ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਲੋਕ ਸਭਾ ਵਿਚ ਬਿਆਨ ਨਾਲ ਸਿਰਫ਼ ਇਹੀ ਸਪਸ਼ਟ ਨਹੀਂ ਹੋਇਆ ਕਿ ਚੀਨੀ ਫ਼ੌਜ ਲੱਦਾਖ ਵਿਚ ਅਸਲ ਕੰਟਰੋਲ ਰੇਖਾ 'ਤੇ ਪਹਿਲਾਂ ਵਾਲੀ ਸਥਿਤੀ ਨੂੰ ਬਦਲਣ 'ਤੇ ਉਤਾਰੂ ਹੈ ਬਲਕਿ ਇਹ ਵੀ ਸਾਫ਼ ਹੋਇਆ ਕਿ ਉਸ ਦੀ ਨੀਅਤ ਠੀਕ ਨਹੀਂ। ਉਸ ਦੀ ਖ਼ਰਾਬ ਨੀਅਤ ਦਾ ਪਤਾ ਇਸ ਤੋਂ ਵੀ ਲੱਗਦਾ ਹੈ ਕਿ ਫ਼ੌਜੀ ਪੱਧਰ 'ਤੇ ਤਮਾਮ ਗੱਲਬਾਤ ਤੋਂ ਬਾਅਦ ਵੀ ਉਹ ਪਿੱਛੇ ਹਟਣ ਨੂੰ ਤਿਆਰ ਨਹੀਂ। ਕਿਉਂਕਿ ਰੱਖਿਆ ਮੰਤਰੀ ਦਾ ਬਿਆਨ ਇਹ ਰੇਖਾਂਕਿਤ ਕਰ ਰਿਹਾ ਹੈ ਕਿ ਚੀਨੀ ਫ਼ੌਜ ਕੰਟਰੋਲ ਰੇਖਾ 'ਤੇ ਪਹਿਲਾਂ ਵਾਲੀ ਸਥਿਤੀ ਬਣਾਈ ਰੱਖਣ ਸਬੰਧੀ ਸਮਝੌਤਿਆਂ ਦੀ ਪਾਲਣਾ ਕਰਨ ਲਈ ਤਿਆਰ ਨਹੀਂ, ਇਸ ਲਈ ਭਾਰਤ ਨੂੰ ਵੀ ਇਸ ਗੱਲ 'ਤੇ ਗ਼ੌਰ ਕਰਨਾ ਹੋਵੇਗਾ ਕਿ ਚੀਨ ਨਾਲ ਹੋਏ ਵੱਖ-ਵੱਖ ਸਮਝੌਤਿਆਂ ਪ੍ਰਤੀ ਕਿਸ ਹੱਦ ਤਕ ਵਚਨਬੱਧਤਾ ਪ੍ਰਗਟਾਈ ਜਾਣੀ ਚਾਹੀਦੀ ਹੈ? ਇਹ ਠੀਕ ਨਹੀਂ ਕਿ ਚੀਨ ਤਾਂ ਹਰ ਤਰ੍ਹਾਂ ਦੇ ਸਮਝੌਤਿਆਂ ਤੋਂ ਬੇਪਰਵਾਹੀ ਦਿਖਾਵੇ ਅਤੇ ਭਾਰਤ ਖ਼ੁਦ ਨੂੰ ਉਨ੍ਹਾਂ ਵਿਚ ਬੰਨ੍ਹੀ ਰੱਖੇ। ਦੁਸ਼ਟ ਨਾਲ ਦੁਸ਼ਟਤਾ ਵਾਲਾ ਸਲੂਕ ਕਰਨਾ ਹੀ ਵਾਜਿਬ ਹੈ। ਚੀਨ ਦੇ ਕਪਟ ਭਰੇ ਆਚਰਨ ਨੂੰ ਦੇਖਦੇ ਹੋਏ ਇਹ ਜ਼ਰੂਰੀ ਹੀ ਨਹੀਂ, ਲਾਜ਼ਮੀ ਹੈ ਕਿ ਦੇਸ਼ ਦਾ ਸਿਆਸੀ ਵਰਗ ਇਕ ਸੁਰ ਵਿਚ ਉਸ ਨੂੰ ਖ਼ਬਰਦਾਰ ਕਰੇ। ਇਹ ਬਦਕਿਸਮਤੀ ਹੀ ਨਹੀਂ, ਸ਼ਰਮਨਾਕ ਵੀ ਹੈ ਕਿ ਜਦ ਰਾਜਨਾਥ ਸਿੰਘ ਨੇ ਲੱਦਾਖ ਸਰਹੱਦ 'ਤੇ ਹਾਲਾਤ ਨੂੰ ਚੁਣੌਤੀਪੂਰਨ ਦੱਸਦੇ ਹੋਏ ਇਹ ਅਪੀਲ ਕੀਤੀ ਕਿ ਸਾਰੇ ਸੰਸਦ ਮੈਂਬਰਾਂ ਨੂੰ ਇਕਜੁੱਟ ਹੋ ਕੇ ਫ਼ੌਜ ਦਾ ਮਨੋਬਲ ਵਧਾਉਣਾ ਚਾਹੀਦਾ ਹੈ ਉਦੋਂ ਕਾਂਗਰਸ ਨੇ ਸਦਨ ਦਾ ਬਾਈਕਾਟ ਕਰਨਾ ਜ਼ਰੂਰੀ ਸਮਝਿਆ। ਆਖ਼ਰ ਇਸ ਤਰ੍ਹਾਂ ਦੇ ਬਾਈਕਾਟ ਨਾਲ ਕਾਂਗਰਸ ਦੇਸ਼ ਅਤੇ ਦੁਨੀਆ ਨੂੰ ਕੀ ਸੁਨੇਹਾ ਦੇਣਾ ਚਾਹੁੰਦੀ ਹੈ? ਚੀਨ ਦੇ ਹਮਲਾਵਰ ਰੁਖ਼ 'ਤੇ ਇਕ ਲਫ਼ਜ਼ ਵੀ ਬੋਲਣ ਨੂੰ ਤਿਆਰ ਨਹੀਂ ਰਾਹੁਲ ਗਾਂਧੀ ਦਾ ਇਹ ਕਹਿਣਾ ਨਾਦਾਨੀ ਵਾਲੀ ਬਿਆਨਬਾਜ਼ੀ ਤੋਂ ਇਲਾਵਾ ਹੋਰ ਕੁਝ ਨਹੀਂ ਕਿ ਦੇਸ਼ ਤਾਂ ਫ਼ੌਜ ਦੇ ਨਾਲ ਖੜ੍ਹਾ ਹੈ ਪਰ ਆਖ਼ਰ ਪ੍ਰਧਾਨ ਮੰਤਰੀ ਚੀਨ ਵਿਰੁੱਧ ਕਦੋਂ ਖੜ੍ਹੇ ਹੋਣਗੇ? ਕੀ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਫ਼ੌਜ ਪ੍ਰਧਾਨ ਮੰਤਰੀ ਦੇ ਸਮਰਥਨ ਦੇ ਬਿਨਾਂ ਹੀ ਮੋਰਚਿਆਂ 'ਤੇ ਡਟੀ ਹੋਈ ਹੈ? ਕੀ ਰਾਸ਼ਟਰੀ ਸੁਰੱਖਿਆ ਦੇ ਗੰਭੀਰ ਵਿਸ਼ੇ 'ਤੇ ਕਿਸੇ ਵਿਰੋਧੀ ਨੇਤਾ ਨੂੰ ਅਜਿਹੀ ਬੇਤੁਕੀ ਗੱਲ ਕਰਨੀ ਚਾਹੀਦੀ ਹੈ? ਅਸਲ ਕੰਟਰੋਲ ਰੇਖਾ ਦੀ ਸਥਿਤੀ ਨੂੰ ਲੈ ਕੇ ਸਵਾਲ ਕਰਨ ਦੇ ਅਧਿਕਾਰ ਦਾ ਮਤਲਬ ਇਹ ਤਾਂ ਨਹੀਂ ਹੋ ਸਕਦਾ ਕਿ ਪ੍ਰਧਾਨ ਮੰਤਰੀ ਨੂੰ ਕਮਜ਼ੋਰ ਅਤੇ ਚੀਨ ਤੋਂ ਡਰਨ ਵਾਲਾ ਦੱਸਿਆ ਜਾਵੇ। ਰਾਹੁਲ ਗਾਂਧੀ ਤਿੰਨ-ਚਾਰ ਮਹੀਨੇ ਤੋਂ ਠੀਕ ਇਹੀ ਕਰ ਰਹੇ ਹਨ। ਉਨ੍ਹਾਂ ਨੂੰ ਨਾ ਸਹੀ, ਘੱਟੋ-ਘੱਟ ਉਨ੍ਹਾਂ ਦੇ ਸਹਿਯੋਗੀਆਂ ਨੂੰ ਤਾਂ ਇੰਨੀ ਰਾਜਨੀਤਕ ਸਮਝ-ਬੂਝ ਹੋਣੀ ਹੀ ਚਾਹੀਦੀ ਹੈ ਕਿ ਉਨ੍ਹਾਂ ਦੇ ਬੇਤੁਕੇ ਬਿਆਨ ਜਾਣੇ-ਅਨਜਾਣੇ ਵਿਚ ਜੇਕਰ ਕਿਸੇ ਦੇ ਹਿੱਤਾਂ ਦੀ ਪੂਰਤੀ ਕਰ ਰਹੇ ਹਨ ਤਾਂ ਚੀਨ ਦੇ। ਆਖ਼ਰ ਸਿਆਸਤ ਦਾ ਇਸ ਤੋਂ ਭੱਦਾ ਰੂਪ ਭਲਾ ਹੋਰ ਕੀ ਹੋ ਸਕਦਾ ਹੈ ਕਿ ਜਦ ਦੁਨੀਆ ਨੂੰ ਦੇਸ਼ ਦੀ ਇਕਜੁੱਟਤਾ ਦਾ ਸੁਨੇਹਾ ਦੇਣ ਦੀ ਜ਼ਰੂਰਤ ਹੈ, ਉਦੋਂ ਕਾਂਗਰਸ ਨਾ ਸਿਰਫ਼ ਅਲੱਗ ਰਾਗ ਅਲਾਪ ਰਹੀ ਹੈ, ਬਲਕਿ ਪ੍ਰਧਾਨ ਮੰਤਰੀ 'ਤੇ ਅਜਿਹੇ ਦੋਸ਼ ਲਾਉਣ 'ਚ ਰੁੱਝੀ ਹੋਈ ਹੈ ਕਿ ਉਹ ਚੀਨ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ। ਇਹ ਸਸਤੀ ਸਿਆਸਤ ਤੋਂ ਸਿਵਾਏ ਕੁਝ ਵੀ ਨਹੀਂ ਹੈ। ਸਭ ਸਿਆਸੀ ਧਿਰਾਂ ਨੂੰ ਚੀਨ ਖ਼ਿਲਾਫ਼ ਇਕਜੁੱਟਤਾ ਦਿਖਾਉਣੀ ਹੋਵੇਗੀ। ਦੇਸ਼ ਦੀ ਸੁਰੱਖਿਆ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਬਿਆਨਬਾਜ਼ੀ ਹਰਗਿਜ਼ ਬਰਦਾਸ਼ਤ ਨਹੀਂ ਕਰਨੀ ਚਾਹੀਦੀ।

Posted By: Jagjit Singh