ਪੰਜਾਬ ਦੇ ਕਈ ਇਲਾਕਿਆਂ ਵਿਚ ਪ੍ਰਦੂਸ਼ਣ ਕਾਰਨ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਅਜੇ ਵੀ ਕਈ ਥਾਈਂ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ। ਇਸ ਕਾਰਨ ਜ਼ਹਿਰੀਲਾ ਧੂੰਆਂ ਅਸਮਾਨ ਵਿਚ ਜ਼ਹਿਰ ਵਾਂਗ ਫੈਲ ਰਿਹਾ ਹੈ। ਹਵਾ ਪ੍ਰਦੂਸ਼ਣ ਕਾਰਨ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਦੂਰ ਜਾਣ ਦੀ ਲੋੜ ਨਹੀਂ। ਦੋ ਕੁ ਦਿਨ ਪਹਿਲਾਂ ਦੀ ਗੱਲ ਹੈ। ਮੈਂ ਪਟਿਆਲੇ ਤੋਂ ਸੰਗਰੂਰ ਨੂੰ ਜਾ ਰਹੀ ਸਾਂ। ਮੈਂ ਰਸਤੇ ਵਿਚ ਜੋ ਵੀ ਦੇਖਿਆ, ਉਸ ਨੇ ਮੈਨੂੰ ਸੋਚਾਂ ਵਿਚ ਪਾ ਦਿੱਤਾ। ਪਟਿਆਲੇ ਤੋਂ ਸੰਗਰੂਰ ਜਾਂਦੇ ਹੋਏ ਰਸਤੇ ਵਿਚ ਕਈ ਪਿੰਡ ਆਏ ਜਿਨ੍ਹਾਂ 'ਚੋਂ ਛਿੱਟਾਵਾਲ ਇਕ ਸੀ। ਜਦੋਂ ਉਕਤ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਤਾਂ ਪਿਛਲੇ ਕਿੰਨੇ ਸਾਲਾਂ ਤੋਂ ਪਰਾਲੀ ਦੇ ਧੂੰਏਂ ਕਾਰਨ ਪੈਦਾ ਹੋ ਰਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਆ ਰਹੇ ਹਾਂ। ਉੱਥੋਂ ਦੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਰਹੀਆਂ ਹਨ ਜਿਸ ਦਾ ਕਾਰਨ ਜ਼ਹਿਰੀਲਾ ਧੂੰਆਂ ਹੈ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਹਰ ਸਾਲ ਇਸ ਜ਼ਹਿਰੀਲੇ ਧੂੰਏਂ ਨਾਲ ਜੂਝਦੇ ਹਾਂ ਪਰ ਸਾਡੀ ਕੋਈ ਵੀ ਸਾਰ ਨਹੀਂ ਲੈ ਰਿਹਾ। ਜਦੋਂ ਅਸੀਂ ਉੱਥੋਂ ਲੰਘ ਰਹੇ ਸਾਂ ਤਾਂ ਧੂੰਆਂ ਅੱਖਾਂ ਵਿਚ ਮਿਰਚਾਂ ਦੀ ਤਰ੍ਹਾਂ ਲੜ ਰਿਹਾ ਸੀ ਅਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਇਹ ਧੂੰਆਂ ਸੜਕ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਬਣ ਰਿਹਾ ਹੈ। ਹਰ ਰੋਜ਼ ਦੁਰਘਟਨਾਵਾਂ ਵਾਪਰ ਰਹੀਆਂ ਹਨ। ਲੋਕ ਜਾਨਾਂ ਗੁਆ ਰਹੇ ਹਨ ਪਰ ਸਰਕਾਰ ਜਾਂ ਪ੍ਰਸ਼ਾਸਨ ਪਰਾਲੀ ਦਾ ਕੋਈ ਹੱਲ ਨਹੀਂ ਲੱਭ ਰਹੇ। ਛਿੱਟਾਵਾਲ ਪਿੰਡ ਵਿਚ ਅਵਾਰਾ ਪਸ਼ੂਆਂ ਨੇ ਪੂਰੀ ਸੜਕ ਘੇਰੀ ਹੋਈ ਸੀ ਅਤੇ ਟ੍ਰੈਫਿਕ ਜਾਮ ਦਾ ਕਾਰਨ ਬਣ ਰਹੇ ਸਨ। ਜਦੋਂ ਮੈਂ ਪਟਿਆਲੇ ਤੋਂ ਸੰਗਰੂਰ ਦਾ ਸਫ਼ਰ ਕਰ ਰਹੀ ਸਾਂ ਤਾਂ ਮਹਿਸੂਸ ਕੀਤਾ ਕਿ ਜੋ ਵੱਡੇ-ਵੱਡੇ ਸ਼ਹਿਰਾਂ ਜਿਵੇਂ ਕਿ ਦਿੱਲੀ, ਮੁੰਬਈ ਵਿਚ ਜ਼ਹਿਰੀਲਾ ਧੂੰਆਂ ਫੈਲ ਰਿਹਾ ਹੈ, ਉਸ ਵਿਚ ਕਿਸਾਨਾਂ ਵੱਲੋਂ ਸਾੜੀ ਜਾਂਦੀ ਪਰਾਲੀ ਦਾ ਵੀ ਯੋਗਦਾਨ ਹੈ। ਦੂਜੇ ਪਾਸੇ ਅਵਾਰਾ ਪਸ਼ੂ ਲੋਕਾਂ ਦਾ ਨੁਕਸਾਨ ਕਰ ਰਹੇ ਹਨ। ਇਨ੍ਹਾਂ ਸਭ ਚੀਜ਼ਾਂ ਨੂੰ ਸਰਕਾਰ ਦੇ ਧਿਆਨ ਵਿਚ ਲਿਆਉਣਾ ਜ਼ਰੂਰੀ ਹੈ। ਲੋਕਾਂ ਦੀ ਅਵਾਜ਼ ਨੂੰ ਦਬਾਇਆ ਜਾ ਰਿਹਾ ਹੈ ਕਿਉਂਕਿ ਉਹ ਪੜ੍ਹੇ-ਲਿਖੇ ਨਹੀਂ ਹਨ। ਗ਼ਰੀਬ ਪਰਿਵਾਰਾਂ 'ਚੋਂ ਹਨ। ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਇਕ ਸਮਾਨ ਹਨ। ਵੱਡੇ ਸ਼ਹਿਰਾਂ 'ਚ ਖ਼ਬਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ ਅਤੇ ਉਹ ਲੋਕ ਪੜ੍ਹੇ-ਲਿਖੇ ਹੋਣ ਕਾਰਨ ਆਪਣੇ ਹੱਕਾਂ ਲਈ ਲੜਾਈ ਵੀ ਲੜ ਲੈਂਦੇ ਹਨ। ਮੈਨੂੰ ਲੱਗਦਾ ਹੈ ਕਿ ਇਕ ਵਾਰ ਅਜਿਹੇ ਪਿੰਡਾਂ ਵਿਚ ਜ਼ਰੂਰ ਜਾਓ ਅਤੇ ਦੇਖੋ ਕਿ ਉਹ ਲੋਕ ਕਿੱਦਾਂ ਹਵਾ ਪ੍ਰਦੂਸ਼ਣ ਦੀ ਮਾਰ ਹੇਠ ਹਨ। ਸਰਕਾਰ ਪਰਾਲੀ ਨੂੰ ਅੱਗ ਲਗਾਉਣ 'ਤੇ ਜਲਦੀ ਰੋਕ ਲਗਾਏ ਤਾਂ ਜੋ ਲੋਕ ਜ਼ਹਿਰੀਲੇ ਧੂੰਏਂ ਤੋਂ ਬਚ ਸਕਣ ਅਤੇ ਇਸ ਧੂੰਏਂ ਕਾਰਨ ਵਾਪਰ ਰਹੇ ਸੜਕ ਹਾਦਸੇ ਵੀ ਘਟ ਸਕਣ।

-ਮਨਪ੍ਰੀਤ ਕੌਰ, ਸਰਹਿੰਦ। ਸੰਪਰਕ : 99141-93910

Posted By: Sukhdev Singh