-ਡਾ. ਧਰਮਿੰਦਰ ਸਿੰਘ ਉੱਭਾ

-(ਪ੍ਰਿੰਸੀਪਲ, ਖ਼ਾਲਸਾ ਕਾਲਜ, ਪਟਿਆਲਾ)।


ਕੁਝ ਲੋਕ ਤੁਹਾਡੇ ਜੀਵਨ 'ਚ ਆਉਂਦੇ ਹਨ ਅਤੇ ਚਾਨਣ ਬਿਖੇਰ ਦਿੰਦੇ ਹਨ। ਤੁਹਾਨੂੰ ਸਭ ਕੁਝ ਚੰਗਾ-ਚੰਗਾ ਲੱਗਣ ਲੱਗ ਜਾਂਦਾ ਹੈ ਜਿਵੇਂ ਜੀਵਨ ਵਿਚ ਸਤਰੰਗੀ ਪੀਂਘ ਚੜ੍ਹ ਪਈ ਹੋਵੇ। ਇਹ ਲੋਕ ਤੁਹਾਡੇ ਦੁੱਖ ਨੂੰ ਸਮਝਦੇ ਹਨ। ਤੁਹਾਨੂੰ ਭਰੋਸੇ ਦਾ ਅਹਿਸਾਸ ਹੁੰਦਾ ਹੈ-ਇਕ ਤਸੱਲੀ ਮਿਲਦੀ ਹੈ, ਹੌਸਲਾ ਮਿਲਦਾ ਹੈ। ਤੁਹਾਡੀਆਂ ਥਿੜਕੀਆਂ ਰਾਹਾਂ ਨੂੰ ਇਕ ਆਸਰਾ ਮਿਲ ਜਾਂਦਾ ਹੈ ਅਤੇ ਤੁਸੀਂ ਮੁੜ ਲੀਹਾਂ 'ਤੇ ਚੜ੍ਹਨ ਲੱਗ ਜਾਂਦੇ ਹੋ।

ਜੀਵਨ ਵਿਚ ਅਕਸਰ ਅਜਿਹੇ ਵਕਤ ਆਉਂਦੇ ਹਨ ਜਦ ਤੁਸੀਂ ਅਜਿਹੇ ਸੱਜਣਾਂ ਨੂੰ ਤਾਂਘਦੇ ਹੋ, ਉਡੀਕਦੇ ਹੋ, ਲੋਚਦੇ ਹੋ ਅਤੇ ਜਦ ਉਹ ਤੁਹਾਡੇ ਕੋਲ ਆ ਪਹੁੰਚਦੇ ਹਨ ਤਾਂ ਤੁਸੀਂ ਨਿਸ਼ਚਿੰਤ ਹੋ ਜਾਂਦੇ ਹੋ ਕਿ ਹੁਣ ਤੁਹਾਨੂੰ ਤਕਲੀਫ਼ਾਂ ਤੋਂ ਛੁਟਕਾਰਾ ਮਿਲ ਜਾਵੇਗਾ। ਇਹ ਨਹੀਂ ਕਿ ਉਹ ਕੋਈ ਜਾਦੂ ਦੀ ਛੜੀ ਲੈ ਕੇ ਆਉਂਦੇ ਹਨ ਬਲਕਿ ਉਨ੍ਹਾਂ ਦੇ ਬੋਲੇ ਚੜ੍ਹਦੀ ਕਲਾ ਦੇ ਚੰਦ ਬੋਲ ਤੁਹਾਡੇ ਲਈ ਅਕਸੀਰ ਹੋ ਨਿੱਬੜਦੇ ਹਨ।

