-ਸੰਜੇ ਗੁਪਤ

ਲੱਦਾਖ ਵਿਚ ਅਸਲ ਕੰਟਰੋਲ ਰੇਖਾ 'ਤੇ ਗਲਵਾਨ ਵਾਦੀ ਵਿਚ ਚੀਨੀ ਫ਼ੌਜ ਨੇ ਜੋ ਹਰਕਤ ਕੀਤੀ, ਉਸ ਨੂੰ ਭਾਰਤ ਭੁੱਲ ਨਹੀਂ ਸਕਦਾ। ਭੁੱਲਣਾ ਵੀ ਨਹੀਂ ਚਾਹੀਦਾ ਕਿਉਂਕਿ ਚੀਨ ਦੀ ਧੋਖੇਬਾਜ਼ੀ ਕਾਰਨ ਸਾਡੇ 20 ਜਵਾਨ ਸ਼ਹਾਦਤ ਦਾ ਜਾਮ ਪੀ ਗਏ। ਭਾਰਤ ਅਤੇ ਨਾਲ ਹੀ ਭਾਰਤੀ ਸੈਨਾ ਦੀ ਇਹ ਨੈਤਿਕ ਸੋਚ ਰਹਿੰਦੀ ਹੈ ਕਿ ਜਦ ਤਕ ਉਕਸਾਇਆ ਨਾ ਜਾਵੇ, ਉਦੋਂ ਤਕ ਦੂਜੀ ਧਿਰ 'ਤੇ ਹਮਲਾ ਨਾ ਕੀਤਾ ਜਾਵੇ। ਇਸ ਸੋਚ ਤੋਂ ਸਾਰੀ ਦੁਨੀਆ ਜਾਣੂ ਹੈ ਅਤੇ ਇਸੇ ਲਈ ਉਹ ਚੀਨ ਦੇ ਇਸ ਦੋਸ਼ 'ਤੇ ਯਕੀਨ ਨਹੀਂ ਕਰ ਰਹੀ ਕਿ ਗਲਵਾਨ ਵਾਦੀ ਦੀ ਘਟਨਾ ਲਈ ਭਾਰਤ ਜ਼ਿੰਮੇਵਾਰ ਹੈ।

ਵਿਸ਼ਵ ਭਾਈਚਾਰਾ ਇਸੇ ਨਤੀਜੇ 'ਤੇ ਪੁੱਜਾ ਹੈ ਕਿ ਚੀਨ ਨੇ ਸ਼ਰਾਰਤ ਕੀਤੀ ਸੀ। ਚੀਨ ਅਜੇ ਵੀ ਸ਼ਰਾਰਤ 'ਤੇ ਉਤਾਰੂ ਹੈ ਅਤੇ ਐੱਲਏਸੀ 'ਤੇ ਪਹਿਲਾਂ ਵਾਲੀ ਸਥਿਤੀ ਬਰਕਰਾਰ ਰੱਖਣ ਨੂੰ ਲੈ ਕੇ ਬਣੀ ਸਹਿਮਤੀ 'ਤੇ ਅਮਲ ਕਰਨ ਤੋਂ ਇਨਕਾਰ ਕਰ ਰਿਹਾ ਹੈ। ਉਹ ਐੱਲਏਸੀ 'ਤੇ ਨਾ ਸਿਰਫ਼ ਨਾਜਾਇਜ਼ ਕਬਜ਼ਾ ਕਰਨਾ ਚਾਹ ਰਿਹਾ ਹੈ ਬਲਕਿ ਆਪਣੇ ਸੈਨਿਕਾਂ ਦਾ ਜਮਾਵੜਾ ਵਧਾ ਰਿਹਾ ਹੈ। ਉਸ ਦੇ ਜਵਾਬ ਵਿਚ ਭਾਰਤ ਨੂੰ ਵੀ ਅਜਿਹਾ ਹੀ ਕਰਨਾ ਪੈ ਰਿਹਾ ਹੈ।

