ਡਾ. ਏ. ਕੇ. ਵਰਮਾ

ਮਹਾਰਾਸ਼ਟਰ ਵਿਚ ਆਖ਼ਰਕਾਰ ਊਧਵ ਠਾਕਰੇ ਦੀ ਅਗਵਾਈ ਹੇਠ ਸ਼ਿਵ ਸੈਨਾ-ਰਾਕਾਂਪਾ-ਕਾਂਗਰਸ ਗੱਠਜੋੜ ਦੀ ਸਰਕਾਰ ਬਣ ਹੀ ਗਈ। ਇਹ ਭਾਰਤੀ ਸਿਆਸਤ ਵਿਚ ਵਿਚਾਰਧਾਰਾ ਦੇ ਅੰਤ ਦਾ ਹੀ ਨਹੀਂ ਸਗੋਂ ਵਿਚਾਰਧਾਰਾ 'ਤੇ ਸਿਆਸੀ ਖ਼ਾਹਿਸ਼ਾਂ ਦੀ ਚੜ੍ਹਤ ਦੀ ਵੀ ਜਿਊਂਦੀ-ਜਾਗਦੀ ਮਿਸਾਲ ਹੈ। ਕੱਲ੍ਹ ਤਕ ਸ਼ਿਵ ਸੈਨਾ ਅਤੇ ਕਾਂਗਰਸ-ਰਾਕਾਂਪਾ ਵਿਚਾਰਧਾਰਾ ਦੇ ਦੋ ਵਿਰੋਧੀ ਧਰੁਵਾਂ ਦੀ ਤਰ੍ਹਾਂ ਸਨ। ਸ਼ਿਵ ਸੈਨਾ ਜਿੱਥੇ ਕੱਟੜ ਹਿੰਦੂਤਵਵਾਦੀ ਅਰਥਾਤ ਦੱਖਣਪੰਥੀ ਪਾਰਟੀ ਦੇ ਰੂਪ ਵਿਚ ਜਾਣੀ ਜਾਂਦੀ ਸੀ, ਓਥੇ ਹੀ ਕਾਂਗਰਸ ਅਤੇ ਰਾਕਾਂਪਾ ਖੱਬੇ-ਪੱਖੀ-ਮੱਧਮਾਰਗੀ ਪਾਰਟੀਆਂ ਵਜੋਂ ਜਾਣੀਆਂ ਜਾਂਦੀਆਂ ਸਨ। ਦੋਵਾਂ ਵਿਚ ਗੰਭੀਰ ਵਿਚਾਰਕ ਮਤਭੇਦ ਰਹੇ ਹਨ ਪਰ ਅੱਜ ਸੱਤਾ ਦੇ ਲਾਲਚ ਵਿਚ ਦੋਵੇਂ ਹੀ ਧਰੁਵਾਂ ਨੇ ਵਿਚਾਰਕ ਮਤਭੇਦ ਭੁਲਾ ਕੇ ਇਕ-ਦੂਜੇ ਦਾ ਹੱਥ ਫੜ ਲਿਆ। ਸਮਾਂ ਹੀ ਦੱਸੇਗਾ ਕਿ ਇਹ ਤਜਰਬਾ ਕਿੰਨੇ ਦਿਨਾਂ ਤਕ ਚੱਲੇਗਾ ਪਰ ਇੰਨਾ ਪੱਕਾ ਹੈ ਕਿ ਇਸ ਦਾ ਖ਼ਮਿਆਜ਼ਾ ਇਨ੍ਹਾਂ ਤਿੰਨੇ ਪਾਰਟੀਆਂ ਨੂੰ ਭੁਗਤਣਾ ਪਵੇਗਾ। ਅਜਿਹਾ ਹੀ ਤਜਰਬਾ ਕੁਝ ਸਮਾਂ ਪਹਿਲਾਂ ਕਾਂਗਰਸ ਨੇ ਕਰਨਾਟਕ ਵਿਚ ਜਨਤਾ ਦਲ-ਐੱਸ ਨਾਲ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਸਮਾਜਵਾਦੀ ਪਾਰਟੀ ਨਾਲ ਕੀਤਾ ਸੀ। ਇਸ ਦੇ ਨਤੀਜੇ ਉਸ ਲਈ ਘਾਤਕ ਹੀ ਰਹੇ ਸਨ। ਇਸੇ ਨੂੰ 2019 ਵਿਚ ਉੱਤਰ ਪ੍ਰਦੇਸ਼ ਵਿਚ ਸਪਾ-ਬਸਪਾ ਨੇ ਲੋਕ ਸਭਾ ਚੋਣਾਂ ਵਿਚ ਦੁਹਰਾਇਆ ਜਿਸ ਦਾ ਉਨ੍ਹਾਂ ਦੋਵਾਂ ਨੂੰ ਹੀ ਨੁਕਸਾਨ ਹੋਇਆ।

ਅਜਿਹਾ ਮੰਨਿਆ ਜਾਂਦਾ ਹੈ ਕਿ ਜਨਤਾ ਦੀ ਯਾਦ ਸ਼ਕਤੀ ਬਹੁਤ ਕਮਜ਼ੋਰ ਹੁੰਦੀ ਹੈ ਪਰ ਇਹ ਇੰਨੀ ਵੀ ਕਮਜ਼ੋਰ ਨਹੀਂ ਹੁੰਦੀ ਕਿ ਸਿਆਸੀ ਪਾਰਟੀਆਂ ਅਤੇ ਸਿਆਸਤਦਾਨਾਂ ਦੀਆਂ ਗੰਭੀਰ ਗ਼ਲਤੀਆਂ ਨੂੰ ਬਿਲਕੁਲ ਭੁੱਲ ਜਾਵੇ। ਇਸ ਲਈ ਚੋਣਾਂ ਵਿਚ ਸਰਕਾਰਾਂ ਅਕਸਰ ਬਦਲ ਜਾਂਦੀਆਂ ਹਨ। ਵਿਚਾਰਧਾਰਾ ਰਾਜਨੀਤੀ ਦੀ ਆਤਮਾ ਹੁੰਦੀ ਹੈ। ਜਿਨ੍ਹਾਂ ਸਿਆਸੀ ਪਾਰਟੀਆਂ ਦਾ ਭਾਰਤੀ ਲੋਕਤੰਤਰ ਤੋਂ ਮੋਹ ਭੰਗ ਹੋ ਚੁੱਕਾ ਹੈ ਜਾਂ ਹੋ ਰਿਹਾ ਹੈ, ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਤੋਂ ਗ਼ਲਤੀ ਕਿੱਥੇ ਹੋ ਰਹੀ ਹੈ? ਆਖ਼ਰ ਜਨਤਾ ਨੂੰ ਇਕ ਪਾਰਟੀ ਅਤੇ ਦੂਜੀ ਪਾਰਟੀ ਵਿਚ ਫ਼ਰਕ ਕਰਨ ਦਾ ਕੋਈ ਤਾਂ ਠੋਸ ਆਧਾਰ ਚਾਹੀਦਾ ਹੈ। ਸ਼ਿਵ ਸੈਨਾ ਨੂੰ ਅੱਜ ਇਹ ਨਹੀਂ ਸਮਝ ਆ ਰਿਹਾ ਕਿ ਭਵਿੱਖ ਵਿਚ ਉਸ ਨੂੰ ਆਪਣੀ ਵਿਚਾਰਧਾਰਾ ਛੱਡਣ ਦੀ ਕੀ ਕੀਮਤ ਤਾਰਨੀ ਪਵੇਗੀ? ਜੋ ਲੋਕ ਸ਼ਿਵ ਸੈਨਾ ਦੇ ਨਾਲ ਹਨ, ਉਹ ਜ਼ਰੂਰ ਅਸਹਿਜ ਹੋਣਗੇ ਕਿਉਂਕਿ ਜੋ ਸਿਧਾਂਤਕ ਲੜਾਈ ਉਨ੍ਹਾਂ ਨੇ ਕਾਂਗਰਸ ਅਤੇ ਰਾਕਾਂਪਾ ਵਿਰੁੱਧ ਦਹਾਕਿਆਂ ਤੋਂ ਲੜੀ, ਅੱਜ ਉਸ 'ਤੇ ਪਾਣੀ ਫਿਰ ਗਿਆ ਹੈ। ਆਖ਼ਰ ਅਜਿਹੇ ਲੋਕ ਕਿਉਂ ਨਾ ਭਾਜਪਾ ਵੱਲ ਖਿੱਚੇ ਜਾਣ? ਇੱਥੇ ਉਹ ਵਿਚਾਰਕ ਤੌਰ 'ਤੇ ਆਪਣੇ-ਆਪ ਨੂੰ ਜ਼ਿਆਦਾ ਸਹਿਜ ਮਹਿਸੂਸ ਕਰਨਗੇ। ਸ਼ਿਵ ਸੈਨਾ ਵਰਗਾ ਹਸ਼ਰ ਕਾਂਗਰਸ ਦਾ ਵੀ ਹੋਵੇਗਾ। ਮਹਾਰਾਸ਼ਟਰ ਵਿਚ ਸ਼ਿਵ ਸੈਨਾ ਸਰਕਾਰ ਵਿਚ ਸ਼ਾਮਲ ਹੋ ਕੇ ਪਾਰਟੀ ਨੇ ਦੇਸ਼ ਵਿਚ ਕੀ ਕੁਝ ਨਹੀਂ ਗੁਆਇਆ? ਆਖ਼ਰ ਜੋ ਕਾਂਗਰਸ ਭਾਜਪਾ ਨੂੰ ਆਪਣਾ ਧੁਰ ਿਵਚਾਰਕ ਵਿਰੋਧੀ ਮੰਨਦੀ ਹੈ, ਉਹ ਉਸ ਦੇ ਕੱਟੜ ਰੂਪ ਸ਼ਿਵ ਸੈਨਾ ਨਾਲ ਹੱਥ ਕਿੱਦਾਂ ਮਿਲਾ ਸਕਦੀ ਹੈ? ਜਾਂ ਤਾਂ ਕਾਂਗਰਸ ਪਹਿਲਾਂ ਗ਼ਲਤ ਸੀ ਜਾਂ ਹੁਣ ਗ਼ਲਤ ਹੈ? ਸ਼ਿਵ ਸੈਨਾ ਤਾਂ ਇਕ ਸੂਬਾਈ ਪਾਰਟੀ ਹੈ, ਉਸ ਦਾ ਹਿੱਤ ਤਾਂ ਸੀਮਤ ਹੈ ਪਰ ਕਾਂਗਰਸ ਨੂੰ ਤਾਂ ਵਡੇਰੇ ਕੌਮੀ ਹਿੱਤਾਂ ਬਾਰੇ ਸੋਚਣਾ ਚਾਹੀਦਾ ਸੀ। ਕੀ ਅਗਾਮੀ ਚੋਣਾਂ ਵਿਚ ਕਾਂਗਰਸ ਕੋਲ ਵਿਚਾਰਕ ਪੱਧਰ 'ਤੇ ਭਾਜਪਾ ਦੇ ਵਿਰੋਧ ਦਾ ਕੋਈ ਆਧਾਰ ਹੋਵੇਗਾ? ਜੇ ਇਕ ਵਿਚਾਰਧਾਰਾ ਹੈ ਤਾਂ ਨੀਤੀਆਂ ਵੀ ਇੱਕੋ ਜਿਹੀਆਂ ਹੋਣਗੀਆਂ, ਫ਼ੈਸਲੇ ਅਤੇ ਪ੍ਰੋਗਰਾਮ ਵੀ ਇੱਕੋ ਜਿਹੇ ਹੋਣਗੇ। ਫਿਰ ਜਨਤਾ ਨੂੰ ਪਾਰਟੀ ਬਦਲਣ ਨਾਲ ਕੀ ਬਦਲਾਅ ਮਿਲੇਗਾ, ਕੀ ਲਾਭ ਹੋਵੇਗਾ?

