ਪੰਜਾਬ ਵਿਚ ਇਸ ਸਮੇਂ ਚੋਣ ਮਾਹੌਲ ਗਰਮ ਹੈ। ਹਰੇਕ ਪਾਰਟੀ ਇਕ-ਦੂਜੀ ਨੂੰ ਨਿੰਦ ਰਹੀ ਹੈ। ਵੇਖਿਆ ਜਾਵੇ ਤਾਂ ਅਜੇ ਵੀ ਬਹੁਤੇ ਪਿੰਡਾਂ ਦੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਨੇਤਾ ਜਿੱਤਣ ਤੋਂ ਬਾਅਦ ਪਿੰਡਾਂ ਵੱਲ ਛੇਤੀ ਕੀਤਿਆਂ ਮੂੰਹ ਨਹੀਂ ਕਰਦੇ। ਵੋਟਾਂ ਵੇਲੇ ਇਨ੍ਹਾਂ ਲੀਡਰਾਂ ਨੂੰ ਪਿੰਡਾਂ ਦੇ ਲੋਕਾਂ ਦਾ ਹੇਜ ਆਉਣ ਲੱਗਦਾ ਹੈ। ਉਂਜ ਹੁਣ ਉਹ ਵੋਟਾਂ ਨੇੜੇ ਹੋਣ ਕਾਰਨ ਭਾਸ਼ਣਾਂ ’ਚ ਲੋਕਾਂ ਨੂੰ ਭਰੋਸਾ ਦੇ ਰਹੇ ਹਨ ਕਿ ਜਿੱਤਣ ’ਤੇ ਉਹ ਪਿੰਡਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰ ਦੇਣਗੇ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਮਾਨਦਾਰ ਉਮੀਦਵਾਰਾਂ ਨੂੰ ਹੀ ਵੋਟਾਂ ਪਾਉਣ ਤੇ ਕਿਸੇ ਵੀ ਲਾਲਚ ਵਿਚ ਆ ਕੇ ਵੋਟ ਗ਼ਲਤ ਉਮੀਦਵਾਰ ਨੂੰ ਨਾ ਪਾਉਣ। ਇਨ੍ਹਾਂ ਚੋਣਾਂ ਵਿਚ ਬਹੁਤੇ ਲੀਡਰ ਝੂਠੀ ਬਿਆਨਬਾਜ਼ੀ ਸਦਕਾ ਜਨਤਾ ਨੂੰ ਭਰਮਾਉਣ ਦੀ ਭਰਪੂਰ ਕੋਸ਼ਿਸ਼ ਕਰਨਗੇ ਪਰ ਉਨ੍ਹਾਂ ਤੋਂ ਪਿਛਲੇ ਪੰਜ ਸਾਲਾਂ ਦਾ ਹਿਸਾਬ ਜ਼ਰੂਰ ਲੈਣਾ ਚਾਹੀਦਾ ਹੈ। ਜਿਹੜੇ ਨੇਤਾ ਪੰਜ ਸਾਲਾਂ ਵਿਚ ਕਦੇ ਵੀ ਲੋਕਾਂ ਦੇ ਦੁੱਖ-ਸੁੱਖ ’ਚ ਨਾਲ ਨਹੀਂ ਖੜੇ੍ਹ ਉਹ ਹੁਣ ਵੋਟਾਂ ਨੇੜੇ ਹੋਣ ਕਾਰਨ ਤਰ੍ਹਾਂ-ਤਰ੍ਹਾਂ ਦੇ ਝੂਠੇ ਲਾਲਚ ਦੇ ਰਹੇ ਹਨ ਤੇ ਆਪਣੇ-ਆਪ ਨੂੰ ਲੋਕਾਂ ਦੇ ਵੱਡੇ ਹਮਦਰਦ ਦੱਸਦੇ ਹਨ। ਦੂਜੇ ਪਾਸੇ ਵੇਖਿਆ ਜਾਵੇ ਤਾਂ ਬਹੁਤੇ ਪਿੰਡਾਂ ਵਿਚ ਲੋਕ ਪਾਰਟੀਬਾਜ਼ੀ ਹੋਣ ਕਾਰਨ ਲੜਾਈ-ਝਗੜਾ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਸਿਆਸਤਦਾਨਾਂ ਕਾਰਨ ਭਾਈਚਾਰਕ ਸਾਂਝ ਨੂੰ ਢਾਅ ਨਹੀਂ ਲੱਗਣੀ ਚਾਹੀਦੀ ਕਿਉਂਕਿ ਸਭ ਪਾਰਟੀਆਂ ਦੇ ਆਗੂ ਤਾਂ ਇਕ-ਦੂਜੇ ਨੂੰ ਜੱਫੀ ਪਾ ਕੇ ਮਿਲਦੇ ਹਨ। ਲੋਕ ਹੁਣ ਉਨ੍ਹਾਂ ਉਮੀਦਵਾਰਾਂ ਨੂੰ ਹੀ ਚੁਣ ਕੇ ਭੇਜਣ ਜੋ ਆਪੋ-ਆਪਣੇ ਹਲਕੇ ਦੀਆਂ ਮੁੱਖ ਸਮੱਸਿਆਵਾਂ ਹੱਲ ਕਰਨ ਵਾਲੇ ਹੋਣ। ਜ਼ਿਆਦਾਤਰ ਲੀਡਰ ਪਿੰਡਾਂ ਦੀਆਂ ਗਲੀਆਂ-ਨਾਲੀਆਂ ਨੂੰ ਢੁਹਾ ਕੇ ਦੁਬਾਰਾ ਜ਼ਰੂਰ ਬਣਾ ਦਿੰਦੇ ਹਨ ਪਰ ਪਿੰਡਾਂ ਦੀਆਂ ਮੁੱਖ ਸਮੱਸਿਆਵਾਂ ਓਥੇ ਦੀਆਂ ਓਥੇ ਹੀ ਖੜ੍ਹੀਆਂ ਰਹਿੰਦੀਆਂ ਹਨ। ਪੰਜਾਬ ਦੇ ਗੱਭਰੂ ਤੇ ਮੁਟਿਆਰਾਂ ਆਪਣੇ ਦੇਸ਼ ’ਚ ਰੁਜ਼ਗਾਰ ਨਾ ਹੋਣ ਕਾਰਨ ਵਿਦੇਸ਼ਾਂ ਨੂੰ ਭੱਜ ਰਹੇ ਹਨ। ਕਈਂ ਨੌਜਵਾਨ ਵਿਦੇਸ਼ ਜਾਣ ਦੇ ਚੱਕਰ ਵਿਚ ਲੱਖਾਂ ਰੁਪਏ ਏਜੰਟਾਂ ਕੋਲ ਫਸਾ ਲੈਂਦੇ ਹਨ। ਉਹ ਵਿਦੇਸ਼ ਨਾ ਜਾ ਸਕਣ ਕਾਰਨ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗਦੇ ਹਨ ਅਤੇ ਹੌਲੀ-ਹੌਲੀ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ। ਉਹ ਘਰੋਂ ਪੈਸਿਆਂ ਦੀ ਵੀ ਚੋਰੀ ਕਰਨ ਲੱਗ ਜਾਂਦੇ ਹਨ। ਚਿੰਤਾਜਨਕ ਗੱਲ ਤਾਂ ਇਹ ਹੈ ਕਿ ਪੰਜਾਬ ਵਿਚ ਆਏ ਦਿਨ ਅਨੇਕਾਂ ਨੌਜਵਾਨ ਨਸ਼ਿਆਂ ਕਾਰਨ ਜਾਨ ਗੁਆ ਰਹੇ ਹਨ। ਪੰਜਾਬ ਦੀ ਜਵਾਨੀ ਬੇਰੁਜ਼ਗਾਰ ਹੋਣ ਕਾਰਨ ਕੁਰਾਹੇ ਪੈ ਰਹੀ ਹੈ। ਸਰਕਾਰੀ ਦਫ਼ਤਰਾਂ ਵਿਚ ਰਿਸ਼ਵਤ ਦਿੱਤੇ ਬਿਨਾਂ ਕੋਈ ਕੰਮ ਨਹੀਂ ਹੋ ਰਿਹਾ। ਸਭ ਪਾਸੇ ਭ੍ਰਿਸ਼ਟਾਚਾਰ ਬਹੁਤ ਵਧ ਚੁੱਕਾ ਹੈ। ਇਸ ਲਈ ਲੋਕਾਂ ਨੂੰ ਚੰਗੇ ਕਿਰਦਾਰ ਵਾਲੇ ਤੇ ਇਮਾਨਦਾਰ ਨੁਮਾਇੰਦੇ ਹੀ ਚੁਣਨੇ ਚਾਹੀਦੇ ਹਨ ਜੋ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾ ਸਕਣ ਅਤੇ ਪੰਜਾਬ ਦੀ ਜਵਾਨੀ ਨੂੰ ਸਹੀ ਸੇਧ ਦੇ ਸਕਣ। ਤਾਂ ਹੀ ਪੰਜਾਬ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕੇਗਾ।

-ਸੁਖਦੇਵ ਸਿੱਧੂ ਕੁਸਲਾ।

ਮੋਬਾਈਲ : 94650-33331

Posted By: Jagjit Singh