ਮੰਨਿਆ ਜਾ ਰਿਹਾ ਹੈ ਕਿ ਚੀਨ ਗਲਵਾਨ ਵਾਦੀ ਵਿਚ ਫ਼ੌਜੀ ਚੜ੍ਹਤ ਹਾਸਲ ਕਰਨ ਲਈ ਭਾਰਤੀ ਇਲਾਕੇ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਗਲਵਾਨ ਵਾਦੀ ਦੇ ਨਾਲ-ਨਾਲ ਉਹ ਇਕ ਹੋਰ ਇਲਾਕੇ ਪੈਂਗੋਂਗ ਸੋ ਵਿਚ ਵੀ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਵਿਚ ਹੈ। ਇਸੇ ਤਰ੍ਹਾਂ ਉਹ ਦੌਲਤ ਬੇਗ ਓਲਡੀ ਇਲਾਕੇ ਵਿਚ ਮੌਜੂਦਾ ਸਥਿਤੀ ਨੂੰ ਬਦਲਣ ਲਈ ਯਤਨਸ਼ੀਲ ਹੈ। ਭਾਰਤ ਨੇ ਕਾਰਾਕੋਰਮ ਹਾਈਵੇ ਦੇ ਬੇਹੱਦ ਕਰੀਬ ਦੌਲਤ ਬੇਗ ਓਲਡੀ ਹਵਾਈ ਪੱਟੀ ਨੂੰ ਨਾ ਸਿਰਫ਼ ਆਧੁਨਿਕ ਬਣਾ ਦਿੱਤਾ ਹੈ ਬਲਕਿ ਉਸ ਨੂੰ ਹਰ ਮੌਸਮ ਵਿਚ ਇਸਤੇਮਾਲ ਹੋਣ ਵਾਲੇ ਸੜਕ ਮਾਰਗ ਨਾਲ ਵੀ ਜੋੜ ਰਿਹਾ ਹੈ। ਇਹੀ ਚੀਨ ਦੀ ਚਿੰਤਾ ਦਾ ਕਾਰਨ ਹੈ। ਚੀਨ ਇਸ ਦੇ ਬਾਵਜੂਦ ਐੱਲਏਸੀ 'ਤੇ ਪਹਿਲਾਂ ਵਾਲੀ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੰਨ 1962 ਵਿਚ ਹਥਿਆਇਆ ਗਿਆ ਇਲਾਕੇ ਅਜੇ ਵੀ ਉਸ ਦੇ ਕਬਜ਼ੇ ਹੇਠ ਹੈ।

ਇਸ ਦੇ ਇਲਾਵਾ ਉਸ ਕੋਲ ਗੁਲਾਮ ਕਸ਼ਮੀਰ ਦਾ ਉਹ ਹਿੱਸਾ ਵੀ ਹੈ ਜਿਸ ਨੂੰ ਪਾਕਿਸਤਾਨ ਨੇ ਉਸ ਦੇ ਹਵਾਲੇ ਕਰ ਦਿੱਤਾ ਸੀ। ਚੀਨ ਸਰਹੱਦੀ ਵਿਵਾਦ ਸੁਲਝਾਉਣ ਦੀ ਗੱਲ ਤਾਂ ਕਰਦਾ ਹੈ ਪਰ ਉਸ ਦਾ ਇਰਾਦਾ ਇਸ ਨੂੰ ਸੁਲਝਾਉਣ ਦਾ ਬਿਲਕੁਲ ਨਹੀਂ ਲੱਗਦਾ। ਚੀਨ ਦੀਆਂ ਹਰਕਤਾਂ ਕਾਰਨ ਭਾਰਤ ਵਿਚ ਇਹ ਭਾਵਨਾ ਤੇਜ਼ ਹੋ ਰਹੀ ਹੈ ਕਿ ਉਸ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਹੈ ਪਰ ਇਸ ਸਭ ਦੌਰਾਨ ਕਾਂਗਰਸ ਮੋਦੀ ਸਰਕਾਰ ਨੂੰ ਘੇਰਨ ਵਿਚ ਰੁੱਝੀ ਹੋਈ ਹੈ। ਉਸ ਦੇ ਨੇਤਾ ਅਤੇ ਖ਼ਾਸ ਤੌਰ 'ਤੇ ਰਾਹੁਲ ਗਾਂਧੀ ਸਰਕਾਰ 'ਤੇ ਉਲਟੇ-ਸਿੱਧੇ ਦੋਸ਼ ਲਗਾਉਣ ਦੇ ਜੋਸ਼ ਵਿਚ ਇਹ ਭੁੱਲ ਰਹੇ ਹਨ ਕਿ ਚੀਨ ਨਾਲ ਸਰਹੱਦੀ ਵਿਵਾਦ ਲਈ ਸਭ ਤੋਂ ਵੱਧ ਜ਼ਿੰਮੇਵਾਰ ਜੇਕਰ ਕੋਈ ਹੈ ਤਾਂ ਉਹ ਕਾਂਗਰਸ ਦੀ ਲੀਡਰਸ਼ਿਪ ਹੈ।

