰਤੀ ਅਰਥਚਾਰੇ ਦੇ ਅੱਧ ਤੋਂ ਵੱਧ ਹੈ।

ਭਾਰਤ ਦਾ ਕੁੱਲ ਅਰਥਚਾਰਾ ਤਕਰੀਬਨ 3 ਟਿ੍ਲੀਅਨ ਡਾਲਰ ਹੈ। ਦਰਅਸਲ ਸੰਸਦ ਵਿਚ ਹੋਈ ਹਿੰਸਾ ਤੋਂ ਬਾਅਦ ਅਮਰੀਕਾ ਦੀ ਤਸਵੀਰ ਬਦਲੀ ਹੋਈ ਹੈ। ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ’ਚ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ’ਚ ਹਿੰਸਾ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਅਜਿਹਾ ਅੱਜ ਤਕ ਕਦੇ ਨਹੀਂ ਹੋਇਆ ਤੇ ਇਸ ਲਈ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇਸੇ ਕਰਕੇ ਹੇਠਲੇ ਸਦਨ ’ਚ ਡੋਨਾਲਡ ਟਰੰਪ ਖ਼ਿਲਾਫ਼ ਮਹਾਦੋਸ਼ ਲਈ ਮਤਾ ਪਾਸ ਹੋ ਗਿਆ ਹੈ।

ਟਰੰਪ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਹਨ, ਜਿਨ੍ਹਾਂ ਖ਼ਿਲਾਫ਼ ਅਹੁਦੇ ’ਤੇ ਰਹਿੰਦਿਆਂ ਦੂਜੀ ਵਾਰ ਮਹਾਦੋਸ਼ ਦਾ ਮਤਾ ਲਿਆਂਦਾ ਗਿਆ ਹੈ। ਟਰੰਪ ’ਤੇ ਦੇਸ਼ ਖ਼ਿਲਾਫ਼ ਬਗ਼ਾਵਤ ਭੜਕਾਉਣ ਦਾ ਦੋਸ਼ ਹੈ। ਰਿਪਬਲਿਕਨ ਪਾਰਟੀ ਦੇ ਕੁਝ ਸੰਸਦ ਮੈਂਬਰਾਂ ਨੇ ਵੀ ਟਰੰਪ ਦੇ ਮਹਾਦੋਸ਼ ਦੇ ਹੱਕ ’ਚ ਵੋਟ ਦਿੱਤੀ ਹੈ। ਪੂਰੇ ਮਾਮਲੇ ’ਚ ਟਰੰਪ ਦੀ ਭੂਮਿਕਾ ’ਤੇ ਸਵਾਲ ਉੱਠ ਰਹੇ ਹਨ। ਹਾਲਾਂਕਿ ਮਤਾ ਪਾਸ ਹੋਣ ਤੋਂ ਪਹਿਲਾਂ ਟਰੰਪ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਕੋਈ ਹਿੰਸਾ ਨਹੀਂ ਹੋਣੀ ਚਾਹੀਦੀ।

ਟਰੰਪ ਹਮਾਇਤੀਆਂ ਨੇ ਪਿਛਲੇ ਹਫਤੇ ਯੂਐੱਸ ਕੈਪੀਟਲ ਬਿਲਡਿੰਗ ’ਚ ਭੰਨਤੋੜ ਕੀਤੀ ਸੀ। ਹਿੰਸਾ ’ਚ ਇਕ ਪੁਲਿਸ ਅਧਿਕਾਰੀ ਸਣੇ ਪੰਜ ਜਾਨਾਂ ਗਈਆਂ ਸਨ। ਟਰੰਪ ਇਸ ਘਟਨਾ ਤੋਂ ਬਾਅਦ ਨਿਸ਼ਾਨੇ ’ਤੇ ਹਨ। ਇਹ ਸਭ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕਣ ਤੋਂ ਇਕ ਹਫ਼ਤਾ ਪਹਿਲਾਂ ਹੋ ਰਿਹਾ ਹੈ। ਹਾਊਸ ਦੀ ਸਪੀਕਰ ਨੈਨਸੀ ਪੇਲੋਸੀ ਨੇ ਬਹਿਸ ਦੌਰਾਨ ਟਰੰਪ ਨੂੰ ਦੇਸ਼ ਲਈ ਖ਼ਤਰਾ ਦੱਸਿਆ ਹੈ। ਹੁਣ ਸੰਵਿਧਾਨਕ ਮਾਹਰ ਇਸ ਗੱਲ ’ਤੇ ਵੰਡੇ ਹੋਏ ਹਨ ਕਿ ਕੀ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਵੀ ਮਹਾਦੋਸ਼ ਚਲਾਇਆ ਜਾ ਸਕਦਾ ਹੈ?

ਇਸ ਤੋਂ ਪਹਿਲਾਂ ਵੀ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ ਹੋ ਚੁੱਕੀ ਹੈ। 2019 ’ਚ ਟਰੰਪ ਖ਼ਿਲਾਫ਼ ਲਿਆਂਦੇ ਮਹਾਦੋਸ਼ ਦੇ ਹੱਕ ’ਚ ਕਿਸੇ ਰਿਪਬਲਿਕਨ ਨੇ ਵੋਟ ਨਹੀਂ ਸੀ ਦਿੱਤੀ । ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਸੰਵਿਧਾਨ ’ਚ 25ਵੀਂ ਸੋਧ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ। ਜੇ ਉਹ ਅਜਿਹਾ ਕਰ ਲੈਂਦੇ ਤਾਂ ਟਰੰਪ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਸੀ। ਮੌਜੂਦਾ ਹਾਲਾਤ ’ਚ ਜੋਅ ਬਾਇਡਨ ਸਾਹਮਣੇ ਦੋ ਰਸਤੇ ਸਨ। ਪਹਿਲਾ ਇਹ ਕਿ ਉਹ ਟਰੰਪ ਤੋਂ ਬਦਲਾ ਲਵੇ ਤੇ ਦੂਜਾ ਕੋੋਰੋਨਾ ਦੀ ਮਾਰ ਸਹਿ ਰਹੇ ਲੋਕਾਂ ਨੂੰ ਬਚਾਉਣ ਲਈ ਅੱਗੇ ਆਵੇ। ਬਾਇਡਨ ਨੇ ਲੋਕਾਂ ਵੱਲ ਧਿਆਨ ਦੇ ਕੇ ਸਹੀ ਕਦਮ ਚੁੱਕਿਆ ਹੈ। ਉਹ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਬਣਨ ਜਾ ਰਹੇ ਹਨ।

ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਇਸ ਪੈਕੇਜ ਦਾ ਵਾਅਦਾ ਕੀਤਾ ਸੀ। ਇਹ ਪੈਕੇਜ ਕੋਰੋਨਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕੀ ਆਰਥਿਕਤਾ ਨੂੰ ਮੁੜ ਲੀਹ ’ਤੇ ਲਿਆਉਣ ਲਈ ਲਿਆ ਗਿਆ ਸਹੀ ਫ਼ੈਸਲਾ ਹੈ। ਵਿਆਪਕ ਤੌਰ ’ਤੇ ਗੱਲ ਕਰੀਏ ਤਾਂ ਪੈਕੇਜ ਲਾਗੂ ਹੋਣ ਤੋਂ ਬਾਅਦ ਹਰ ਅਮਰੀਕੀ ਨੂੰ 1400 ਡਾਲਰ ਯਾਨੀ ਕਰੀਬ 30 ਹਜ਼ਾਰ ਰੁਪਏ ਮਿਲਣਗੇ।

ਪੈਕੇਜ ’ਚ ਪ੍ਰਸਤਾਵਿਤ ਫੰਡਾਂ ਦੀ ਵੰਡ ਤੋਂ ਇਹ ਸਪੱਸ਼ਟ ਹੈ ਕਿ ਵਪਾਰ, ਸਿੱਖਿਆ ਤੇ ਹਰ ਅਮਰੀਕੀ ਨੂੰ ਰਾਹਤ ਦੇਣ ਲਈ ਪੈਕੇਜ ਤਿਆਰ ਕੀਤਾ ਗਿਆ ਹੈ। ਕੋਰੋਨਾ ਕਾਰਨ ਸਭ ਤੋਂ ਵੱਧ ਮੌਤਾਂ ਵੀ ਅਮਰੀਕਾ ’ਚ ਹੀ ਹੋਈਆਂ ਹਨ। ਸ਼ੁੱਕਰਵਾਰ ਸ਼ਾਮ ਤਕ ਅਮਰੀਕਾ ’ਚ 398155 ਮੌਤਾਂ ਹੋ ਚੁੱਕੀਆਂ ਹਨ। ਬਾਇਡਨ ਲਈ ਰਸਤਾ ਮੁਸ਼ਕਲ ਹੈ। ਉਹ ਸਮਾਂ ਬਰਬਾਦ ਕਰਨ ਦੀ ਹਾਲਤ ’ਚ ਨਹੀਂ ਹਨ। ਜੋ ਵੀ ਕਰਨਾ ਹੈ , ਉਨ੍ਹਾਂ ਨੂੰ ਤੁਰੰਤ ਕਰਨਾ ਹੋਵੇਗਾ।

Posted By: Jagjit Singh