ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਉਸ ਬਿਆਨ ਦੀ ਤਾਈਦ ਨੇ ਸਭ ਦਾ ਧਿਆਨ ਖਿੱਚਿਆ ਹੈ ਜਿਸ ਵਿਚ ਕਿਹਾ ਗਿਆ ਸੀ ਕਿ ‘ਸਿੱਖਾਂ ਦੀ ਗਿਣਤੀ ਹੁਣ ਘਟਦੀ ਜਾ ਰਹੀ ਹੈ, ਇਸ ਲਈ ਹਰੇਕ ਸਿੱਖ ਜੋੜੀ ਨੂੰ ਚਾਰ ਬੱਚੇ ਪੈਦਾ ਕਰਨੇ ਚਾਹੀਦੇ ਹਨ। ਅਜਿਹੇ ਹਾਸੋਹੀਣੇ ਬਿਆਨ ਪਹਿਲਾਂ ਹੋਰ ਫ਼ਿਰਕਿਆਂ ਦੇ ਕੁਝ ਨੇਤਾਵਾਂ ਵੱਲੋਂ ਵੀ ਆ ਚੁੱਕੇ ਹਨ। ਧਰਤੀ ’ਤੇ ਆਬਾਦੀ ਬੜੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ, ਇਸੇ ਲਈ ਹੁਣ ਇਸ ’ਤੇ ਕਾਬੂ ਪਾਉਣ ਲਈ ਵੱਡੇ ਪੱਧਰ ’ਤੇ ਨੀਤੀਆਂ ਉਲੀਕੀਆਂ ਜਾ ਰਹੀਆਂ ਹਨ। ਇਹੋ ਨੀਤੀਆਂ ਹਰੇਕ ਦੇਸ਼ ਦੀ ਸਰਕਾਰ ਦੇ ਨਾਲ-ਨਾਲ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਪੱਧਰ ’ਤੇ ਵੀ ਚੱਲ ਰਹੀਆਂ ਹਨ। ਆਜ਼ਾਦੀ ਪ੍ਰਾਪਤੀ ਸਮੇਂ ਦੇਸ਼ ਦੀ ਆਬਾਦੀ ਸਿਰਫ਼ 34 ਕਰੋੜ ਸੀ ਪਰ ਹੁਣ ਇਹ ਵਧ ਕੇ 134 ਕਰੋੜ ਦੇ ਲਗਪਗ ਹੋ ਚੁੱਕੀ ਹੈ। ਭੂਗੋਲਿਕ ਖੇਤਰ ਤਾਂ ਓਨਾ ਹੀ ਹੈ, ਜਿੰਨਾ 75 ਵਰ੍ਹੇ ਪਹਿਲਾਂ ਸੀ ਤੇ ਉਸੇ ਸਥਾਨ ’ਤੇ 100 ਕਰੋੜ ਲੋਕ ਹੋਰ ਆ ਕੇ ਰਹਿਣ ਲੱਗ ਪਏ ਹਨ। ਇਸ ਨਾਲ ਮਸਲੇ ਵੀ ਵਧੇ ਹਨ। ਪੰਥਕ ਨੇਤਾਵਾਂ ਦੇ ਬਿਆਨਾਂ ਤੋਂ ਆਮ ਜਨਤਾ ’ਚ ਅਜਿਹਾ ਵੀ ਸੁਨੇਹਾ ਜਾ ਸਕਦਾ ਹੈ ਕਿ ਸ਼ਾਇਦ ਇਕ ਤੋਂ ਬਾਅਦ ਬਾਕੀ ਦੇ ਤਿੰਨ ਬੱਚਿਆਂ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੋਵੇਗੀ। ਅਸੀਂ ਸਭ ਜਾਣਦੇ ਹਾਂ ਕਿ ਅਜਿਹਾ ਕੁਝ ਵੀ ਸੰਭਵ ਨਹੀਂ ਹੈ। ਹਾਲਾਤ ਤਾਂ ਇੱਥੋਂ ਤਕ ਬਣੇ ਹੋਏ ਹਨ ਕਿ ਪੰਜਾਬ ’ਚ ਖੇਤੀ ਹੁਣ ਲਾਹੇਵੰਦ ਧੰਦਾ ਨਹੀਂ ਰਹਿ ਗਿਆ ਅਤੇ ਕਰਜ਼ੇ ਹੇਠਾਂ ਦੱਬੇ ਹੋਏ ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਇੰਜ ਪਹਿਲਾਂ ਦੀ ਘੱਟ ਆਬਾਦੀ ਦੀਆਂ ਸਮੱਸਿਆਵਾਂ ਤਾਂ ਸਮਾਜ ਤੋਂ ਨਜਿੱਠੀਆਂ ਨਹੀਂ ਜਾ ਰਹੀਆਂ, ਚੌਗੁਣੀ ਆਬਾਦੀ ਦੇ ਨਤੀਜੇ ਕੀ ਹੋਣਗੇ-ਇਸ ਦਾ ਅਨੁਮਾਨ ਸਹਿਜੇ ਹੀ ਲਾਇਆ ਜਾ ਸਕਦਾ ਹੈ। ਹਕੀਕਤ ਤਾਂ ਇਹ ਹੈ ਕਿ ਆਮ ਪਰਿਵਾਰ ਨੂੰ ਤਾਂ ਇਕ-ਦੋ ਬੱਚੇ ਪਾਲਣੇ ਵੀ ਔਖੇ ਜਾਪ ਰਹੇ ਹਨ। ਅਜਿਹੇ ਹਾਲਾਤ ’ਚ ਚਾਰ-ਚਾਰ ਬੱਚੇ ਪੈਦਾ ਕਰਨ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਸਾਡੇ ਰਹਿਨੁਮਾਵਾਂ ਦੀ ਸੋਚ ਅੰਤਰਰਾਸ਼ਟਰੀ ਪੱਧਰ ਦੀ ਹੋਣੀ ਚਾਹੀਦੀ ਹੈ। ਦੁਨੀਆ ਦੀ ਆਬਾਦੀ ਦੇ ਨਿਰੰਤਰ ਵਧਦੇ ਰਹਿਣ ਕਾਰਨ ਬਹੁਤ ਸਾਰੇ ਖੇਤਰਾਂ ਤੇ ਦੇਸ਼ਾਂ ਤਕ ਭੁੱਖਮਰੀ ਦੀ ਨੌਬਤ ਆਈ ਹੋਈ ਹੈ। ਇੰਜ ਜੇ ਸਿੱਖ ਪਰਿਵਾਰ ਨਿਯੋਜਨ ਦੀ ਪਾਲਣਾ ਕਰ ਰਹੇ ਹਨ ਤਾਂ ਇਸ ਦੀ ਸਗੋਂ ਸ਼ਲਾਘਾ ਹੋਣੀ ਚਾਹੀਦੀ ਹੈ। ਕੌਮਾਂਤਰੀ ਸੰਗਠਨਾਂ ਦੇ ਸਰਵੇਖਣ ਪਹਿਲਾਂ ਹੀ ਆਖ ਚੁੱਕੇ ਹਨ ਕਿ ਭਾਰਤ ਆਬਾਦੀ ਦੇ ਮਾਮਲੇ ’ਚ ਸਾਲ 2027 ਤਕ ਚੀਨ ਨੂੰ ਪਛਾੜ ਕੇ ਅੱਵਲ ਨੰਬਰ ’ਤੇ ਆ ਜਾਵੇਗਾ। ਇਹ ਕੋਈ ਅਜਿਹਾ ਰਿਕਾਰਡ ਨਹੀਂ ਹੈ ਜਿਸ ’ਤੇ ਮਾਣ ਕੀਤਾ ਜਾ ਸਕੇ ਸਗੋਂ ਚਿੰਤਾ ਵਾਲੀ ਗੱਲ ਹੈ। ਇਸ ਤੱਥ ’ਤੇ ਜ਼ਰੂਰ ਅਸੀਂ ਮਾਣਮੱਤੇ ਹੋਣੇ ਚਾਹੀਦੇ ਹਾਂ ਕਿ ਦੇਸ਼ ਦੀ 30.9 ਫ਼ੀਸਦੀ ਆਬਾਦੀ 10 ਤੋਂ 24 ਸਾਲ ਉਮਰ ਦੀ ਹੈ। ਇਸ ਮਾਮਲੇ ’ਚ ਵੀ ਚਿੰਤਾ ਵਾਲੀ ਇਕ ਗੱਲ ਹੋਰ ਇਹ ਵੀ ਹੈ ਕਿ 15 ਤੋਂ 49 ਸਾਲ ਉਮਰ ਦੀਆਂ ਔਰਤਾਂ ਵਿਚ ਖ਼ੂਨ ਦੀ ਘਾਟ ਦੀ ਸਮੱਸਿਆ ਬਹੁਤ ਜ਼ਿਆਦਾ ਹੈ। ਅਜਿਹਾ ਵਰਤਾਰਾ ਪੌਸ਼ਟਿਕ ਭੋਜਨ ਦੇ ਨਾ ਮਿਲਣ ਕਰਕੇ ਹੈ। ਭਵਿੱਖ ’ਚ ਦੇਸ਼ ਨੂੰ ਨੌਜਵਾਨਾਂ ਨੇ ਹੀ ਸੰਭਾਲਣਾ ਹੈ ਪਰ ਬੇਰੁਜ਼ਗਾਰੀ ਦੀ ਦਰ ਉਚੇਰੀ ਹੋਣ ਕਰਕੇ ਉਨ੍ਹਾਂ ’ਚੋਂ ਬਹੁਤੇ ਨਿਰਾਸ਼ਾ ਦੇ ਦੌਰ ’ਚੋਂ ਲੰਘ ਰਹੇ ਹਨ। ਦੇਸ਼ ਨੂੰ ਅਜਿਹੇ ਮਸਲਿਆਂ ਨਾਲ ਪਹਿਲ ਦੇ ਆਧਾਰ ’ਤੇ ਨਜਿੱਠਣ ਦੀ ਜ਼ਰੂਰਤ ਹੈ। ਇਸੇ ਲਈ ਐਡਵੋਕੇਟ ਧਾਮੀ ਨੂੰ ਇਨ੍ਹਾਂ ਸਾਰੇ ਨੁਕਤਿਆਂ ’ਤੇ ਗ਼ੌਰ ਕਰਨ ਉਪਰੰਤ ਹੀ ਇਸ ਮਾਮਲੇ ’ਚ ਕੋਈ ਸੂਝਵਾਨ ਬਿਆਨ ਜਾਰੀ ਕਰਨਾ ਚਾਹੀਦਾ ਹੈ।

Posted By: Jagjit Singh