ਉਨ੍ਹਾਂ ਦਾ ਤੁਹਾਡੇ ਪ੍ਰਤੀ ਸੁਹਿਰਦ ਰਵੱਈਆ ਤੁਹਾਨੂੰ ਫੁੱਲ ਵਾਂਗ ਹੌਲਾ ਕਰਨ ਵਿਚ ਆਪਣਾ ਯੋਗਦਾਨ ਪਾਉਂਦਾ ਹੈ। ਉਨ੍ਹਾਂ ਦੀ ਹਾਂ-ਪੱਖੀ ਪਹੁੰਚ, ਹਾਂ-ਪੱਖੀ ਸੋਚ ਅਤੇ ਆਸ਼ਾਵਾਦੀ ਨਜ਼ਰੀਆ ਤੁਹਾਨੂੰ ਆਸ਼ਾਵਾਦ ਦੇ ਖ਼ੂਬਸੂਰਤ ਬਾਗ਼ ਵਿਚ ਲੈ ਜਾਂਦਾ ਹੈ ਜਿੱਥੇ ਖਿੜੇ ਹੋਏ ਮਹਿਕਾਂ ਵੰਡਦੇ ਫੁੱਲ ਤੁਹਾਡਾ ਸਵਾਗਤ ਕਰਦੇ ਹਨ ਅਤੇ ਤੁਹਾਨੂੰ ਖ਼ੁਸ਼ਆਮਦੀਦ ਨਸੀਬ ਹੁੰਦੀ ਹੈ। ਹੁਣ ਤੁਸੀਂ ਇਕ ਵੱਖਰੀ ਦੁਨੀਆ ਵਿਚ ਹੁੰਦੇ ਹੋ। ਖ਼ੁਸ਼ ਤੇ ਸਕੂਨ ਨਾਲ ਭਰਪੂਰ।

ਹਰ ਬੰਦੇ ਦੇ ਜੀਵਨ ਵਿਚ ਅਜਿਹੇ ਸੱਜਣ ਹੁੰਦੇ ਹਨ ਪੋਟਿਆਂ 'ਤੇ ਗਿਣਨ ਜੋਗੇ। ਜਦ ਮੈਂ ਇਨ੍ਹਾਂ ਦੇ ਨਾਂ ਗਿਣਦਾ ਹਾਂ ਤਾਂ ਮੇਰੇ ਸਾਹਵੇਂ ਮੇਰੇ ਪਿਤਾ ਪ੍ਰੋ. ਅੱਛਰੂ ਸਿੰਘ, ਉਨ੍ਹਾਂ ਦੇ ਪਰਮ ਮਿੱਤਰ ਤੇ ਮੇਰੇ ਅਧਿਆਪਕ ਪ੍ਰੋ. ਦਰਸ਼ਨ ਸਿੰਘ, ਡਾ. ਹਰਚੰਦ ਸਿੰਘ ਸਰਹਿੰਦੀ, ਪ੍ਰੋ. ਸੁਖਦੇਵ ਸਿੰਘ, ਪ੍ਰੋ. ਗੁਰਭਜਨ ਗਿੱਲ, ਡਾ. ਸਤੀਸ਼ ਕੁਮਾਰ ਵਰਮਾ ਤੇ ਪ੍ਰੋ. ਕੇਕੇ ਉੱਪਲ ਦੇ ਨਾਮ ਝੱਟ ਸਾਹਮਣੇ ਆ ਜਾਂਦੇ ਹਨ। ਇਹ ਜਿਸ ਦੇ ਕੋਲ ਹੁੰਦੇ ਹਨ, ਉਹ ਇਨ੍ਹਾਂ ਦਾ ਹੋਰ ਸਾਥ ਲੋਚਦਾ ਹੈ ਕਿ ਇਹ ਹੋਰ ਬੈਠੇ ਰਹਿਣ, ਕੁਝ ਸੁਣਦੇ ਰਹਿਣ ਅਤੇ ਕੁਝ ਸੁਣਾਉਂਦੇ ਰਹਿਣ। ਇਨ੍ਹਾਂ ਦੀਆਂ ਗੱਲਾਂ ਨਾਲ-ਰੱਬਾ ਵੇ ਤੇਰੀ ਰਾਤ ਮੁੱਕ ਗਈ, ਗੱਲ ਮੁੱਕੀ ਨਾ ਸੱਜਣ ਨਾਲੋਂ ਮੇਰੀ' ਵਾਂਗ ਇਹ ਜਦ ਦੂਰ ਚਲੇ ਜਾਂਦੇ ਹਨ ਤਾਂ ਲੱਗਦਾ ਹੈ ਜਿਵੇਂ ਕੁਝ ਰੁਕ ਗਿਆ ਹੋਵੇ। ਤੁਹਾਡੇ ਜੀਵਨ ਵਿਚ ਅਜਿਹੀਆਂ ਖਿੜੀਆਂ ਰੂਹਾਂ ਵਾਲੇ ਸੱਜਣ ਜ਼ਰੂਰ ਆਏ ਹੋਣਗੇ-ਜ਼ਰਾ ਯਾਦ ਕਰੋ।

