-ਕੇਵਲ ਸਿੰਘ ਮਾਨਸਾ

ਅੱਜ ਲਗਪਗ ਤਿੰਨ ਦਹਾਕਿਆਂ ਬਾਅਦ ਉਸ ਦਾ ਫੋਨ ਆਇਆ ਸੀ। ਪਹਿਲਾਂ ਤਾਂ ਮੈਂ ਉਸ ਦੀ ਆਵਾਜ਼ ਪਛਾਣ ਨਾ ਸਕਿਆ। ਫਿਰ ਉਸ ਨੇ ਆਪਣਾ ਨਾਮ ਦੱਸਿਆ। ਨਾਂ ਸੁਣ ਕੇ ਵੀ ਮੈਂ ਭੰਬਲਭੂਸੇ ਵਿਚ ਪੈ ਗਿਆ। ਫਿਰ ਉਸ ਨੇ ਆਪਣਾ ਸ਼ਹਿਰ ਦੱਸਿਆ। ਫਿਰ ਵੀ ਮੈਨੂੰ ਪੂਰੀ ਤਰ੍ਹਾਂ ਸਮਝ ਨਾ ਆਈ। ਅਖ਼ੀਰ ਉਸ ਨੇ ਕਿਹਾ, ‘‘ਭਰਾਵਾ, ਭੁੱਲ ਗਿਐਂ! ਮੈਂ ਤਾਂ ਅਬੋਹਰ ਤੋਂ ਪਟਵਾਰੀ ਬੋਲਦਾਂ। ਉਹ ਪਟਵਾਰੀ ਜਿਸ ਨੂੰ ਤੁਸੀਂ ਸੁਨੇਹਾ ਭੇਜ ਕੇ ਬੁਲਾਉਂਦੇ ਸੀ।’’ ਪਟਵਾਰੀ ਕਹਿਣ ਦੀ ਦੇਰ ਸੀ ਕਿ ਝੱਟ ਉਸ ਦੀ ਤਸਵੀਰ ਮੇਰੀਆਂ ਅੱਖਾਂ ਸਾਹਮਣੇ ਘੁੰਮਣ ਲੱਗੀ। ਉਹ ਪਿੰਡ, ਪਟਵਾਰਖਾਨਾ, ਦੁੱਧ ਵਾਲੀ ਡੇਅਰੀ, ਹਸਪਤਾਲ ਸਾਰੇ ਇਕਦਮ ਮੇਰੇ ਚੇਤਿਆਂ ਵਿਚ ਘੁੰਮਣ ਲੱਗੇ। ਫਿਰ ਉਹ ਕਹਿਣ ਲੱਗਾ, ‘‘ਡਾ. ਸਾਹਿਬ, ਬੇਟੇ ਦੀ ਸ਼ਾਦੀ ਐ ਜਿਸ ਕਰਕੇ ਮੈਂ ਅੱਜ ਪੁਰਾਣੇ ਮਿੱਤਰਾਂ ਨੂੰ ਯਾਦ ਕੀਤੈ।

