ਮੇਰੇ ਪਿੰਡ ਦੇ ਪੰਡਿਤ ਘਨਸ਼ਾਮ ਦਾਸ ਦਾ ਮੁੰਡਾ ਦੀਪਾ ਜਦੋਂ ਦਸਵੀਂ 'ਚੋਂ ਦੂਜੀ ਵਾਰ ਫੇਲ੍ਹ ਹੋ ਗਿਆ ਤਾਂ ਉਹ ਆਪਣੇ ਮੁੰਡੇ ਨੂੰ ਕਹਿਣ ਲੱਗਾ ਕਿ ਜੇ ਹੋਰ ਪੜ੍ਹਨਾ-ਲਿਖਣਾ ਤੇਰੇ ਵੱਸ ਦੀ ਗੱਲ ਨਹੀਂ ਤਾਂ ਕੋਈ ਕੰਮ-ਧੰਦਾ ਹੀ ਕਰ ਲੈ। ਦੀਪਾ ਸੋਚਣ ਲੱਗਾ ਕਿ ਕੀ ਕੰਮ ਕੀਤਾ ਜਾਵੇ? ਆਖ਼ਰ ਉਸ ਨੂੰ ਇਕ ਤਰਕੀਬ ਸੁੱਝੀ ਤੇ ਉਹ ਇਕ ਤੋਤਾ ਲੈ ਆਇਆ। ਉਹ ਉਸ ਨੂੰ ਆਪਣੀ ਬੋਲੀ ਵਿਚ ਸਿੱਖਿਆ ਦੇਣ ਲੱਗਾ। ਜਦੋਂ ਤੋਤਾ ਉਸ ਦੀ ਦਿੱਤੀ ਸਿੱਖਿਆ ਵਿਚ ਮਾਹਿਰ ਹੋ ਗਿਆ ਤਾਂ ਉਸ ਨੇ 25-30 ਲਿਫ਼ਾਫ਼ੇ ਲੈ ਕੇ ਉਨ੍ਹਾਂ ਵਿਚ ਲੋਕਾਂ ਦਾ ਭਵਿੱਖ ਤੇ ਉਨ੍ਹਾਂ ਦੀ ਕਿਸਮਤ ਬੰਦ ਕਰ ਕੇ ਲਿਫ਼ਾਫ਼ੇ ਤਿਆਰ ਕਰ ਲਏ।

ਉਸ ਨੇ ਤੋਤੇ ਨੂੰ ਇਸ ਤਰ੍ਹਾਂ ਸਿਖਾਇਆ ਸੀ ਕਿ ਜਦੋਂ ਮੈਂ ਕਹਾਂ ਕਿ ਗੰਗਾ ਰਾਮ ਜੀ, 'ਇਸ ਇਨਸਾਨ ਦੀ ਕਿਸਮਤ ਦਾ ਹਾਲ ਦੱਸੋ' ਤਾਂ ਪਿੰਜਰੇ 'ਚੋਂ ਥੋੜ੍ਹਾ ਬਾਹਰ ਆ ਕੇ ਉਹ ਥੱਲੇ ਪਏ 25-30 ਲਿਫ਼ਾਫ਼ਿਆਂ 'ਚੋਂ ਇਕ ਨੂੰ ਮੂੰਹ ਨਾਲ ਚੁੱਕ ਕੇ ਉਸ ਗਾਹਕ ਵੱਲ ਸੁੱਟ ਦੇਵੇ। ਫਿਰ ਦੀਪਾ ਲਿਫ਼ਾਫ਼ੇ 'ਚੋਂ ਪਹਿਲਾਂ ਹੀ ਲਿਖੀ ਹੋਈ ਪਰਚੀ ਬਾਹਰ ਕੱਢਦਾ ਤੇ ਸਬੰਧਤ ਵਿਅਕਤੀ ਨੂੰ ਉਸ ਦੇ ਭਵਿੱਖ ਦਾ ਹਾਲ ਸੁਣਾ ਦਿੰਦਾ। ਫਿਰ ਉਹ ਗਾਹਕ ਤੋਂ ਪਹਿਲਾਂ ਹੀ ਮਿੱਥੀ ਗਈ ਫ਼ੀਸ ਲੈ ਲੈਂਦਾ।