ਨਹਿਰੂ ਨੇ ਚੀਨ ਦੇ ਖ਼ਤਰਨਾਕ ਮਨਸੂਬਿਆਂ ਦੀ ਨਾ ਸਿਰਫ਼ ਅਣਦੇਖੀ ਕੀਤੀ ਬਲਕਿ 1962 ਵਿਚ ਉਸ ਦੁਆਰਾ ਕਬਜ਼ਾ ਕੀਤੀ ਗਈ ਜ਼ਮੀਨ ਹਾਸਲ ਕਰਨ ਦੀ ਕੋਈ ਕੋਸ਼ਿਸ਼ ਵੀ ਨਹੀਂ ਕੀਤੀ। ਰਾਹੁਲ ਗਾਂਧੀ ਅਜਿਹੇ ਇਲਜ਼ਾਮਾਂ ਨੂੰ ਉਛਾਲਣ ਵਿਚ ਲੱਗੇ ਹੋਏ ਹਨ ਜਿਨ੍ਹਾਂ ਦਾ ਕੋਈ ਸਿਰ-ਪੈਰ ਨਹੀਂ। ਅਜਿਹਾ ਲੱਗਦਾ ਹੈ ਕਿ ਉਹ ਉਸ ਅਵਤਾਰ ਵਿਚ ਆ ਗਏ ਹਨ ਜੋ ਉਨ੍ਹਾਂ ਨੇ ਰਾਫੇਲ ਵਿਵਾਦ ਨੂੰ ਤੂਲ ਦੇਣ ਦੇ ਸਮੇਂ ਧਾਰਿਆ ਸੀ। ਉਹ ਠੀਕ ਉਸੇ ਤਰ੍ਹਾਂ ਦਾ ਅਜੀਬੋ-ਗ਼ਰੀਬ ਤੇ ਸਿਆਸੀ ਤੌਰ 'ਤੇ ਆਤਮਘਾਤੀ ਵਿਵਹਾਰ ਕਰ ਰਹੇ ਹਨ ਜਿਹੋ ਜਿਹਾ ਸਰਜੀਕਲ ਸਟ੍ਰਾਈਕ ਵੇਲੇ ਕਰ ਰਹੇ ਸਨ। ਉਹ ਅਜਿਹਾ ਦਿਖਾ ਰਹੇ ਹਨ ਕਿ ਐੱਲਏਸੀ ਦਾ ਸੱਚ ਸਿਰਫ਼ ਉਨ੍ਹਾਂ ਨੂੰ ਹੀ ਪਤਾ ਹੈ। ਰਾਹੁਲ ਗਾਂਧੀ ਦੇ ਰਵੱਈਏ ਤੋਂ ਤਾਂ ਸਭ ਤੋਂ ਵੱਧ ਖ਼ੁਸ਼ੀ ਚੀਨ ਨੂੰ ਹੀ ਹੋਵੇਗੀ। ਇਹ ਕਿੰਨੀ ਤ੍ਰਾਸਦੀ ਭਰਪੂਰ ਗੱਲ ਹੈ ਕਿ ਜਦ ਦੇਸ਼ ਚੀਨ ਦੀ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਇਕਜੁੱਟ ਹੋ ਰਿਹਾ ਹੈ, ਉਦੋਂ ਰਾਹੁਲ ਗਾਂਧੀ ਉਸ ਦੀਆਂ ਮਨ-ਮਾਫ਼ਕ ਗੱਲਾਂ ਕਰ ਰਹੇ ਹਨ। ਚੀਨ ਭਾਰਤ ਦਾ ਇਕ ਵੱਡਾ ਵਪਾਰਕ ਭਾਈਵਾਲ ਤਾਂ ਹੈ ਹੀ, ਦੇਸ਼ ਵਿਚ ਉਸ ਦਾ ਚੰਗਾ-ਖ਼ਾਸਾ ਨਿਵੇਸ਼ ਵੀ ਹੈ। ਮੁੱਢਲੇ ਢਾਂਚੇ ਦੇ ਨਿਰਮਾਣ ਤੋਂ ਲੈ ਕੇ ਵੱਡੇ ਸਟਾਰਟਅੱਪ ਵਿਚ ਚੀਨੀ ਕੰਪਨੀਆਂ ਨੇ ਨਿਵੇਸ਼ ਕੀਤਾ ਹੋਇਆ ਹੈ। ਇਸ ਦੇ ਇਲਾਵਾ ਤਮਾਮ ਭਾਰਤੀ ਉਦਯੋਗ ਕੱਚੇ ਮਾਲ, ਸਾਜ਼ੋ-ਸਾਮਾਨ ਲਈ ਉਸ 'ਤੇ ਨਿਰਭਰ ਹਨ।