ਹਾਰਵਰਡ ਯੂਨੀਵਰਸਿਟੀ ਦੇ ਵਿਦਵਾਨ ਡੈਨੀਅਲ ਬੇਲ ਨੇ ਆਪਣੀ ਪੁਸਤਕ 'ਵਿਚਾਰਧਾਰਾ ਦਾ ਅੰਤ' ਵਿਚ ਕਿਹਾ ਸੀ ਕਿ ਕਿਸੇ ਵੀ ਦੇਸ਼ ਦੇ ਉੱਨਤ ਆਰਥਿਕ-ਸਮਾਜਿਕ ਢਾਂਚੇ ਦੀ ਸੰਰਚਨਾ ਵਿਚ ਵਿਕਾਸ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ, ਵਿਚਾਰਧਾਰਾ ਦੀ ਨਹੀਂ। ਉਨ੍ਹਾਂ ਮੁਤਾਬਕ ਵੱਖ-ਵੱਖ ਸਿਆਸੀ ਵਿਸ਼ਿਆਂ ਜਿਵੇਂ ਕਿ ਕਲਿਆਣਕਾਰੀ ਰਾਜ, ਸ਼ਕਤੀਆਂ ਦਾ ਵਿਕੇਂਦਰੀਕਰਨ, ਮਿਸ਼ਰਤ ਅਰਥਚਾਰਾ ਅਤੇ ਬਹੁਲਤਾਵਾਦ 'ਤੇ ਸਾਰੀਆਂ ਵਿਚਾਰਧਾਰਾਵਾਂ 'ਚ ਮਤਭੇਦ ਹਨ। ਇਕ ਹੋਰ ਅਮਰੀਕੀ ਵਿਦਵਾਨ ਫਰਾਂਸਿਸ ਫੁਕੁਯਾਮਾ ਨੇ ਇਸ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਸੀ ਕਿ ਅਜਿਹਾ ਨਹੀਂ ਕਿ ਵਿਚਾਰਧਾਰਾਵਾਂ ਦਾ ਅੰਤ ਹੋ ਗਿਆ ਹੈ ਸਗੋਂ ਵਿਚਾਰਧਾਰਾਵਾਂ ਦੇ ਸੰਘਰਸ਼ ਵਿਚ ਦੱਖਣਪੰਥੀ ਵਿਚਾਰਧਾਰਾ ਨੇ ਅੰਤਿਮ ਅਤੇ ਸਥਾਈ ਤੌਰ 'ਤੇ ਮੁਕੰਮਲ ਜਿੱਤ ਹਾਸਲ ਕਰ ਲਈ ਹੈ ਅਤੇ ਇਹੀ ਵਿਚਾਰਧਾਰਾ ਮਨੁੱਖਤਾ ਨੂੰ ਭਵਿੱਖ ਵਿਚ ਮਾਰਗਦਰਸ਼ਨ ਦਿੰਦੀ ਰਹੇਗੀ। ਇਕ ਤਰ੍ਹਾਂ ਦੇਖਿਆ ਜਾਵੇ ਤਾਂ ਦੱਖਣਪੰਥੀ ਸ਼ਿਵ ਸੈਨਾ ਦੁਆਰਾ ਬਹੁਤ ਘੱਟ ਸੀਟਾਂ ਜਿੱਤਣ ਦੇ ਬਾਅਦ ਵੀ ਊਧਵ ਠਾਕਰੇ ਨੂੰ ਮੁੱਖ ਮੰਤਰੀ ਬਣਾਉਣਾ ਡੈਨੀਅਲ ਬੇਲ ਅਤੇ ਫੁਕੁਯਾਮਾ ਦੀਆਂ ਭਵਿੱਖਬਾਣੀਆਂ ਨੂੰ ਪ੍ਰਮਾਣਿਤ ਕਰਦਾ ਹੈ।

