-ਮਨਪ੍ਰੀਤ ਸਿੰਘ ਜੱਸੀ

ਜੂਨ 1984 ਜਦੋਂ ਵੀ ਇਹ ਸੰਨ ਅਸੀਂ ਸੁਣਦੇ ਹਾਂ ਜਾਂ ਕਦੇ ਵੀ ਇਸ ਸਬੰਧੀ ਕੋਈ ਗੱਲ ਹੋਵੇ ਤਾਂ ਅਸੀਂ ਅਕਸਰ ਚੌਕੰਨੇ ਹੋ ਜਾਂਦੇ ਹਾਂ ਅਤੇ ਬਹੁਤ ਧਿਆਨ ਨਾਲ ਇਸ ਪ੍ਰਤੀ ਹੋ ਰਹੀ ਗੱਲਬਾਤ ਨੂੰ ਸੁਣਦੇ ਹਾਂ। ਜੂਨ 1984 'ਚ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਫ਼ੌਜ ਆਪਣੇ ਨਾਲ ਜੋ ਅਣਮੁੱਲਾ ਸਰਮਾਇਆ ਲੈ ਗਈ ਸੀ, ਉਹ ਅੱਜ 35 ਸਾਲ ਬੀਤ ਜਾਣ ਦੇ ਬਾਵਜੂਦ ਸਿੱਖ ਹਿਰਦਿਆਂ ਅਤੇ ਸਿੱਖ ਸਿਆਸਤ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੰਨ 1984 'ਚ ਜੋ ਹੋਇਆ, ਉਸ ਦੇ ਜ਼ਖ਼ਮ ਅੱਜ ਤਕ ਅੱਲੇ ਹਨ। ਸਾਲਾਂ ਫਰਵਰੀ 1945 ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਸਿੱਖ ਹਿਸਟਰੀ ਸੁਸਾਇਟੀ ਦੀ ਨੀਂਹ ਰੱਖੀ ਗਈ। ਇਸ ਇਕੱਤਰਤਾ ਦੀ ਪ੍ਰਧਾਨਗੀ ਮਹਾਰਾਜਾ ਦਲੀਪ ਸਿੰਘ ਦੀ ਸ਼ਹਿਜ਼ਾਦੀ ਮਹਾਰਾਣੀ ਬੰਬਾ ਸਦਰਲੈਂਡ ਨੇ ਕੀਤੀ ਸੀ। ਸ਼੍ਰੋਮਣੀ ਕਮੇਟੀ ਵੱਲੋਂ 10 ਮਾਰਚ 1945 ਈ: ਦੀ ਜਨਰਲ ਇਕੱਤਰਤਾ 'ਚ ਸਿੱਖ ਇਤਿਹਾਸ ਖੋਜ ਅਧੀਨ ਇਕ ਸਿੱਖ ਸੈਂਟਰਲ ਲਾਇਬ੍ਰੇਰੀ ਕਾਇਮ ਕਰਨ ਲਈ ਤਜਵੀਜ਼ ਰੱਖੀ ਗਈ। ਇਕ ਸਾਲ ਬਾਅਦ ਇਹ ਤਜਵੀਜ਼ ਨੇਪਰੇ ਚੜ੍ਹੀ ਅਤੇ ਲਾਇਬ੍ਰੇਰੀ ਦਾ ਨਿਰਮਾਣ 1946 ਨੂੰ ਹੋਇਆ।

ਇਸ ਲਾਇਬ੍ਰੇਰੀ ਦਾ ਮੁੱਖ ਮੰਤਵ ਸੀ ਕਿ ਸਿੱਖ ਇਤਿਹਾਸ ਸਬੰਧੀ ਪੁਸਤਕਾਂ ਅਤੇ ਹੋਰ ਦੁਰਲਭ ਸਮੱਗਰੀ ਨੂੰ ਇਕ ਸਥਾਨ 'ਤੇ ਇਕੱਤਰ ਕਰ ਕੇ ਰੱਖਣਾ ਅਤੇ ਇਸ ਲਾਇਬ੍ਰੇਰੀ 'ਚ ਹੀ ਖੋਜੀ ਵਿਦਵਾਨ ਇੱਥੇ ਬੈਠ ਕੇ ਖੋਜ ਕਾਰਜ ਕਰ ਸਕਣ। ਇਸ ਲਈ ਸਿੱਖ ਸੈਂਟਰਲ ਲਾਇਬ੍ਰੇਰੀ ਦਾ ਨਾਂ ਬਦਲ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਰੱਖ ਦਿੱਤਾ ਗਿਆ ਤਾਂ ਜੋ ਕਿਸੇ ਵੀ ਮੰਤਵ ਲਈ ਪੁਸਤਕ ਜਾਂ ਕੋਈ ਵੀ ਦੁਰਲਭ ਸਮੱਗਰੀ ਇਸ 'ਚੋਂ ਬਾਹਰ ਨਾ ਜਾ ਸਕੇ।