ਤੁਸੀਂ ਚਾਹੇ ਉਦਾਸੀ ਨਾਲ ਨੱਕੋ-ਨੱਕ ਭਰੇ ਹੋਵੋ। ਇਨ੍ਹਾਂ ਦੇ ਬੋਲੇ ਚੰਦ ਬੋਲ ਹੀ

ਤੁਹਾਡੇ 'ਚ ਊਰਜਾ ਭਰ ਦਿੰਦੇ ਹਨ ਅਤੇ ਤੁਹਾਡੇ ਵਿਚ ਅੰਤਾਂ ਦਾ ਉਤਸ਼ਾਹ ਪੈਦਾ ਹੋ ਜਾਂਦਾ ਹੈ। ਤੁਹਾਡਾ ਮਨੋਬਲ ਵੱਧ ਜਾਂਦਾ ਹੈ ਅਤੇ ਤੁਸੀਂ ਪ੍ਰੇਰਿਤ ਹੋਣ ਲੱਗ ਜਾਂਦੇ ਹੋ। ਇਹ ਇੰਨੇ ਕਾਰਗਰ ਹੁੰਦੇ ਹਨ ਕਿ ਡਿੱਗੇ ਨੂੰ ਉਠਾਉਂਦੇ ਹਨ, ਰੋਂਦੇ ਨੂੰ ਚੁੱਪ ਕਰਵਾਉਂਦੇ ਹਨ, ਹਾਰੇ ਨੂੰ ਜਿਤਾਉਂਦੇ ਹਨ-ਗੱਲ ਕੀ ਇਹ ਤੁਹਾਡਾ ਓਟ-ਆਸਰਾ ਹੁੰਦੇ ਹਨ, ਰਿਸ਼ਤੇਦਾਰ ਹੁੰਦੇ ਹਨ, ਭੈਣ-ਭਰਾ ਹੁੰਦੇ ਹਨ। ਇਹ ਉਹ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਤੁਸੀਂ ਆਪਣੇ ਰਾਹ-ਦਸੇਰੇ ਆਖਦੇ ਹੋ, ਮਾਰਗ-ਦਰਸ਼ਕ ਮੰਨਦੇ ਹੋ ਅਤੇ ਆਪਣੇ ਖ਼ੈਰ-ਖੁਆਹ ਆਖਦੇ ਹੋ।

ਇਹ ਹਰੇਕ ਨਾਲ ਇਸੇ ਤਰ੍ਹਾਂ ਵਿਚਰਦੇ ਹਨ, ਮਸ਼ਾਲ ਬਣ ਕੇ ਬਲਦੇ ਹਨ ਤੇ ਚਾਨਣ ਵੰਡਦੇ ਰਹਿੰਦੇ ਹਨ। ਇੱਕ ਇਲਾਹੀ ਜੋਤ ਵਾਂਗ ਜੋਤ ਨਾਲ ਜੋਤ ਜਗਾਉਣ ਵਾਲੇ ਅਤੇ ਪ੍ਰੇਮ ਦੀ ਗੰਗਾ ਵਹਾਉਣ ਵਾਲੇ! ਮਨ ਸਦੈਵ ਇਹੀ ਲੋਚਾ ਲੋਚਦਾ ਹੈ ਕਿ ਇਨ੍ਹਾਂ ਦੇ ਤੇਜੱਸਵੀ ਨਿੱਘ ਦਾ ਲੁਤਫ਼ ਲਿਆ ਜਾਵੇ ਅਤੇ ਇਨ੍ਹਾਂ ਦੇ ਪ੍ਰੇਮ ਸਾਗਰ 'ਚੋਂ ਚਰਨਾਮਿਤ ਬੂੰਦਾਂ ਲੈਂਦੇ ਰਹੀਏ ਤਾਂ ਜੋ ਇਨ੍ਹਾਂ ਵਰਗੇ ਬਣ ਸਕੀਏ।

ਇਹ ਸਭ ਦਾ ਭਲਾ ਮੰਗਦੇ ਹਨ। ਜਦ ਇਨ੍ਹਾਂ ਨੂੰ ਸਮਾਜ ਵਿਚ ਕੁਝ ਵੀ ਵਧੀਆ ਹੁੰਦਾ ਦਿਖਾਈ ਦਿੰਦਾ ਹੈ ਤਾਂ ਇਹ ਬਹੁਤ ਖ਼ੁਸ਼ ਹੁੰਦੇ ਹਨ। ਇਨ੍ਹਾਂ ਦਾ ਤਾਂ ਮੁੱਖ ਸਰੋਕਾਰ ਹੀ ਚੰਗੇ, ਤੰਦਰੁਸਤ ਅਤੇ ਕਦਰਾਂ-ਕੀਮਤਾਂ ਭਰਪੂਰ ਸਮਾਜ ਦੀ ਸਿਰਜਣਾ ਹੁੰਦਾ ਹੈ। ਅਜਿਹਾ ਸਮਾਜ ਜਿਸ ਵਿਚ ਲੋਕ ਹੱਸਦੇ-ਵੱਸਦੇ ਹੋਣ, ਈਰਖਾ-ਸਾੜਾ ਨੇੜੇ ਨਾ ਢੁੱਕਦਾ ਹੋਵੇ। ਸਾਰੇ ਇਕ-ਦੂਜੇ ਦੇ ਭੱਜ-ਭੱਜ ਕੇ ਕੰਮ ਆਉਂਦੇ ਹੋਣ। ਪਿਆਰ-ਮੁਹੱਬਤ ਵਰਸਦਾ ਹੋਵੇ, ਗਲਵੱਕੜੀਆਂ ਪੈਂਦੀਆਂ ਹੋਣ ਅਤੇ ਮੋਹ ਦੀ ਨਦੀ ਰਵਾਨਗੀ ਵਿਚ ਵਗਦੀ ਹੋਵੇ। ਇਨ੍ਹਾਂ ਦੀ ਸਦਾ ਇਹ ਖ਼ਾਹਿਸ਼ ਹੁੰਦੀ ਹੈ ਕਿ ਲੋਕ ਬਾਬੇ ਦੇ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦੇ ਸਿਧਾਂਤ 'ਤੇ ਪਹਿਰਾ ਦਿੰਦੇ ਹੋਏ ਹਰ

ਕਿਸਮ ਦੀ ਨਾਬਰਾਬਰੀ ਤੇ ਬੇਇਨਸਾਫ਼ੀ ਨੂੰ ਦੂਰ ਭਜਾਉਣ ਵਾਲੇ ਹੋਣ। ਇਹ ਜਦ ਕੁਝ ਲਿਖਦੇ ਹਨ, ਜਦ ਕੁਝ ਬੋਲਦੇ ਹਨ ਅਤੇ ਜਦ ਕੁਝ ਕਹਿੰਦੇ ਹਨ ਉਹ ਚੜ੍ਹਦੀ ਕਲਾ ਵਾਲਾ ਹੁੰਦਾ ਹੈ, ਹੌਸਲੇ ਵਾਲਾ ਹੁੰਦਾ ਹੈ, ਜਿੱਤ ਵਾਲਾ ਹੁੰਦਾ ਹੈ। ਸ਼ਕਤੀ ਦੇਣ ਵਾਲਾ ਹੁੰਦਾ ਹੈ। ਹਰਾਉਣ, ਡਰਾਉਣ ਜਾਂ ਮਾਰਨ-ਮਰਵਾਉਣ ਵਾਲਾ ਨਹੀਂ। ਇਹ ਏਕੇ ਦੀ ਤੰਦ ਪਰੋਂਦੇ ਹਨ ਅਤੇ ਪ੍ਰੇਮ ਦੀ ਮਾਲਾ ਬੁਣਦੇ ਹਨ। ਅਜਿਹੇ ਲੋਕ ਹੀ ਸਹੀ ਅਰਥਾਂ ਵਿਚ ਸਮਾਜ ਦੇ ਸਿਰਜਕ ਜਾਂ ਉਸਰੱਈਏ ਕਹਾਉਣ ਦੇ ਹੱਕਦਾਰ ਹੁੰਦੇ ਹਨ।

