ਮੈਂ ਪੰਜਾਬ ਦੇ ਇਕ ਸਰਕਾਰੀ ਸਕੂਲ 'ਚ ਅਧਿਆਪਕਾ ਹਾਂ। ਨਵੇਂ ਪ੍ਰਿੰਸੀਪਲ ਨੇ ਸਕੂਲ 'ਚ ਚੱਲ ਰਹੇ ਦਾਖ਼ਲੇ ਦੀ ਮੁਹਿੰਮ ਨੂੰ ਤੇਜ਼ ਕਰਨ ਲਈ ਅਧਿਆਪਕਾਂ ਦੀਆਂ ਟੀਮਾਂ ਬਣਾ ਦਿੱਤੀਆਂ। ਟੀਮਾਂ ਨੂੰ ਹਦਾਇਤ ਸੀ ਕਿ ਵੱਧ ਤੋਂ ਵੱਧ ਪਰਿਵਾਰਾਂ ਨੂੰ ਮਿਲੋ। ਅਸੀਂ ਸਾਰੇ ਸਵੇਰੇ 7:30 ਵਜੇ ਆਪਣੇ ਸਕੂਲ ਵਾਲੇ ਪਿੰਡ ਵਿਚ ਪਹੁੰਚ ਗਏ। ਪਿੰਡ 'ਚ ਇਕ ਢਾਬੇ ਅੱਗੇ ਖੜ੍ਹੇ ਸੋਚ ਰਹੇ ਸਾਂ ਕਿ ਕਿੱਥੋਂ ਸ਼ੁਰੂ ਕਰੀਏ? ਫਿਰ ਥੋੜ੍ਹਾ ਅੱਗੇ ਜਾ ਕੇ ਸਾਡੇ 'ਚੋਂ ਇਕ ਅਧਿਆਪਕ ਦੀ ਨਜ਼ਰ ਰਾਜਸਥਾਨੀ ਪਹਿਰਾਵੇ ਵਾਲੀ ਇਕ ਔਰਤ 'ਤੇ ਪਈ ਜੋ ਆਪਣੀ ਝੁੱਗੀ 'ਚੋਂ ਬਾਹਰ ਆ ਰਹੀ ਸੀ। ਸਾਡੀ ਟੀਮ ਉਸ ਵੱਲ ਨੂੰ ਹੋ ਤੁਰੀ।।ਉਸ ਔਰਤ ਨੂੰ ਬੱਚਿਆਂ ਦੀ ਪੜ੍ਹਾਈ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਦੋ ਮੁੰਡੇ ਅਤੇ ਦੋ ਕੁੜੀਆਂ ਉਸ ਪਰਿਵਾਰ 'ਚ ਸਨ। ਉਹ ਆਪਣੇ ਮੁੰਡਿਆਂ ਨੂੰ ਪ੍ਰਾਈਵੇਟ ਸਕੂਲ 'ਚ ਪੜ੍ਹਾ ਰਹੇ ਸਨ। ਕੁੜੀਆਂ ਬਾਰੇ ਪੁੱਛਣ 'ਤੇ ਅੱਗੋਂ ਜਵਾਬ ਮਿਲਿਆ, ''ਕੁੜੀਆਂ ਨੂੰ ਪੜ੍ਹਾ ਕੇ ਕੀ ਕਰਨੈ? ਇਨ੍ਹਾਂ ਨੇ ਤਾਂ ਘਰ ਦੇ ਕੰਮ ਹੀ ਕਰਨੇ ਨੇ।'' ਹੈਰਾਨੀ ਹੋਈ ਸੁਣ ਕੇ ਕਿ ਇੱਕੀਵੀਂ ਸਦੀ ਦੇ ਭਾਰਤ 'ਚ ਵੀ ਅਜਿਹੀ ਸੋਚ ਵਾਲੇ ਲੋਕ ਨੇ। ਕੁੜੀਆਂ ਦੀ ਇਹ ਦੁਰਦਸ਼ਾ! ਸਾਡੇ 'ਚੋਂ ਇਕ ਸੀਨੀਅਰ ਅਧਿਆਪਕਾ ਬੋਲੀ, ''ਕੁੜੀਆਂ ਨੂੰ ਕਿਉਂ ਨਹੀਂ ਪੜ੍ਹਾਉਂਦੇ ਤੁਸੀਂ? ਸਾਡੇ ਵੱਲ ਵੇਖ, ਅਸੀਂ ਵੀ ਤਾਂ ਕਿਸੇ ਦੀਆਂ ਕੁੜੀਆਂ ਹਾਂ। ਜੇ ਸਾਨੂੰ ਸਾਡੇ ਮਾਂ-ਬਾਪ ਨੇ ਪੜ੍ਹਾਇਆ ਹੈ ਤਾਂ ਅੱਜ ਆਪਣੇ ਪੈਰਾਂ 'ਤੇ ਖੜ੍ਹੀਆਂ ਹਾਂ।'' ਬਹੁਤ ਸਮਝਾਉਣ ਤੋਂ ਬਾਅਦ ਉਸ ਔਰਤ ਨੇ ਕਿਹਾ ਕਿ ਮੇਰਾ ਆਦਮੀ ਹੀ ਦੱਸੇਗਾ ਕਿ ਕੁੜੀਆਂ ਨੂੰ ਪੜ੍ਹਾਉਣਾ ਹੈ ਜਾਂ ਨਹੀਂ। ਬੜੀ ਮੁਸ਼ਕਲ ਨਾਲ ਉਸ ਦਾ ਫੋਨ ਨੰਬਰ ਲੈ ਕੇ ਅਸੀਂ ਅੱਗੇ ਤੁਰ ਗਏ। ਅੱਗੋਂ ਮੇਰੀ ਕਲਾਸ 'ਚੋਂ ਹਟੀ ਇਕ ਵਿਦਿਆਰਥਣ ਮਿਲ ਗਈ। ਉਹ ਮੇਰੇ ਪੈਰੀਂ ਹੱਥ ਲਗਾਉਣ ਲੱਗੀ ਤਾਂ ਮੈਂ ਰੋਕ ਦਿੱਤੀ। ਪੰਜਾਬੀ ਧੀਆਂ ਤੋਂ ਪੈਰੀਂ ਹੱਥ ਨਹੀਂ ਲਵਾਉਂਦੇ। ਉਸ ਨੂੰ ਦੁਬਾਰਾ ਪੜ੍ਹਾਈ ਲਈ ਪ੍ਰੇਰਿਤ ਕਰਨ 'ਤੇ ਉਹ ਸਾਨੂੰ ਆਪਣੇ ਘਰੇ ਲੈ ਗਈ। ਉਹ ਇਕ ਪਰਿਵਾਰ ਦੇ ਅੱਠ-ਨੌਂ ਜੀਅ ਦੋ ਕਮਰਿਆਂ ਦੇ ਘਰ ਵਿਚ ਰਹਿੰਦੇ ਸਨ। ਉਸ ਦੇ ਮਾਤਾ-ਪਿਤਾ ਨੂੰ ਸਮਝਾ ਕੇ ਅਸੀਂ ਪਹਿਲੇ ਦਿਨ ਦੀ ਪਹਿਲੀ ਸਫਲਤਾ ਪ੍ਰਾਪਤ ਕੀਤੀ। ਉਹ ਬੱਚੀ 10ਵੀਂ ਜਮਾਤ ਵਿਚ ਦੁਬਾਰਾ ਦਾਖ਼ਲ ਕਰ ਲਈ। ਅਸੀਂ ਹੋਰ ਬੱਚਿਆਂ ਦੀ ਤਲਾਸ਼ 'ਚ ਅੱਗੇ ਵਧੇ। ਸਾਡੇ ਹੀ ਸਕੂਲ 'ਚ ਪੜ੍ਹਦੀਆਂ ਦੋ ਵਿਦਿਆਰਥਣਾਂ ਮਿਲ ਗਈਆਂ। ਉਨ੍ਹਾਂ ਨੇ ਸਾਨੂੰ ਆਪਣੀ ਝੁੱਗੀ ਨੇੜੇ ਜਾ ਖੜ੍ਹਾਇਆ। ਚਾਰ ਸਾਲਾਂ ਤੋਂ ਉਹ ਸਾਡੇ ਕੋਲ ਪੜ੍ਹ ਰਹੀਆਂ ਸਨ। ਉਨ੍ਹਾਂ ਦੇ ਚਿਹਰਿਆਂ ਦੇ ਨੂਰ ਤੋਂ ਕਦੇ ਅੱਤ ਦੀ ਗ਼ਰੀਬੀ ਦਾ ਅਹਿਸਾਸ ਹੀ ਨਹੀਂ ਹੋਇਆ। ਉਨ੍ਹਾਂ ਕੁੜੀਆਂ ਦੀ ਇਕ ਹੋਰ ਭੈਣ ਛੇਵੀਂ ਜਮਾਤ 'ਚ ਦਾਖ਼ਲ ਕਰ ਲਈ। ਪਹਿਲੇ ਦਿਨ ਦਾ ਕੰਮ ਨਿਬੇੜ ਕੇ ਅਸੀਂ ਘਰ ਆ ਗਏ। ਜਦੋਂ ਰਾਤ ਨੂੰ ਝੱਖੜ ਆਇਆ ਤਾਂ ਗਰਮੀ ਤੋਂ ਰਾਹਤ ਮਹਿਸੂਸ ਹੋਈ। ਰੱਬ ਦਾ ਧੰਨਵਾਦ ਕੀਤਾ ਪਰ ਅਗਲੇ ਹੀ ਪਲ ਮੈਨੂੰ ਸਾਡੀਆਂ ਵਿਦਿਆਰਥਣਾਂ ਦੀ ਝੁੱਗੀ ਚੇਤੇ ਆ ਗਈ। ਨੀਵੇਂ ਜਿਹੇ ਥਾਂ ਬਣੀ ਉਹ ਝੁੱਗੀ ਮੈਨੂੰ ਪਾਣੀ 'ਚ ਡੁੱਬੀ ਨਜ਼ਰ ਆਉਣ ਲੱਗੀ। -ਮਨਵਿੰਦਰ ਕੌਰ।

( 98888-41054)

Posted By: Jagjit Singh