ਜਦੋਂ ਸ੍ਰੀ ਦਰਬਾਰ ਸਾਹਿਬ ਦੇ ਪਰਿਸਰ 'ਚ ਫ਼ੌਜ ਦਾਖਲ ਹੋਈ ਅਤੇ ਉਸ ਦਿਨ ਤੋਂ ਅੱਜ ਤਕ ਸਿੱਖ ਰੈਫਰੈਂਸ ਲਾਇਬ੍ਰੇਰੀ 'ਚੋਂ ਆਰਮੀ ਵੱਲੋਂ ਸਾਹਿਤਕ ਸਰਮਾਇਆ ਲੈ ਕੇ ਜਾਣ ਦਾ ਮਸਲਾ ਅਜੇ ਤਕ ਗੰਭੀਰ ਬਣਿਆ ਹੋਇਆ ਹੈ। ਪੈਂਤੀ ਸਾਲ ਬਾਅਦ ਅੱਜ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ 'ਤੇ ਸਿਆਸਤ ਹੋ ਰਹੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਸਬੰਧੀ ਮੰਗ ਪੱਤਰ ਗ੍ਰਹਿ ਮੰਤਰਾਲੇ ਤਕ ਦਿੱਤੇ ਜਾ ਰਹੇ ਹਨ ਪਰ ਅਜੇ ਤਕ ਇਸ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਕੁਝ ਦਿਨ ਪਹਿਲਾਂ ਮਨਜੀਤ ਸਿੰਘ ਜੀਕੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਬਿਆਨ ਦਿੱਤਾ ਸੀ ਕਿ ਆਰਮੀ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ, ਸ੍ਰੀ ਗੁਰੂ ਰਾਮਦਾਸ ਲਾਇਬ੍ਰੇਰੀ, ਤੋਸ਼ਾਖਾਨਾ ਤੇ ਐੱਸਜੀਪੀਸੀ ਦੇ ਦਫ਼ਤਰ ਤੋਂ ਮੁਕੰਮਲ ਡਾਕੂਮੈਂਟ ਆਰਮੀ ਆਪਣੇ ਨਾਲ ਲੈ ਗਈ। ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਕਿਰਪਾਲ ਸਿੰਘ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿਆਨੀ ਸਾਹਿਬ ਸਿੰਘ ਨੇ ਉਸ ਸਮੇਂ ਆਰਮੀ ਦੇ ਨਾਲ ਬ੍ਰਿਗੇਡੀਅਰ ਉਪਕਾਰ ਸਿੰਘ ਗੁਰਾਇਆ ਨੇ ਕਿਹਾ ਸੀ ਕਿ ਇਸ ਸਾਮਾਨ ਨੂੰ ਨਾ ਲਿਆਜਿਆ ਜਾਵੇ। ਉਸ ਸਮੇਂ ਦੇ ਸਿੱਖ ਗ੍ਰਹਿ ਮੰਤਰੀ ਬੂਟਾ ਸਿੰਘ ਨੇ ਇਹ ਦਾਅਵਾ ਕੀਤਾ ਸੀ ਕਿ 125 ਬੈਗ ਦਿੱਲੀ ਏਅਰਪੋਰਟ 'ਤੇ ਫ਼ੌਜ ਵੱਲੋਂ ਨਾਲ ਲਿਆਂਦੇ ਸਾਮਾਨ ਦੇ ਉਤਾਰੇ ਗਏ ਸਨ। ਉਨ੍ਹਾਂ ਮੁਤਾਬਕ ਇਹ ਸਾਰਾ ਸਾਮਾਨ ਅਸੀਂ ਸੀਬੀਆਈ ਦੇ ਹਵਾਲੇ ਕਰ ਦਿੱਤਾ ਸੀ ਕਿਉਂਕਿ ਇਸ ਸਬੰਧੀ ਸਾਰਾ ਕੇਸ ਉਸ ਕੋਲ ਸੀ। ਜ਼ਿਕਰਯੋਗ ਹੈ ਕਿ ਸੰਨ 1990 ਨੂੰ ਕੋਰਟ ਵੱਲੋਂ ਸੀਬੀਆਈ ਨੂੰ ਹੁਕਮ ਦਿੱਤੇ ਜਾਂਦੇ ਹਨ ਕਿ ਜੋ ਸਾਮਾਨ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ, ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਲੈ ਕੇ ਆਏ ਹੋ, ਉਹ ਵਾਪਸ ਕਰ ਦਿੱਤਾ ਜਾਵੇ। ਸੰਨ 1984 ਤੋਂ 1990 ਦੇ ਛੇ ਸਾਲ ਦੇ ਵਕਫੇ ਦੌਰਾਨ ਸੀਬੀਆਈ ਨੇ ਜਵਾਬ 'ਚ ਕਿਹਾ ਕਿ ਅਸੀਂ ਕਾਫੀ ਚੀਜ਼ਾਂ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਦਿੱਤੀਆਂ ਹਨ ਅਤੇ ਸਾਡੇ ਕੋਲ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਉਸ ਦੀਆਂ ਰਸੀਦਾਂ ਵੀ ਹਨ।