ਚੀਨ ਨੂੰ ਜਵਾਬ ਦੇਣ ਦੇ ਮਾਮਲੇ ਵਿਚ ਇਹ ਗੱਲ ਵਾਰ-ਵਾਰ ਉੱਠ ਰਹੀ ਹੈ ਕਿ ਸਾਨੂੰ ਉਸ 'ਤੇ ਆਪਣੀ ਨਿਰਭਰਤਾ ਘੱਟ ਕਰਨੀ ਹੋਵੇਗੀ ਪਰ ਇਸ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਇਹ ਕੰਮ ਰਾਤੋ-ਰਾਤ ਨਹੀਂ ਹੋ ਸਕਦਾ। ਭਾਰਤੀ ਉਦਯੋਗ ਜਗਤ ਜਿਸ ਤਰ੍ਹਾਂ ਚੀਨ 'ਤੇ ਨਿਰਭਰ ਹੈ, ਉਸ ਨੂੰ ਦੇਖਦੇ ਹੋਏ ਜੇਕਰ ਜਲਦਬਾਜ਼ੀ ਵਿਚ ਕੋਈ ਕਦਮ ਚੁੱਕ ਲਿਆ ਜਾਂਦਾ ਹੈ ਤਾਂ ਉਹ ਸਾਡੇ ਲਈ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ।

ਸਾਫ਼ ਹੈ ਕਿ ਉਨ੍ਹਾਂ ਭਾਵਨਾਵਾਂ 'ਤੇ ਲਗਾਮ ਲਗਾਉਣੀ ਹੋਵੇਗੀ ਜਿਨ੍ਹਾਂ ਤਹਿਤ ਇਹ ਮਾਹੌਲ ਸਿਰਜਿਆ ਜਾ ਰਿਹਾ ਹੈ ਕਿ ਚੀਨੀ ਵਸਤਾਂ ਦਾ ਬਾਈਕਾਟ ਤਤਕਾਲ ਪ੍ਰਭਾਵ ਨਾਲ ਸ਼ੁਰੂ ਕਰ ਦਿੱਤਾ ਜਾਵੇ। ਅਜਿਹਾ ਕਰਨ ਨਾਲ ਲਾਕਡਾਊਨ ਤੋਂ ਬਾਹਰ ਆ ਰਹੇ ਭਾਰਤੀ ਉਦਯੋਗ ਜਗਤ ਦੇ ਅੱਗੇ ਇਕ ਨਵੀਂ ਸਮੱਸਿਆ ਖੜ੍ਹੀ ਹੋ ਸਕਦੀ ਹੈ-ਕੱਚੇ ਮਾਲ ਅਤੇ ਸਾਜ਼ੋ-ਸਾਮਾਨ ਦੀ ਕਮੀ ਦੀ। ਅਸਲ ਵਿਚ ਜ਼ਰੂਰਤ ਇਸ ਦੀ ਹੈ ਕਿ ਭਾਰਤ ਸਰਕਾਰ ਚੀਨ 'ਤੇ ਨਿਰਭਰਤਾ ਘੱਟ ਕਰਨ ਲਈ ਕੋਈ ਠੋਸ ਤੇ ਲੰਬੇ ਸਮੇਂ ਦੀ ਰਣਨੀਤੀ ਬਣਾਏ।

ਇਸ ਮਾਮਲੇ ਵਿਚ ਭਾਰਤੀ ਉਦਯੋਗ ਜਗਤ ਨੂੰ ਵੀ ਆਪਣੇ-ਆਪ ਨੂੰ ਇਸ ਦੇ ਲਈ ਤਿਆਰ ਕਰਨਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਚੀਨ 'ਤੇ ਨਿਰਭਰ ਨਹੀਂ ਰਹਿਣਾ। ਭਾਰਤੀ ਸਨਅਤਾਂ ਅਤੇ ਸਟਾਰਟਅੱਪ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਦੇ ਨਾਲ ਹੀ ਚੀਨੀ ਕੰਪਨੀਆਂ ਅਤੇ ਨਿਵੇਸ਼ਕਾਂ ਦੇ ਬਦਲ ਤਲਾਸ਼ਣੇ ਹੋਣਗੇ।

