ਪੰਜਾਬ ਵਿਚ ਅਪਰਾਧ ਦਾ ਗ੍ਰਾਫ ਲਗਾਤਾਰ ਵੱਧ ਰਿਹਾ ਹੈ। ਛੋਟੀ-ਮੋਟੀ ਗੱਲ 'ਤੇ ਹੀ ਬਿਨਾਂ ਵਜ੍ਹਾ ਜਾਨਾਂ ਜਾ ਰਹੀਆਂ ਹਨ। ਡੱਬ ਵਿਚ ਅਸਲਾ ਰੱਖ ਕੇ ਮੌਤ ਗਲ਼ੀਆਂ, ਬਾਜ਼ਾਰਾਂ ਤੇ ਕਲੱਬਾਂ ਵਿਚ ਘੁੰਮਦੀ ਰਹਿੰਦੀ ਹੈ। ਪਿਛਲੇ ਦਿਨੀਂ ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ ਦੀਆਂ ਖੁਸ਼ੀਆਂ ਅਚਾਨਕ ਖ਼ੂਨੀ ਖੇਡ ਵਿਚ ਬਦਲ ਗਈਆਂ। ਪੈਸੇ ਦੇ ਲੈਣ-ਦੇਣ ਤੋਂ ਸ਼ੁਰੂ ਹੋਈ ਮਾਮੂਲੀ ਤਕਰਾਰ ਇਕ ਕਾਲੋਨਾਈਜ਼ਰ ਦੀ ਜਾਨ ਲੈ ਕੇ ਮੁੱਕੀ। ਜਿੱਥੇ ਇਹ ਘਟਨਾ ਵਾਪਰੀ, ਉਹ ਰੈਸਟੋਰੈਂਟ ਦੇਰ ਰਾਤ ਤਕ ਖੁੱਲ੍ਹਾ ਸੀ, ਇਸ ਨੂੰ ਬੰਦ ਕਰਵਾਉਣ ਵਾਲਾ ਕੋਈ ਨਹੀਂ ਸੀ। ਰਾਤ 11 ਵਜੇ ਤੋਂ ਬਾਅਦ ਰੈਸਟੋਰੈਂਟ, ਪੱਬ ਤੇ ਕਲੱਬਾਂ ਵਿਚ ਸ਼ਰਾਬ ਨਾ ਪਿਆਉਣ ਦੇ ਆਦੇਸ਼ ਹਰ ਮਹੀਨੇ ਦੋ ਮਹੀਨੇ ਬਾਅਦ ਅੱਗੇ ਵਧਾਉਣ ਦੀ ਰਸਮੀ ਕਾਰਵਾਈ ਕਰ ਦਿੱਤੀ ਜਾਂਦੀ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੁਲਿਸ ਇਕ ਜ਼ਿੰਦਗੀ ਗੁਆਚਣ ਤੋਂ ਬਾਅਦ ਆਈ ਤੇ ਕਾਤਲਾਂ ਦੇ ਨਾਲ-ਨਾਲ ਰੈਸਟੋਰੈਂਟ ਮਾਲਕ 'ਤੇ ਵੀ ਪਰਚਾ ਕੀਤਾ। ਜੇ ਦੋਸ਼ੀਆਂ ਕੋਲ ਅਸਲਾ ਨਾ ਹੁੰਦਾ ਤਾਂ ਇਹ ਜਾਨ ਨਾ ਜਾਂਦੀ। ਸੂਬੇ ਵਿਚ ਅਪਰਾਧਿਕ ਘਟਨਾਵਾਂ ਰੋਕਣ ਲਈ ਜ਼ਿੰਮੇਵਾਰ ਪੰਜਾਬ ਪੁਲਿਸ ਇਕ ਵਾਰ ਫੇਰ ਸੁਰਖ਼ੀਆਂ ਵਿਚ ਹੈ। ਹੁਣ ਫਿਰ ਪੁਲਿਸ 'ਤੇ ਨਸ਼ੇ ਤੇ ਰਿਸ਼ਵਤਖੋਰੀ ਦੇ ਦੋਸ਼ ਲੱਗੇ ਹਨ। ਕਿਹਾ ਜਾਂਦਾ ਹੈ ਕਿ ਪੁਲਿਸ ਨੂੰ ਕਾਨੂੰਨ ਲਾਗੂ ਕਰਦਿਆਂ ਖ਼ੁਦ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਪਰ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਅੱਡਾ ਚੋਗਾਵਾਂ ਵਿਖੇ ਤਰਨਤਾਰਨ ਜ਼ਿਲ੍ਹੇ ਤੋਂ ਆਈ ਪੁਲਿਸ ਦੀ ਰੇਡ ਪਾਰਟੀ ਨੂੰ ਪਿੰਡ ਦੇ ਕੁਝ ਲੋਕਾਂ ਨੇ ਬੰਧਕ ਬਣਾ ਲਿਆ ਤੇ ਸਬ ਇੰਸਪੈਕਟਰ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਕੁੱਟਮਾਰ ਦੇ ਦੋਸ਼ੀਆਂ ਨੇ ਇਸ ਦੌਰਾਨ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵੀ ਚਲਾ ਦਿੱਤੀ। ਸਭ ਤੋਂ ਹੈਰਾਨੀ ਵਾਲੀ ਗੱਲ ਸੀ ਕਿ ਕੋਲ ਹਥਿਆਰ ਹੋਣ ਦੇ ਬਾਵਜੂਦ ਸਬ ਇੰਸਪੈਕਟਰ ਨੂੰ ਉਸ ਦੇ ਸਾਥੀਆਂ ਨੇ ਛੁਡਾਇਆ ਤਕ ਨਹੀਂ। ਸਬ ਇੰਸਪੈਕਟਰ 'ਤੇ ਦੋਸ਼ ਲੱਗੇ ਕਿ ਪੁਲਿਸ ਵਾਲੇ ਇਕ ਲੱਖ ਰੁਪਏ ਰਿਸ਼ਵਤ ਮੰਗ ਰਹੇ ਸਨ। ਇਹ ਗੱਲ ਵੀ ਸਾਹਮਣੇ ਆਈ ਕਿ ਸਬ-ਇੰਸਪੈਕਟਰ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦੇ ਬਗੈਰ ਹੀ ਰੇਡ ਕਰਨ ਚਲਾ ਗਿਆ ਸੀ। ਕੁੱਟ ਖਾ ਕੇ ਪੁਲਿਸ ਵਾਲੇ ਵਾਪਸ ਆ ਗਏ ਤੇ ਹਮਲਾਵਰ ਫ਼ਰਾਰ ਹੋ ਗਏ। ਆਪਣੇ ਸਾਥੀ ਨੂੰ ਨਾ ਬਚਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤੋਂ ਬਾਅਦ ਸਸਪੈਂਡ ਕਰ ਦਿੱਤਾ ਗਿਆ। ਜਦੋਂ ਮੁੱਖ ਮੰਤਰੀ ਇਹ ਕਾਰਵਾਈ ਕਰ ਰਹੇ ਸਨ, ਉਦੋਂ ਹੀ ਜਲੰਧਰ ਪੁਲਿਸ ਦੇ ਦੋ ਮੁਲਾਜ਼ਮਾਂ ਦਾ ਨਸ਼ਾ ਕਰਦਿਆਂ ਦਾ ਵੀਡੀਓ ਵਾਇਰਲ ਹੋ ਗਿਆ। ਦਾਅਵਾ ਹੈ ਕਿ ਦੋਵੇਂ ਥਾਣੇ ਵਿਚ ਨਸ਼ਾ ਕਰ ਰਹੇ ਸਨ। ਇਕ ਮੁਲਾਜ਼ਮ ਨੇ ਤਾਂ ਵਰਦੀ ਵੀ ਪਾਈ ਹੋਈ ਸੀ। ਦੋਵਾਂ ਕੇਸਾਂ 'ਚ ਮੁਲਾਜ਼ਮਾਂ 'ਤੇ ਕਾਰਵਾਈ ਹੋ ਗਈ ਪਰ ਕੀ ਇਸ ਨਾਲ ਸਮੱਸਿਆ ਹੱਲ ਹੋ ਜਾਵੇਗੀ? ਲੋੜ ਹੈ ਅਜਿਹੀਆਂ ਘਟਨਾਵਾਂ ਦੀ ਤਹਿ ਤਕ ਜਾਣ ਦੀ ਕਿ ਪੁਲਿਸ ਦਾ ਅਜਿਹਾ ਹਸ਼ਰ ਕਿਉਂ ਹੋ ਰਿਹਾ ਹੈ? ਕਾਨੂੰਨ ਸਮਾਜ ਨੂੰ ਬੰਨ੍ਹ ਕੇ ਰੱਖਦਾ ਹੈ ਤੇ ਜੇ ਕਾਨੂੰਨ ਦੀ ਪਾਲਣਾ ਕਰਵਾਉਣ ਵਾਲੇ ਹੀ ਉਸ ਦੀ ਪਾਲਣਾ ਨਹੀਂ ਕਰਨਗੇ ਤਾਂ ਸਵਾਲ ਖੜ੍ਹੇ ਹੋਣੇ ਤਾਂ ਲਾਜ਼ਮੀ ਹਨ। ਇਸ ਨਾਲ ਜਮਹੂਰੀ ਰਵਾਇਤਾਂ ਦਾ ਘਾਣ ਹੁੰਦਾ ਹੈ, ਜਿਹੜਾ ਕਿ ਕਿਸੇ ਵੀ ਸੂਰਤੇਹਾਲ ਨਹੀਂ ਹੋਣਾ ਚਾਹੀਦਾ। ਸੂਬੇ ਵਿਚ ਵਧਦੇ ਅਪਰਾਧ ਨੂੰ ਠੱਲ੍ਹ ਪਾਉਣ ਲਈ ਸਰਕਾਰ ਤੇ ਪੁਲਿਸ ਦੇ ਅਫ਼ਸਰਾਂ ਨੂੰ ਪਹਿਲਾਂ ਆਪਣੇ ਮਹਿਕਮੇ ਦੀ ਸਿਹਤ ਦਾ ਖ਼ਿਆਲ ਕਰਨਾ ਪਵੇਗਾ। ਇਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਖ਼ੁਦ-ਬ-ਖ਼ੁਦ ਹੀ ਹੋ ਜਾਵੇਗਾ।

Posted By: Susheel Khanna