-ਐੱਸ. ਆਰ. ਲੱਧੜ

ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਨਾਲ-ਨਾਲ ਇਕ ਹੋਰ ਸੰਘਰਸ਼ ਵੀ ਬਹੁਤ ਤੇਜ਼ੀ ਨਾਲ ਚੱਲ ਰਿਹਾ ਸੀ। ਜੇਕਰ ਆਜ਼ਾਦੀ ਦੀ ਲੜਾਈ ਦੇ ਥੰਮ੍ਹ ਕਾਂਗਰਸ ਅਤੇ ਉਸ ਦੇ ਨੇਤਾ ਮੋਹਨ ਦਾਸ ਕਰਮ ਚੰਦ ਗਾਂਧੀ ਸਨ ਤਾਂ ਅਛੂਤਾਂ ਦੀ ਗੁਲਾਮੀ ਦੀ ਦੋਹਰੀ ਲੜਾਈ ਲੜਨ ਵਾਲਾ ਯੋਧਾ ਸੀ ਡਾ. ਭੀਮ ਰਾਓ ਅੰਬੇਡਕਰ। ਪੂਨਾ ਪੈਕਟ ਇਕ ਰਾਜਨੀਤਕ ਸਮਝੌਤਾ ਸੀ ਜੋ 24 ਸਤੰਬਰ 1932 ਨੂੰ ਗਾਂਧੀ ਅਤੇ ਅੰਬੇਡਕਰ ਵਿਚਾਲੇ ਹੋਇਆ ਸੀ। ਕੁੱਲ 21 ਲੋਕਾਂ ਨੇ ਸਮਝੌਤੇ 'ਤੇ ਹਸਤਾਖਰ ਕੀਤੇ ਸਨ ਜਿਨ੍ਹਾਂ ਵਿਚ ਸਭ ਤੋਂ ਮੋਹਰੀ ਮਦਨ ਮੋਹਨ ਮਾਲਵੀਆ ਸਨ।

ਗਾਂਧੀ ਜੀ ਨੇ ਆਪ ਇਸ ਸਮਝੌਤੇ 'ਤੇ ਦਸਤਖ਼ਤ ਨਹੀਂ ਸਨ ਕੀਤੇ। ਇਹ ਸਮਝੌਤਾ ਇੰਗਲੈਂਡ ਦੇ ਪ੍ਰਧਾਨ ਮੰਤਰੀ ਮੈਕਡੋਨਾਲਡ ਦੇ 15 ਅਗਸਤ 1932 ਦੇ ਫਿਰਕੂ ਐਵਾਰਡ ਤਹਿਤ ਕੀਤਾ ਗਿਆ ਸੀ। ਭਾਵੇਂ ਤਿੰਨਾਂ ਗੋਲਮੇਜ਼ ਕਾਨਫਰੰਸਾਂ 'ਚ ਡਾ. ਅੰਬੇਡਕਰ ਨੇ ਅੰਗਰੇਜ਼ ਸਰਕਾਰ ਨੂੰ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਭਾਵੇਂ ਭਾਰਤ ਅੰਗਰੇਜ਼ਾਂ ਦਾ ਗੁਲਾਮ ਹੈ ਅਤੇ ਆਜ਼ਾਦ ਹੋਣਾ ਚਾਹੀਦਾ ਹੈ ਪਰ ਉਸ ਦੇ ਨਾਲ-ਨਾਲ ਅਛੂਤਾਂ ਦੀ ਆਜ਼ਾਦੀ ਦਾ ਮਸਲਾ ਵੀ ਹੱਲ ਹੋਣਾ ਚਾਹੀਦਾ ਹੈ। ਗੋਲਮੇਜ਼ ਕਾਨਫਰੰਸਾਂ ਤੋਂ ਪਹਿਲਾਂ ਅਛੂਤਾਂ ਦੇ ਰਾਜਨੀਤਕ ਹੱਕਾਂ ਬਾਰੇ ਕਿਸੇ ਵੀ ਪਲੇਟਫਾਰਮ‘'ਤੇ ਗੱਲ ਨਹੀਂ ਸੀ ਹੋਈ। ਡਾ. ਅੰਬੇਡਕਰ ਦਾ ਇੰਗਲੈਂਡ ਦੀ ਪ੍ਰੈੱਸ ਨੇ ਵੀ ਪੂਰਾ ਸਮਰਥਨ ਕੀਤਾ। ਦੂਜੀ ਗੋਲਮੇਜ਼ ਕਾਨਫਰੰਸ ਵਿਚ ਗਾਂਧੀ ਜੀ ਇਕੱਲੇ ਹੀ ਪੂਰੀ ਕਾਂਗਰਸ ਦੇ ਨੁਮਾਇੰਦੇ ਦੇ ਤੌਰ 'ਤੇ ਸ਼ਾਮਲ ਹੋਏ। ਉਨ੍ਹਾਂ ਨੇ ਮੁਸਲਿਮ ਲੀਗ ਅਤੇ ਸਿੱਖ ਲੀਡਰਾਂ ਨੂੰ ਵੀ ਇਹ ਲਾਲਚ ਦਿੱਤਾ ਕਿ ਜੇ ਉਹ ਅੰਬੇਡਕਰ ਅਤੇ ਅਛੂਤਾਂ ਦੀਆਂ ਮੰਗਾਂ ਦੀ ਵਿਰੋਧਤਾ ਕਰਨਗੇ ਤਾਂ ਉਨ੍ਹਾਂ ਦੀਆਂ ਆਪਣੀਆਂ ਮੰਗਾਂ ਅਤੇ ਵੱਖਰੇ ਰਾਜਨੀਤਕ ਖੇਤਰਾਂ ਦੀ ਕਾਂਗਰਸ ਵਿਰੋਧਤਾ ਨਹੀਂ ਕਰੇਗੀ। ਇਸ ਗੱਲ 'ਤੇ ਮੁਸਲਮਾਨ ਅਤੇ ਸਿੱਖ ਲੀਡਰ ਰਾਜ਼ੀ ਨਾ ਹੋਏ। ਦਸੰਬਰ 1931 ਵਿਚ ਤੀਸਰੀ ਗੋਲਮੇਜ਼ ਕਾਨਫਰੰਸ ਦੇ ਅੰਤ ਵਿਚ ਭਾਰਤ ਤੋਂ ਗਏ ਸਮੂਹ ਲੀਡਰਾਂ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਆਪਣਾ ਸਾਲਸ ਨਿਯੁਕਤ ਕਰਦੇ ਹੋਏ ਇਹ ਲਿਖਤੀ ਅਧਿਕਾਰ ਦੇ ਦਿੱਤੇ ਕਿ ਉਹ ਭਾਰਤੀਆਂ ਨੂੰ ਜਿਵੇਂ ਵੀ, ਜੋ ਵੀ ਅਤੇ ਜਿੰਨੇ ਵੀ ਅਧਿਕਾਰ ਦੇਣਗੇ, ਉਹ ਉਨ੍ਹਾਂ ਨੂੰ ਮਨਜ਼ੂਰ ਹੋਣਗੇ। ਇੰਗਲੈਂਡ ਤੋਂ ਆਉਂਦਿਆਂ ਹੀ ਗਾਂਧੀ ਜੀ ਨੇ ਬੰਬਈ ਵਿਚ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਇਹ ਬਿਆਨ ਦਿੱਤਾ ਕਿ ਜੇ ਅਛੂਤਾਂ ਨੂੰ ਵੱਖਰੇ ਚੋਣ ਖੇਤਰ ਦਿੱਤੇ ਗਏ ਤਾਂ ਇਹ ਕਾਂਗਰਸ ਨੂੰ ਮਨਜ਼ੂਰ ਨਹੀਂ ਹੋਵੇਗਾ। ਡਾ. ਅੰਬੇਡਕਰ ਲੰਡਨ ਵਿਚ ਮਈ 1932 ਤਕ ਰੁਕੇ ਰਹੇ। ਉਹ ਜਾਣਦੇ ਸਨ ਕਿ ਜੇ ਕੁਝ ਮਿਲ ਸਕਦਾ ਹੈ ਤਾਂ ਉਹ ਅੰਗਰੇਜ਼ਾਂ ਨੂੰ ਅਛੂਤਾਂ ਦੀ ਹਾਲਤ ਤੋਂ ਜਾਣੂ ਕਰਵਾ ਕੇ ਅਤੇ ਇੰਗਲੈਂਡ ਦੇ ਨੇਤਾਵਾਂ ਦੀ ਹਮਦਰਦੀ ਜਿੱਤ ਕੇ ਹੀ ਸੰਭਵ ਹੈ।