ਜ਼ਿਕਰਯੋਗ ਹੈ ਕਿ ਉਸ ਸਮੇਂ ਮਨਜੀਤ ਸਿੰਘ ਕਲਕੱਤਾ ਤੇ ਭਾਨ ਸਿੰਘ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਨ। ਹੁਣ ਇਹ ਦੋਵੇਂ ਸ਼ਖਸ਼ ਅਕਾਲ ਚਲਾਣਾ ਕਰ ਗਏ ਹਨ। ਪਿਛਲੇ ਦਿਨੀਂ ਮੀਡੀਆ ਰਿਪੋਰਟਾਂ ਰਾਹੀਂ ਇਹ ਦਾਅਵਾ ਕੀਤਾ ਗਿਆ ਸੀ ਕਿ 1984 ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖ਼ਤਾਂ ਵਾਲਾ ਸੀ, ਇਹ ਸਰੂਪ ਇੰਗਲੈਂਡ 'ਚ 4000 ਪੌਂਡ ਵਿਚ ਵੇਚਿਆ ਗਿਆ। ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੀ ਪੇਂਟਿੰਗ ਵੀ ਮੁਰੰਮਤ ਲਈ ਵਿਦੇਸ਼ 'ਚ ਭੇਜੀ ਗਈ ਤੇ ਉਸ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ। ਇਸ ਖ਼ਬਰ ਨੇ ਸਿੱਖ ਹਿਰਦਿਆਂ ਨੂੰ ਵਲੂੰਧਰ ਦਿੱਤਾ ਅਤੇ ਦੇਸ਼-ਵਿਦੇਸ਼ 'ਚ ਵਸ ਰਹੇ ਸਿੱਖਾਂ 'ਚ ਹਲਚਲ ਮਚਾ ਦਿੱਤੀ। ਮੈਨੂੰ ਆਪਣੇ ਤੌਰ 'ਤੇ ਇਹ ਲੱਗਦਾ ਕਿ ਗੁਰੂ ਮਹਾਰਾਜ (ਸ਼ਬਦ ਗੁਰੂ) ਵਿਚ ਆਸਥਾ ਰੱਖਣ ਵਾਲਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਸੌਦਾ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕੇਗਾ। ਇਸ ਖ਼ਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਅਚਨਚੇਤ ਅਜਿਹੀ ਹਲਚਲ ਪੈਦਾ ਕਰ ਦਿੱਤੀ ਕਿ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਪੁਰਾਣੇ ਅਤੇ ਮੌਜੂਦਾ ਅਧਿਕਾਰੀਆਂ ਦੀ ਮੀਟਿੰਗ ਸੱਦ ਲਈ ਅਤੇ ਇਸ ਕਮੇਟੀ ਨੇ ਹਮੇਸ਼ਾ ਦੀ ਤਰ੍ਹਾਂ ਇਕ ਸਬ ਕਮੇਟੀ ਕਾਇਮ ਕਰ ਦਿੱਤੀ ਹੈ। ਇਸ ਮੀਟਿੰਗ 'ਚ ਇਹ ਵੀ ਪੁਸ਼ਟੀ ਕੀਤੀ ਗਈ ਕਿ ਸਾਕਾ ਨੀਲਾ ਤਾਰਾ ਦੌਰਾਨ ਫ਼ੌਜ ਵੱਲੋਂ ਨਾਲ ਲੈ ਕੇ ਗਏ ਅਨਮੋਲ ਸਰਮਾਏ 'ਚੋਂ ਕੁਝ ਵੀ ਨਹੀਂ ਮਿਲਿਆ। ਸ਼੍ਰੋਮਣੀ ਕਮੇਟੀ ਦੇ ਲਾਇਬ੍ਰੇਰੀ ਸਾਬਕਾ ਡਾਇਰੈਕਟਰ ਡਾ. ਅਨੁਰਾਗ ਸਿੰਘ ਵੱਲੋਂ ਮੀਟਿੰਗ 'ਚ ਇਹ ਤੱਥ ਪੇਸ਼ ਕੀਤੇ ਗਏ ਕਿ ਲਿਸਟਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 205 ਹੱਥ ਲਿਖਤ ਸਰੂਪ, 807 ਪੁਸਤਕਾਂ, 1 ਹੁਕਮਨਾਮਾ ਅਤੇ ਕੁਝ ਅਖ਼ਬਾਰਾਂ ਸ਼੍ਰੋਮਣੀ ਕਮੇਟੀ ਨੂੰ ਵਾਪਸ ਕੀਤੀ ਗਈਆਂ ਹਨ। ਸ਼੍ਰੋਮਣੀ ਕਮੇਟੀ ਦੇ ਅਸੈਸ਼ਨ ਰਜਿਸਟਰਾਂ ਦੇ ਰਿਕਾਰਡ ਮੁਤਾਬਕ ਜੋ ਕਿ ਸ਼੍ਰੋਮਣੀ ਕਮੇਟੀ ਦੀ ਮੀਟਿੰਗ 'ਚ ਇਹ ਤੱਥ ਪੇਸ਼ ਹੋਇਆ ਕਿ ਜੂਨ 1984 ਤੋਂ ਪਹਿਲਾਂ ਲਾਇਬ੍ਰੇਰੀ ਵਿਚ 512 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ, 12613 ਦੁਰਲਭ ਪੁਸਤਕਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਅਖ਼ਬਾਰਾਂ ਮੌਜੂਦ ਸਨ। ਸ਼੍ਰੋਮਣੀ ਕਮੇਟੀ ਨੇ ਇਹ ਸਾਫ਼ ਕੀਤਾ ਕਿ ਡਾ. ਅਨੁਰਾਗ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਲਾਇਬ੍ਰੇਰੀ ਦਾ ਸਾਮਾਨ ਵਾਪਸ ਆਇਆ ਵੀ ਹੈ ਪਰ ਫਿਰ ਵੀ 307 ਹੱਥ ਲਿਖਤ ਪਾਵਨ ਸਰੂਪ ਅਤੇ 11107 ਪੁਸਤਕਾਂ ਅਜੇ ਵੀ ਸ਼੍ਰੋਮਣੀ ਕਮੇਟੀ ਪਾਸ ਨਹੀਂ ਪੁੱਜੀਆਂ।

