-ਪ੍ਰਿੰਸੀਪਲ ਵਿਜੈ ਕੁਮਾਰ

ਸਾਡੇ ਮੁਲਕ 'ਚ ਉਨ੍ਹਾਂ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜਿਹੜੇ ਭੀੜ ਦਾ ਹਿੱਸਾ ਬਣਦੇ ਹਨ। ਉਹ ਅਕਸਰ ਕਹਿੰਦੇ ਸੁਣੇ ਜਾਂਦੇ ਹਨ, 'ਇਸ ਮੁਲਕ 'ਚ ਕੋਈ ਸੁਧਾਰ ਹੋ ਹੀ ਨਹੀਂ ਸਕਦਾ। ਆਪਣਾ ਸਮਾਂ ਲੰਘਾਓ, ਆਪਾਂ ਕੀ ਲੈਣਾ?' ਇਨ੍ਹਾਂ ਲੋਕਾਂ ਦੀ ਸੋਚ 'ਚੋਂ ਅੱਗੇ ਵਧਣ ਵਾਲੀ ਅਤੇ ਕੁਝ ਨਵਾਂ ਕੰਮ ਕਰ ਵਿਖਾਉਣ ਦੀ ਭਾਵਨਾ ਮਨਫ਼ੀ ਹੋ ਚੁੱਕੀ ਹੁੰਦੀ ਹੈ। ਇਹੋ ਜਿਹੇ ਇਨਸਾਨ ਸਿਰਫ਼ ਆਪਣੇ ਤਕ ਹੀ ਸੀਮਤ ਹੁੰਦੇ ਹਨ। ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਉਨ੍ਹਾਂ ਨੂੰ ਕੋਈ ਯਾਦ ਨਹੀਂ ਕਰਦਾ। ਉਨ੍ਹਾਂ ਦੀ ਕੋਈ ਉਦਾਹਰਨ ਨਹੀਂ ਦਿੱਤੀ ਜਾਂਦੀ।

ਦੂਜੇ ਪਾਸੇ ਦੁਨੀਆ 'ਚ ਉਹ ਲੋਕ ਵੀ ਹਨ ਜੋ ਭੀੜ ਦਾ ਹਿੱਸਾ ਨਹੀਂ ਬਣਦੇ। ਉਨ੍ਹਾਂ ਦੀ ਆਪਣੀ ਵੱਖਰੀ ਪਛਾਣ ਹੁੰਦੀ ਹੈ ਅਤੇ ਹੋਂਦ ਵੀ। ਉਹ ਘੱਟ ਗਿਣਤੀ ਵਿਚ ਹੁੰਦਿਆਂ ਹੋਇਆਂ ਵੀ ਭੀੜ 'ਤੇ ਭਾਰੂ ਹੁੰਦੇ ਹਨ। ਉਹ ਮਰ ਕੇ ਵੀ ਜਿਊਂਦੇ ਰਹਿੰਦੇ ਹਨ। ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਸੇਰੇ ਬਣ ਜਾਂਦੇ ਹਨ। ਮਿਸਾਲਾਂ ਵੀ ਉਨ੍ਹਾਂ ਦੀਆਂ ਹੀ ਦਿੱਤੀਆਂ ਜਾਂਦੀਆਂ ਹਨ।

