ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ । ਇਸ ਕਾਰਨ ਕਿੰਨੇ ਹੀ ਲੋਕ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਤੇ ਕਿੰਨੇ ਹਾਲੇ ਵੀ ਇਸ ਬਿਮਾਰੀ ਨਾਲ ਲੜ ਰਹੇ ਹਨ ਪਰ ਹੁਣ ਇਸ ਦੇ ਨਾਲ-ਨਾਲ ਭੁੱਖਮਰੀ ਦਾ ਕਹਿਰ ਵੀ ਵਧਦਾ ਜਾ ਰਿਹਾ ਹੈ। ਕੋਰੋਨਾ ਕਾਰਨ ਕਿੰਨੇ ਹੀ ਲੋਕ ਬੇਰੁਜ਼ਗਾਰ ਹੋ ਗਏ ਹਨ। ਹਰ ਕਿਸੇ ਲਈ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ ਤੇ ਦੂਜੇ ਪਾਸੇ ਮਹਿੰਗਾਈ ਘੱਟ ਹੋਣ ਦੀ ਬਜਾਏ ਆਪਣਾ ਜ਼ੋਰ ਦਿਖਾ ਰਹੀ ਹੈ । ਫਲ ਦੁੱਗਣੇ - ਚੌਗਣੇ ਰੇਟਾਂ ’ਤੇ ਵੇਚੇ ਜਾ ਰਹੇ ਹਨ। ਜੋ ਨਾਰੀਅਲ ਪਾਣੀ 40 ਰੁਪਏ ਦੇ ਕਰੀਬ ਵਿਕਦਾ ਸੀ, ਅੱਜ ਉਸ ਦੀ ਕੀਮਤ ਵੀ ਦੁੱਗਣੀ ਹੋ ਚੁੱਕੀ ਹੈ। ਇਕ ਪਾਸੇ ਭੁੱਖਮਰੀ ਵਧਦੀ ਜਾ ਰਹੀ ਹੈ ਤੇ ਦੂਜੇ ਪਾਸੇ ਮਹਿੰਗਾਈ ਆਪਣਾ ਕਹਿਰ ਦਿਖਾ ਰਹੀ ਹੈ ।

ਸਰਕਾਰਾਂ ਲੋਕਾਂ ਨੂੰ ਰਾਹਤ ਦੇਣ ਦੀ ਜਗ੍ਹਾ ਟੈਕਸਾਂ ਵਿਚ ਵਾਧਾ ਕਰ ਰਹੀਆਂ ਹਨ ਤਾਂ ਜੋ ਕਿਸੇ ਪਾਸੇ ਗ਼ਰੀਬੀ ਦੀ ਕੋਈ ਕਮੀ ਨਾ ਰਹਿ ਜਾਵੇ। ਪੈਟਰੋਲ- ਡੀਜ਼ਲ ਦੀਆਂ ਕੀਮਤਾਂ ਅੰਬਰ ਛੂਹ ਰਹੀਆਂ ਹਨ ਤੇ ਸਰਕਾਰ ਨੂੰ ਆਮ ਜਨਤਾ ਦੇ ਗੁਜ਼ਾਰੇ ਨਾਲ ਕੋਈ ਲੈਣਾ- ਦੇਣਾ ਨਹੀਂ ਹੈ । ਜੋ ਲੋਕ ਦੋ ਵਕਤ ਦੀ ਰੋਟੀ ਲਈ ਥਾਂ- ਥਾਂ ’ਤੇ ਭਟਕ ਰਹੇ ਹਨ ,ਉਹ ਮਹਿੰਗੇ ਫਲ ਕਿੱਥੋਂ ਖ਼ਰੀਦ ਲੈਣਗੇ? ਇਕ ਪਾਸੇ ਤਾਂ ਲੋਕ ਭੁੱਖਮਰੀ ਕਰਕੇ ਸੜਕਾਂ ’ਤੇ ਆਉਣ ਲਈ ਮਜਬੂਰ ਹੋ ਗਏ ਹਨ ਤੇ ਦੂਜੇ ਪਾਸੇ ਮਹਿੰਗਾਈ ਆਮ ਜਨਤਾ ਨੂੰ ਧੱਕੇ ਮਾਰ ਰਹੀ ਹੈ । ਜਿਹੜੀਆਂ ਸਰਕਾਰਾਂ ਵੋਟਾਂ ਦੇ ਨੇੜੇ ਜਨਤਾ ਨਾਲ ਆ ਕੇ ਉਨ੍ਹਾਂ ਦੀ ਮਦਦ ਲਈ ਇੰਨੇ ਵਾਅਦੇ - ਦਾਅਵੇ ਕਰਦੀਆਂ ਹਨ, ਅੱਜ ਉਹੀ ਸਰਕਾਰਾਂ ਭੁੱਖਮਰੀ ਨਾਲ ਮਰ ਰਹੇ ਲੋਕਾਂ ਦੀ ਸਾਰ ਤਕ ਨਹੀਂ ਲੈ ਰਹੀਆਂ । ਹਰ ਦੁਕਾਨਦਾਰ ਆਪਣੀ ਮਰਜ਼ੀ ਨਾਲ ਰਾਸ਼ਨ ਦਾ ਰੇਟ ਵਧਾ ਰਿਹਾ ਹੈ।