ਕੁਝ ਸਮਾਂ ਪਹਿਲਾਂ ਦੀ ਗੱਲ ਹੈ। ਇਕ ਦਿਨ ਜਦੋਂ ਮੈਂ ਸ਼ਹਿਰ ਦੀ ਮਾਲ ਰੋਡ ਤੋਂ ਲੰਘ ਰਿਹਾ ਸੀ ਤਾਂ ਦੀਪਾ ਮਾਲ ਰੋਡ ਦੇ ਨਾਲ ਬਣੀ ਹੋਈ ਪਟੜੀ 'ਤੇ ਚਾਦਰ ਵਿਛਾ ਕੇ ਬੈਠਾ ਸੀ, ਜਿਸ 'ਤੇ ਉਸ ਨੇ 25-30 ਲਿਫ਼ਾਫ਼ੇ ਰੱਖੇ ਹੋਏ ਸਨ ਤੇ ਨਾਲ ਹੀ ਪਿੰਜਰੇ ਵਿਚ ਤੋਤਾ ਗਾਹਕਾਂ ਲਈ ਹਾਜ਼ਰ ਸੀ। ਇਹ ਦੇਖ ਕੇ ਮੈਂ ਕਿਹਾ, 'ਦੀਪਿਆ! ਆਹ ਤੂੰ ਕੀ ਕੰਮ ਸ਼ੁਰੂ ਕਰ ਲਿਆ ਹੈ?' ਉਹ ਕਹਿਣ ਲੱਗਾ, 'ਬਾਈ ਜੀ! ਰੋਜ਼ੀ-ਰੋਟੀ ਦਾ ਕੋਈ ਤਾਂ ਜੁਗਾੜ ਕਰਨਾ ਹੀ ਸੀ।' ਮੇਰੀ ਨੌਕਰੀ ਦੌਰਾਨ ਮੇਰਾ ਇਕ ਸਹਿਕਰਮੀ ਅਜਿਹਾ ਸੀ, ਜਿਸ ਦੇ ਪੁੱਠੇ-ਸਿੱਧੇ ਕਾਰਨਾਮਿਆਂ ਤੋਂ ਮਹਿਕਮੇ ਦੇ ਉੱਪਰਲੇ ਅਫਸਰ ਵੀ ਖ਼ੁਸ਼ ਨਹੀਂ ਸਨ ਪਰ ਉਹ ਹਮੇਸ਼ਾ ਆਪਣੇ ਦਫ਼ਤਰ ਵਾਲੇ ਮੇਜ਼ 'ਤੇ ਇਕ ਛੋਟੀ ਜਿਹੀ ਤਖ਼ਤੀ ਸਜਾ ਕੇ ਰੱਖਦਾ ਜਿਸ 'ਤੇ ਬੜੀ ਸੁੰਦਰ ਲਿਖਾਈ ਵਿਚ ਲਿਖਿਆ ਸੀ, 'ਜੋ ਕਿਸਮਤ ਮੇਂ ਲਿਖਾ ਹੈ, ਵੋਹ ਜ਼ਰੂਰ ਮਿਲੇਗਾ, ਜੋ ਨਹੀਂ ਹੈ ਵੋਹ ਆ ਕਰ ਭੀ ਚਲਾ ਜਾਏਗਾ।' ਉਹ ਜਿੱਥੇ ਵੀ ਬਦਲੀ ਹੋ ਕੇ ਜਾਂਦਾ , ਉੱਥੇ ਦਫ਼ਤਰ ਵਿਚ ਉਸ ਦੇ ਮੇਜ਼ 'ਤੇ ਉਹ ਤਖ਼ਤੀ ਜ਼ਰੂਰ ਹਰ ਸਮੇਂ ਪਈ ਰਹਿੰਦੀ।

