ਜਿਵੇਂ ਹਨੇਰੀ, ਝੱਖੜ, ਤੂਫਾਨ, ਗੜੇ ਪੈਣ ਅਤੇ ਬਿਜਲੀ ਦੇ ਗੜਕਣ ਤੋਂ ਬਾਅਦ ਅਸਮਾਨ ਵਿਚ ਨਿਖਾਰ ਆ ਜਾਂਦਾ ਹੈ, ਚਾਰੇ ਪਾਸੇ ਚੁੱਪ ਛਾ ਜਾਂਦੀ ਹੈ, ਉਸੇ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਵਿਚ ਗੁਰਬਤ ਦੇ ਦਿਨਾਂ ਮਗਰੋਂ ਖ਼ੁਸ਼ਹਾਲੀ ਦਾ ਸਮਾਂ ਵੀ ਜ਼ਰੂਰ ਆਉਂਦਾ ਹੈ। ਕੁਦਰਤ ਅਤੇ ਮਨੁੱਖ ਦੇ ਜੀਵਨ ਦਾ ਆਪਸ ਵਿਚ ਕਾਫ਼ੀ ਕੁਝ ਮਿਲਦਾ-ਜੁਲਦਾ ਹੈ। ਸਿਰਫ਼ ਉਸ ਸਮਾਨਤਾ ਦੀ ਨਿਸ਼ਾਨਦੇਹੀ ਕਰਨ ਵਾਲੀ ਮਨੁੱਖ ਕੋਲ ਸੂਝ-ਬੂਝ ਹੋਣੀ ਬਹੁਤ ਜ਼ਰੂਰੀ ਹੈ। ਜਿਹੜੇ ਇਸ ਸਮਾਨਤਾ ਨੂੰ ਸਮਝ ਲੈਂਦੇ ਹਨ, ਉਨ੍ਹਾਂ ਦੀ ਜ਼ਿੰਦਗੀ ਦੇ ਗੁਰਬਤ ਦੇ ਦਿਨ ਬਹੁਤ ਸੌਖੇ ਢੰਗ ਨਾਲ ਗੁਜ਼ਰ ਜਾਂਦੇ ਹਨ।

ਮਨੁੱਖ ਦੀ ਜ਼ਿੰਦਗੀ ਵਿਚ ਗੁਰਬਤ ਅਤੇ ਖ਼ੁਸ਼ਹਾਲੀ ਉਸੇ ਰਾਹ ਵਾਂਗ ਹੈ ਜਿਸ ਵਿਚ ਕਦੇ ਉੱਚਾਈ ਆਉਂਦੀ ਹੈ ਤੇ ਕਦੇ ਬਿਲਕੁਲ ਸਪਾਟ ਸਮਤਲ ਹੁੰਦਾ ਹੈ। ਸਮਝਦਾਰ ਮਨੁੱਖ ਉਹੀ ਹੁੰਦਾ ਹੈ ਜੋ ਆਪਣਾ ਸੰਤੁਲਨ ਖੋਏ ਬਿਨਾਂ ਦੋਹਾਂ ਹਾਲਤਾਂ ਵਿਚ ਉਸ ਅਕਾਲ ਪੁਰਖ ਦਾ ਭਾਣਾ ਮੰਨ ਕੇ ਜਿਊਂਦਾ ਹੈ। ਉਰਦੂ ਦੇ ਇਕ ਸ਼ਾਇਰ ਦਾ ਕਹਿਣਾ ਹੈ ਕਿ ਗੁਰਬਤ ਦੇ ਦਿਨਾਂ ਦੀ ਇਕ ਖ਼ਾਸੀਅਤ ਇਹ ਵੀ ਹੈ ਕਿ ਉਹ ਮਨੁੱਖ ਵਿਚ ਅਰਸ਼ ਤੋਂ ਫਰਸ਼ ਤਕ ਪਹੁੰਚਣ ਦੀ ਕਲਾ ਪੈਦਾ ਕਰ ਦਿੰਦੀ ਹੈ।