ਇਕ ਪਾਸੇ ਮਹਿੰਗਾਈ ਦਾ ਬੋਲਬਾਲਾ ਹੈ ਤੇ ਦੂਜੇ ਪਾਸੇ ਲੱਖਾਂ ਲੋਕ ਆਪਣੀ ਨੌਕਰੀ ਤੋਂ ਹੱਥ ਧੋ ਬੈਠੇ ਹਨ ਤੇ ਬੇਰੁਜ਼ਗਾਰਾਂ ’ਚ ਸ਼ੁਮਾਰ ਹੋ ਗਏ ਹਨ। ਗੈਸ ਸਿਲੰਡਰ ਦੀਆਂ ਕੀਮਤਾਂ ਵੀ ਭੁੱਖਮਰੀ ਦੇ ਦੌਰ ਵਿਚ ਦੁੱਗਣੀਆਂ ਹੋ ਗਈਆਂ ਹਨ । ਸਰ੍ਹੋਂ ਦਾ ਤੇਲ ਜੋ ਕਿਸੇ ਸਮੇਂ ਵਿਚ ਲਗਭਗ 90 ਰੁਪਏ ਸੀ ,ਅੱਜ ਉਹੀ 200 ਦੇ ਕਰੀਬ ਪਹੁੰਚ ਗਿਆ ਹੈ । ਅੱਜ ਦੇ ਸਮੇਂ ਵਿਚ ਕਿਸੇ ਇਨਸਾਨ ਦੀ ਮਹੀਨੇ ਦੀ ਇੰਨੀ ਕਮਾਈ ਨਹੀਂ ਹੈ ,ਜਿੰਨੇ ਉਸ ਦੇ ਮਹੀਨੇ ਦੇ ਖ਼ਰਚੇ ਵਧ ਚੁੱਕੇ ਹਨ।

ਇਕ ਪਾਸੇ ਤਾਂ ਮਹਿੰਗਾਈ ਆਸਮਾਨ ਨੂੰ ਛੂਹ ਰਹੀ ਹੈ ,ਦੂਜੇ ਪਾਸੇ ਲੋਕਾਂ ਦੀਆਂ ਤਨਖ਼ਾਹਾਂ ਬਿਲਕੁਲ ਹੀ ਹੇਠਾਂ ਜਾ ਰਹੀਆਂ ਹਨ । ਆਮ ਜਨਤਾ ਇਸ ਸਮੇਂ ਕੋਰੋਨਾ ਤੋਂ ਘੱਟ ਦੁਖੀ ਹੈ ਤੇ ਮਹਿੰਗਾਈ ਤੋਂ ਜ਼ਿਆਦਾ ਦੁਖੀ ਹੈ ਕਿਉਂਕਿ ਸਾਰੇ ਘਰ ਪਰਿਵਾਰ ’ਚੋਂ ਇਸ ਸਮੇਂ ਇਕ ਮੈਂਬਰ ਕਮਾਉਣ ਵਾਲਾ ਹੈ ਤੇ ਇਸ ਹੱਦ ਤੋੜ ਮਹਿੰਗਾਈ ਵਿਚ ਇਕ ਮੈਂਬਰ ਦੀ ਕਮਾਈ ਨਾਲ ਸਾਰੇ ਘਰ ਦਾ ਗੁਜ਼ਾਰਾ ਕਰਨਾ ਬੜਾ ਹੀ ਮੁਸ਼ਕਲ ਹੈ। ਇਸ ਮਾਹੌਲ ਵਿਚ ਮਹਿੰਗਾਈ ਦਾ ਘਟਣਾ ਬਹੁਤ ਹੀ ਜ਼ਰੂਰੀ ਹੈ। ਜੇ ਮਹਿੰਗਾਈ ਘੱਟ ਹੋਵੇਗੀ ਤਾਂ ਲੋਕ ਭੁੱਖਮਰੀ ਤੇ ਗ਼ਰੀਬੀ ਦੀ ਹਾਲਤ ’ਚੋਂ ਬਾਹਰ ਆ ਸਕਣਗੇ ।


ਮਨਪ੍ਰੀਤ ਕੌਰ , ਸਰਹਿੰਦ

99141-93910

Posted By: Sunil Thapa