ਆਮ ਲੋਕਾਂ ਦੇ ਜ਼ਿਹਨ 'ਚ ਇਹ ਧਾਰਨਾ ਘਰ ਕਰ ਚੁੱਕੀ ਹੈ ਕਿ ਸਰਕਾਰੀ ਸਕੂਲਾਂ 'ਚ ਪੜ੍ਹਾਈ ਦਾ ਉਹ ਮਾਹੌਲ ਨਹੀਂ ਹੈ ਜੋ ਬੱਚੇ ਲਈ ਹੋਣਾ ਚਾਹੀਦਾ ਹੈ। ਇਹ ਵੀ ਧਾਰਨਾ ਹੈ ਕਿ ਸਰਦੇ-ਪੁੱਜਦੇ ਘਰਾਂ ਤੇ ਨੌਕਰੀਪੇਸ਼ਾ ਲੋਕਾਂ ਦੇ ਬੱਚੇ ਅਕਸਰ ਪ੍ਰਾਈਵੇਟ ਸਕੂਲਾਂ ਵਿਚ ਹੀ ਪੜ੍ਹਨੇ ਪਾਏ ਜਾਂਦੇ ਹਨ। ਸਰਕਾਰੀ ਸਕੂਲਾਂ 'ਚ ਤਾਂ ਗ਼ਰੀਬ ਤਬਕੇ ਦੇ ਬੱਚੇ ਹੀ ਪੜ੍ਹਦੇ ਹਨ। ਕੁਝ ਕਾਰਨ ਰਹੇ ਹੋਣਗੇ ਜਿਨ੍ਹਾਂ ਕਾਰਨ ਲੋਕਾਂ ਦੀ ਇਹੋ ਜਿਹੀ ਧਾਰਨਾ ਬਣ ਚੁੱਕੀ ਹੈ। ਲੋਕ ਇਹੀ ਸੋਚਦੇ ਹਨ ਕਿ ਸਰਕਾਰੀ ਸੰਸਥਾਵਾਂ ਨਾਲੋਂ ਪ੍ਰਾਈਵੇਟ ਸੰਸਥਾਵਾਂ ਉੱਤਮ ਹਨ। ਇਸ ਸਭ ਵਾਸਤੇ ਕਈ ਕਾਰਨ ਜ਼ਿੰਮੇਵਾਰ ਹਨ। ਖ਼ੁਦ 'ਸਰਕਾਰੀ' ਸਕੂਲਾਂ 'ਚ ਪੜ੍ਹ ਕੇ ਵੱਡੀਆਂ ਨੌਕਰੀਆਂ ਪ੍ਰਾਪਤ ਕਰ ਚੁੱਕੇ ਮਾਪੇ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਤੋਂ ਕੰਨੀ ਕਤਰਾਉਣ ਲੱਗ ਪਏ ਹਨ। ਇਸ ਵਿਚ ਕਿਸੇ ਇਕ ਧਿਰ ਦਾ ਦੋਸ਼ ਨਹੀਂ ਕਿਉਂਕਿ ਹਰ ਮਾਂ-ਬਾਪ ਆਪਣੇ ਬੱਚੇ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹਨ ਤੇ ਉਸ ਨੂੰ ਵਧੀਆ ਤੋਂ ਵਧੀਆ ਪੜ੍ਹਾਈ ਕਰਵਾਉਣੀ ਚਾਹੁੰਦੇ ਹਨ। ਕੁਝ ਕੁ ਅਵਿਕਸਿਤ ਜਾਂ ਪੱਛੜੇ ਇਲਾਕਿਆਂ 'ਚ ਸੁਵਿਧਾਵਾਂ ਦੀ ਕਮੀ ਪੱਖੋਂ ਕੁਝ ਸਰਕਾਰੀ ਸਕੂਲ ਪਿਛਾਂਹ ਹੋ ਸਕਦੇ ਹਨ। ਸਾਰੇ ਸਰਕਾਰੀ ਸਕੂਲਾਂ ਦਾ ਮੰਦਾ ਹਾਲ ਹੈ, ਅਜਿਹਾ ਨਹੀਂ ਹੈ। ਇਹ ਧਾਰਨਾ ਗ਼ਲਤ ਹੈ ਕਿ ਸਰਕਾਰੀ ਸਕੂਲਾਂ ਵਿਚ ਵਧੀਆ ਤਰੀਕੇ ਨਾਲ ਪੜ੍ਹਾਈ ਨਹੀਂ ਕਰਵਾਈ ਜਾਂਦੀ। ਸਰਕਾਰੀ ਸਕੂਲਾਂ ਦੀ ਤਾਲੀਮ ਨੇ ਸਾਨੂੰ ਮਿਹਨਤ, ਹਲੀਮੀ, ਨਿਮਰਤਾ ਸਿਖਾਈ ਹੈ। ਮਿੱਟੀ ਨਾਲ ਮਿੱਟੀ ਹੋਣਾ ਸਿਖਾਇਆ ਹੈ। ਹੰਕਾਰ ਅਤੇ ਦਿਖਾਵੇਬਾਜ਼ੀ ਤੋਂ ਦੂਰ ਰਹਿਣਾ ਸਿਖਾਇਆ ਹੈ। ਸਰਕਾਰੀ ਸਕੂਲਾਂ 'ਚ ਉੱਚ ਯੋਗਤਾ ਪ੍ਰਾਪਤ ਅਧਿਆਪਕ ਹਨ। ਉਨ੍ਹਾਂ 'ਚ ਪੈਸਾ ਕਮਾਉਣ ਦੀ ਭਾਵਨਾ ਨਹੀਂ ਸਗੋਂ ਆਪਣੇ ਕਿੱਤੇ ਪ੍ਰਤੀ ਵਫ਼ਾਦਾਰੀ ਹੈ। ਆਪਣੇ ਕੰਮ ਨੂੰ ਸ਼ੌਕ ਨਾਲ ਕਰਨ ਦੀ ਭਾਵਨਾ ਹੈ ਅਤੇ ਲਾਚਾਰਾਂ ਦੇ ਕੰਮ ਆਉਣ ਦੀ ਭਾਵਨਾ ਹੈ। ਉਨ੍ਹਾਂ ਦੇ ਇਹ ਗੁਣ ਉਨ੍ਹਾਂ ਨੂੰ ਹੋਰਾਂ ਤੋਂ ਅਲਹਿਦਾ ਕਰਦੇ ਹਨ। ਜ਼ਿਕਰਯੋਗ ਹੈ ਕਿ ਅਜੋਕੇ ਦੌਰ 'ਚ ਸਰਕਾਰੀ ਸਕੂਲਾਂ ਦੇ ਸਿੱਖਿਆ ਪੱਧਰ ਵਿਚ ਸ਼ਲਾਘਾਯੋਗ ਸੁਧਾਰ ਹੋਇਆ ਹੈ। ਸਰਕਾਰੀ ਅਧਿਆਪਕ ਉੱਦਮੀ, ਮਿਹਨਤੀ ਅਤੇ ਅਗਾਂਹਵਧੂ ਸੋਚ ਦੇ ਮਾਲਕ ਹਨ। ਉਹ ਵਿੱਦਿਆ ਦੇ ਖੇਤਰ 'ਚ ਵੱਡਾ ਯੋਗਦਾਨ ਪਾ ਰਹੇ ਹਨ। ਹੁਣ ਸਰਕਾਰੀ ਸਕੂਲਾਂ ਦਾ ਸਰੂਪ ਬਹੁਤ ਵਧੀਆ ਬਣ ਚੁੱਕਾ ਹੈ। ਦੂਜੀ ਗੱਲ ਇਹ ਕਿ ਹੁਣ ਸਾਰੀ ਪੜ੍ਹਾਈ 'ਪ੍ਰਾਜੈਕਟ ਬੇਸਡ' ਹੋ ਚੁੱਕੀ ਹੈ। ਪ੍ਰੈਕਟੀਕਲ ਕੰਮ ਅਤੇ ਗਤੀਵਿਧੀਆਂ ਹਰ ਵਿਸ਼ੇ ਵਿਚ ਸ਼ਾਮਲ ਹਨ। ਇਹ ਪ੍ਰਾਜੈਕਟ ਹਰ ਹਾਲਤ ਵਿਚ ਪੂਰੇ ਕਰਨੇ ਹੁੰਦੇ ਹਨ ਅਤੇ ਕੋਈ ਵੀ ਅਧਿਆਪਕ ਆਪਣੇ ਕਾਰਜ ਵਿਚ ਅਣਗਹਿਲੀ ਨਹੀਂ ਵਰਤ ਸਕਦਾ। ਸਵੇਰ ਦੀ ਸਭਾ ਵਿਚ ਜ਼ਰੂਰੀ ਗਤੀਵਿਧੀਆਂ ਸ਼ਾਮਲ ਹਨ। ਸਰਕਾਰੀ ਸਕੂਲਾਂ 'ਚ ਹੋਰ ਸੁਵਿਧਾਵਾਂ ਪ੍ਰਦਾਨ ਕਰਨ ਲਈ ਲੋਕ ਦਾਨ ਵੀ ਦੇ ਸਕਦੇ ਹਨ ਜਿਸ ਸਦਕਾ ਹਾਲਾਤ ਹੋਰ ਸੁਧਰਨਗੇ।

-ਦਵਿੰਦਰ ਕੌਰ 'ਡੀਵੀ', ਅਧਿਆਪਕਾ, ਸਸਸ ਸਕੂਲ ਰੱਲੀ (ਮਾਨਸਾ)।

Posted By: Rajnish Kaur