ਪਹਿਲਾਂ ਸਾਡੀਆਂ ਭੂਆ-ਮਾਸੀਆਂ ਦੇ ਵੇਲਿਆਂ ਵਿਚ ਗੁੱਡੀ ਫੂਕਣ ਦਾ ਰਿਵਾਜ ਬਹੁਤ ਜ਼ਿਆਦਾ ਹੁੰਦਾ ਸੀ। ਜਦੋਂ ਮੀਂਹ ਨਾ ਪੈਣਾ ਤਾਂ ਇਕ ਬਹੁਤ ਸੋਹਣੀ ਗੁੱਡੀ ਪੂਰੇ ਪਿੰਡ ਦੀਆਂ ਕੁੜੀਆਂ ਨੇ ਰਲ ਕੇ ਤਿਆਰ ਕਰਨੀ। ਮਿੱਠੀਆਂ ਰੋਟੀਆਂ ਜਾਂ ਗੁਲਗੁਲੇ ਨਾਲ ਪਕਾਏ ਜਾਂਦੇ ਸੀ ਜਾਂ ਕਈ ਵਾਰ ਗੁੜ ਵਾਲੇ ਚੌਲ ਵੀ ਬਣਾ ਲੈਂਦੇ ਸੀ। ਪਿੰਡ ਦੀਆਂ ਵੱਡੀ ਉਮਰ ਦੀਆਂ ਬੁੜ੍ਹੀਆਂ ਵੈਣ ਪਾਉਂਦੀਆਂ ਪੂਰੇ ਪਿੰਡ ਵਿਚ ਗੇੜਾ ਦਿੰਦੀਆਂ ਸਨ। ਗੁੱਡੀ ਨੂੰ ਲਾਲ ਕੱਪੜੇ ਵਿਚ ਸਜਾਇਆ ਜਾਂਦਾ ਸੀ ਅਤੇ ਸ਼ਮਸ਼ਾਨਘਾਟ ਤਕ ਲਿਜਾਇਆ ਜਾਂਦਾ ਸੀ। ਗੁੱਡੀ ਫੂਕਣ ਤੋਂ ਬਾਅਦ ਗਿੱਧਾ ਪਾਇਆ ਜਾਂਦਾ ਸੀ। ਮੀਂਹ ਲਈ ਵੀ ਪਰਮਾਤਮਾ ਅੱਗੇ ਅਰਦਾਸ ਕੀਤੀ ਜਾਂਦੀ ਸੀ। ਗੁੱਡੀ ਫੂਕਣ ਦਾ ਤਰਕ ਦੱਸਿਆ ਜਾਂਦਾ ਸੀ ਕਿ ਜੇ ਅਸੀਂ ਜਵਾਨ ਕੁੜੀ ਨੂੰ ਫੂਕਦੇ ਹਾਂ ਤਾਂ ਰੱਬ ਵੀ ਰੋਂਦਾ ਹੈ ਪਰ ਹੁਣ ਤਾਂ ਰੋਜ਼ ਜਿਊਂਦੀਆਂ ਗੁੱਡੀਆਂ ਸੜ ਰਹੀਆਂ ਹਨ। ਹਰ ਰੋਜ਼ ਦਾਜ ਦੀ ਬਲੀ ਪਤਾ ਨਹੀਂ ਕਿੰਨੀਆਂ ਕੁ ਗੁੱਡੀਆਂ ਚੜ੍ਹ ਜਾਂਦੀਆਂ ਹਨ, ਜਿਨ੍ਹਾਂ ਨੂੰ ਲਾਲ ਫੁਲਕਾਰੀਆਂ ਵਿਚ ਲਪੇਟ ਕੇ ਸ਼ਮਸ਼ਾਨਘਾਟ ਲਿਜਾਇਆ ਜਾਂਦਾ ਹੈ।