ਸੋ, ਉਨ੍ਹਾਂ ਨੇ ਸਮੇਂ ਦਾ ਭਰਪੂਰ ਫ਼ਾਇਦਾ ਉਠਾਇਆ ਅਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਇੱਥੋਂ ਤਕ ਵੀ ਲਿਖਤੀ ਖ਼ਤ ਭੇਜ ਦਿੱਤਾ ਕਿ ਜੇ ਅਛੂਤਾਂ ਨੂੰ ਵੱਖਰੇ ਖੇਤਰਾਂ ਦੇ ਨਾਲ-ਨਾਲ ਉਨ੍ਹਾਂ ਨੂੰ ਦੋਹਰੀ ਵੋਟ ਦਾ ਅਧਿਕਾਰ ਵੀ ਦਿੱਤਾ ਜਾਂਦਾ ਹੈ ਅਤੇ ਉਹ ਆਪਣੇ ਅਛੂਤ ਉਮੀਦਵਾਰਾਂ ਦੇ ਨਾਲ ਹਿੰਦੂ ਉਮੀਦਵਾਰਾਂ ਨੂੰ ਵੀ ਵੋਟ ਪਾਉਣਗੇ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਪੰਦਰਾਂ ਅਗਸਤ 1932 ਨੂੰ ਫਿਰਕੂ ਐਵਾਰਡ ਦਾ ਐਲਾਨ ਕਰ ਦਿੱਤਾ ਗਿਆ। ਇਸ ਐਵਾਰਡ ਮੁਤਾਬਕ ਅਛੂਤਾਂ ਲਈ 71 ਚੋਣ ਖੇਤਰ ਰਾਖਵੇਂ ਰੱਖੇ ਗਏ ਜਿੱਥੇ ਸਿਰਫ਼ ਉਨ੍ਹਾਂ ਨੇ ਹੀ ਆਪਣੇ ਉਮੀਦਵਾਰ ਚੁਣਨੇ ਸਨ ਅਤੇ ਨਾਲ ਦੀ ਨਾਲ ਉਨ੍ਹਾਂ ਨੂੰ ਦੂਜੇ ਹਿੰਦੂ ਉਮੀਦਵਾਰਾਂ ਨੂੰ ਵੀ ਵੋਟ ਪਾਉਣ ਦਾ ਹੱਕ ਮਿਲ ਗਿਆ। ਬਾਵਜੂਦ ਇਸ ਦੇ ਗਾਂਧੀ ਜੀ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਤੀਜੀ ਗੋਲਮੇਜ਼ ਕਾਨਫਰੰਸ ਦੌਰਾਨ ਲਿਖਤੀ ਭਰੋਸਾ ਦਿੱਤਾ ਸੀ ਕਿ ਉਹ ਜੋ ਵੀ ਫ਼ੈਸਲਾ ਕਰਨਗੇ, ਕਾਂਗਰਸ ਨੂੰ ਮਨਜ਼ੂਰ ਹੋਵੇਗਾ। ਉਨ੍ਹਾਂ ਨੇ ਫਿਰਕੂ ਐਵਾਰਡ ਨੂੰ ਅਛੂਤਾਂ ਦੇ ਵੱਖਰੇ ਚੋਣ ਖੇਤਰਾਂ ਦੇ ਮਸਲੇ 'ਤੇ ਰੱਦ ਕਰ ਦਿੱਤਾ ਅਤੇ 18 