v style="text-align: justify;"> ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਦਿੱਲੀ ਪੁਲਿਸ ਵੱਲੋਂ ਪੇਸ਼ ਕੀਤੇ ਗਏ ਮੁੱਢਲੇ ਤੱਥਾਂ ਨਾਲ ਜੇਕਰ ਕੋਈ ਲਕੀਰ ਖਿੱਚੀ ਜਾ ਰਹੀ ਹੈ ਤਾਂ ਇਹੀ ਹੈ ਕਿ ਦੋਵਾਂ ਧਿਰਾਂ ਦੇ ਵਿਦਿਆਰਥੀ ਕਿਸੇ ਨਾ ਕਿਸੇ ਰੂਪ ਵਿਚ ਹਿੰਸਕ ਸਰਗਰਮੀਆਂ ਵਿਚ ਸ਼ਾਮਲ ਸਨ। ਫ਼ਿਲਹਾਲ ਪੁਲਿਸ ਦੀ ਜਾਂਚ ਪੂਰੀ ਨਹੀਂ ਹੋਈ ਅਤੇ ਉਸ ਵੱਲੋਂ ਨਕਾਬਪੋਸ਼ਾਂ ਨੂੰ ਬੇਨਕਾਬ ਕੀਤਾ ਜਾਣਾ ਵੀ ਬਾਕੀ ਹੈ, ਇਸ ਲਈ ਕਿਸੇ ਸਿੱਟੇ 'ਤੇ ਨਹੀਂ ਪਹੁੰਚਿਆ ਜਾ ਸਕਦਾ, ਹਾਲਾਂਕਿ ਇਨ੍ਹਾਂ ਘਟਨਾਵਾਂ ਨੂੰ ਹੋਇਆਂ ਲਗਪਗ ਇਕ ਹਫ਼ਤਾ ਬੀਤ ਚੁੱਕਾ ਹੈ। ਵਿਦਿਆਰਥੀ ਅਤੇ ਪ੍ਰੋਫੈਸਰ ਇਨਸਾਫ਼ ਦੀ ਮੰਗ ਨੂੰ ਲੈ ਕੇ ਸੰਘਰਸ਼ ਵੀ ਕਰ ਰਹੇ ਹਨ। ਦਿੱਲੀ ਪੁਲਿਸ ਨੂੰ ਨਾ ਸਿਰਫ਼ ਜਲਦੀ ਹੀ ਕਿਸੇ ਠੋਸ ਨਤੀਜੇ 'ਤੇ ਪਹੁੰਚਣਾ ਹੋਵੇਗਾ ਬਲਕਿ ਹਿੰਸਾ ਵਿਚ ਸ਼ਾਮਲ ਅਨਸਰਾਂ ਖ਼ਿਲਾਫ਼ ਅਜਿਹੇ ਪੁਖ਼ਤਾ ਸਬੂਤ ਵੀ ਇਕੱਠੇ ਕਰਨੇ ਹੋਣਗੇ ਜਿਨ੍ਹਾਂ ਸਦਕਾ ਗੁੰਡਾਗਰਦੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਈ ਜਾ ਸਕੇ। ਜੇਕਰ ਦਿੱਲੀ ਪੁਲਿਸ ਨੇ ਜੇਐੱਨਯੂ ਕੈਂਪਸ ਦੀਆਂ ਹਿੰਸਕ ਕਾਰਵਾਈਆਂ 'ਤੇ ਸਮੇਂ ਸਿਰ ਜ਼ਰੂਰੀ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਜਿਹੜੀ ਸਥਿਤੀ ਬਣੀ ਹੋਈ ਹੈ, ਉਸ ਤੋਂ ਬਚਿਆ ਜਾ ਸਕਦਾ ਸੀ। ਇਹ ਚੰਗਾ ਨਹੀਂ ਹੋਇਆ ਕਿ ਪੁਲਿਸ ਨਾ ਤਾਂ ਉਦੋਂ ਹਰਕਤ ਵਿਚ ਆਈ ਜਦੋਂ ਜੇਐੱਨਯੂ ਵਿਚ ਰਜਿਸਟ੍ਰੇਸ਼ਨ ਕਰਾਉਣ ਗਏ ਵਿਦਿਆਰਥੀਆਂ ਨੂੰ ਕੁੱਟਣ ਦੇ ਨਾਲ-ਨਾਲ ਉੱਥੇ ਇੰਟਰਨੈੱਟ ਪ੍ਰਭਾਵਿਤ ਕੀਤਾ ਜਾ ਰਿਹਾ ਸੀ ਅਤੇ ਨਾ ਹੀ ਉਦੋਂ ਸਰਗਰਮ ਹੋਈ ਜਦੋਂ ਉੱਥੇ ਨਕਾਬਪੋਸ਼ ਗੁੰਡਾਗਰਦੀ ਦਾ ਨੰਗਾ ਨਾਚ ਕਰ ਰਹੇ ਸਨ। ਇਸ ਗੁੰਡਾਗਰਦੀ ਕਾਰਨ ਯੂਨੀਵਰਸਿਟੀ ਦੇ 37 ਵਿਦਿਆਰਥੀਆਂ ਤੇ ਹੋਰਾਂ ਦੇ ਸੱਟਾਂ ਲੱਗੀਆਂ ਸਨ ਅਤੇ ਯੂਨੀਵਰਸਿਟੀ ਦੀ ਜਾਇਦਾਦ ਦਾ ਕਾਫੀ ਨੁਕਸਾਨ ਹੋਇਆ ਸੀ। ਦਿੱਲੀ ਪੁਲਿਸ ਨੂੰ ਆਪਣੀ ਜਾਂਚ ਵਿਚ ਚੁਸਤੀ-ਫੁਰਤੀ ਦਾ ਸਬੂਤ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਪੁਲਿਸ ਦੀ ਅਧੂਰੀ ਜਾਂਚ ਦੇ ਆਧਾਰ 'ਤੇ ਆਪਣੀ ਸਿਆਸਤ ਚਮਕਾਉਣ ਤੋਂ ਬਾਜ਼ ਆਉਣ। ਇਹ ਵੀ ਬਹੁਤ ਅਹਿਮ ਸਵਾਲ ਹੈ ਕਿ ਪੁਲਿਸ ਜਾਂਚ ਵਿਚ ਇੰਨੀ ਦੇਰੀ ਕਿਉਂ ਕਰ ਰਹੀ ਹੈ ਜਦਕਿ ਸਭ ਕੁਝ ਸਾਫ਼ ਤੇ ਸਪਸ਼ਟ ਹੈ। ਇਹ ਠੀਕ ਹੈ ਕਿ ਜੇਐੱਨਯੂ ਇਕ ਨਾਮੀ ਯੂਨੀਵਰਸਿਟੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਸਿਆਸੀ ਪਾਰਟੀਆਂ ਉਸ ਨੂੰ ਘਟੀਆ ਸਿਆਸਤ ਦਾ ਅਖਾੜਾ ਬਣਾ ਲੈਣ। ਜੇਐੱਨਯੂ ਦਾ ਮਾਹੌਲ ਅਸ਼ਾਂਤ ਹੋਣ ਦੀ ਇਕ ਵੱਡੀ ਵਜ੍ਹਾ ਸਿਆਸੀ ਪਾਰਟੀਆਂ ਦੀ ਦਖ਼ਲਅੰਦਾਜ਼ੀ ਹੈ। ਇਸ ਗੱਲ ਤੋਂ ਸੰਤੁਸ਼ਟ ਨਹੀਂ ਹੋਇਆ ਜਾ ਸਕਦਾ ਕਿ ਮਨੁੱਖੀ ਵਸੀਲਿਆਂ ਦੇ ਮੰਤਰੀ ਇਹ ਕਹਿ ਰਹੇ ਹਨ ਕਿ ਯੂਨੀਵਰਸਿਟੀਆਂ ਨੂੰ ਸਿਆਸਤ ਦਾ ਅੱਡਾ ਨਹੀਂ ਬਣਨ ਦਿੱਤਾ ਜਾਵੇਗਾ ਕਿਉਂਕਿ ਉਹ ਤਾਂ ਸਿਆਸਤ ਦਾ ਅੱਡਾ ਬਣ ਚੁੱਕੀਆਂ ਹਨ। ਜੇਕਰ ਯੂਨੀਵਰਸਿਟੀਆਂ ਸਿਆਸਤ ਦਾ ਅੱਡਾ ਬਣੀਆਂ ਰਹੀਆਂ ਤਾਂ ਫਿਰ ਉੱਥੇ ਓਦਾਂ ਦਾ ਕੁਝ ਹੁੰਦਾ ਹੀ ਰਹੇਗਾ ਜਿਵੇਂ ਜੇਐੱਨਯੂ ਵਿਚ ਹੋਇਆ ਹੈ। ਸਿੱਕੇ ਦਾ ਦੂਜਾ ਪਹਿਲੂ ਇਹ ਹੈ ਕਿ ਸੱਤਾਧਾਰੀ ਧਿਰ ਦੇ ਨਾਲ-ਨਾਲ ਸਭ ਸਿਆਸੀ ਪਾਰਟੀਆਂ ਦੇ ਵਿਦਿਆਰਥੀ ਵਿੰਗ ਬਣੇ ਹੋਏ ਹਨ। ਅਜਿਹੇ 'ਚ ਇਸ ਸਭ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਇਸ 'ਤੇ ਡੂੰਘੀਆਂ ਵਿਚਾਰਾਂ ਕਰਨ ਦੀ ਲੋੜ ਹੈ। ਯੂਨੀਵਰਸਿਟੀਆਂ ਤੇ ਹੋਰ ਵਿੱਦਿਅਕ ਅਦਾਰੇ ਗਿਆਨ ਦੇ ਕੇਂਦਰ ਹਨ ਨਾ ਕਿ ਸਿਆਸਤ ਦੀ ਨਵੀਂ ਖੇਪ ਤਿਆਰ ਕਰਨ ਦੇ ਕਾਰਖਾਨੇ। ਸਮਝਣਾ ਮੁਸ਼ਕਲ ਹੈ ਕਿ ਵਿਦਿਆਰਥੀ ਜਥੇਬੰਦੀਆਂ ਨੂੰ ਯੂਨੀਵਰਸਿਟੀਆਂ ਵਿਚ ਬੇਲਗਾਮ ਹੋਣ ਦੀ ਆਗਿਆ ਕਿਉਂ ਮਿਲੀ ਹੋਈ ਹੈ?

Posted By: Rajnish Kaur