ਭਾਰਤ ਨਾਲ ਰਿਸ਼ਤੇ ਵਿਗਾੜ ਕੇ ਚੀਨ ਦੇ ਮਗਰ ਤੁਰਨ ਵਾਲੇ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਕੁਰਸੀ ਖ਼ਤਰੇ 'ਚ ਹੈ। ਸੱਤਾਧਾਰੀ ਐੱਨਸੀਪੀ 'ਚ ਹੀ ਵਿਰੋਧੀ ਧੜਾ ਓਲੀ ਦੇ ਅਸਤੀਫ਼ੇ ਦੀ ਮੰਗ ਕਰ ਰਿਹਾ ਹੈ। ਸੋਮਵਾਰ ਨੂੰ ਓਲੀ ਦਾ ਅਸਤੀਫ਼ਾ ਲਗਪਗ ਤੈਅ ਸੀ ਪਰ ਚੀਨੀ ਦੂਤਘਰ ਦੇ ਦਖ਼ਲ ਕਾਰਨ ਇਹ ਮਸਲਾ ਬੁੱਧਵਾਰ ਤਕ ਟਲ ਗਿਆ ਹੈ। ਕੁਰਸੀ ਬਚਾਉਣ ਲਈ­ ਓਲੀ ਹਰ ਕੋਸ਼ਿਸ਼ ਕਰ ਰਹੇ ਹਨ। ਉਹ ਰਹਿਣਗੇ ਜਾਂ ਜਾਣਗੇ, ਇਹ ਫ਼ੈਸਲਾ ਪਾਰਟੀ ਦੀ ਸਥਾਈ ਕਮੇਟੀ ਨੇ ਹੀ ਕਰਨਾ ਹੈ। ਕਮੇਟੀ ਦੇ ਕੁੱਲ 44 ਮੈਂਬਰ ਹਨ। 30 ਤੋਂ ਵੱਧ ਮੈਂਬਰ ਓਲੀ ਦਾ ਅਸਤੀਫ਼ਾ ਚਾਹੁੰਦੇ ਹਨ। ਓਲੀ 'ਤੇ ਦੋਸ਼ ਹੈ ਕਿ ਨੇਪਾਲ ਦੇ ਕਈ ਹੈਕਟੇਅਰ ਰਕਬੇ 'ਤੇ ਚੀਨ ਨੇ ਕਬਜ਼ਾ ਕਰ ਲਿਆ ਹੈ ਤੇ ਉਹ ਚੁੱਪ ਹਨ। ਇਸ ਤੋਂ ਇਲਾਵਾ ਭਾਰਤ ਨਾਲ ਵਿਗੜਦੇ ਰਿਸ਼ਤਿਆਂ ਕਾਰਨ ਵੀ ਉਨ੍ਹਾਂ ਦਾ ਵਿਰੋਧ ਹੋ ਰਿਹਾ ਹੈ। ਨੇਪਾਲ ਦੀ ਰਾਜਨੀਤੀ 'ਤੇ ਨਜ਼ਰ ਰੱਖ ਰਿਹਾ ਚੀਨ ਵੀ ਸਮੇਂ-ਸਮੇਂ 'ਤੇ ਓਲੀ ਦੀ ਮਦਦ ਕਰਦਾ ਰਿਹਾ ਹੈ। ਸੋਮਵਾਰ ਨੂੰ ਚੀਨੀ ਦੂਤਘਰ ਦੇ ਦਖ਼ਲ ਕਾਰਨ ਕਮੇਟੀ ਦੀ ਮੀਟਿੰਗ ਟਲ ਗਈ। ਮਈ ਵਿਚ ਵੀ ਓਲੀ ਸਰਕਾਰ ਦੇ ਡਿੱਗਣ ਦਾ ਖ਼ਤਰਾ ਸੀ। ਉਦੋਂ ਵੀ ਚੀਨੀ ਰਾਜਦੂਤ ਨੇ ਵਿਰੋਧੀ ਧੜੇ ਦੇ ਨੇਤਾਵਾਂ ਨਾਲ ਮਿਲ ਕੇ ਸਰਕਾਰ ਨੂੰ ਬਚਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਬੀਤੇ ਇਕ ਦਹਾਕੇ ਤੋਂ ਨੇਪਾਲ ਨੇ ਚੀਨ ਨਾਲ ਨੇੜਤਾ ਵਧਾਈ ਹੈ। ਸੰਨ 1996 'ਚ ਭਾਰਤ-ਨੇਪਾਲ ਮਹਾਕਾਲੀ ਸਮਝੌਤੇ 'ਚ ਓਲੀ ਦੀ ਖ਼ਾਸ ਭੂਮਿਕਾ ਰਹੀ ਸੀ। ਉਹ 1990 ਦੇ ਦਹਾਕੇ 'ਚ ਨੇਪਾਲ ਦੇ ਕੈਬਨਿਟ ਮੰਤਰੀ ਰਹੇ ਤੇ 2007 ਤਕ ਨੇਪਾਲ ਦੇ ਵਿਦੇਸ਼ ਮੰਤਰੀ ਰਹੇ ਹਨ। ਇਸ ਦੌਰਾਨ ਓਲੀ ਦੇ ਭਾਰਤ ਨਾਲ ਬਹੁਤ ਵਧੀਆ ਸੰਬੰਧ ਸਨ ਪਰ ਹੁਣ ਉਨ੍ਹਾਂ ਦਾ ਝੁਕਾਅ ਚੀਨ ਵੱਲ ਜ਼ਿਆਦਾ ਹੈ। ਓਲੀ ਫਰਵਰੀ 2015 'ਚ ਨੇਪਾਲ ਦੇ ਪ੍ਰਧਾਨ ਮੰਤਰੀ ਬਣੇ ਸਨ। ਇਸ ਤੋਂ ਪਹਿਲਾਂ 2008 'ਚ ਸਾਬਕਾ ਪ੍ਰਧਾਨ ਮੰਤਰੀ ਪ੍ਰਚੰਡ ਨੇ ਵੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਸ ਸਮੇਂ ਦਿੱਲੀ ਨੂੰ ਹੈਰਾਨ ਕਰ ਦਿੱਤਾ ਸੀ ਜਦੋਂ ਉਹ ਸਭ ਤੋਂ ਪਹਿਲਾਂ ਦਿੱਲੀ ਆਉਣ ਦੀ ਪੁਰਾਣੀ ਰਵਾਇਤ ਨੂੰ ਤੋੜ ਕੇ ਪਹਿਲਾਂ ਚੀਨ ਚਲੇ ਗਏ ਸਨ। ਨੇਪਾਲ 'ਚ 2011 ਦੀ ਮਰਦਮਸ਼ੁਮਾਰੀ ਮੁਤਾਬਕ 81.3 ਫ਼ੀਸਦ ਹਿੰਦੂ ਹਨ। ਸੰਨ 2008 'ਚ ਨੇਪਾਲ ਨੂੰ ਧਰਮ ਨਿਰਪੱਖ ਦੇਸ਼ ਐਲਾਨਿਆ ਗਿਆ ਸੀ। ਇਸ ਤੋਂ ਪਹਿਲਾਂ ਨੇਪਾਲ ਦੁਨੀਆ ਦਾ ਇਕਲੌਤਾ ਹਿੰਦੂ ਰਾਸ਼ਟਰ ਸੀ। ਭਾਰਤ ਤੇ ਨੇਪਾਲ ਦੀ ਧਾਰਮਿਕ ਤੇ ਸੱਭਿਆਚਾਰਕ ਸਾਂਝ ਸਦੀਆਂ ਪੁਰਾਣੀ ਹੈ। ਨੇਪਾਲ 'ਚ ਹਿੰਦੂਆਂ ਦਾ ਪੁਰਾਤਨ ਪਸ਼ੂਪਤੀਨਾਥ ਮੰਦਰ ਹੈ। ਨੇਪਾਲ ਦੀ ਧਰਤੀ ਨੂੰ ਗੁਰੂ ਨਾਨਕ ਦੇਵ ਜੀ ਦੀ ਵੀ ਚਰਨ ਛੋਹ ਪ੍ਰਾਪਤ ਹੈ। ਉੱਥੇ ਗੁਰੂ ਨਾਨਕ ਦੇਵ ਜੀ ਨੂੰ ਨਾਨਕ ਰਿਸ਼ੀ ਕਿਹਾ ਜਾਂਦਾ ਹੈ। ਕਾਠਮੰਡੂ 'ਚ ਗੁਰਦੁਆਰਾ ਸਾਹਿਬ ਵੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਚਰਨ ਚਿੰਨ੍ਹ ਵੀ ਹਨ। ਨੇਪਾਲ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਿੱਕੇ ਵੀ ਜਾਰੀ ਕੀਤੇ ਗਏ ਸਨ। ਦੂਜੇ ਪਾਸੇ ਵੱਡੀ ਗਿਣਤੀ ਵਿਚ ਨੇਪਾਲੀ ਭਾਰਤ ਆ ਕੇ ਕੰਮ ਕਰਦੇ ਹਨ। ਬਹੁਤ ਸਾਰੇ ਭਾਰਤ ਆ ਕੇ ਇੱਥੇ ਹੀ ਵਸ ਗਏ। ਦੋਵਾਂ ਦੇਸ਼ਾਂ ਵਿਚਾਲੇ ਰੋਟੀ-ਬੇਟੀ ਦਾ ਸੰਬੰਧ ਮੰਨਿਆ ਜਾਂਦਾ ਹੈ। ਚੀਨ ਦੇ ਦਬਾਅ ਕਾਰਨ ਨੇਪਾਲ ਹੁਣ ਭਾਰਤ ਨਾਲ ਰਿਸ਼ਤੇ ਵਿਗਾੜ ਰਿਹਾ ਹੈ ਪਰ ਵੱਡੀ ਗਿਣਤੀ ਵਿਚ ਲੋਕ ਇਸ ਦੇ ਖ਼ਿਲਾਫ਼ ਹਨ। ਇਹ ਵਿਰੋਧ ਹੁਣ ਸਰਕਾਰ 'ਚ ਵੀ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਓਲੀ ਦਾ ਚੀਨ ਪ੍ਰੇਮ ਉਨ੍ਹਾਂ ਨੂੰ ਕੁਰਸੀ ਛੱਡਣ ਦੇ ਨੇੜੇ ਲੈ ਆਇਆ ਹੈ। ਨੇਪਾਲ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਭਾਰਤ ਨਾਲ ਰਿਸ਼ਤੇ ਨਾ ਵਿਗਾੜੇ ਕਿਉਂਕਿ ਚੀਨ ਨੇ ਜਿਸ ਕਿਸੇ ਨਾਲ ਵੀ ਨੇੜਤਾ ਵਧਾਈ ਹੈ ਬਾਅਦ 'ਚ ਉਸ ਦੀ ਪਿੱਠ 'ਚ ਛੁਰਾ ਹੀ ਮਾਰਿਆ ਹੈ।

Posted By: Jagjit Singh