ਸਤੰਬਰ 1932 ਨੂੰ ਯਰਵਦਾ ਜੇਲ੍ਹ ਪੂਨੇ ਵਿਚ ਮਰਨ ਵਰਤ ਦਾ ਐਲਾਨ ਕਰ ਦਿੱਤਾ। ਸਰਦਾਰ ਵੱਲਭ ਭਾਈ ਪਟੇਲ ਜੋ ਪੂਨਾ ਸਮਝੌਤੇ ਦਾ ਚਸ਼ਮਦੀਦ ਸੀ, ਇਸ ਗੱਲੋਂ ਬਹੁਤ ਹੈਰਾਨ ਸੀ ਕਿ ਗਾਂਧੀ ਜੀ ਸਿਰਫ਼ ਕਥਿਤ ਅਛੂਤਾਂ ਨੂੰ ਹੀ ਕਿਉਂ ਵੱਖਰੇ ਚੋਣ ਖੇਤਰ ਦੇਣ ਦੇ ਖ਼ਿਲਾਫ਼ ਹਨ? ਜੋ ਵੱਖਰੇ ਚੋਣ ਖੇਤਰ ਅੰਗਰੇਜ਼ ਸਰਕਾਰ ਨੇ ਵੀਹ ਸਾਲ ਲਈ ਦਿੱਤੇ ਸਨ, ਅੰਬੇਡਕਰ ਉਸ ਨੂੰ ਰੀਵਿਊ ਕਰਨ ਲਈ ਇਕ ਰੈਫਰੈਂਡਮ ਦਸ ਸਾਲ ਬਾਅਦ ਕਰਵਾਉਣ ਲਈ ਵੀ ਮੰਨ ਗਏ ਪਰ ਗਾਂਧੀ ਜੀ ਕਹਿਣ ਲੱਗੇ ਕਿ ਇਹ ਰੈਫਰੈਂਡਮ ਪੰਜ ਸਾਲ ਬਾਅਦ ਹੋਵੇਗਾ ਜਾਂ ਉਸ ਦੀ ਮੌਤ ਤੋਂ ਬਾਅਦ। ਅੰਬੇਡਕਰ ਜੋ ਚਾਹੇ, ਚੁਣ ਲਵੇ। ਡਾ. ਅੰਬੇਡਕਰ ਲਈ ਇਹ ਬੜੀ ਔਖੀ ਘੜੀ ਸੀ। ਇਕ ਪਾਸੇ ਉਸ ਦੇ ਸਦੀਆਂ ਤੋਂ ਲਤਾੜੇ ਲੋਕਾਂ ਦੇ ਰਾਜਨੀਤਕ ਹੱਕਾਂ ਦਾ ਸਵਾਲ ਸੀ ਦੂਜੇ ਪਾਸੇ ਗਾਂਧੀ ਜੀ ਦੀ ਜਾਨ ਦਾ ਸਵਾਲ ਸੀ।

ਗਾਂਧੀ ਜੀ ਦੀ ਗੱਲ ਮੋੜਨ ਦੀ ਕਾਂਗਰਸ ਦੇ ਕਿਸੇ ਵੀ ਨੇਤਾ ਵਿਚ ਹਿੰਮਤ ਨਹੀਂ ਸੀ। ਅੰਬੇਡਕਰ ਨੂੰ ਮਨਾਉਣ ਲਈ ਕਾਂਗਰਸ ਦੇ ਚੋਟੀ ਦੇ ਲੀਡਰ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਸਨ। ਇਨ੍ਹਾਂ 'ਚ ਮਦਨ ਮੋਹਨ ਮਾਲਵੀਆ, ਸੀ. ਰਾਜਗੋਪਾਲਾਚਾਰੀ, ਐੱਮ.