ਅੱਜ ਚੀਨ ਤੋਂ ਅਜਿਹੇ ਬਹੁਤ ਸਾਰੇ ਸਾਮਾਨ ਆ ਰਹੇ ਹਨ ਜਿਨ੍ਹਾਂ ਦੇ ਨਿਰਮਾਣ ਦੀ ਸਮਰੱਥਾ ਭਾਰਤ ਦੇ ਕੋਲ ਹੈ। ਅਜਿਹੇ ਸਾਮਾਨਾਂ ਦੀ ਪਛਾਣ ਕਰ ਕੇ ਜਲਦ ਉਨ੍ਹਾਂ ਨੂੰ ਦੇਸ਼ ਵਿਚ ਹੀ ਬਣਾਉਣ ਦੀ ਯੋਜਨਾ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਆਖ਼ਰ ਇਸ ਦਾ ਕੀ ਮਤਲਬ ਕਿ ਘਰੇਲੂ ਜ਼ਰੂਰਤ ਦੀ ਵਸਤਾਂ, ਬਿਜਲੀ ਦੀ ਝਾਲਰ, ਗਣੇਸ਼-ਲੱਛਮੀ ਦੀਆਂ ਮੂਰਤੀਆਂ ਚੀਨ ਤੋਂ ਮੰਗਵਾਈਆਂ ਜਾਣ? ਵਿੱਤ ਮੰਤਰੀ ਨੇ ਹਾਲ ਹੀ ਵਿਚ ਇਸ ਵੱਲ ਹੀ ਇਸ਼ਾਰਾ ਕੀਤਾ ਸੀ। ਕਿਉਂਕਿ ਚੀਨ ਇਕ ਤਰ੍ਹਾਂ ਨਾਲ ਭਾਰਤ ਨੂੰ ਲਲਕਾਰੇ ਮਾਰ ਰਿਹਾ ਹੈ, ਇਸ ਲਈ ਉਸ ਦਾ ਟਾਕਰਾ ਕਰਨ ਲਈ ਹਰ ਭਾਰਤੀ ਨੂੰ ਤਿਆਰ ਰਹਿਣਾ ਚਾਹੀਦਾ ਹੈ। ਉਸ ਨੂੰ ਆਪਣੇ ਅੰਦਰ ਇਕ ਜਜ਼ਬਾ ਪੈਦਾ ਕਰ ਕੇ ਇਹ ਬੀੜਾ ਚੁੱਕਣਾ ਹੋਵੇਗਾ ਕਿ ਹੁਣ ਚੀਨ ਦੇ ਬਿਨਾਂ ਹੀ ਕੰਮ ਚਲਾਉਣਾ ਹੈ। ਇਸੇ ਦੇ ਨਾਲ ਇਸ 'ਤੇ ਵੀ ਵਿਚਾਰ-ਚਰਚਾ ਕਰਨੀ ਹੋਵੇਗੀ ਕਿ ਚੀਨ ਸਾਡੇ ਤੋਂ ਅੱਗੇ ਕਿੱਦਾਂ ਨਿਕਲ ਗਿਆ? ਉਸ ਦੇ ਅੱਗੇ ਨਿਕਲਣ ਵਿਚ ਉਸ ਦੀਆਂ ਆਰਥਿਕ-ਵਪਾਰਕ ਨੀਤੀਆਂ ਦੇ ਨਾਲ-ਨਾਲ ਉੱਥੋਂ ਦੇ ਲੋਕਾਂ ਦੇ ਸਮਰਪਣ ਅਤੇ ਅਨੁਸ਼ਾਸਨ ਦੀ ਵੀ ਇਕ ਵੱਡੀ ਭੂਮਿਕਾ ਹੈ।