ਬੜੀ ਮਿਹਨਤ ਨਾਲ ਇਕ ਪੁਰਾਣੇ ਵੇਲੀ ਤੋਂ ਤੇਰਾ ਨੰਬਰ ਲਿਐ। ਅਗਲੇ ਐਤਵਾਰ ਦਾ ਪ੍ਰੋਗਰਾਮ ਹੈ। ਕੋਰੋਨਾ ਕਰਕੇ ਜ਼ਿਆਦਾ ਇਕੱਠ ਨੀ ਕੀਤਾ ਅਤੇ ਵਿਆਹ ਘਰੇ ਹੀ ਕਰਾਂਗੇ। ਤੁਸੀਂ ਜ਼ਰੂਰ ਪਹੁੰਚਣਾ।’’ ਪਟਵਾਰੀ ਦੇ ਫੋਨ ਨੇ ਮੈਨੂੰ ਸੰਨ 1987 ਦੇ ਪੁਰਾਣੇ ਦਿਨਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਜਦੋਂ ਮੈਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਖਿੱਪਾਂਵਾਲੀ ਵਿਖੇ ਸਿਹਤ ਵਰਕਰ ਦੇ ਤੌਰ ’ਤੇ ਨੌਕਰੀ ਕਰਦਾ ਸੀ। ਮੇਰੀ ਪਹਿਲੀ ਪੋਸਟਿੰਗ ਇਸੇ ਪਿੰਡ ਵਿਚ ਹੋਈ ਸੀ। ਇਹ ਪਿੰਡ ਅਬੋਹਰ-ਫਾਜ਼ਿਲਕਾ ਰੋਡ ’ਤੇ ਸਥਿਤ ਪਿੰਡ ਘੱਲੂ ਤੋਂ ਚਾਰ ਕਿਲੋਮੀਟਰ ਦੂਰ ਲਿੰਕ ਸੜਕ ’ਤੇ ਮੌਜੂਦ ਹੈ। ਪਿੰਡ ਵਿਚ ਜਿੱਥੇ ਚੋਖੀਆਂ ਜ਼ਮੀਨਾਂ ਵਾਲੇ ਜ਼ਿਮੀਂਦਾਰ ਰਹਿੰਦੇ ਸਨ, ਓਥੇ ਹੀ ਖੇਤੀ ਦਾ ਕੰਮ ਕਰਨ ਲਈ ਮਜ਼ਦੂਰਾਂ ਦੀ ਗਿਣਤੀ ਵੀ ਵਾਹਵਾ ਸੀ।

ਪਿੰਡ ਵਿਚ ਪੰਜਾਬੀ ਅਤੇ ਬਾਗੜੀ, ਦੋਵੇਂ ਤਰ੍ਹਾਂ ਦੇ ਲੋਕ ਰਹਿੰਦੇ ਸਨ। ਦੋਵੇਂ ਇਕ-ਦੂਜੇ ਦੀ ਭਾਸ਼ਾ ਬੋਲ ਅਤੇ ਸਮਝ ਵੀ ਲੈਂਦੇ ਸਨ। ਸ਼ੁਰੂ ਵਿਚ ਤਾਂ ਮੈਨੂੰ ਪਿੰਡ ਓਪਰਾ ਜਿਹਾ ਲੱਗਿਆ ਪਰ ਹੌਲੀ-ਹੌਲੀ ਪਿੰਡ ਵਿਚ ਜਾਣ-ਪਛਾਣ ਹੋ ਗਈ। ਇਕ ਪ੍ਰਾਈਵੇਟ ਡਾਕਟਰ ਜਿਸ ਦਾ ਪਿਛੋਕੜ ਅਬੋਹਰ ਦੇ ਨੇੜੇ ਪਿੰਡ ਰਾਏਪੁਰ ਦਾ ਸੀ ਅਤੇ ਜੋ ਪਹਿਲਾਂ ਤੋਂ ਹੀ ਪਿੰਡ ਵਿਚ ਪ੍ਰੈਕਟਿਸ ਕਰਦਾ ਸੀ, ਅਸੀਂ ਦੋਵੇਂ ਪਿੰਡ ਵਿਚ ਹੀ ਕਿਰਾਏ ਦੇ ਮਕਾਨ ਵਿਚ ਰਹਿਣ ਲੱਗ ਪਏ ਸੀ।

ਮੈਂ ਸਰਕਾਰੀ ਸਿਹਤ ਮੁਲਾਜ਼ਮ ਸਾਂ ਅਤੇ ਮੇਰੇ ਨਾਲ ਪ੍ਰਾਈਵੇਟ ਡਾਕਟਰ ਸੀ। ਦੋਵਾਂ ਤੋਂ ਹੀ ਲੋਕਾਂ ਨੂੰ ਦਵਾਈ-ਬੂਟੀ ਦੀ ਲੋੜ ਪੈਂਦੀ ਸੀ ਜਿਸ ਕਾਰਨ ਪਿੰਡ ਵਿਚ ਸਾਡੀ ਚੰਗੀ ਇੱਜ਼ਤ ਸੀ। ਅਸੀਂ ਦੋਵੇਂ ਕਦੇ-ਕਦਾਈਂ ਰੋਟੀ ਆਪ ਬਣਾ ਲੈਂਦੇ ਤੇ ਕਦੇ ਪਿੰਡ ’ਚੋਂ ਆ ਜਾਂਦੀ ਸੀ। ਪਿੰਡ ਦੇ ਵਿਚਕਾਰ ਪੰਚਾਇਤ ਘਰ ਸੀ ਜਿਸ ਵਿਚ ਇਕ ਸਬ ਸੈਂਟਰ (ਛੋਟਾ ਹਸਪਤਾਲ) ਸੀ ਜਿੱਥੇ ਮੇਰੀ ਡਿਊਟੀ ਸੀ। ਇਕ ਕਮਰੇ ਵਿਚ ਡੇਅਰੀ ਸੀ। ਇਕ ਕਮਰਾ ਪਟਵਾਰੀ ਲਈ ਸੀ। ਪਟਵਾਰੀ ਕੋਲ ਦੋ ਪਿੰਡ ਸਨ। ਪਟਵਾਰੀ ਅਬੋਹਰ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਹਫ਼ਤੇ ਵਿਚ ਇਕ-ਦੋ ਦਿਨ ਹੀ ਆਉਂਦਾ ਸੀ। ਪਟਵਾਰੀ ਦੀ ਪਿੰਡ ਵਿਚ ਬੜੀ ਚੜ੍ਹਾਈ ਸੀ। ਉਹ ਰਾਇਲ ਇਨਫੀਲਡ ਮੋਟਰਸਾਈਕਲ ’ਤੇ ਆਉਂਦਾ ਸੀ। ਜਦੋਂ ਉਸ ਦਾ ਮੋਟਰਸਾਈਕਲ ਦੁਗ-ਦੁਗ ਦੀ ਆਵਾਜ਼ ਕਰਦਾ ਪਿੰਡ ਵਿੱਚੋਂ ਲੰਘਦਾ ਸੀ ਤਾਂ ਸਾਰੇ ਪਿੰਡ ਵਿਚ ਪਟਵਾਰੀ ਦੇ ਆਉਣ ਦਾ ਪਤਾ ਲੱਗ ਜਾਂਦਾ ਸੀ।

ਸ਼ੁਰੂ ’ਚ ਤਾਂ ਅਸੀਂ ਦੋਵੇਂ ਉਸ ਨੂੰ ਨਫ਼ਰਤ ਜਿਹੀ ਕਰਦੇ ਸੀ ਕਿਉਂਕਿ ਪਿੰਡ ਦਾ ਹਰ ਬੰਦਾ ਪਹਿਲਾਂ ਪਟਵਾਰੀ ਦਾ ਹੀ ਸਤਿਕਾਰ ਕਰਦਾ ਸੀ ਅਤੇ ਬਾਅਦ ਵਿਚ ਸਾਨੂੰ ਬੁਲਾਉਂਦਾ ਸੀ ਪਰ ਹੌਲੀ-ਹੌਲੀ ਪਟਵਾਰੀ ਸਾਡਾ ਮਿੱਤਰ ਬਣ ਗਿਆ। ਪਟਵਾਰੀ ਜਿੱਥੇ ਸੁਭਾਅ ਦਾ ਚੰਗਾ ਸੀ, ਉੱਥੇ ਬਹੁਤਾ ਰਿਸ਼ਵਤਖੋਰ ਵੀ ਨਹੀਂ ਸੀ। ਸਾਨੂੰ ਸਮਝ ਆ ਗਈ ਸੀ ਕਿ ਕਿਉਂਕਿ ਪਟਵਾਰੀ ਪਿੰਡ ਦੇ ਲੋਕਾਂ ਦੀ ਜ਼ਮੀਨ, ਘਰਾਂ ਦਾ ਰਿਕਾਰਡ ਰੱਖਦਾ ਹੈ ਇਸੇ ਲਈ ਉਸ ਦੀ ਪੁੱਛ-ਪ੍ਰਤੀਤ ਸਾਡੇ ਦੋਹਾਂ ਨਾਲੋਂ ਵਧੇਰੇ ਸੀ।

ਹੌਲੀ-ਹੌਲੀ ਪਟਵਾਰੀ ਸਾਡੇ ਕੋਲ ਘਰ ਆਉਣ ਲੱਗ ਪਿਆ ਅਤੇ ਸਾਡੇ ਕੋਲ ਚਾਹ-ਪਾਣੀ ਪੀਣ ਲੱਗ ਪਿਆ ਅਤੇ ਫਿਰ ਕਦੇ-ਕਦਾਈਂ ਸਾਡੇ ਕੋਲ ਰਾਤ ਵੀ ਰਹਿਣ ਲੱਗ ਪਿਆ ਸੀ। ਪਟਵਾਰੀ ਨੇ ਜਿਸ ਦਿਨ ਸਾਡੇ ਕੋਲ ਰਾਤ ਰਹਿਣਾ ਹੁੰਦਾ ਸੀ ਉਸ ਦਿਨ ਚੌਕੀਦਾਰ ਘਰ ਦੀ ਕੱਢੀ ਵਧੀਆ ਬੋਤਲ ਅਤੇ ਚਿਕਨ ਪਹਿਲਾਂ ਹੀ ਰੱਖ ਜਾਂਦਾ ਸੀ। ਫਿਰ ਚੌਕੀਦਾਰ ਅਤੇ ਨੰਬਰਦਾਰ ਸਾਡੇ ਲਈ ਰੋਟੀ ਲੈ ਕੇ ਆਉਂਦੇ।

ਸਵੇਰ ਵੇਲੇ ਪਰੌਂਠੇ-ਮੱਖਣੀ ਤੇ ਲੱਸੀ ਆ ਜਾਂਦੀ। ਆਮ ਤੌਰ ’ਤੇ ਪਟਵਾਰੀ ਮੋਟਰਸਾਈਕਲ ’ਤੇ ਹੀ ਆਉਂਦਾ ਸੀ ਅਤੇ ਪਿਛਲੀ ਸੀਟ ’ਤੇ ਚੌਕੀਦਾਰ ਹੁੰਦਾ ਜਿਸ ਦੇ ਹੱਥ ਉਸ ਦਾ ਝੋਲਾ ਹੁੰਦਾ ਸੀ। ਪਰ ਇਕ ਦਿਨ ਪਟਵਾਰੀ ਤੁਰ ਕੇ ਹੀ ਸਾਡੇ ਕਮਰੇ ਆ ਗਿਆ। ਉਸ ਦੇ ਨਾਲ ਇਕ ਮੋਟਾ ਜਿਹਾ ਸਰਦਾਰ ਸੀ ਜਿਸ ਨੇ ਉਸ ਦਾ ਝੋਲਾ ਚੁੱਕਿਆ ਹੋਇਆ ਸੀ। ਜਦ ਉਹ ਆਦਮੀ ਚਲਾ ਗਿਆ ਤਾਂ ਅਸੀਂ ਉਸ ਨੂੰ ਪੁੱਛਿਆ, ‘‘ਪਟਵਾਰੀ ਸਾਹਿਬ, ਇਹ ਝੋਲੇ ਵਾਲਾ ਬੰਦਾ ਕੌਣ ਸੀ?’’ ਤਾਂ ਅੱਗਿਉਂ ਪਟਵਾਰੀ ਹੱਸ ਕੇ ਕਹਿਣ ਲੱਗਾ, ‘‘ਇਸ ਜ਼ਿਮੀਂਦਾਰ ਕੋਲ 80 ਕਿੱਲੇ ਪੈਲੀ ਹੈ ਜਿਸ ਕਰਕੇ ਇਹ ਮੇਰੀ ਬਹੁਤ ਇੱਜ਼ਤ ਕਰਦਾ ਹੈ।’’ ਪਟਵਾਰੀ ਦੀ ਚੜ੍ਹਾਈ ਦੇਖ ਕੇ ਅਸੀਂ ਦੰਗ ਰਹਿ ਗਏ। ਹੌਲੀ-ਹੌਲੀ ਅਸੀਂ ਐਨਾ ਘੁਲਮਿਲ ਗਏ ਕਿ ਜੇਕਰ ਪਟਵਾਰੀ ਹਫ਼ਤਾ ਨਾ ਆਉਂਦਾ ਤਾਂ ਅਸੀਂ ਚੌਕੀਦਾਰ ਜਾਂ ਨੰਬਰਦਾਰ ਦੇ ਹੱਥ ਸੁਨੇਹਾ ਭੇਜਦੇ। ਉਸ ਦਾ ਪਿਆਰ, ਘਰ ਦੀ ਸ਼ਰਾਬ ਅਤੇ ਦੇਸੀ ਮੁਰਗਾ ਸਾਡੇ ਸਿਰ ਚੜ੍ਹ ਕੇ ਬੋਲਣ ਲੱਗ ਪੈਂਦਾ। ਪਟਵਾਰੀ ਦੀ ਟੌਹਰ ਦਾ ਅਸੀਂ ਦੋ ਸਾਲ ਖ਼ੂਬ ਆਨੰਦ ਲਿਆ। ਗੰਨੇ, ਸਬਜ਼ੀਆਂ, ਦੁੱਧ, ਲੱਸੀ ਤਾਂ ਹਰ ਵੇਲੇ ਆਮੋ-ਆਮ ਰਹਿੰਦੇ ਸਨ। ਤਕਰੀਬਨ ਦੋ ਕੁ ਸਾਲਾਂ ਬਾਅਦ ਮੈਂ ਆਪਣੇ ਜ਼ਿਲ੍ਹੇ ਮਾਨਸਾ ਵਿਚ ਬਦਲੀ ਕਰਵਾ ਲਈ ਪਰ ਪਟਵਾਰੀ ਉਨ੍ਹਾਂ ਹੀ ਪਿੰਡਾਂ ਦੇ ਨੇੜੇ-ਤੇੜੇ ਨੌਕਰੀ ਕਰਦਾ ਰਿਹਾ।

ਐਤਵਾਰ ਵਾਲੇ ਦਿਨ ਮੈਂ ਮਾਨਸਾ ਤੋਂ ਪਹਿਲੀ ਬੱਸ ਫੜੀ ਅਤੇ 9 ਕੁ ਵਜੇ ਅਬੋਹਰ ਸ਼ਹਿਰ ਵਿਆਹ ਵਾਲੇ ਘਰ ਪਹੁੰਚ ਗਿਆ। ਪਟਵਾਰੀ ਮੈਨੂੰ ਦੇਖ ਕੇ ਬਾਗੋਬਾਗ ਹੋ ਗਿਆ। ਉਸ ਨੇ ਮੈਨੂੰ ਪਿੰਡ ਖਿੱਪਾਂਵਾਲੀ ਦੇ 30-35 ਸਾਲ ਪੁਰਾਣੇ ਮਿੱਤਰਾਂ ਨੂੰ ਮਿਲਵਾਇਆ ਜਿਨ੍ਹਾਂ ’ਚੋਂ ਸਿਰਫ਼ ਇਕ-ਦੋ ਨੂੰ ਛੱਡ ਕੇ ਬਹੁਤਿਆਂ ਨੂੰ ਮੈਂ ਪਛਾਣ ਨਾ ਸਕਿਆ। ਉਹ ਸਾਰੇ ਪਟਵਾਰੀ ਦੇ ਲੜਕੇ ਦੇ ਵਿਆਹ ਵਾਸਤੇ ਦੁੱਧ ਵੀ ਲੈ ਕੇ ਆਏ ਸਨ।