ਆਰ. ਜੈਕਰ, ਬਾਬੂ ਰਾਜਿੰਦਰ ਪ੍ਰਸਾਦ ਆਦਿ ਮੁੱਖ ਸਨ। ਡਾ. ਅੰਬੇਡਕਰ ਦੇ ਸਾਥੀ ਐੱਮ. ਸੀ. ਰਾਜਾ ਅਤੇ ਪੀ. ਬਾਲੂ ਆਦਿ ਵੀ ਸਰਗਰਮ ਰਹੇ। ਗਾਂਧੀ ਨਾਲ ਡਾ. ਅੰਬੇਡਕਰ ਦੀ ਜੋ ਗੱਲਬਾਤ ਹੋਈ ਉਸ ਵਿਚ ਉਨ੍ਹਾਂ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ, 'ਮੈਂ ਆਪਣੇ ਸਮਾਜ ਲਈ ਰਾਜਨੀਤਕ ਤਾਕਤ ਚਾਹੁੰਦਾ ਹਾਂ। ਇਸ ਦਾ ਕੋਈ ਬਦਲ ਮੈਨੂੰ ਮਨਜ਼ੂਰ ਨਹੀਂ ਹੈ। ਇਸ ਲਈ ਕਿਸੇ ਵੀ ਸਮਝੌਤੇ ਦਾ ਆਧਾਰ ਇਹ ਤੱਥ ਹੀ ਰਹੇਗਾ ਕਿ ਸਾਨੂੰ ਸਾਡਾ ਬਣਦਾ ਹੱਕ ਮਿਲਦਾ ਹੈ ਜਾਂ ਨਹੀਂ। ਗਾਂਧੀ ਜੀ ਦੀ ਡਿੱਗਦੀ ਸਿਹਤ ਨੇ ਪੂਰੇ ਭਾਰਤ ਵਿਚ ਡਾ. ਅੰਬੇਡਕਰ ਖ਼ਿਲਾਫ਼ ਇਕ ਲਹਿਰ ਖੜ੍ਹੀ ਕਰ ਦਿੱਤੀ। ਅੰਬੇਡਕਰ ਨੂੰ ਗ਼ਦਾਰ ਅਤੇ ਦੇਸ਼ਧ੍ਰੋਹੀ ਕਿਹਾ ਜਾਣ ਲੱਗਾ। ਜਦੋਂ ਅਛੂਤਾਂ 'ਤੇ ਦੇਸ਼ ਭਰ 'ਚੋਂ ਅੱਤਿਆਚਾਰਾਂ ਦੇ ਸਮਾਚਾਰ ਆਉਣ ਲੱਗੇ ਤਾਂ ਐੱਮ. ਸੀ. ਰਾਜਾ ਵਰਗੇ ਅਛੂਤ ਲੀਡਰ ਵੀ ਡਾ. ਅੰਬੇਡਕਰ ਨੂੰ ਗਾਂਧੀ ਜੀ ਖ਼ਾਤਰ ਛੱਡਣ ਲਈ ਤਿਆਰ ਹੋ ਗਏ ਤਾਂ ਡਾ. ਅੰਬੇਡਕਰ ਨੂੰ ਮਜਬੂਰਨ ਇਹ ਸਮਝੌਤਾ ਕਰਨਾ ਪਿਆ।

ਇਕ ਪਾਸੇ ਡਾ. ਅੰਬੇਡਕਰ ਅਤੇ ਦੂਜੇ ਪਾਸੇ ਮਦਨ ਮੋਹਨ ਮਾਲਵੀਆ ਨੇ 24 ਸਤੰਬਰ 1931 ਨੂੰ ਪੰਜ ਵਜੇ ਯਰਵਦਾ ਜੇਲ੍ਹ ਵਿਚ ਦਸਤਖ਼ਤ ਕੀਤੇ। ਇਸ ਸਮਝੌਤੇ ਤਹਿਤ ਰਾਖਵੀਆਂ ਸੀਟਾਂ 71 ਤੋਂ ਵਧਾ ਕੇ 148 ਕਰ ਦਿੱਤੀਆਂ ਗਈਆਂ। ਦੋਹਰੀ ਵੋਟ ਦੀ ਜਗ੍ਹਾ ਇਕੱਲੀ ਵੋਟ ਦਾ ਹੱਕ ਅਤੇ ਸਾਂਝੇ ਚੋਣ ਖੇਤਰ ਰਹਿਣ ਦਿੱਤੇ ਗਏ। ਰੈਫਰੰਡਮ ਦੀ ਸ਼ਰਤ ਪੰਜ ਸਾਲ ਦੀ ਬਜਾਏ ਭਵਿੱਖ 'ਚ ਆਪਸੀ ਤਾਲਮੇਲ ਰਾਹੀਂ ਰੀਵਿਊ ਕਰਨ ਲਈ ਛੱਡ ਦਿੱਤੀ ਗਈ। ਨੌਕਰੀਆਂ ਵਿਚ ਵੀ ਅਛੂਤਾਂ ਲਈ ਆਬਾਦੀ ਮੁਤਾਬਕ ਰਾਖਵਾਂਕਰਨ ਕਰਨ ਦੀ ਸ਼ਰਤ ਪਾ ਦਿੱਤੀ ਗਈ। ਗਾਂਧੀ ਜੀ ਵੱਲੋਂ ਪ੍ਰਵਾਨਗੀ ਮਿਲਣ ਉਪਰੰਤ ਸੀ. ਰਾਜਗੋਪਾਲਾਚਾਰੀ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਦਸਤਖ਼ਤ ਕੀਤੇ। ਸੀ. ਰਾਜਗੋਪਾਲਾਚਾਰੀ ਇਸ ਸਮਝੌਤੇ ਤੋਂ ਇੰਨਾ ਖ਼ੁਸ਼ ਹੋਇਆ ਕਿ ਉਸ ਨੇ ਡਾ. ਅੰਬੇਡਕਰ ਨਾਲ ਆਪਣਾ ਫਾਊਂਟੇਨ ਪੈੱਨ ਵੀ ਬਦਲ ਲਿਆ। ਜੋ ਲੋਕ ਦਲਿਤਾਂ ਦੇ ਜਾਤ ਆਧਾਰਤ ਰਾਖਵੇਂਕਰਨ ਜਾਂ ਕਰੀਮੀ ਲੇਅਰ ਆਦਿ ਦਾ ਤਰਕ ਦਿੰਦੇ ਹਨ, ਉਨ੍ਹਾਂ ਨੂੰ ਫਿਰਕੂ ਐਵਾਰਡ ਅਤੇ ਪੂਨਾ ਪੈਕਟ ਪੜ੍ਹਨ ਦੀ ਸਲਾਹ ਦਿੱਤੀ ਜਾਂਦੀ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਪੂਨਾ ਪੈਕਟ ਨਾਲ ਕੀ ਗੁਅਇਆ ਅਤੇ ਕੀ ਪਾਇਆ?ਗਾਂਧੀ ਅਤੇ ਅੰਬੇਡਕਰ ਦੋਵੇਂ ਨੇਤਾ ਭਾਰਤ ਦੀ ਜੰਗ-ਏ-ਆਜ਼ਾਦੀ ਦੇ ਚਮਕਦੇ ਸਿਤਾਰੇ ਸਨ। ਭਾਵੇਂ ਅੰਬੇਡਕਰ ਆਪਣੀ ਜਾਤ ਕਾਰਨ ਦੇਸ਼ ਦੇ ਪ੍ਰਧਾਨ ਮੰਤਰੀ ਨਾ ਬਣ ਸਕੇ ਪਰ ਦੇਸ਼ ਦਾ ਪਹਿਲਾ ਕਾਨੂੰਨ ਮੰਤਰੀ ਅਤੇ ਸੰਵਿਧਾਨ ਨਿਰਮਾਤਾ ਬਣ ਕੇ ਉਨ੍ਹਾਂ ਦੇਸ਼ ਸੇਵਾ ਵਿਚ ਉਹ ਮੁਕਾਮ ਹਾਸਲ ਕਰ ਲਿਆ ਜੋ ਦੇਸ਼ ਦੇ ਕਿਸੇ ਉੱਚ ਕੋਟੀ ਦੇ ਲੀਡਰ ਅਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਨੂੰ ਵੀ ਨਸੀਬ ਨਹੀਂ ਹੋਇਆ। ਅੱਜ ਦੇਸ਼ ਵਿਚ ਗਾਂਧੀ, ਨਹਿਰੂ ਅਤੇ ਪਟੇਲ ਤੋਂ ਵੱਧ ਗੱਲ ਡਾ. ਅੰਬੇਡਕਰ ਅਤੇ ਉਸ ਦੇ ਵਿਚਾਰਾਂ ਦੀ ਹੁੰਦੀ ਹੈ। ਭਾਰਤ ਵਾਸੀ ਅੰਗਰੇਜ਼ਾਂ ਨੂੰ ਜਿੰਨਾ ਮਰਜ਼ੀ ਮਾੜਾ ਆਖੀ ਜਾਣ, ਜੇਕਰ ਅੰਗਰੇਜ਼ ਭਾਰਤ ਦੇ ਸ਼ਾਸਕ ਨਾ ਹੁੰਦੇ ਤਾਂ ਅਛੂਤਾਂ ਨੂੰ ਪਤਾ ਨਹੀਂ ਕਦੇ ਆਜ਼ਾਦੀ ਮਿਲਦੀ ਵੀ ਜਾਂ ਨਹੀਂ।