ਗੱਲ ਭਾਵੇਂ ਕਾਫ਼ੀ ਪੁਰਾਣੀ ਹੈ ਪਰ ਲੋਕਾਂ ਨੂੰ ਦੱਸਣ ਵਾਲੀ ਹੈ। ਸਾਡੇ ਇਲਾਕੇ ਦਾ ਇਕ ਮੁੰਡਾ ਉਨ੍ਹਾਂ ਸਮਿਆਂ ਵਿਚ ਇੰਜੀਨੀਅਰ ਬਣ ਗਿਆ ਜਦੋਂ ਕੋਈ-ਕੋਈ ਦਸਵੀਂ ਪਾਸ ਕਰਦਾ ਸੀ। ਚੰਡੀਗੜ੍ਹ ਤੋਂ ਨੇੜੇ ਕੋਈ ਕਾਲਜ ਨਹੀਂ ਸੀ ਹੁੰਦਾ। ਐੱਸਡੀਓ ਲੱਗਦਿਆਂ ਹੀ ਉਸ ਨੂੰ ਵੱਡੇ-ਵੱਡੇ ਘਰਾਂ ਦੇ ਰਿਸ਼ਤੇ ਆਉਣ ਲੱਗੇ। ਮੁੰਡੇ ਦਾ ਡਾਕਟਰ ਬਾਪੂ ਚਾਹੁੰਦਾ ਸੀ ਕਿ ਉਸ ਦੇ ਮੁੰਡੇ ਦਾ ਵਿਆਹ ਕਿਸੇ ਵੱਡੇ ਚੌਧਰੀ ਦੇ ਘਰ ਹੋਵੇ ਪਰ ਉਸ ਮੁੰਡੇ ਨੇ ਬਹੁਤ ਸਾਧਾਰਨ ਜਿਹੇ ਪਰਿਵਾਰ ਵਿਚ ਰਿਸ਼ਤਾ ਕਰਵਾਇਆ। ਰਿਸ਼ਤਾ ਹੋਣ ਤੋਂ ਦੂਜੇ ਦਿਨ ਆਪਣੀ ਹੋਣ ਵਾਲੀ ਘਰ ਵਾਲੀ ਨੂੰ ਸਾਈਕਲ 'ਤੇ ਬਿਠਾ ਕੇ ਘਰ ਲੈ ਆਇਆ। ਅੱਗੇ ਉਸ ਨੇ ਆਪਣੇ ਬੱਚਿਆਂ ਦੇ ਵਿਆਹਾਂ 'ਚ ਨਾ ਦਾਜ ਲਿਆ ਅਤੇ ਨਾ ਹੀ ਦਿੱਤਾ।

ਚੀਫ ਇੰਜੀਨਿਅਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਉਹ ਆਪਣੇ-ਆਪ ਨੂੰ ਸਾਧਾਰਨ ਜਿਹਾ ਬੰਦਾ ਹੀ ਸਮਝਦਾ ਹੈ। ਉਸ ਵੱਲੋਂ ਚੁੱਕੇ ਗਏ ਇਸ ਦਲੇਰਾਨਾ ਕਦਮ ਦੀਆਂ ਇਲਾਕੇ ਵਿਚ ਅੱਜ ਵੀ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ। ਉਸ ਦੀ ਇਸ ਮਹਾਨ ਸੋਚ ਨੇ ਸਮਾਜ 'ਚ ਉਸ ਦੇ ਪਰਿਵਾਰ ਦਾ ਵੀ ਨਾਂ ਉੱਚਾ ਕਰ ਦਿੱਤਾ ਹੈ। ਕੁਝ ਸੂਝਵਾਨ ਅਤੇ ਸੁੱਘੜ ਲੋਕਾਂ ਦਾ ਇਹ ਕਹਿਣਾ ਹੈ ਕਿ ਆਪਣੀ ਵੱਖਰੀ ਹੋਂਦ ਅਤੇ ਪਛਾਣ ਸਾਬਤ ਕਰਨ ਲਈ ਮੁਸੀਬਤਾਂ ਸਹਿਣੀਆਂ ਹੀ ਪੈਂਦੀਆਂ ਹਨ। ਅਸਹਿ ਅਤੇ ਅਕਹਿ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਚ ਕੋਟੀ ਦੇ ਵਿਦਵਾਨ ਅਤੇ ਸਾਇੰਸਦਾਨ, ਲੇਖਕ, ਵਪਾਰੀ, ਅਧਿਆਪਕ ਅਤੇ ਪ੍ਰੋਫੈਸਰ ਆਮ ਤੌਰ 'ਤੇ ਭੀੜ ਦਾ ਇਸ ਲਈ ਹਿੱਸਾ ਨਹੀਂ ਬਣੇ ਕਿਉਂਕਿ ਉਨ੍ਹਾਂ ਨੇ ਦੂਜੇ ਲੋਕਾਂ ਕੋਲੋਂ ਅੱਡ ਹੋ ਕੇ ਕੁਝ ਕਰ ਕੇ ਵਿਖਾਉਣਾ ਹੁੰਦਾ ਹੈ। ਅਜਿਹੇ ਲੋਕ ਦੂਜਿਆਂ ਲਈ ਮੀਲ ਪੱਥਰ ਅਤੇ ਮਿਸਾਲ ਬਣ ਜਾਂਦੇ ਹਨ। ਉਹ ਆਪਣੇ ਸੁੱਖਾਂ ਅਤੇ ਹਿੱਤਾਂ ਨੂੰ ਇਕ ਪਾਸੇ ਰੱਖ ਕੇ ਜ਼ਿੰਦਗੀ ਜਿਊਣ ਦਾ ਯਤਨ ਕਰਦੇ ਹਨ। ਸਾਡੇ ਇਲਾਕੇ ਦਾ ਸਿੱਖਿਆ ਨੂੰ ਸਮਰਪਿਤ ਇਕ ਅਧਿਆਪਕ ਜਦੋਂ ਪਦਉੱਤਨੀ ਲੈ ਕੇ ਲੈਕਚਰਾਰ ਬਣਿਆ ਤਾਂ ਉਸ ਨੇ ਉਹ ਸਕੂਲ ਚੁਣਿਆ ਜਿੱਥੇ ਸਿੱਖਿਆ ਵਿਭਾਗ ਸਜ਼ਾ ਦੇਣ ਲਈ ਅਧਿਆਪਕਾਂ ਨੂੰ ਬਦਲੀ ਕਰ ਕੇ ਭੇਜਦਾ ਸੀ। ਜੇਕਰ ਉਹ ਚਾਹੁੰਦਾ ਤਾਂ ਉਹ ਆਪਣੇ ਘਰ ਤੋਂ ਦੋ-ਚਾਰ ਕਿਲੋਮੀਟਰ ਦੂਰੀ ਵਾਲਾ ਸਕੂਲ ਲੈ ਸਕਦਾ ਸੀ। ਉਸ ਸਕੂਲ ਨੂੰ ਇਕ ਅੱਧੀ ਬੱਸ ਜਾਂਦੀ ਸੀ। ਬਰਸਾਤਾਂ ਦੇ ਦਿਨਾਂ 'ਚ ਨਦੀ ਪਾਰ ਕਰ ਕੇ ਪਹੁੰਚਣਾ ਪੈਂਦਾ ਸੀ। ਉਸ ਅਧਿਆਪਕ ਨੂੰ ਕਿਸੇ ਨੇ ਪੁੱਛਿਆ ਕਿ ਉਸ ਨੇ ਉਹ ਮੁਸੀਬਤਾਂ ਵਾਲਾ ਸਕੂਲ ਕਿਉਂ ਚੁਣਿਆ? ਉਸ ਨੇ ਜਵਾਬ ਦਿੱਤਾ, ''ਭਰਾਵਾ, ਉਸ ਸਕੂਲ ਦੇ ਬੱਚਿਆਂ ਨੂੰ ਵੀ ਚੰਗੇ ਅਧਿਆਪਕਾਂ ਦੀ ਲੋੜ ਹੈ। ਉਸ ਸਕੂਲ ਦੀ ਦਸ਼ਾ ਅਤੇ ਦਿਸ਼ਾ ਸੁਧਰਨੀ ਚਾਹੀਦੀ ਹੈ।'' ਉਸ ਅਧਿਆਪਕ ਨੇ ਉਸ ਸਕੂਲ ਦਾ ਨਕਸ਼ਾ ਹੀ ਬਦਲ ਦਿੱਤਾ। ਜਿਸ ਸਕੂਲ 