ਮੇਰੀ ਆਪਣੀ ਜ਼ਿੰਦਗੀ ਵਿਚ ਗੁਰਬਤ ਨੇ ਉਦੋਂ ਥਾਂ ਬਣਾ ਲਈ ਸੀ ਜਦੋਂ ਮੈਂ ਅਜੇ ਪੰਜਵੀਂ ਜਮਾਤ ਵਿਚ ਪੜ੍ਹਦਾ ਸੀ। ਮੇਰੇ ਲਈ ਹਰ ਨਵਾਂ ਦਿਨ, ਨਵੀਂ ਮੁਸੀਬਤ ਲੈ ਕੇ ਆਉਂਦਾ ਸੀ। ਪਿਤਾ ਜੀ ਚਾਹੁੰਦੇ ਸਨ ਕਿ ਮੈਂ ਆਈਪੀਐੱਸ ਅਧਿਕਾਰੀ ਬਣਾਂ ਪਰ ਉਨ੍ਹਾਂ ਦੀ ਬਿਮਾਰੀ ਨੇ ਸਾਰੀ ਤਾਣੀ ਉਲਝਾ ਦਿੱਤੀ ਸੀ। ਭਰਾਵਾਂ ਵਿਚ ਵੱਡਾ ਹੋਣ ਕਾਰਨ ਘਰ ਦੇ ਗੁਜ਼ਾਰੇ ਖ਼ਾਤਰ ਮਾਮਿਆਂ ਨੂੰ ਮੇਰੀ ਮਾਂ ਨੂੰ ਇਹ ਕਹਿਣਾ ਪਿਆ ਸੀ ਕਿ ਇਸ ਨੂੰ ਸਕੂਲ ਵਿਚ ਚਪੜਾਸੀ ਲਗਵਾ ਦਿੰਦੇ ਹਾਂ।

ਪੰਜਵੀਂ ਜਮਾਤ ਦੇ ਮੇਰੇ ਨਾਲ ਦੇ ਬੱਚੇ ਸਕੂਲ ਜਾਂਦੇ ਸਨ, ਮੈਂ ਜਾਂ ਤਾਂ ਦੁਕਾਨ ਦਾ ਸਾਮਾਨ ਲਿਆਉਣ ਲਈ ਜਾਂਦਾ ਸਾਂ ਜਾਂ ਫਿਰ ਪਿਤਾ ਜੀ ਦੀ ਦਵਾਈ ਲੈਣ ਲਈ। ਉਨ੍ਹਾਂ ਦੀ ਬਿਮਾਰੀ ਨੇ ਦੁਕਾਨ ਦਾ ਕੰਮ ਬਹੁਤ ਘਟਾ ਦਿੱਤਾ ਸੀ। ਮਾਂ ਨੇ ਮੈਨੂੰ ਇਹ ਗੱਲ ਸਮਝਾ ਦਿੱਤੀ ਸੀ ਕਿ ਹੁਣ ਤੈਨੂੰ ਦੁਕਾਨ ’ਤੇ ਹੀ ਬੈਠਣਾ ਪੈਣਾ ਹੈ। ਗੁਰਬਤ ਦਾ ਇਕ ਪੱਖ ਇਹ ਹੈ ਕਿ ਮਨੁੱਖ ਇਸ ਨੂੰ ਮਾੜੇ ਦਿਨਾਂ ਦੀ ਆਮਦ ਮੰਨਦਾ ਹੈ।