ਇਸੇ ਗੱਲ ਤੋਂ ਮੈਨੂੰ ਇਕ ਕਹਾਣੀ ਯਾਦ ਆ ਗਈ ਕਿ ਇਕ ਜੋਤਸ਼ੀ ਆਪਣੀ ਜੋਤਿਸ਼ ਵਿੱਦਿਆ ਵਿਚ ਬਹੁਤ ਮਾਹਿਰ ਸੀ। ਉਸ ਨੇ ਜੋਤਿਸ਼ ਲਾ ਕੇ ਵਿਚਾਰਿਆ ਕਿ ਦੁਨੀਆ ਵਿਚ ਪਾਰਸ ਹੈ ਜਾਂ ਨਹੀਂ। ਜੇ ਹੈ ਤਾਂ ਕਿੱਥੇ ਹੈ? ਕਿਸ ਸ਼ਕਲ ਦਾ ਹੈ? ਹਿਸਾਬ ਲਗਾ ਕੇ ਪਤਾ ਲੱਗਾ ਕਿ ਪਾਰਸ ਤਾਂ ਹੈ ਪਰ ਅਟਕ ਦਰਿਆ ਦੇ ਕੰਢੇ ਪੱਥਰ ਦੀ ਸ਼ਕਲ ਦਾ ਹੈ। ਫਿਰ ਉਸ ਨੇ ਜੋਤਿਸ਼ ਲਾ ਕੇ ਵੇਖਿਆ ਕਿ ਉੱਥੇ ਕਿੰਨਾ ਚਿਰ ਪਿਆ ਰਹੇਗਾ ਤਾਂ ਹਿਸਾਬ ਨਿਕਲਿਆ ਕਿ 90 ਦਿਨ ਤਕ ਉੱਥੇ ਹੀ ਰਹੇਗਾ। ਉਸ ਦੇ ਮਨ ਵਿਚ ਆਇਆ ਕਿ ਕਿਉਂ ਨਾ ਮੈਂ ਉਸ ਨੂੰ ਚੁੱਕ ਕੇ ਲੈ ਆਵਾਂ। ਫਿਰ ਮੈਨੂੰ ਕੋਈ ਭੁੱਖ ਨਹੀਂ ਰਹੇਗੀ ਤੇ ਲੋਹੇ ਨੂੰ ਛੁਹਾ ਕੇ ਸੋਨਾ ਬਣਾ ਕੇ ਬੇਅੰਤ ਦੌਲਤ ਪੈਦਾ ਕਰ ਲਵਾਂਗਾ।

ਆਖ਼ਰ ਉਹ ਉਸ ਨੂੰ ਪ੍ਰਾਪਤ ਕਰਨ ਲਈ ਘਰੋਂ ਨਿਕਲ ਪਿਆ ਤੇ ਠੀਕ 90ਵੇਂ ਦਿਨ ਅਟਕ ਦਰਿਆ ਦੇ ਕੰਢੇ 'ਤੇ ਪੁੱਜ ਗਿਆ। ਜੋਤਿਸ਼ ਅਨੁਸਾਰ ਉਸੇ ਪੱਥਰ ਦੀ ਸ਼ਕਲ ਦਾ ਪਾਰਸ ਉੱਥੇ ਪਿਆ ਸੀ। ਅਜੇ 8-10 ਕਦਮ ਉਰੇ ਹੀ ਸੀ ਕਿ ਇਕ ਪਾਣੀ ਭਰਨ ਵਾਲੀ ਮਾਈ ਨੇ ਉਹ ਪੱਥਰ ਚੁੱਕ ਲਿਆ ਤੇ ਦਰਿਆ ਦੇ ਪਾਣੀ ਨਾਲ ਉਹ ਪੱਥਰ ਰਗੜ ਕੇ ਆਪਣੇ ਪੈਰਾਂ ਤੋਂ ਮੈਲ ਲਾਹੁਣ ਲੱਗ ਪਈ। ਪੰਡਿਤ ਜੀ ਇਹ ਸਭ ਕੁਝ ਸਾਹਮਣੇ ਖੜ੍ਹੇ ਵੇਖ ਰਹੇ ਸਨ। ਉਹ ਚਾਹੁੰਦੇ ਤਾਂ ਸੀ ਕਿ ਝਪਟਾ ਮਾਰ ਕੇ ਉਸ ਤੋਂ ਖੋਹ ਲਵਾਂ ਪਰ ਹੀਆ ਨਾ ਪੈਂਦਾ। ਦਿਲ ਵਿਚ ਆਖਦਾ ਕਿ ਜੇ ਮੈਂ ਇਸ ਤੋਂ ਮੰਗ ਲਵਾਂ ਤਾਂ ਇਸ ਨੇ ਦੇਣਾ ਨਹੀਂ। ਇਹੋ ਆਖੇਗੀ ਕਿ ਆਹ ਹੋਰ ਇਹੋ ਜਿਹੀਆਂ ਕਿੰਨੀਆਂ ਗੀਟੀਆਂ ਪਈਆਂ ਹਨ, ਉਹ ਚੁੱਕ ਲੈ ਪਰ ਮਾਈ ਨੂੰ ਕੀ ਪਤੈ ਕਿ ਇਹ ਪਾਰਸ ਦੀ ਗੀਟੀ ਹੈ।

ਫਿਰ ਸੋਚਦਾ ਕਿ ਮਾਈ ਨੂੰ ਕਹਿ ਦੇਵਾਂ ਕਿ ਇਹ ਪਾਰਸ ਦੀ ਗੀਟੀ ਹੈ, ਮੈਨੂੰ ਫੜਾ ਦੇ। ਅਗਲੇ ਹੀ ਪਲ ਸੋਚਦਾ ਕਿ ਅਜਿਹਾ ਕੌਣ ਮੂਰਖ ਹੋਵੇਗਾ ਕਿ ਹੱਥ ਵਿਚ ਆਇਆ ਪਾਰਸ ਦੂਜੇ ਨੂੰ ਫੜਾ ਦੇਵੇ। ਫਿਰ ਚੁੱਪ ਕਰ ਕੇ ਬੈਠ ਗਿਆ ਕਿ ਜਦੋਂ ਮਾਈ ਪੈਰ ਧੋ ਕੇ ਉੱਠ ਕੇ ਚਲੀ ਜਾਵੇਗੀ ਫਿਰ ਮੈਂ ਇਸ ਪੱਥਰ ਨੂੰ ਚੁੱਕ ਲਵਾਂਗਾ। ਉੱਧਰ ਮਾਈ ਨੇ ਪੈਰ ਧੋ ਕੇ ਉਹ ਪਾਰਸ ਦੀ ਗੀਟੀ ਦਰਿਆ ਵਿਚ ਵਗਾਹ ਮਾਰੀ।

