ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਦੇ ਅਰਥਚਾਰੇ ਨੂੰ ਅਰਸ਼ ਤੋਂ ਫਰਸ਼ 'ਤੇ ਲਿਆ ਕੇ ਟਿਕਾ ਦਿੱਤਾ ਹੈ। ਬਹੁਤੇ ਦੇਸ਼ਾਂ ਦੇ ਹੁਕਮਰਾਨ ਆਪੋ-ਆਪਣੇ ਦੇਸ਼ ਦੀ ਆਰਥਿਕਤਾ ਨੂੰ ਲੈ ਕੇ ਚਿੰਤਾ ਵਿਚ ਡੁੱਬੇ ਹੋਏ ਹਨ ਪਰ ਸਦਕੇ ਜਾਈਏ ਆਪਣੇ ਦੇਸ਼ ਦੇ ਸਿਆਸਤਦਾਨਾਂ ਦੇ ਜਿਨ੍ਹਾਂ ਨੇ ਰਾਜਨੀਤੀ ਨੂੰ ਲੋਕ ਸੇਵਾ ਦਾ ਨਾਂ ਦਿੱਤਾ ਹੋਇਆ ਹੈ ਪਰ ਇਨ੍ਹਾਂ ਨੇ ਆਪਣੀਆਂ ਤਨਖ਼ਾਹਾਂ, ਪੈਨਸ਼ਨਾਂ ਅਤੇ ਹੋਰ ਭੱਤਿਆਂ ਨਾਲੋਂ ਭੋਰਾ ਵੀ ਮੋਹ ਭੰਗ ਨਹੀਂ ਕੀਤਾ। ਪੰਜਾਬ ਦੇ ਸਿਆਸਤਦਾਨ ਜਿਨ੍ਹਾਂ ਦੀਆਂ ਪਹਿਲਾਂ ਹੀ ਤਿਜੌਰੀਆਂ ਰੁਪਇਆਂ ਨਾਲ ਭਰੀਆਂ ਪਈਆਂ ਹਨ, ਉਨ੍ਹਾਂ ਦੀਆਂ ਜਾਇਦਾਦਾਂ ਦਾ ਕੋਈ ਹਿਸਾਬ ਹੀ ਨਹੀਂ। ਕਹਿਣ ਨੂੰ ਤਾਂ ਇਹ ਲੋਕਾਂ ਦੀ ਸੇਵਾ ਕਰਦੇ ਪਰ ਉਪਰੋਥਲੀ ਕਈ-ਕਈ ਪੈਨਸ਼ਨਾਂ ਲਈ ਜਾਂਦੇ ਹਨ। ਹਰੇਕ ਪੰਜ ਸਾਲ ਬਾਅਦ ਇਨ੍ਹਾਂ ਲਈ ਨਵੀਂ ਪੈਨਸ਼ਨ ਤਿਆਰ ਖੜ੍ਹੀ ਹੁੰਦੀ ਹੈ। ਓਧਰ ਸਰਕਾਰੀ ਮੁਲਾਜ਼ਮ ਜੋ ਪਹਿਲਾਂ ਤਾਂ 18-20 ਸਾਲ ਕਿਤਾਬਾਂ ਨਾਲ ਮੱਥਾ ਮਾਰਦਾ ਹੈ, ਫਿਰ ਟੈਸਟ ਕਲੀਅਰ ਕਰਦਾ ਹੈ, ਫਿਰ ਮੈਰਿਟ ਦਾ ਇੰਤਜ਼ਾਰ ਕਰਦਾ ਹੈ ਤਾਂ ਕਿਤੇ ਜਾ ਕੇ ਸਰਕਾਰੀ ਨੌਕਰੀ ਦਾ ਹੱਕਦਾਰ ਬਣਦਾ ਹੈ। ਫਿਰ 35-40 ਸਾਲ ਨੌਕਰੀ ਕਰ ਕੇ ਇਕ ਪੈਨਸ਼ਨ ਦਾ ਹੱਕਦਾਰ ਬਣਦਾ ਹੈ। ਹੁਣ ਤਾਂ 2004 ਤੋਂ ਬਾਅਦ ਵਾਲਾ ਕੋਈ ਮੁਲਾਜ਼ਮ ਪੈਨਸ਼ਨ ਲੈਣ ਜੋਗਾ ਵੀ ਨਹੀਂ ਹੈ। ਇਨ੍ਹਾਂ ਰਾਜਨੀਤਕ ਲੋਕਾਂ ਲਈ ਕੋਈ ਯੋਗਤਾ ਨਹੀਂ, ਕੋਈ ਟੈਸਟ ਨਹੀਂ, ਕੋਈ ਉਮਰ ਨਹੀਂ, ਬਸ ਪੰਜ ਸਾਲ ਮੋਟੀਆਂ ਤਨਖ਼ਾਹਾਂ ਅਤੇ ਬਾਅਦ ਵਿਚ ਇਕ ਨਵੀਂ ਪੈਨਸ਼ਨ ਦੇ ਹੱਕਦਾਰ। ਹੁਣ ਕੋਰੋਨਾ ਮਹਾਮਾਰੀ ਨੇ ਮੱਧ ਵਰਗੀ ਅਤੇ ਨਿਮਨ ਵਰਗੀ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਇਸ ਮਹਾਮਾਰੀ ਕਾਰਨ ਆਮ ਲੋਕਾਂ ਦਾ ਬੁਰਾ ਹਾਲ ਹੋ ਚੁੱਕਾ ਹੈ ਪਰ ਸਾਡੀਆਂ ਸਰਕਾਰਾਂ ਖ਼ਾਲੀ ਖ਼ਜ਼ਾਨੇ ਦੀ ਦੁਹਾਈ ਪਾਈ ਜਾ ਰਹੀਆਂ ਹਨ। ਮਜਾਲ ਹੈ ਕਿਸੇ ਵੀ ਪਾਰਟੀ ਦੇ ਰਾਜਨੀਤਕ ਨੇਤਾ ਨੇ ਆਪਣੀ ਇਕ ਪੈਨਸ਼ਨ ਛੱਡ ਕੇ ਬਾਕੀ ਪੈਨਸ਼ਨਾਂ ਬੰਦ ਕਰਨ ਲਈ ਜ਼ੁਬਾਨ ਖੋਲ੍ਹੀ ਹੋਵੇ ਜਾਂ ਆਪਣੀਆਂ ਤਨਖ਼ਾਹਾਂ ਵਿਚ ਕੋਈ ਕਟੌਤੀ ਕਰਨ ਦੀ ਕੋਈ ਗੱਲ ਆਖੀ ਹੋਵੇ ਜਿਵੇਂ ਕਿ ਪਿੱਛੇ ਜਿਹੇ ਸਰਕਾਰੀ ਸਕੂਲਾਂ ਦੇ ਮਾਸਟਰਾਂ ਦੀਆਂ ਤਨਖ਼ਾਹਾਂ 45 ਹਜ਼ਾਰ ਤੋਂ ਘਟਾ ਕੇ 15 ਹਜ਼ਾਰ 'ਤੇ ਲਿਆਂਦੀਆਂ ਸਨ। ਇਸ ਮੁੱਦੇ 'ਤੇ ਸਾਰੇ ਸਿਆਸਤਦਾਨ ਚੁੱਪ ਬੈਠੇ ਹਨ। ਜਿਹੜਾ ਪੈਸਾ ਪੰਜਾਬ ਦੇ ਗ਼ਰੀਬ ਲੋਕਾਂ ਦੀ ਸਹਾਇਤਾ ਲਈ ਵਰਤਿਆ ਜਾ ਸਕਦਾ ਹੈ, ਉਹ ਇਨ੍ਹਾਂ ਰਾਜਨੀਤਕ ਲੋਕਾਂ ਦੇ ਖੀਸਿਆਂ ਵਿਚ ਜਾ ਰਿਹਾ ਹੈ ਜਿਨ੍ਹਾਂ ਨੂੰ ਇਹ ਲੋਕ ਬਕਸੂਏ ਲਾ ਕੇ ਅਜਿਹਾ ਬੰਦ ਕਰਦੇ ਹਨ ਕਿ ਮੁੜ ਪੈਸਾ ਬਾਹਰਲੀ ਹਵਾ ਲੈਣ ਜੋਗਾ ਵੀ ਨਹੀਂ ਰਹਿੰਦਾ। ਵੋਟਾਂ ਵੇਲੇ ਸਿਆਸਤਦਾਨ ਲੋਕਾਂ ਵਿਚਕਾਰ ਆ ਕੇ ਇਹ ਕਹਿੰਦੇ ਹਨ ਕਿ ਅਸੀਂ ਤਾਂ ਰਾਜਨੀਤੀ ਵਿਚ ਤੁਹਾਡੀ ਸੇਵਾ ਕਰਨ ਲਈ ਆਏ ਹਾਂ। ਕਿਹੜੀ ਸੇਵਾ? ਪੰਜਾਬ ਦੇ ਰਾਜਨੀਤਕ ਲੋਕਾਂ ਨੂੰ ਅਪੀਲ ਹੈ ਕਿ ਉਹ ਵੀ ਆਪਣੇ ਖੀਸਿਆ ਦੇ ਬਕਸੂਏ ਖੋਲ੍ਹ ਕੇ ਪੰਜਾਬ ਦੇ ਲੋਕਾਂ ਦਾ ਭਲਾ ਸੋਚਣ।

-ਇੰਦਰਜੀਤ ਸਿੰਘ ਕੰਗ, ਕੋਟਲਾ ਸਮਸ਼ਪੁਰ।

(98558-82722)

Posted By: Jagjit Singh