'ਚ ਕੋਈ ਅਧਿਆਪਕ ਨਹੀਂ ਸੀ ਜਾਂਦਾ, ਉਸ 'ਚ ਅਧਿਆਪਕਾਂ ਦੀਆਂ ਸਾਰੀਆਂ ਅਸਾਮੀਆਂ ਭਰ ਗਈਆਂ। ਸਿੱਖਿਆ ਦੇ ਉੱਚ ਅਧਿਕਾਰੀ ਉਸ ਸਕੂਲ ਨੂੰ ਵੇਖਣ ਆਉਣ ਲੱਗ ਪਏ। ਉਸ ਦੇ ਨਤੀਜੇ ਸੌ ਪ੍ਰਤੀਸ਼ਤ ਆਉਣੇ ਸ਼ੁਰੂ ਹੋ ਗਏ। ਉਹ ਸਾਡੇ ਇਲਾਕੇ ਦਾ ਮਿਸਾਲੀ ਸਕੂਲ ਬਣ ਗਿਆ। ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਉਹ ਸਿੱਖਿਆ ਦੇ ਖੇਤਰ 'ਚ ਕੰਮ ਕਰ ਰਿਹਾ ਹੈ।

ਜਦੋਂ ਬੰਦਾ ਭੀੜ ਦਾ ਹਿੱਸਾ ਬਣਨ ਤੋਂ ਮੁਨਕਰ ਹੁੰਦਾ ਹੈ ਤਾਂ ਉਸ ਦੇ ਵਿਰੋਧੀ ਵੀ ਬਣ ਜਾਂਦੇ ਹਨ। ਉਸ ਨੂੰ ਸ਼ੁਦਾਈ, ਪਾਗਲ, ਸਿਰਫਿਰਿਆ, ਬਦਦਿਮਾਗ ਅਤੇ ਹੋਰ ਬਹੁਤ ਕੁਝ ਕਿਹਾ ਜਾਂਦਾ ਹੈ। ਉਸ ਦੇ ਰਾਹਾਂ 'ਚ ਅੜਿੱਕਾ ਡਾਹੁਣਾ ਸ਼ੁਰੂ ਹੋ ਜਾਂਦਾ ਹੈ। ਇਕ ਬਹੁਤ ਹੀ ਅਸੂਲੀ, ਇਮਾਨਦਾਰ, ਮੂੰਹਫੱਟ ਅਤੇ ਸੁਧਾਰ ਦੇ ਗੀਤ ਗਾਉਣ ਵਾਲੇ ਵਿਅਕਤੀ ਨੂੰ ਇਕ ਵਿਭਾਗ ਦੇ ਮੁਲਾਜ਼ਮਾਂ ਨੇ ਕਿਹਾ ਕਿ ਉਹ ਉਸ ਨੂੰ ਆਪਣੀ ਜੱਥੇਬੰਦੀ ਦਾ ਜ਼ਿਲ੍ਹਾ ਪ੍ਰਧਾਨ ਬਣਾਉਣਾ ਚਾਹੁੰਦੇ ਹਨ। ਉਸ ਨੇ ਉਨ੍ਹਾਂ ਨੂੰ ਹੱਥ ਜੋੜ ਕੇ ਕਿਹਾ, ''ਭਰਾਵੋ, ਇਹ ਯੂਨੀਅਨਬਾਜ਼ੀ ਅਤੇ ਨੇਤਾਗਿਰੀ ਮੇਰੇ ਵਸ ਦੀ ਗੱਲ ਨਹੀਂ। ਤੁਸੀਂ ਕੋਈ ਹੋਰ ਚੌਧਰ ਦਾ ਭੁੱਖਾ ਬੰਦਾ ਲੱਭ ਲਓ। ਜੇਕਰ ਮੈਂ ਤੁਹਾਡੀ ਗੱਲ ਮੰਨ ਕੇ ਤੁਹਾਡੀ ਯੂਨੀਅਨ ਦਾ ਪ੍ਰਧਾਨ ਬਣ ਵੀ ਗਿਆ ਤਾਂ ਤੁਸੀਂ ਚੌਥੇ ਦਿਨ ਮੇਰੇ ਵਿਰੁੱਧ ਝੰਡਾ ਚੁੱਕ ਲੈਣੈ।'' ਉਨ੍ਹਾਂ ਕਰਮਚਾਰੀਆਂ ਨੇ ਉਸ ਦੀ ਬੇਨਤੀ ਨਹੀਂ ਮੰਨੀ। ਉਹੀ ਹੋਇਆ ਜੋ ਉਸ ਨੇ ਉਨ੍ਹਾਂ ਨੂੰ ਕਿਹਾ ਸੀ। ਜ਼ਿਲ੍ਹੇ ਦੇ ਇਕ ਦਫ਼ਤਰ ਵਿਚ ਇਕ ਅਜਿਹਾ ਅਧਿਕਾਰੀ ਆ ਗਿਆ ਜੋ ਸਿਰੇ ਦਾ ਇਮਾਨਦਾਰ, ਅਸੂਲਾਂ ਵਾਲਾ ਸਪਸ਼ਟਵਾਦੀ ਅਤੇ ਡਾਢਾ ਸਖ਼ਤ ਸੀ। ਉਸ ਨੇ ਆਉਂਦਿਆਂ ਹੀ ਕਰਮਚਾਰੀਆਂ ਦਾ ਡਿਊਟੀ 'ਤੇ ਦੇਰ ਨਾਲ ਆਉਣਾ ਅਤੇ ਛੁੱਟੀ ਤੋਂ ਪਹਿਲਾਂ ਜਾਣਾ ਬੰਦ ਕਰ ਦਿੱਤਾ। ਕੰਮ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ। ਫਰਲੋ ਉਸ ਨੇ ਬੰਦ ਕਰ ਦਿੱਤੀ। ਕਰਮਚਾਰੀਆਂ ਨੂੰ ਤੰਗੀ ਹੋ ਗਈ। ਜਿਸ ਨੇ ਉਸ ਨੂੰ ਯੂਨੀਅਨ ਦੀ ਧੌਂਸ ਦੱਸੀ, ਉਹ ਉਸ ਦੇ ਵਿਰੁੱਧ ਹੋ ਗਿਆ। ਕਰਮਚਾਰੀ ਉਸ ਜ਼ਿਲ੍ਹੇ ਦੇ ਪ੍ਰਧਾਨ ਕੋਲ ਪਹੁੰਚੇ। ਉਸ ਨੇ ਉਸ ਅਧਿਕਾਰੀ ਨਾਲ ਮੀਟਿੰਗ ਕੀਤੀ। ਉਸ ਨੂੰ ਲੱਗਾ ਕਿ ਅਧਿਕਾਰੀ ਸੱਚਾ-ਪੁੱਚਾ ਅਤੇ ਅਸੂਲੀ ਬੰਦਾ ਹੈ ਅਤੇ ਕਰਮਚਾਰੀ ਉਸ ਨੂੰ ਗ਼ਲਤ ਦਬਾ ਰਹੇ ਹਨ। ਉਸ ਨੇ ਉਸ ਅਧਿਕਾਰੀ ਨੂੰ ਕਿਹਾ, ''ਸਰ, ਤੁਸੀਂ ਆਪਣੀ ਥਾਂ ਬਿਲਕੁਲ ਠੀਕ ਹੋ। ਇਮਾਨਦਾਰੀ ਨਾਲ ਆਪਣਾ ਕੰਮ ਕਰੋ।'' ਉਸ ਪ੍ਰਧਾਨ ਨੇ ਕਰਮਚਾਰੀਆਂ ਨੂੰ ਕਿਹਾ, ''ਭਰਾਵੋ, ਜੇਕਰ ਤੁਸੀਂ ਮੈਨੂੰ ਇਨ੍ਹਾਂ ਕੰਮਾਂ ਲਈ ਪ੍ਰਧਾਨ ਬਣਾਇਆ ਹੈ ਤਾਂ ਇਹ ਰਿਹਾ ਮੇਰਾ ਅਸਤੀਫ਼ਾ, ਕਿਸੇ ਹੋਰ ਨੂੰ ਪ੍ਰਧਾਨ ਬਣਾ ਲਓ।''