ਗੁਰਬਤ ਦੇ ਦਿਨਾਂ ’ਚ ਮਨੁੱਖ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਸ ਦਾ ਦੂਜਾ ਪੱਖ ਇਹ ਵੀ ਹੈ ਕਿ ਮਨੁੱਖ ਦਾ ਦਿਮਾਗ ਟਿਕਾਣੇ ਰਹਿੰਦਾ ਹੈ। ਉਹ ਉੱਪਰ ਨੂੰ ਨਹੀਂ ਥੁੱਕਦਾ। ਉਸ ਨੂੰ ਰੱਬ ਯਾਦ ਰਹਿੰਦਾ ਹੈ। ਉਸ ਦੇ ਪੈਰ ਧਰਤੀ ਨਾਲ ਜੁੜੇ ਰਹਿੰਦੇ ਹਨ। ਉਹ ਬੰਦੇ ਨੂੰ ਬੰਦਾ ਸਮਝਦਾ ਰਹਿੰਦਾ ਹੈ। ਪਰਿਵਾਰ ਦੀ ਗੁਰਬਤ ਦਾ ਉਹ ਦਿਨ ਮੈਨੂੰ ਅਕਸਰ ਹੀ ਜ਼ਿੰਦਗੀ ਦੇ ਉਸ ਅਤੀਤ ਦੀ ਯਾਦ ਕਰਵਾ ਦਿੰਦਾ ਹੈ ਜਿਸ ਦਿਨ ਮੈਥੋਂ ਛੋਟਾ ਭਰਾ ਬੂਟੇ ਤੋਂ ਡਿੱਗ ਕੇ ਟੈਟਨਸ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ। ਪਿਤਾ ਜੀ ਭਰਾ ਨੂੰ ਲੈ ਕੇ ਹਸਪਤਾਲ ਜਾ ਬੈਠੇ। ਮੈਨੂੰ ਦੁਕਾਨ ’ਤੇ ਬੈਠਣਾ ਪਿਆ। ਮੇਰੀ ਸੱਤਵੀਂ ਜਮਾਤ ਦੀ ਪੜ੍ਹਾਈ ਵਿਚਾਲੇ ਹੀ ਛੁੱਟ ਗਈ। ਪਿਤਾ ਜੀ ਛੇ ਮਹੀਨੇ ਬਾਅਦ ਭਰਾ ਨੂੰ ਲੈ ਕੇ ਘਰ ਮੁੜੇ। ਮੈਨੂੰ ਮੁੜ ਸਕੂਲ ਵਿਚ ਦਾਖ਼ਲਾ ਨਾ ਮਿਲੇ ਪਰ ਮੁੱਖ ਅਧਿਆਪਕ ਨੇ ਅੰਗਰੇਜ਼ੀ ਅਤੇ ਹਿਸਾਬ ਵਿਸ਼ੇ ਦਾ ਟੈਸਟ ਲੈ ਕੇ ਦਾਖ਼ਲਾ ਦੇ ਦਿੱਤਾ।

ਜਿਵੇਂ-ਕਿਵੇਂ ਮੈਂ ਦਸਵੀਂ ਪਾਸ ਕਰ ਗਿਆ। ਮੈਂ ਅੱਗੇ ਪੜ੍ਹਨਾ ਚਾਹੁੰਦਾ ਸਾਂ ਪਰ ਪਿਤਾ ਜੀ ਨੇ ਮੈਨੂੰ ਇਹ ਕਹਿ ਕੇ ਪੜ੍ਹਾਉਣ ਤੋਂ ਨਾਂਹ ਕਰ ਦਿੱਤੀ ਕਿ ਮੇਰਾ ਕੁਝ ਪਤਾ ਨਹੀਂ, ਤੂੰ ਦੁਕਾਨ ’ਤੇ ਬੈਠ ਪਰ ਉਸ ਅਕਾਲ ਪੁਰਖ ਦੇ ਆਪਣੇ ਰੰਗ ਹਨ। ਸਾਡੇ ਸਕੂਲ ਦੇ ਮੁੱਖ ਅਧਿਆਪਕ ਨੇ ਦੁਕਾਨ ਦੇ ਅੱਗਿਓਂ ਲੰਘਦਿਆਂ ਹੋਇਆਂ ਪਿਤਾ ਜੀ ਨੂੰ ਕਿਹਾ, ‘ਲਾਲਾ ਜੀ, ਆਪਣੇ ਇਸ ਪੁੱਤਰ ਨੂੰ ਅਧਿਆਪਨ ਦਾ ਕੋਰਸ ਕਰਵਾ ਦਿਉ, ਪਰਿਵਾਰ ਦੀ ਰੋਜ਼ੀ-ਰੋਟੀ ਸੌਖੀ ਚੱਲ ਪਵੇਗੀ। ਪਿਤਾ ਜੀ ਨੂੰ ਉਨ੍ਹਾਂ ਦੀ ਗੱਲ ਸਮਝ ਆ ਗਈ।

ਛੋਟੇ ਭਰਾ ਦੀ ਪੜ੍ਹਾਈ ਵਿਚ ਦਿਲਚਸਪੀ ਨਹੀਂ ਸੀ। ਉਹ ਪੜ੍ਹਾਈ ਛੱਡ ਕੇ ਦੁਕਾਨ ’ਤੇ ਬੈਠ ਗਿਆ। ਮੈਂ ਅਜੇ ਅਧਿਆਪਨ ਦਾ ਦੋ ਸਾਲਾ ਕੋਰਸ ਪੂਰਾ ਹੀ ਕੀਤਾ ਸੀ ਕਿ ਪਿਤਾ ਜੀ ਦਾ ਸੁਰਗਵਾਸ ਹੋ ਗਿਆ। ਛੇ ਭੈਣ-ਭਰਾ ਪਰ ਦੁਕਾਨ ਦਾ ਕੰਮ ਨਾ ਹੋਣ ਦੇ ਬਰਾਬਰ। ਸ਼ਰੀਕੇ ਵਿੱਚੋਂ ਲੱਗੇ ਨਹਿਰੀ ਵਿਭਾਗ ਦੇ ਅਧਿਕਾਰੀ ਨੇ ਤਰਸ ਖਾ ਕੇ ਮੈਨੂੰ ਨਹਿਰੀ ਵਿਭਾਗ ਵਿਚ ਬੇਲਦਾਰ ਭਰਤੀ ਕਰਵਾ ਦਿੱਤਾ। ਮਾਂ ਨੇ ਮੇਰੀ ਪਹਿਲੀ ਤਨਖ਼ਾਹ ਨੂੰ ਸਿਰ ਨਾਲ ਲਾ ਕੇ ਕਿਹਾ, ‘‘ਰੱਬਾ, ਸਾਡੇ ਦਿਨ ਵੀ ਕਦੇ ਨਾ ਕਦੇ ਜ਼ਰੂਰ ਬਦਲਣਗੇ।’’ ਅਧਿਆਪਨ ਦਾ ਕੋਰਸ ਕਰਦਿਆਂ ਮੈਂ ਪ੍ਰਭਾਕਰ ਦੀ ਡਿਗਰੀ ਵੀ ਪਾਸ ਕਰ ਲਈ ਸੀ। ਪਿੰਡ ਦੇ ਇਕ ਹੋਰ ਦਾਨਿਸ਼ਮੰਦ ਸੱਜਣ ਨੇ ਮਾਂ ਦੀ ਹਾਲਤ ਨੂੰ ਵੇਖ ਕੇ ਮੈਨੂੰ ਇਕ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਵਿਚ ਹਿੰਦੀ ਅਧਿਆਪਕ ਲਗਵਾ ਦਿੱਤਾ। ਪੱਛਮ ਦੇ ਇਕ ਪ੍ਰਸਿੱਧ ਸਾਹਿਤਕਾਰ ਦਾ ਕਹਿਣਾ ਹੈ ਕਿ ਜ਼ਿੰਦਗੀ ਦੀਆਂ ਔਖੀਆਂ ਘੜੀਆਂ ਮਨੁੱਖ ਵਿਚ ਜਿੰਦਗੀ ਦੀਆਂ ਔਕੜਾਂ ਦੀਆਂ ਗੰਢਾਂ ਖੋਲ੍ਹਣ ਦੀ ਕਲਾ ਵੀ ਪੈਦਾ ਕਰ ਦਿੰਦੀਆਂ ਹਨ। ਸਵੇਰੇ ਤਿੰਨ ਵਜੇ ਉੱਠ ਕੇ ਮਾਂ ਦੀ ਪੱਕੀ ਰੋਟੀ ਦਾ ਡੱਬਾ ਲੈ ਕੇ ਦਸ ਕਿਲੋਮੀਟਰ ਸਾਈਕਲ ਚਲਾ ਕੇ ਦਰਿਆ ’ਤੇ ਪੈਣ ਵਾਲੀ ਪਹਿਲੀ ਕਿਸ਼ਤੀ ਨਾਲ ਦਰਿਆ ਪਾਰ ਕਰਦਾ ਤੇ ਬੱਸ ਫੜ ਕੇ ਸਵੇਰੇ ਸੱਤ ਵਜੇ ਸਕੂਲ ਪਹੁੰਚ ਜਾਂਦਾ। ਧੁੱਪ ਵਿਚ ਸਾਈਕਲ ਚਲਾ ਕੇ ਘਰ ਪਹੁੰਚਦਾ। ਭਰਾ ਨਾਲ ਦੁਕਾਨ ’ਤੇ ਕੰਮ ਕਰਵਾਉਂਦਾ। ਮਾਂ ਦੀਆਂ ਅੱਖਾਂ ਅੱਥਰੂਆਂ ਨਾਲ ਭਰੀਆਂ ਹੁੰਦੀਆਂ। ਗਰਦਿਸ਼ ਦੇ ਦਿਨਾਂ ਵਿੱਚੋਂ ਲੰਘਣ ਲਈ ਬੇਕਾਰ, ਨਿਰਾਸ਼ ਹੋਣ ਵਾਲੀਆਂ ਗੱਲਾਂ ਛੱਡ ਕੇ ਅਤੇ ਆਪਣਾ ਮਨੋਬਲ ਉੱਚਾ ਰੱਖ ਕੇ ਅੱਗੇ ਵਧਣਾ ਪੈਂਦਾ ਹੈ।