ਸ਼੍ਰੋਮਣੀ ਕਮੇਟੀ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਕਿ ਸਾਰਾ ਸਾਮਾਨ ਸ਼੍ਰੋਮਣੀ ਕਮੇਟੀ ਨੂੰ ਵਾਪਸ ਮਿਲਿਆ ਹੋਵੇ। ਕੁਝ ਦਿਨ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਗ੍ਰਹਿ ਮੰਤਰੀ ਨੂੰ ਮਿਲ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਅਣਮੁੱਲਾ ਖ਼ਜ਼ਾਨਾ ਵਾਪਸ ਦੇਣ ਲਈ ਮੰਗ ਪੱਤਰ ਦਿੱਤਾ। ਇਹ ਪਹਿਲੀ ਵਾਰ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਚੀਜ਼ਾਂ ਨੂੰ ਵਾਪਸ ਲੈਣ ਲਈ ਮੰਗ ਪੱਤਰ ਦਿੱਤਾ ਹੋਵੇ। ਐੱਸਜੀਪੀਸੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮੇਂ-ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ 'ਚੋਂ ਜੋ ਵੀ ਸਰਮਾਇਆ ਫ਼ੌਜ ਨਾਲ ਲੈ ਕੇ ਗਈ, ਉਹ ਗ੍ਰਹਿ ਮੰਤਰਾਲੇ ਨਾਲ ਮੁਲਾਕਾਤ ਕਰ ਕੇ ਵਾਪਸ ਮੰਗਿਆ ਜਾ ਰਿਹਾ ਹੈ। ਜਦ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਵਜੋਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਸਨ, ਉਦੋਂ ਵੀ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਕੋਲੋਂ ਲਾਇਬ੍ਰੇਰੀ ਦਾ ਸਾਮਾਨ ਵਾਪਸ ਲੈਣ ਸਬੰਧੀ ਆਵਾਜ਼ ਬੁਲੰਦ ਕੀਤੀ ਸੀ ਅਤੇ ਹੁਣ ਮੋਦੀ ਸਰਕਾਰ ਵੇਲੇ ਵੀ ਕਰ ਰਹੀ ਹੈ ਪਰ ਅਜੇ ਤਕ ਇਸ ਦਾ ਕੋਈ ਹੱਲ ਨਹੀਂ ਨਿਕਲਿਆ।

-ਮੋਬਾਈਲ ਨੰ. : 62808-62514

Posted By: Sukhdev Singh