ਭੀੜ ਤੋਂ ਅੱਡ ਹੋ ਕੇ ਉਹੀ ਲੋਕ ਚੱਲ ਸਕਦੇ ਹਨ ਜਿਨ੍ਹਾਂ ਨੂੰ ਮਜ਼ਬੂਤ ਅਕੀਦੇ ਨਾਲ ਫ਼ੈਸਲੇ ਲੈਣ ਦੀ ਆਦਤ ਹੋਵੇ। ਜਿਨ੍ਹਾਂ ਨੂੰ ਲੋਕਾਂ ਦੀ ਪਰਵਾਹ ਨਾ ਕਰਨ ਦੀ ਕਲਾ ਆਉਂਦੀ ਹੋਵੇ। ਜਿਨ੍ਹਾਂ ਨੂੰ ਆਪਣੇ ਨਫੇ-ਨੁਕਸਾਨ ਦੀ ਪਰਵਾਹ ਨਾ ਹੋਵੇ। ਸਾਡੇ ਨਾਲ ਕੰਮ ਕਰ ਰਹੀ ਇਕ ਅਧਿਆਪਕਾ ਨੇ ਜਨਮ-ਪੱਤਰੀਆਂ ਵੇਖਣ ਵਾਲੇ ਇਕ ਵਿਅਕਤੀ ਨੂੰ ਆਪਣੀ ਧੀ ਦੀ ਜਨਮ-ਪੱਤਰੀ ਵਿਖਾਉਂਦਿਆਂ ਪੁੱਛਿਆ ਕਿ ਉਹ ਡਾਕਟਰ ਬਣ ਸਕਦੀ ਹੈ ਜਾਂ ਨਹੀਂ? ਜਨਮ-ਪੱਤਰੀ ਵੇਖਣ ਵਾਲੇ ਸੱਜਣ ਨੇ ਕਿਹਾ, ''ਭੈਣ ਜੀ! ਤੁਹਾਡੀ ਧੀ ਦੀ ਕਿਸਮਤ 'ਚ ਡਾਕਟਰ ਬਣਨਾ ਨਹੀਂ ਲਿਖਿਆ। ਤੁਸੀਂ ਇਸ ਨੂੰ ਕੋਈ ਹੋਰ ਪੜ੍ਹਾਈ ਕਰਾ ਦਿਓ।'' ਅਧਿਆਪਕਾ ਨੇ ਆਪਣੀ ਧੀ ਨੂੰ ਦੱਸਿਆ ਕਿ ਉਹ ਡਾਕਟਰ ਨਹੀਂ ਬਣ ਸਕਦੀ ਪਰ ਉਸ ਭੀੜ ਤੋਂ ਅੱਡ ਹੋ ਕੇ ਤੁਰਨ ਵਾਲੀ ਕੁੜੀ ਨੇ ਨਾ ਉਸ ਵਿਅਕਤੀ ਦੀ ਗੱਲ ਸੁਣੀ ਅਤੇ ਨਾ ਹੀ ਆਪਣੀ ਮਾਂ ਦੀ। ਉਹ ਕੁੜੀ ਪੜ੍ਹ ਕੇ ਡਾਕਟਰ ਹੀ ਨਹੀਂ ਬਣੀ ਸਗੋਂ ਉਹ ਆਪਣੇ ਕਾਲਜ 'ਚੋਂ ਦੂਜੇ ਨੰਬਰ 'ਤੇ ਵੀ ਆਈ। ਮੈਨੂੰ ਆਪਣੇ ਇਕ ਮੁੱਖ ਅਧਿਆਪਕ ਦੀ ਕਹੀ ਇਹ ਗੱਲ ਅਕਸਰ ਯਾਦ ਆਉਂਦੀ ਹੈ ਕਿ ਇਤਿਹਾਸ ਬਣਾਉਂਦਾ ਕੋਈ ਹੈ, ਲਿਖਦਾ ਕੋਈ ਹੋਰ ਹੈ ਅਤੇ ਉਸ ਨੂੰ ਪੜ੍ਹਦਾ ਕੋਈ ਹੋਰ ਹੈ। ਜਿਹੜੇ ਪੜ੍ਹਦੇ ਹਨ, ਉਹ ਲਿਖਣ ਵਾਲਿਆਂ ਤੋਂ ਹੈਰਾਨ ਜ਼ਰੂਰ ਹੁੰਦੇ ਹਨ।

-ਮੋਬਾਈਲ ਨੰ. : 98726-27136

Posted By: Sukhdev Singh