ਅੱਜ ਅਛੂਤਾਂ (ਅਨੁਸੁਚਿਤ ਜਾਤੀਆਂ ਅਤੇ ਜਨ ਜਾਤੀਆਂ) ਦੀ ਹਾਲਤ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਗਾਂਧੀ ਜੀ ਦੀ ਇੱਛਾ ਮੁਤਾਬਕ ਸਾਂਝੇ ਰਾਖਵੇਂ ਚੋਣ ਖੇਤਰ ਅੱਜ ਵੀ ਮੌਜੂਦ ਹਨ। ਦਸ-ਦਸ ਸਾਲ ਕਰ ਕੇ ਸੱਤ ਵਾਰ ਰਾਜਨੀਤਕ ਰਾਖਵਾਂਕਰਨ ਵਧਾਇਆ ਗਿਆ ਅਤੇ 2020 ਵਿਚ ਵੀ ਇਸ ਵਿਚ ਵਾਧਾ ਕੀਤਾ ਗਿਆ ਹੈ। ਪਰ ਅਨੁਸੂਚਿਤ ਜਾਤੀਆਂ ਅਤੇ ਜਨ-ਜਾਤੀਆਂ ਦੀ ਹਾਲਤ ਵਿਚ ਸੁਧਾਰ ਨਾਮਾਤਰ ਹੀ ਹੋਇਆ ਹੈ। ਕਹਿਣ ਨੂੰ ਤਾਂ 543 ਵਿੱਚੋਂ 84 ਮੈਂਬਰ ਪਾਰਲੀਮੈਂਟ ਕਥਿਤ ਅਛੂਤ ਵਰਗ 'ਚੋਂ ਚੁਣ ਕੇ ਆਉਂਦੇ ਹਨ ਪਰ ਟਿਕਟਾਂ ਦੇਣ ਵਾਲੇ ਕਥਿਤ ਉੱਚ ਜਾਤੀ ਦੇ ਨੇਤਾ ਹੁੰਦੇ ਹਨ। ਤੀਹ ਕਰੋੜ ਅਛੂਤ ਭਰਾਵਾਂ ਦੀ ਹਾਲਤ ਤਰਸਯੋਗ ਹੈ। ਪੂਨਾ ਪੈਕਟ ਦਸਤਖ਼ਤ ਹੋਣ ਤੋਂ ਬਾਅਦ ਭਰੇ ਮਨ ਨਾਲ ਡਾ. ਅੰਬੇਡਕਰ ਨੇ ਕਿਹਾ ਸੀ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗ਼ਲਤੀ ਸੀ। ਅੱਜ ਵੀ ਅਛੂਤ ਸਮਾਜ ਇਕ ਹੋਰ ਅੰਬੇਡਕਰ ਦੀ ਭਾਲ ਵਿਚ ਹੈ ਜੋ ਉਸ ਨੂੰ ਸਹੀ ਅਰਥਾਂ ਵਿਚ ਆਜ਼ਾਦੀ ਦਿਵਾ ਸਕੇ।

-(ਲੇਖਕ ਸਾਬਕਾ ਆਈਏਐੱਸ ਅਫ਼ਸਰ ਹੈ)। -ਮੋਬਾਈਲ ਨੰ. : 94175-00610

Posted By: Sunil Thapa