ਇਹ ਚਾਨਣ ਵੰਡਣ ਵਾਲੇ, ਖ਼ੁਸ਼ੀਆਂ ਦੇਣ ਵਾਲੇ ਅਤੇ ਤੁਹਾਡੇ ਫੱਟਾਂ ਦੀ ਮਰਹਮ ਹੁੰਦੇ ਹਨ। ਇਹ ਸੱਜਣ ਤੁਹਾਡਾ ਸਭ ਤੋਂ ਕੀਮਤੀ ਸਰਮਾਇਆ ਹੁੰਦੇ ਹਨ। ਇਹ ਰੱਬ ਦੀ ਬਖ਼ਸ਼ਿਸ਼ ਖੰਡ-ਮਿਸ਼ਰੀ ਦੀਆਂ ਡਲੀਆਂ ਹੁੰਦੇ ਹਨ। ਜਦ ਇਹ ਮਿਲ ਪੈਂਦੇ ਹਨ ਤਾਂ ਖ਼ੁਦ ਵੀ ਭਰੇ-ਭਰੇ ਅਤੇ ਰੱਜੇ-ਰੱਜੇ ਮਹਿਸੂਸ ਹੁੰਦਾ ਹੈ। ਇਹ ਤੁਹਾਡੇ 'ਤੇ ਇੰਨਾ ਵਿਸ਼ਵਾਸ ਕਰਦੇ ਹਨ ਕਿ ਤੁਹਾਨੂੰ ਆਪਣੇ-ਆਪ 'ਤੇ ਵਿਸ਼ਵਾਸ ਹੋਣ ਲੱਗਦਾ ਹੈ। ਤੁਸੀਂ ਇਨ੍ਹਾਂ ਆਸਰੇ ਕੁਝ ਹੋਰ ਹੀ ਹੋ ਜਾਂਦੇ ਹੋ, ਬਦਲੇ ਹੋਏ ਇਨ੍ਹਾਂ ਵਰਗੇ। ਇਕ ਵੱਖਰੀ ਸੋਚ, ਨਿਵੇਕਲੀ ਪਹੁੰਚ ਤੇ ਵਿਸ਼ੇਸ਼ ਗੁਣਾਂ ਦੇ ਮਾਲਕ। ਸਦੈਵ ਜੇਤੂ ਰਾਹਾਂਦੇ ਪਾਂਧੀ। ਇਨ੍ਹਾਂ ਨਾਲ ਤੁਹਾਡੀ ਦੁਨੀਆ ਹੀ ਬਦਲ ਜਾਂਦੀ ਹੈ।

ਤੁਸੀਂ ਹੁਣ ਆਪਣੇ-ਆਪ ਨੂੰ ਵੱਖਰਾ ਮਹਿਸੂਸ ਕਰਨ ਲੱਗ ਪੈਂਦੇ ਹੋ। ਇਨ੍ਹਾਂ ਦਿਲ ਦੇ ਰਾਜੇ ਸੱਜਣਾਂ ਸਦਕਾ ਸੱਚਮੁੱਚ ਦੁਨੀਆ ਖ਼ੂਬਸੂਰਤ ਬਣ ਜਾਂਦੀ ਹੈ।

ਅਜਿਹੇ ਸਾਰੇ ਸੱਜਣਾਂ ਨੂੰ ਸਲਾਮ ਤੇ ਸਿਜਦਾ! ਸ਼ਾਲਾ! ਇਨ੍ਹਾਂ ਖ਼ੁਸ਼ੀਆਂ ਤੇ ਚਾਨਣ ਵੰਡਣ ਵਾਲੇ ਲੋਕਾਂ ਦਾ ਕਾਫ਼ਲਾ ਹੋਰ ਵਧੇ-ਫੁੱਲੇ ਅਤੇ ਧਰਤੀ ਜਿਊਣ ਲਈ ਹੋਰ ਬਿਹਤਰ ਥਾਂ ਬਣੇ ਸਕੇ।

ਮੋਬਾਈਲ ਨੰ. : 98557-11380

Posted By: Sunil Thapa