ਮਿਲ ਕੇ ਚੋਣਾਂ ਲੜਨ ਮਗਰੋਂ ਵੀ ਕਾਂਗਰਸ ਅਤੇ ਰਾਕਾਂਪਾ ਨੂੰ ਸ਼ਿਵ ਸੈਨਾ ਅੱਗੇ ਗੋਡੇ ਟੇਕਣੇ ਪਏ। ਅਜਿਹਾ ਕਰ ਕੇ ਕਾਂਗਰਸ ਅਤੇ ਰਾਕਾਂਪਾ ਨੇ ਆਪਣੀ ਵਿਚਾਰਧਾਰਾ ਨੂੰ ਗ਼ੈਰ-ਪ੍ਰਸੰਗਿਕ ਬਣਾ ਦਿੱਤਾ ਹੈ। ਇਕ ਤਰ੍ਹਾਂ ਨਾਲ ਇਹੀ ਕੰਮ ਸ਼ਿਵ ਸੈਨਾ ਨੇ ਕੀਤਾ ਕਿਉਂਕਿ ਸਭ ਜਾਣਦੇ ਹਨ ਕਿ ਉਸ ਦਾ ਜਨਮ ਹੀ ਕਾਂਗਰਸ ਵਿਰੋਧ ਨਾਲ ਹੋਇਆ ਸੀ। ਕੱਲ੍ਹ ਤਕ ਸ਼ਿਵ ਸੈਨਾ ਦੀ ਨਜ਼ਰ ਵਿਚ ਜਿਹੋ ਜਿਹੀ ਕਾਂਗਰਸ ਸੀ, ਉਸੇ ਤਰ੍ਹਾਂ ਦੀ ਰਾਕਾਂਪਾ ਵੀ ਹੈ।

ਮਹਾਰਾਸ਼ਟਰ ਦੇ ਘਟਨਾਚੱਕਰ ਕਾਰਨ ਭਾਜਪਾ ਨੇ ਵੀ ਬਹੁਤ ਕੁਝ ਗੁਆਇਆ ਹੈ। ਭਾਜਪਾ ਨੂੰ ਆਪਣੀ ਵਿਚਾਰਧਾਰਾ ਲਈ ਜਾਣਿਆ ਜਾਂਦਾ ਹੈ। ਭਾਰਤੀ ਸਿਆਸਤ ਵਿਚ ਕਾਂਗਰਸ ਨੂੰ ਬੇਦਖ਼ਲ ਕਰ ਕੇ ਭਾਜਪਾ ਦਾ ਜਿਸ ਤਰ੍ਹਾਂ ਉਦੈ ਹੋਇਆ ਉਹ ਫੁਕੁਯਾਮਾ ਦੀ ਥੀਸਿਸ ਨੂੰ ਸਹੀ ਸਿੱਧ ਕਰਦਾ ਹੈ। ਜਦ ਹੌਲੀ-ਹੌਲੀ ਕੇਂਦਰ ਅਤੇ ਸੂਬਿਆਂ ਵਿਚ ਭਾਜਪਾ ਨੂੰ ਸਵੀਕਾਰ ਕਰਨ ਦਾ ਰੁਝਾਨ ਵੱਧਦਾ ਜਾ ਰਿਹਾ ਸੀ ਉਦੋਂ ਮਹਾਰਾਸ਼ਟਰ ਵਿਚ ਉਸ ਨੂੰ ਇੰਨੀ ਕਾਹਲ ਨਹੀਂ ਸੀ ਦਿਖਾਉਣੀ ਚਾਹੀਦੀ ਕਿ ਪਹੁ ਫੁਟਾਲੇ ਤੋਂ ਪਹਿਲਾਂ ਹੀ ਆਪਣੇ ਮੁੱਖ ਮੰਤਰੀ ਨੂੰ ਸਹੁੰ ਚੁਕਾ ਲਈ। ਉਹ ਕੋਈ ਸਹੁੰ ਚੁੱਕ ਸਮਾਗਮ ਸੀ, ਕੋਈ ਚੋਰੀ ਤਾਂ ਨਹੀਂ? ਦੇਵੇਂਦਰ ਫੜਨਵੀਸ ਨੇ ਸਰਕਾਰ ਨਾ ਬਣਾਉਣ ਦੀ ਗੱਲ ਕਹਿ ਕੇ ਸਾਫ਼-ਸੁਥਰੀ ਸਿਆਸਤ ਦੀ ਜੋ ਮਿਸਾਲ ਸ਼ੁਰੂ ਵਿਚ ਪੇਸ਼ ਕੀਤੀ ਸੀ ਅਤੇ ਜਨਤਾ ਦੀ ਹਮਦਰਦੀ ਵੀ ਹਾਸਲ ਕੀਤੀ ਸੀ, ਉਸ ਨੂੰ ਫਜ਼ੂਲ ਗੁਆਉਣ ਦਾ ਕੋਈ ਕਾਰਨ ਨਹੀਂ ਸੀ। ਕਦੇ ਪੂਰੇ ਦੇਸ਼ ਵਿਚ ਮੱਧਮਾਰਗੀ-ਖੱਬੇਪੱਖੀ ਵਿਚਾਰਧਾਰਾ ਦੀ ਪ੍ਰਤੀਕ ਰਹੀ ਅਤੇ ਕੇਂਦਰ ਅਤੇ ਸੂਬਿਆਂ ਵਿਚ ਇਕੱਠਾ ਰਾਜ ਕਰਨ ਵਾਲੀ ਕਾਂਗਰਸ ਨੂੰ ਅੱਜ ਇਕ ਪਿੱਛਲੱਗੂ ਪਾਰਟੀ ਦੀ ਭੂਮਿਕਾ ਵਿਚ ਕਿਉਂ ਆਉਣਾ ਪਿਆ? ਇਸ ਦਾ ਕਾਰਨ ਇਹੀ ਹੈ ਕਿ ਕਾਂਗਰਸ ਨੇ 1960 ਦੇ ਦਹਾਕੇ ਤੋਂ ਜਾਂ ਉਸ ਤੋਂ ਵੀ ਪਹਿਲਾਂ ਆਪਣੀ ਵਿਚਾਰਕ ਨੀਂਹ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਸੀ। ਕੇਰਲਾ ਵਿਚ 1959 ਵਿਚ ਨੰਬੂਦਰੀਪਾਦ ਦੀ ਬਾਕਾਇਦਾ ਚੁਣੀ ਹੋਈ ਖੱਬੇ-ਪੱਖੀ ਸਰਕਾਰ ਨੂੰ ਪ੍ਰਧਾਨ ਮੰਤਰੀ ਨਹਿਰੂ ਨੇ ਤਤਕਾਲੀ ਕਾਂਗਰਸ ਪ੍ਰਧਾਨ ਇੰਦਰਾ ਗਾਂਧੀ ਦੇ ਹੁਕਮ 'ਤੇ ਭੰਗ ਕਰ ਕੇ ਇਸ ਦਾ ਸੰਕੇਤ ਦਿੱਤਾ ਸੀ। ਇੰਦਰਾ ਗਾਂਧੀ ਨੇ 1969 ਵਿਚ ਕਾਂਗਰਸ ਨੂੰ ਤੋੜ ਕੇ ਇਸ ਨੂੰ ਅੱਗੇ ਵਧਾਇਆ। ਜੈਪ੍ਰਕਾਸ਼ ਨਾਰਾਇਣ ਦੇ ਅੰਦੋਲਨ ਦੇ ਸਬੰਧ ਵਿਚ 1975 ਵਿਚ ਦੇਸ਼ ਨੂੰ ਐਮਰਜੈਂਸੀ ਵਿਚ ਸੁੱਟ ਕੇ ਇੰਦਰਾ ਗਾਂਧੀ ਨੇ ਉਸ ਨੂੰ ਹੋਰ ਪੁਖਤਾ ਕੀਤਾ। ਇਸੇ ਪ੍ਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਨਰਸਿਮਹਾ ਰਾਓ ਨੇ ਸਮਾਜਵਾਦੀ ਲੀਹ ਤੋਂ ਹਟ ਕੇ ਵਿਸ਼ਵ ਬੈਂਕ ਅਤੇ ਇੰਟਰਨੈਸ਼ਨਲ ਮੋਨੇਟਰੀ ਫੰਡ ਦੀ ਪਹਿਲ 'ਤੇ ਦੇਸ਼ ਨੂੰ 'ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ' ਵੱਲ ਲਿਜਾ ਕੇ ਉਸ ਦੀ ਵਿਚਾਰਕ ਪਿੱਠਭੂਮੀ ਨੂੰ ਹੋਰ ਕਮਜ਼ੋਰ ਕੀਤਾ। ਅੱਜ ਕਾਂਗਰਸ ਕੋਲ ਅਜਿਹਾ ਕੁਝ ਵੀ ਨਹੀਂ ਜੋ ਭਾਜਪਾ ਤੋਂ ਅਲੱਗ ਹੋਵੇ। ਇਸ ਕਾਰਨ ਜਨਤਾ ਅਤੇ ਵੋਟਰਾਂ ਨੂੰ ਭਾਜਪਾ ਅਤੇ ਕਾਂਗਰਸ ਵਿਚ ਕੋਈ ਵਿਚਾਰਕ ਫ਼ਰਕ ਨਹੀਂ ਦਿਸਦਾ। ਜਦ ਦੋਵੇਂ ਪਾਰਟੀਆਂ ਵਿਚ ਫ਼ਰਕ ਕਰਨ ਲਈ ਲੀਡਰਸ਼ਿਪ ਸਾਹਮਣੇ ਆਉਂਦੀ ਹੈ ਉਦੋਂ ਭਾਜਪਾ ਬਾਜ਼ੀ ਮਾਰ ਜਾਂਦੀ ਹੈ। ਅੱਜ ਭਾਵੇਂ ਹੀ ਕਾਂਗਰਸ ਨੂੰ ਸ਼ਿਵ ਸੈਨਾ ਨਾਲ ਵਿਚਾਰਕ ਧਰਾਤਲ 'ਤੇ ਕੋਈ ਪਰਹੇਜ਼ ਨਾ ਹੋਵੇ ਪਰ ਜੇ ਉਸ ਨੇ ਆਪਣੇ-ਆਪ ਨੂੰ ਵਿਚਾਰਕ ਧਰਾਤਲ 'ਤੇ ਅਲੱਗ ਨਹੀਂ ਕੀਤਾ ਅਤੇ ਲੀਡਰਸ਼ਿਪ ਦੇ ਪੱਧਰ 'ਤੇ ਕੋਈ ਗੰਭੀਰ ਦਿਲਖਿੱਚਵਾਂ ਬਦਲ ਨਹੀਂ ਦਿੱਤਾ ਤਾਂ ਪਾਰਟੀ ਦਾ ਭਵਿੱਖ ਸ਼ੱਕੀ ਹੈ। ਰਾਹੁਲ ਗਾਂਧੀ ਹੋਣ ਜਾਂ ਸੋਨੀਆ ਗਾਂਧੀ, ਇਹ ਦੋਵੇਂ ਨੇਤਾ ਕਾਂਗਰਸ ਪਾਰਟੀ ਤੋਂ ਵੱਡੇ ਨਹੀਂ ਹੋ ਸਕਦੇ। ਰਾਜਨੀਤੀ ਕੋਈ 'ਸ਼ਾਰਟ-ਟਰਮ' ਗੇਮ ਨਹੀਂ, ਸਿਆਸੀ ਪਾਰਟੀਆਂ ਨੂੰ ਲੰਬੀ ਦੌੜ ਦੇ ਘੋੜੇ ਤਿਆਰ ਕਰਨੇ ਹੋਣਗੇ। ਇਸ ਦੇ ਲਈ ਉਨ੍ਹਾਂ ਨੂੰ ਊਰਜਾਵਾਨ, ਯੋਗ, ਉਮੀਦਾਂ ਨਾਲ ਭਰਪੂਰ ਅਤੇ ਪ੍ਰਗਟਾਵੇ ਵਿਚ ਹੁਨਰਮੰਦ ਲੀਡਰਸ਼ਿਪ ਦੀ ਪ੍ਰਯੋਗਸ਼ਾਲਾ ਦੀ ਜ਼ਰੂਰਤ ਹੋਵੇਗੀ। ਜੋ ਪਾਰਟੀਆਂ ਸਿਆਸਤ ਵਿਚ ਵਿਚਾਰਧਾਰਾ ਅਤੇ ਖ਼ਾਹਿਸ਼ਾਂ ਦਾ ਬਿਹਤਰ ਮਿਸ਼ਰਨ ਕਰ ਸਕਣਗੀਆਂ, ਭਵਿੱਖ ਉਨ੍ਹਾਂ ਦਾ ਹੈ। ਮਹਾਰਾਸ਼ਟਰ ਵਿਚ ਇਹ ਮਿਸ਼ਰਨ ਨਹੀਂ ਹੋ ਸਕਿਆ। ਕਿਉਂਕਿ ਇੱਥੇ ਵਿਚਾਰਾਧਾਰਾ ਨੂੰ ਤਿਲਾਂਜਲੀ ਦੇ ਕੇ ਖ਼ਾਹਿਸ਼ਾਂ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਗਿਆ ਹੈ, ਇਸ ਲਈ ਇਸ ਤਜਰਬੇ ਦੀ ਸਫਲਤਾ ਸ਼ੱਕੀ ਹੈ।

-(ਲੇਖਕ ਸਿਆਸੀ ਟਿੱਪਣੀਕਾਰ ਅਤੇ ਸੈਂਟਰ ਫਾਰ ਦਿ ਸਟੱਡੀ ਆਫ ਸੁਸਾਇਟੀ ਐਂਡ ਪਾਲਿਟਿਕਸ ਦਾ ਨਿਰਦੇਸ਼ਕ ਹੈ)।

Posted By: Jagjit Singh