ਪੈਂਤੀ ਸਾਲ ਬਾਅਦ ਵਿਆਹ ਵਿਚ ਘਰ ਦੇ ਦੁੱਧ ਦੀ ਮਠਿਆਈ ਅਤੇ ਦੇਸੀ ਸਾਮਾਨ ਖਾ-ਪੀ ਕੇ ਇਕ ਵਾਰ ਫਿਰ ਪਟਵਾਰੀ ਦੀ ਟੌਹਰ ਦਾ ਆਨੰਦ ਮਾਣ ਕੇ ਮਨ ਖ਼ੁਸ਼ ਹੋ ਗਿਆ। ਦੋ ਦਿਨ ਵਿਆਹ ਦਾ ਆਨੰਦ ਲੈਣ ਤੋਂ ਬਾਅਦ ਮੈਂ ਵਾਪਸ ਆਪਣੇ ਸ਼ਹਿਰ ਆ ਗਿਆ। ਜਦੋਂ ਮੈਂ ਮਾਨਸਾ ਸ਼ਹਿਰ ਦੇ ਬੱਸ ਅੱਡੇ ’ਤੇ ਉਤਰਿਆ ਤਾਂ ਚੌਕ ਵਿਚ ਪਟਵਾਰੀ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ।

ਉਹ ਮੰਗ ਕਰ ਰਹੇ ਸਨ ਕਿ ਮਹਿਕਮੇ ਵਿਚ ਖਾਲੀ ਪੋਸਟਾਂ ਭਰੀਆਂ ਜਾਣ, ਵਾਧੂ ਹਲਕਿਆਂ ਦਾ ਕੰਮ ਲੈਣਾ ਬੰਦ ਕੀਤਾ ਜਾਵੇ, ਪਰਖ ਕਾਲ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ। ਉਨ੍ਹਾਂ ਦੀਆਂ ਪਰੇਸ਼ਾਨੀਆਂ ਦੇਖ ਕੇ ਮੈਨੂੰ ਗੁਜ਼ਰੇ ਜ਼ਮਾਨੇ ਦਾ ਉਹ ਪਟਵਾਰੀ ਬੜੀ ਸ਼ਿੱਦਤ ਨਾਲ ਚੇਤੇ ਆ ਰਿਹਾ ਸੀ ਜੋ ਠਾਠ-ਬਾਠ ਨਾਲ ਨੌਕਰੀ ਕਰਦਾ ਸੀ। ਪ੍ਰਦਰਸ਼ਨ ਕਰ ਰਹੇ ਪਟਵਾਰੀਆਂ ’ਚੋਂ ਕਈ ਮੇਰੇ ਮਿੱਤਰ ਸਨ ਜੋ ਮੈਨੂੰ ਦੇਖ ਕੇ ਕਹਿਣ ਲੱਗੇ, ‘‘ਡਾ. ਸਾਹਿਬ, ਤੁਸੀਂ ਵੀ ਸਾਡੇ ਵਿਚ ਆ ਜਾਓ।’’ ਪਟਵਾਰੀ ਦੀ ਟੌਹਰ ਅਤੇ ਲੜਕੇ ਦੇ ਵਿਆਹ ਦਾ ਸਰੂਰ ਅਜੇ ਵੀ ਮੇਰੀਆਂ ਅੱਖਾਂ ਵਿਚ ਸੀ। ਮੈਂ ਘਰ ਜਾਣ ਦੀ ਬਜਾਏ ਉਨ੍ਹਾਂ ਦੇ ਨਾਲ ਹੀ ‘‘ਪਟਵਾਰ ਯੂਨੀਅਨ ਜ਼ਿੰਦਾਬਾਦ’’ ਦੇ ਨਾਅਰੇ ਲਾਉਣ ਲੱਗ ਪਿਆ।

-ਮੋਬਾਈਲ : 98725-15652

Posted By: Jatinder Singh