ਮੈਂ ਨੌਕਰੀ ਦੇ ਨਾਲ-ਨਾਲ ਪੜ੍ਹਦਾ ਵੀ ਰਿਹਾ। ਰਚਨਾਤਮਕ ਢੰਗ ਨਾਲ ਸੋਚਣ ਵਾਲੇ ਲੋਕਾਂ ਲਈ ਸਫਲਤਾ ਦੇ ਰਾਹ ਆਪਣੇ-ਆਪ ਖੁੱਲ੍ਹ ਜਾਂਦੇ ਹਨ। ਮਾਂ ਦੇ ਅਸ਼ੀਰਵਾਦ ਅਤੇ ਅਕਾਲ ਪੁਰਖ ਦੀ ਕਿਰਪਾ ਨੇ ਮੈਨੂੰ ਯੂਨੀਵਰਸਿਟੀ ਤਕ ਪਹੁੰਚਾ ਦਿੱਤਾ। ਸਿੱਧੀ ਭਰਤੀ ਰਾਹੀਂ ਲੈਕਚਰਾਰ ਚੁਣਿਆ ਗਿਆ। ਭੈਣਾਂ-ਭਰਾਵਾਂ ਦੇ ਆਪਣੇ ਪਰਿਵਾਰ ਵਸ ਗਏ। ਮੈਨੂੰ ਉਦੋਂ ਗੁਰਬਤ ਦੇ ਦਿਨ ਭੁੱਲ ਜਾਂਦੇ ਜਦੋਂ ਮਾਂ ਮੈਨੂੰ ਲੋਕਾਂ ਕੋਲ ਸਰਵਣ ਪੁੱਤ ਕਹਿ ਕੇ ਮੇਰੀਆਂ ਗੱਲਾਂ ਕਰਦੀ।

