ਇਸ ਵਾਰ ਦੀਵਾਲੀ ਤੋਂ ਪਹਿਲਾਂ ਦਿੱਲੀ ਅਤੇ ਉਸ ਦੇ ਆਲੇ-ਦੁਆਲੇ ਸੰਘਣੀ ਸਮੌਗ ਛਾ ਜਾਣ ਕਾਰਨ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਗਿਆ ਕਿ ਉਹ ਕਿਸਾਨਾਂ ਨੂੰ ਪਰਾਲੀ ਸਾੜਨੋਂ ਰੋਕ ਨਹੀਂ ਸਕੀਆਂ ਪਰ ਅਸੀਂ ਇਸ ਦੀ ਅਣਦੇਖੀ ਨਹੀਂ ਕਰ ਸਕਦੇ ਕਿ ਦਿੱਲੀ-ਐੱਨਸੀਆਰ ਵਿਚ ਬਾਰਿਸ਼ ਵਾਲੇ ਕੁਝ ਦਿਨਾਂ ਨੂੰ ਛੱਡ ਕੇ ਪੂਰਾ ਸਾਲ ਹਵਾ ਪ੍ਰਦੂਸ਼ਣ ਦੀ ਕਰੋਪੀ ਰਹਿੰਦੀ ਹੈ। ਗਰਮੀ ਵਿਚ ਫੇਫੜਿਆਂ ਵਿਚ ਜ਼ਹਿਰ ਭਰਨ ਦਾ ਦੋਸ਼ ਰਾਜਸਥਾਨ-ਪਾਕਿਸਤਾਨ ਤੋਂ ਆਉਣ ਵਾਲੀਆਂ ਧੂੜ ਭਰੀਆਂ ਹਵਾਵਾਂ ਨੂੰ ਦੇ ਦਿੱਤਾ ਜਾਂਦਾ ਹੈ ਤਾਂ ਠੰਢ ਵਿਚ ਪਰਾਲੀ ਸਾੜਨ ਨੂੰ। ਬੀਤੇ ਇਕ ਦਹਾਕੇ ਤੋਂ ਹਰ ਸਾਲ ਸਰਦੀਆਂ ਦੇ ਮੌਸਮ ਵਿਚ ਦਿੱਲੀ ਅਤੇ ਉੱਤਰੀ ਭਾਰਤ ਦੇ ਹੋਰ ਸ਼ਹਿਰਾਂ ਵਿਚ ਹਵਾ ਪ੍ਰਦੂਸ਼ਣ ਦੀ ਚਰਚਾ ਹੁੰਦੀ ਹੈ। ਜਦ ਇਹ ਚਰਚਾ ਜ਼ੋਰ ਫੜਦੀ ਹੈ ਤਾਂ ਕਦੇ ਸੜਕਾਂ 'ਤੇ ਪਾਣੀ ਛਿੜਕ ਦਿੱਤਾ ਜਾਂਦਾ ਹੈ ਅਤੇ ਕਦੇ ਮਾੜਾ-ਮੋਟਾ ਹੋਰ ਓਹੜ-ਪੋਹੜ ਕਰ ਦਿੱਤਾ ਜਾਂਦਾ ਹੈ। ਇਸ ਦੇ ਇਲਾਵਾ ਕੰਸਟਰਕਸ਼ਨ ਭਾਵ ਨਿਰਮਾਣ ਕਾਰਜ ਰੁਕਵਾਉਣ ਵਰਗੇ ਕੰਮ ਵੀ ਕੀਤੇ ਜਾਂਦੇ ਹਨ। ਦਿੱਲੀ ਵਿਚ ਹਵਾ ਨਾਲ ਜ਼ਹਿਰੀਲੇ ਕਣ ਘੁਲਣ ਵਿਚ ਸਭ ਤੋਂ ਵੱਡਾ ਯੋਗਦਾਨ (23 ਫ਼ੀਸਦੀ) ਧੂੜ ਤੇ ਮਿੱਟੀ ਦੇ ਕਣਾਂ ਦਾ ਹੈ। ਸਤਾਰਾਂ ਫ਼ੀਸਦੀ ਹਿੱਸਾ ਮੋਟਰ-ਗੱਡੀਆਂ ਵੱਲੋਂ ਛੱਡੇ ਜਾਂਦੇ ਧੂੰਏਂ ਦਾ ਹੈ। ਜਨਰੇਟਰ ਵਰਗੇ ਉਪਕਰਨਾਂ ਦੀ ਨਿਕਾਸੀ 16 ਫ਼ੀਸਦੀ ਹੈ। ਇਸ ਦੇ ਇਲਾਵਾ ਸਨਅਤੀ ਨਿਕਾਸੀ 7 ਫ਼ੀਸਦੀ ਅਤੇ ਪਰਾਲੀ ਜਾਂ ਹੋਰ ਬਾਇਓ ਪਦਾਰਥਾਂ ਨੂੰ ਸਾੜਨ ਤੋਂ ਨਿਕਲੇ ਧੂੰਏਂ ਦਾ ਹਿੱਸਾ ਲਗਪਗ 12 ਫ਼ੀਸਦੀ ਹੁੰਦਾ ਹੈ। ਇਸ ਮੌਸਮ ਵਿਚ ਸਾਫ਼ ਹਵਾ ਦੀ ਖਲਨਾਇਕ ਪਰਾਲੀ ਹੈ। ਭਾਵੇਂ ਸਰਕਾਰ ਪਰਾਲੀ ਨੂੰ ਖੇਤ ਵਿਚ ਹੀ ਜਜ਼ਬ ਕਰਨ ਦੇ ਉਪਕਰਨ ਵੇਚ ਰਹੀ ਹੈ ਅਤੇ ਉਸ ਵਾਸਤੇ ਸਬਸਿਡੀ ਵੀ ਦੇ ਰਹੀ ਹੈ ਪਰ ਕਿਸਾਨਾਂ ਕੋਲ ਅਗਲੀ ਫ਼ਸਲ ਦੀ ਬਿਜਾਈ ਲਈ ਵਕਤ ਬਹੁਤ ਘੱਟ ਹੁੰਦਾ ਹੈ। ਇਸ ਲਈ ਉਹ ਪਰਾਲੀ ਨੂੰ ਸਾੜਨ ਵਿਚ ਹੀ ਬਿਹਤਰੀ ਸਮਝਦੇ ਹਨ। ਹਰਿਆਣਾ-ਪੰਜਾਬ ਸਦੀਆਂ ਤੋਂ ਖੇਤੀ ਪ੍ਰਧਾਨ ਸੂਬੇ ਰਹੇ ਹਨ। ਫਿਰ ਪਰਾਲੀ ਦੀ ਸਮੱਸਿਆ ਹਾਲ ਹੀ ਵਿਚ ਕਿਉਂ ਉੱਭਰੀ ਹੈ? ਇਸ ਸਵਾਲ ਦਾ ਜਵਾਬ ਉਸ ਬਿਰਤੀ ਵਿਚ ਲੁਕਿਆ ਹੈ ਜਿਸ ਤਹਿਤ ਰੇਗਿਸਤਾਨ ਨਾਲ ਲੱਗਦੇ ਪੰਜਾਬ ਅਤੇ ਹਰਿਆਣਾ ਵਿਚ ਝੋਨੇ ਦੀ ਬੇਹਿਸਾਬੀ ਖੇਤੀ ਹੋਣ ਲੱਗੀ। ਇਕ ਤਾਂ ਭਾਖੜਾ ਨੰਗਲ ਡੈਮ ਨੇ ਖ਼ੂਬ ਪਾਣੀ ਦਿੱਤਾ, ਫਿਰ ਉਪਜ ਚੰਗੀ ਹੋਈ ਤਾਂ ਕਿਸਾਨ ਧਰਤੀ ਹੇਠਲੇ ਪਾਣੀ ਨੂੰ ਬੇਹਿਸਾਬਾ ਵਰਤਣ ਲੱਗਾ। ਫਿਰ ਸਰਕਾਰ ਨੇ ਕਿਸਾਨਾਂ ਨੂੰ ਬਿਜਲੀ ਮੁਫ਼ਤ ਕਰ ਦਿੱਤੀ ਅਤੇ ਜ਼ਮੀਨ 'ਚੋਂ ਪਾਣੀ ਕੱਢਣ 'ਤੇ ਕੋਈ ਰੋਕ ਨਹੀਂ ਰਹੀ। ਇਸ ਦੇ ਇਲਾਵਾ ਜਿੰਨਾ ਵੀ ਝੋਨਾ ਉਗਾਓ, ਉਸ ਦੀ ਸਰਕਾਰੀ ਖ਼ਰੀਦ ਦੀ ਗਾਰੰਟੀ। ਇਸ ਸਮੇਂ ਦੇਸ਼ ਵਿਚ ਚੌਲਾਂ ਦਾ 110.28 ਲੱਖ ਮੀਟ੍ਰਿਕ ਟਨ ਅਤੇ ਝੋਨੇ ਦਾ 237.28 ਲੱਖ ਮੀਟ੍ਰਿਕ ਟਨ ਸੁਰੱਖਿਅਤ ਸਟਾਕ ਰੱਖਿਆ ਹੋਇਆ ਹੈ ਜਦਕਿ ਸਾਡੇ ਇੱਥੇ ਚੌਲ ਦੀ ਸਾਲਾਨਾ ਮੰਗ ਇਸ ਤੋਂ ਇਕ ਚੌਥਾਈ ਵੀ ਨਹੀਂ ਹੈ। ਕੀ ਅਜਿਹੇ ਹਾਲਾਤ ਵਿਚ ਝੋਨੇ ਦੀ ਖੇਤੀ ਨੂੰ ਨਿਰ-ਉਤਸ਼ਾਹਿਤ ਕਰਨ ਦੀ ਲੋੜ ਨਹੀਂ ਹੈ? ਜੇ ਅਜਿਹਾ ਹੋ ਜਾਵੇ ਤਾਂ ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਇਕ ਕਾਰਕ ਨੂੰ ਨੱਥ ਪਾਈ ਜਾ ਸਕਦੀ ਹੈ।

-ਪੰਕਜ ਚਤੁਰਵੇਦੀ।

Posted By: Jagjit Singh