ਪੰਡਿਤ ਨੇ ਠੰਢਾ ਹਉਕਾ ਭਰ ਕੇ ਆਖਿਆ, 'ਮਾਈ! ਇਹ ਕੀ ਲੋਹੜਾ ਮਾਰਿਆ ਈ? ਇਹ ਗੀਟੀ ਲੈਣ ਵਾਸਤੇ ਤਾਂ ਮੈਂ ਇੱਥੇ ਆਇਆ ਸੀ।' ਇੰਨਾ ਕਹਿ ਕੇ ਪੰਡਿਤ ਰੋਣ-ਪਿੱਟਣ ਲੱਗ ਪਿਆ। ਮਾਈ ਨੇ ਕਿਹਾ, 'ਪੰਡਿਤ ਜੀ! ਤੁਸੀਂ ਤਾਂ ਮੈਨੂੰ ਬੜੇ ਸਿਆਣੇ ਲੱਗ ਰਹੇ ਹੋ। ਵਿਦਵਾਨ ਵੀ ਹੋ। ਫਿਰ ਇਕ ਪੱਥਰ ਦੀ ਗੀਟੀ ਵਾਸਤੇ ਬੱਚਿਆਂ ਵਾਂਗੂੰ ਕਿਉਂ ਰੋ-ਪਿੱਟ ਰਹੇ ਹੋ? ਇੱਥੇ ਭਲਾ ਪੱਥਰ-ਗੀਟੀਆਂ ਦਾ ਕੋਈ ਘਾਟਾ ਹੈ। ਜਿੰਨੀਆਂ ਚਾਹੋ ਲੈ ਜਾ ਸਕਦੇ ਹੋ।' ਪੰਡਿਤ ਨੇ ਕਿਹਾ, 'ਮਾਈ! ਤੂੰ ਕੀ ਜਾਣੇ? ਉਹ ਪੱਥਰ ਦੀ ਗੀਟੀ ਨਹੀਂ ਸੀ, ਉਹ ਪਾਰਸ ਸੀ।' ਮਾਈ ਨੇ ਹੈਰਾਨ ਹੋ ਕੇ ਕਿਹਾ ਕਿ ਤੈਨੂੰ ਕਿਵੇਂ ਪਤਾ ਕਿ ਉਹ ਪਾਰਸ ਸੀ।' ਪੰਡਿਤ ਨੇ ਦੱਸਿਆ ਕਿ ਇਹ ਸਾਰਾ ਕੁਝ ਮੈਂ ਜੋਤਿਸ਼ ਵਿੱਦਿਆ ਦੇ ਹਿਸਾਬ ਨਾਲ ਹੀ ਪਤਾ ਲਾਇਆ ਸੀ ਤਾਂ ਹੀ ਮੈਂ ਐਨੀ ਦੂਰੋਂ ਚੱਲ ਕੇ ਇੱਥੇ ਆਇਆ ਸੀ। ਮਾਈ ਨੇ ਬੜੇ ਧੀਰਜ ਨਾਲ ਕਿਹਾ, 'ਪੰਡਿਤ ਜੀ! ਤੁਸੀਂ ਇਹ ਤਾਂ ਸਾਰਾ ਕੁਝ ਜਾਣ ਲਿਆ ਸੀ ਕਿ ਪਾਰਸ ਦਰਿਆ ਕੰਢੇ ਪਿਆ ਹੈ ਤੇ ਮੰਜ਼ਿਲ 'ਤੇ ਪੁੱਜ ਵੀ ਗਏ ਪਰ ਐਨਾ ਕੁਝ ਕਰਨ ਤੋਂ ਪਹਿਲਾਂ ਇਹ ਨਹੀਂ ਜਾਣਿਆ ਸੀ ਕਿ ਪਾਰਸ ਦਾ ਪ੍ਰਾਪਤ ਹੋਣਾ ਕਿਸਮਤ ਵਿਚ ਵੀ ਹੈ ਜਾਂ ਨਹੀਂ। ਮੈਂ ਹੀ ਤੇਰੀ ਕਿਸਮਤ ਹਾਂ। ਤੇਰੇ ਭਾਗਾਂ ਵਿਚ ਪਾਰਸ ਦਾ ਮਿਲਣਾ ਨਹੀਂ ਹੈ। ਜਾਹ ਆਰਾਮ ਨਾਲ ਜਾ ਕੇ ਬੈਠ। ਇੰਨਾ ਕਹਿ ਕੇ ਮਾਈ ਉੱਥੋਂ ਲੋਪ ਹੋ ਗਈ ਤੇ ਪੰਡਿਤ ਸੋਚਦਾ ਹੋਇਆ ਘਰ ਮੁੜ ਆਇਆ ਕਿ ਸੱਚਮੁੱਚ ਹੀ ਕਿਸਮਤ ਤੋਂ ਬਿਨਾਂ ਕੋਈ ਪਦਾਰਥ ਨਹੀਂ ਮਿਲ ਸਕਦਾ।

ਭਗਵਤ ਗੀਤਾ ਅਨੁਸਾਰ ਭਗਵਾਨ ਕ੍ਰਿਸ਼ਨ ਨੇ ਵੀ ਅਰਜਨ ਨੂੰ ਇਹ ਉਪਦੇਸ਼ ਦਿੱਤਾ ਸੀ, 'ਹੇ ਅਰਜਨ! ਤੂੰ ਕਰਮ ਕਰੀ ਜਾ ਪਰ ਫਲ ਦੀ ਇੱਛਾ ਨਾ ਕਰ।' ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵੀ ਇਹੋ ਸਿੱਖਿਆ ਹੈ ਕਿ ਸਾਨੂੰ ਆਪਣਾ ਕਰਮ ਕਰਦੇ ਰਹਿਣਾ ਚਾਹੀਦਾ ਹੈ। ਫ਼ਲ ਤਾਂ ਆਪਣੇ ਭਾਗਾਂ ਅਨੁਸਾਰ ਹੀ ਮਿਲਣਾ ਹੈ।

ਗੁਰਦੀਪ ਸਿੰਘ


98150-87751

Posted By: Sarabjeet Kaur