ਸਾਡੇ ਇਕ ਕਰੋੜਪਤੀ ਰਿਸ਼ਤੇਦਾਰ ਨੇ ਆਪਣੇ ਪੁੱਤਰਾਂ ਅੱਗੇ ਇੱਛਾ ਜ਼ਾਹਰ ਕੀਤੀ ਕਿ ਮੈਂ ਆਪਣੇ ਨਗਰ ਦਾ ਸ਼ਮਸ਼ਾਨਘਾਟ ਬਣਵਾਉਣਾ ਚਾਹੁੰਦਾ ਹਾਂ। ਉਸ ਦੇ ਪੁੱਤਰਾਂ ਨੇ ਉਸ ਨੂੰ ਕਿਹਾ, ‘‘ਪਿਤਾ ਜੀ, ਤੁਸੀਂ ਕੋਈ ਸਕੂਲ, ਮੰਦਰ ਅਤੇ ਗੁਰਦੁਆਰਾ ਸਾਹਿਬ ਬਣਵਾ ਦਿਉ। ਤੁਸੀਂ ਸ਼ਮਸ਼ਾਨਘਾਟ ਕਿਉਂ ਬਣਵਾ ਰਹੇ ਹੋ? ਉਸ ਬਜ਼ੁਰਗ ਦੇ ਕਹੇ ਸ਼ਬਦ ਪੱਲੇ ਬੰਨ੍ਹਣ ਵਾਲੇ ਸਨ। ਉਸ ਨੇ ਕਿਹਾ, ‘‘ਪੁੱਤਰੋ, ਮੰਦਰ, ਸਕੂਲ ਅਤੇ ਗੁਰਦੁਆਰਾ ਸਾਹਿਬ ਬਣਾ ਕੇ ਮੇਰੇ ਮਨ ਵਿਚ ‘ਮੈਂ’ ਆ ਜਾਵੇਗੀ, ਸ਼ਮਸ਼ਾਨਘਾਟ ਬਣਾ ਕੇ ਮੈਨੂੰ ਆਪਣੀ ਜ਼ਿੰਦਗੀ ਦੇ ਗੁਰਬਤ ਵਾਲੇ ਦਿਨ ਯਾਦ ਰਹਿਣਗੇ। ਉਸ ਨੇ ਸ਼ਮਸ਼ਾਨਘਾਟ ਦੇ ਬਾਹਰ ਸੇਵਾ ਕਰਾਈ ਦੀ ਥਾਂ ਲਿਖਵਾਇਆ ਕਿ ਜਦੋਂ ਬੰਦੇ ਨੂੰ ਰੱਬ ਭੁੱਲਣ ਲੱਗੇ ਤਾਂ ਉਸ ਨੂੰ ਸ਼ਮਸ਼ਾਨਘਾਟ ਦਾ ਗੇੜਾ ਮਾਰ ਲੈਣਾ ਚਾਹੀਦਾ ਹੈ। ਜੇਕਰ ਮੇਰੀ ਜ਼ਿੰਦਗੀ ਵਿਚ ਗੁਰਬਤ ਦੇ ਦਿਨ ਨਾ ਆਉਂਦੇ ਤਾਂ ਹੋ ਸਕਦੈ ਕਿ ਮੈਂ ਮਿਹਨਤ ਕਰ ਕੇ ਪਿ੍ਰੰਸੀਪਲ ਦੇ ਅਹੁਦੇ ਤਕ ਨਾ ਪਹੁੰਚ ਪਾਉਂਦਾ। ਮੈਂ ਪਿ੍ਰੰਸੀਪਲ ਦੇ ਅਹੁਦੇ ’ਤੇ ਕੰਮ ਕਰਦਿਆਂ ਜਦੋਂ ਵੀ ਸਕੂਲ ਦੇ ਦਰਜਾ ਚਾਰ ਕਰਮਚਾਰੀ ਨੂੰ ਘੰਟੀ ਮਾਰ ਕੇ ਬੁਲਾਉਂਦਾ ਤਾਂ ਮੈਨੂੰ ਮਾਂ ਨੂੰ ਮਾਮਿਆਂ ਦੇ ਕਹੇ ਇਹ ਸ਼ਬਦ ਯਾਦ ਆ ਜਾਂਦੇ ਕਿ ਇਸ ਨੂੰ ਸਕੂਲ ਵਿਚ ਚਪੜਾਸੀ ਲਗਵਾ ਦਿੰਦੇ ਹਾਂ।

-ਪਿ੍ਰੰਸੀਪਲ ਵਿਜੈ ਕੁਮਾਰ

-ਮੋਬਾਈਲ : 98726-27136

Posted By: Jagjit Singh