ਭਾਰਤ ਦੇ ਉੱਥਾਨ ਵਿਚ ਸਮਰਪਣ ਅਤੇ ਅਨੁਸ਼ਾਸਨ ਦਾ ਸਬੂਤ ਸਾਨੂੰ ਭਾਰਤੀਆਂ ਨੂੰ ਵੀ ਦੇਣਾ ਹੋਵੇਗਾ। ਬੇਸ਼ੱਕ ਇਹ ਮਾਣ ਵਾਲੀ ਗੱਲ ਹੈ ਕਿ ਅਸੀਂ ਇਕ ਜਮਹੂਰੀ ਮੁਲਕ ਹਾਂ ਪਰ ਇਹ ਵੀ ਸਹੀ ਹੈ ਕਿ ਔਸਤ ਭਾਰਤੀ ਨਿਯਮ-ਕਾਨੂੰਨਾਂ ਦੀ ਪਾਲਣਾ ਪ੍ਰਤੀ ਓਨਾ ਸੁਚੇਤ ਨਹੀਂ ਜਿੰਨਾ ਉਸ ਨੂੰ ਹੋਣਾ ਚਾਹੀਦਾ ਹੈ। ਲੋਕਤੰਤਰ ਸਾਨੂੰ ਆਜ਼ਾਦੀ ਤਾਂ ਦਿੰਦਾ ਹੈ ਪਰ ਆਪਹੁਦਰੀਆਂ ਦੀ ਖੁੱਲ੍ਹ ਨਹੀਂ ਦਿੰਦਾ। ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਹੋਣ ਦੇ ਨਾਲ-ਨਾਲ ਆਪਣੇ ਕੰਮ ਨੂੰ ਕੁਸ਼ਲਤਾ ਨਾਲ ਕਰਨ ਦੇ ਮਾਮਲੇ ਵਿਚ ਆਪਣਾ ਮਿਜ਼ਾਜ ਬਦਲਣ ਦੀ ਜ਼ਰੂਰਤ ਹੈ। ਜਿੰਨਾ ਚਿਰ ਅਸੀਂ ਸਾਰੇ ਭਾਰਤ ਵਾਸੀ ਆਪਣੇ ਨਜ਼ਰੀਏ ਵਿਚ ਤਬਦੀਲੀ ਨਹੀਂ ਲਿਆਉਂਦੇ ਤੇ ਦੇਸ਼ ਹਿੱਤ ਦੀ ਗੱਲ ਨਹੀਂ ਕਰਦੇ, ਉਦੋਂ ਤਕ ਮੁਲਕ ਨੂੰ ਆਪਣੀਆਂ ਵੱਖ-ਵੱਖ ਜ਼ਰੂਰਤਾਂ ਲਈ ਚੀਨ ਸਮੇਤ ਦੁਨੀਆ ਦੇ ਹੋਰ ਅਨੇਕਾਂ ਦੇਸ਼ਾਂ 'ਤੇ ਨਿਰਭਰ ਰਹਿਣਾ ਪਵੇਗਾ।

ਇਹ ਰੁਝਾਨ ਮੁਲਕ ਲਈ ਸਿਹਤਮੰਦ ਨਹੀਂ ਕਿਹਾ ਜਾ ਸਕਦਾ। ਲੋਕਾਂ ਦੇ ਨਾਲ ਨਾਲ ਮਿਜ਼ਾਜ ਵਿਚ ਤਬਦੀਲੀ ਸਾਡੇ ਸਿਆਸੀ ਵਰਗ ਵਿਚ ਵੀ ਆਉਣੀ ਚਾਹੀਦੀ ਹੈ ਕਿਉਂਕਿ ਉਦੋਂ ਹੀ ਚੀਜ਼ਾਂ ਤੇਜ਼ੀ ਨਾਲ ਬਦਲਣਗੀਆਂ ਅਤੇ ਉਹ ਮਾਹੌਲ ਬਣੇਗਾ ਜੋ ਆਤਮ-ਨਿਰਭਰ ਭਾਰਤ ਅਭਿਆਨ ਨੂੰ ਰਫ਼ਤਾਰ ਦੇਣ ਅਤੇ ਚੀਨ ਦਾ ਮੁਕਾਬਲਾ ਕਰਨ ਵਿਚ ਸਹਾਇਕ ਹੋਵੇਗਾ। ਆਤਮ-ਨਿਰਭਰ ਭਾਰਤ ਦੀ ਧਾਰਨਾ ਨੂੰ ਮਜ਼ਾਕ ਵਿਚ ਲੈਣ ਦੀ ਥਾਂ ਇਸ 'ਤੇ ਸੰਜੀਦਗੀ ਨਾਲ ਕੰਮ ਕਰਨ ਦੀ ਲੋੜ ਹੈ।

-(ਲੇਖਕ 'ਦੈਨਿਕ ਜਾਗਰਣ' ਅਖ਼ਬਾਰ ਦੇ ਮੁੱਖ ਸੰਪਾਦਕ ਹਨ)।

Posted By: Sunil Thapa