ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦਾ ਐਤਵਾਰ ਨੂੰ ਸਾਢੇ 79 ਸਾਲ ਦੀ ਉਮਰੇ ਦੁਬਈ ਦੇ ਇਕ ਹਸਪਤਾਲ ’ਚ ਅਮਾਇਲੌਇਡੋਸਿਸ ਨਾਂ ਦੀ ਬੀਮਾਰੀ ਨਾਲ ਦੇਹਾਂਤ ਹੋ ਗਿਆ। ਭਾਰਤ ’ਚ ਉਨ੍ਹਾਂ ਨੂੰ ਜ਼ਿਆਦਾਤਰ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਧੋਖਾ ਦੇ ਕੇ 1999 ’ਚ ਕਾਰਗਿਲ ਜੰਗ ਦੀ ਸਾਜ਼ਿਸ਼ ਰਚਣ ਦੇ ਮਾਮਲੇ ਨੂੰ ਲੈ ਕੇ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦਾ ਜਨਮ ਭਾਵੇਂ ਪੁਰਾਣੀ ਦਿੱਲੀ ਦੇ ਦਰਿਆਗੰਜ ਇਲਾਕੇ ’ਚ ਹੋਇਆ ਸੀ ਪਰ ਉਨ੍ਹਾਂ ਦਾ ਰਵੱਈਆ ਕਦੇ ਵੀ ਭਾਰਤ–ਪੱਖੀ ਨਹੀਂ ਰਿਹਾ। ਉਹ ਜਿਹੜੀ ਹਵੇਲੀ ’ਚ ਰਹਿੰਦੇ ਸਨ, ਉਹ ਦਿੱਲੀ ਦੇ ਪ੍ਰਸਿੱਧ ਗੋਲਚਾ ਸਿਨੇਮਾ ਦੇ ਪਿਛਲੇ ਪਾਸੇ ਸਥਿਤ ਹੈ। ਇਸ ਵੇਲੇ ਉਸ ’ਚ 20 ਪਰਿਵਾਰ ਰਹਿ ਰਹੇ ਹਨ। ਮੁਸ਼ੱਰਫ਼ ਨੇ ਆਪਣੇ ਜੀਵਨ ’ਚ ਚੰਗੇ ਤੋਂ ਚੰਗੇ ਅਤੇ ਮਾੜੇ ਤੋਂ ਮਾੜਾ ਦੋਵੇਂ ਹੀ ਸਮੇਂ ਵੇਖੇ ਸਨ। ਉਹ ਪਾਕਿਸਤਾਨ ਦੇ ਪਹਿਲੇ ਅਜਿਹੇ ਫ਼ੌਜੀ ਹਾਕਮ ਸਨ, ਜਿਨ੍ਹਾਂ ਨੂੰ ਦੇਸ਼–ਧ੍ਰੋਹ ਦੇ ਮਾਮਲੇ ’ਚ 17 ਦਸੰਬਰ, 2019 ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਦਰਅਸਲ ਤਦ ਉਨ੍ਹਾਂ ਨੇ ਨਵੰਬਰ 2007 ’ਚ ਦੇਸ਼ ਦੇ ਸੰਵਿਧਾਨ ਨੂੰ ਮੁਲਤਵੀ ਕਰ ਦਿੱਤਾ ਸੀ ਤੇ ਰਾਸ਼ਟਰਪਤੀ ਵਜੋਂ ਆਪਣਾ ਕਾਰਜਕਾਲ ਵਧਾਉਣ ਲਈ ਐਮਰਜੈਂਸੀ ਲਾਗੂ ਕਰ ਦਿੱਤੀ ਸੀ। ਫਿਰ ਉਨ੍ਹਾਂ ਨੂੰ ਮਹਾਂਦੋਸ਼ ਤੋਂ ਬਚਣ ਲਈ 2008 ’ਚ ਅਸਤੀਫ਼ਾ ਦੇਣਾ ਪਿਆ ਸੀ। ਨਵਾਜ਼ ਸ਼ਰੀਫ਼ ਨੇ 2013 ’ਚ ਸੱਤਾ ’ਚ ਪਰਤਦਿਆਂ ਹੀ ਮੁਸ਼ੱਰਫ਼ ਖ਼ਿਲਾਫ਼ ਦੇਸ਼–ਧ੍ਰੋਹ ਦਾ ਮੁਕੱਦਮਾ ਚਲਾਇਆ ਸੀ ਕਿਉਂਕਿ 14 ਵਰ੍ਹੇ ਪਹਿਲਾਂ 1999 ’ਚ ਮੁਸ਼ੱਰਫ਼ ਨੇ ਹੀ ਸ਼ਰੀਫ਼ ਸਰਕਾਰ ਦਾ ਤਖ਼ਤਾ ਪਲਟਿਆ ਸੀ। ਉਹ ਪਿਛਲੇ ਅੱਠ ਸਾਲਾਂ ਤੋਂ ਦੁਬਈ ’ਚ ਜ਼ੇਰੇ ਇਲਾਜ ਸਨ। ਦਿੱਲੀ ਤੋਂ ਲਾਹੌਰ ਜਾਣ ਵਾਲੀ ਬੱਸ ‘ਸਦਾ–ਏ–ਸਰਹੱਦ’ ਦੀ ਸ਼ੁਰੂਆਤ 19 ਫ਼ਰਵਰੀ, 1999 ਨੂੰ ਹੋਈ ਸੀ, ਤਦ ਪਹਿਲੀ ਬੱਸ ’ਚ ਉਦੋਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੀ ਮੌਜੂਦ ਸਨ ਤੇ ਉਨ੍ਹਾਂ ਸਮੇਤ ਵੱਡੇ ਭਾਰਤੀ ਵਫ਼ਦ ਦਾ ਸੁਆਗਤ ਵਾਹਗਾ ’ਚ ਤਤਕਾਲੀਨ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕੀਤਾ ਸੀ। ਉਦੋਂ ਪਰਵੇਜ਼ ਮੁਸ਼ੱਰਫ਼ ਪਾਕਿਸਤਾਨੀ ਫ਼ੌਜ ਦੇ ਬੇਹੱਦ ਤਾਕਤਵਰ ਮੁਖੀ ਹੁੰਦੇ ਸਨ। ਉਨ੍ਹਾਂ ਉਸੇ ਵਰ੍ਹੇ ਸ਼ਰੀਫ਼ ਨੂੰ ਸੱਤਾ ਤੋਂ ਲਾਂਭੇ ਕਰ ਕੇ ਸੱਤਾ ਸੰਭਾਲ ਲਈ ਸੀ। ਉਸੇ ਵਰ੍ਹੇ ਪਾਕਿਸਤਾਨੀ ਫ਼ੌਜ ਦੀ ਸਾਜ਼ਿਸ਼ ਨਾਲ ਭਾਰਤ ਦੇ ਕਾਰਗਿਲ ਖੇਤਰ ਦੀਆਂ ਬਹੁਤ ਸਾਰੀਆਂ ਚੋਟੀਆਂ ’ਤੇ ਅੱਤਵਾਦੀਆਂ ਤੇ ਭਾੜੇ ਦੇ ਹੋਰ ਫ਼ੌਜੀਆਂ ਨੇ ਕਬਜ਼ਾ ਜਮਾ ਲਿਆ ਸੀ। ਕਾਰਗਿਲ ਦੇਸ਼ ਦੀ ਵੰਡ ਸਮੇਂ ਲੱਦਾਖ ਦੀ ਤਹਿਸੀਲ ਹੁੰਦੀ ਸੀ। ਇਹ ਇਲਾਕਾ ਐਨ ਭਾਰਤ–ਪਾਕਿ ਸਰਹੱਦ ਦੀ ਕੰਟਰੋਲ ਰੇਖਾ ’ਤੇ ਸਥਿਤ ਹੈ। ਸ੍ਰੀਨਗਰ ਤੋਂ ਲੇਹ ਜਾਣ ਵਾਲਾ ਰਾਸ਼ਟਰੀ ਰਾਜਮਾਰਗ–1 ਕਾਰਗਿਲ ਵਿੱਚੋਂ ਦੀ ਹੀ ਲੰਘਦਾ ਹੈ। ਪਾਕਿਸਤਾਨ ਨੇ ਕਾਰਗਿਲ ਨੂੰ ਇਸ ਲਈ ਨਿਸ਼ਾਨਾ ਬਣਾਇਆ ਸੀ ਕਿਉਂਕਿ ਇਸ ਦੇ ਬਹੁਤੇ ਇਲਾਕਿਆਂ ’ਚ ਤਦ ਭਾਰਤੀ ਫ਼ੌਜ ਤਾਇਨਾਤ ਨਹੀਂ ਸੀ ਹੁੰਦੀ। ਪਾਕਿਸਤਾਨੀ ਫ਼ੌਜ ਉੱਥੋਂ 173 ਕਿਲੋਮੀਟਰ ਦੀ ਦੂਰੀ ’ਤੇ ਮੌਜੂਦ ਸਕਾਰਦੂ ਸ਼ਹਿਰ ਤੋਂ ਆਪਣੇ ਅੱਤਵਾਦੀਆਂ ਨੂੰ ਫ਼ੌਜੀ ਇਮਦਾਦ ਭੇਜਦੀ ਸੀ। ਭਾਰਤ ’ਤੇ ਇਸ ਅਸਿੱਧੇ ਹਮਲੇ ਪਿੱਛੇ ਅਸਲ ਦਿਮਾਗ਼ ਪਰਵੇਜ਼ ਮੁਸ਼ੱਰਫ਼ ਦਾ ਹੀ ਸੀ। ਇਸੇ ਲਈ ਬਹੁਤੇ ਭਾਰਤੀ ਹੁਣ ਇਹੋ ਮੰਨਦੇ ਹਨ ਕਿ ਵਾਜਪਾਈ ਤਾਂ ਭਾਰਤ ਵੱਲੋਂ ਪੂਰੀ ਬੱਸ ਲੈ ਕੇ ਦੋਸਤੀ ਦਾ ਹੱਥ ਵਧਾਉਣ ਲਈ ਪਾਕਿਸਤਾਨ ਗਏ ਸਨ ਪਰ ਪਰਵੇਜ਼ ਮੁਸ਼ੱਰਫ਼ ਨੇ ਪਿੱਠ ’ਚ ਛੁਰਾ ਮਾਰਿਆ ਸੀ। ਉਸ ਜੰਗ ਦੇ ਸਿਰਫ਼ ਦੋ ਕੁ ਸਾਲਾਂ ਬਾਅਦ ਹੀ ਵਾਜਪਾਈ ਨੇ ਵੱਡਾ ਜਿਗਰਾ ਵਿਖਾਉਂਦਿਆਂ ਮੁਸ਼ੱਰਫ਼ ਨੂੰ ਜੁਲਾਈ 2001 ’ਚ ਤਾਜ ਮਹੱਲ ਨਗਰ ਆਗਰਾ ’ਚ ਗੱਲਬਾਤ ਦਾ ਸੱਦਾ ਦਿੱਤਾ ਸੀ। ਤਦ ਪੂਰੀ ਦੁਨੀਆ ਨੂੰ ਉਸ ਸਿਖ਼ਰ ਸੰਮੇਲਨ ਤੋਂ ਵੱਡੀਆਂ ਆਸਾਂ ਸਨ ਪਰ ਉਹ ਕੋਸ਼ਿਸ਼ ਸਫ਼ਲ ਨਹੀਂ ਹੋ ਸਕੀ ਸੀ।

Posted By: Jagjit Singh