ਮਾਵਾਂ ਦਾ ਰੋਣਾ ਸੁਣ ਕੇ ਪੱਥਰ ਵੀ ਪਿਘਲ ਜਾਂਦਾ ਹੈ ਤੇ ਫਿਰ ਹੁਣ ਰੱਬ ਕਿਉਂ ਨਹੀਂ ਰੋ ਰਿਹਾ? ਘੱਟ ਦਾਜ ਕਾਰਨ ਇਕ ਧੀ ਹੀ ਨਹੀਂ ਮਰਦੀ ਸਗੋਂ ਜੋ ਕਰਜ਼ਾ ਲੈ ਕੇ ਦਾਜ ਆਪਣੀ ਧੀ ਨੂੰ ਦਿੱਤਾ ਜਾਂਦਾ ਹੈ, ਉਹ ਕਰਜ਼ਾ ਉਤਾਰਦਾ ਬਾਪ ਵੀ ਇਸ ਦੁਨੀਆ ਤੋਂ ਵਿਦਾ ਹੋ ਜਾਂਦਾ ਹੈ ਪਰ ਕਰਜ਼ਾ ਸਿਰ ਤੋਂ ਨਹੀਂ ਉਤਰਦਾ। ਇਕ ਧੀ ਜਾਂਦੀ ਹੈ, ਦੂਜਾ ਸਿਰ ’ਤੇ ਕਰਜ਼ਾ। ਅੱਜ-ਕੱਲ੍ਹ ਤਾਂ ਨਕਲੀ ਗੁੱਡੀ ਫੂਕਣ ਦਾ ਰਿਵਾਜ ਹੀ ਨਹੀਂ ਰਿਹਾ। ਹੁਣ ਜਦੋਂ ਅਸਲੀ ਗੁੱਡੀਆਂ ਹੀ ਹਰ ਰੋਜ਼ ਪਤਾ ਨਹੀਂ ਕਿੰਨੀਆਂ ਕੁ ਫੂਕੀਆਂ ਜਾ ਰਹੀਆਂ ਹਨ ਤਾਂ ਅਸਲੀ ਚੀਕਾਂ ਸੁਣ ਕੇ ਵੀ ਪਰਮਾਤਮਾ ਨੂੰ ਰਹਿਮ ਨਹੀਂ ਆਉਂਦਾ। ਮੈਂ ਇਕ ਘਟਨਾ ਦਾ ਜ਼ਿਕਰ ਕਰ ਰਹੀ ਹਾਂ ਜੋ ਬਿਲਕੁਲ ਅੱਖੀਂ ਦੇਖੀ ਹੈ। ਬਹੁਤਾ ਤਾਂ ਮੈਥੋਂ ਨਹੀਂ ਲਿਖਿਆ ਜਾਣਾ। ਜਿਸ ਕੋਠੀ ਵਿਚ ਅਸੀਂ ਰਹਿੰਦੇ ਸਾਂ, ਸਾਡੇ ਪਿੱਛੇ ਹੀ ਇਕ ਕਾਫ਼ੀ ਵੱਡੀ ਬਣੀ ਹੋਈ ਕੋਠੀ ਸੀ। ਕੋਠੀ ਬਹੁਤ ਸੋਹਣੀ ਸੀ ਪਰ ਉਸ ਵਿਚ ਰਹਿਣ ਵਾਲੇ ਲੋਕ ਬੇਦਰਦ ਸਨ। ਉਨ੍ਹਾਂ ਦੇ ਮੁੰਡੇ ਦੀ ਪਹਿਲਾਂ ਵੀ ਮੈਰਿਜ ਹੋਈ ਸੀ ਪਰ ਉਹ ਵਹੁਟੀ ਉਨ੍ਹਾਂ ਦੀ ਦਾਜ ਦੀ ਮੰਗ ਪੂਰੀ ਨਾ ਕਰ ਸਕੀ ਤੇ ਤਲਾਕ ਲੈ ਕੇ ਚਲੀ ਗਈ। ਫਿਰ ਉਨ੍ਹਾਂ ਨੇ ਆਪਣੇ ਮੁੰਡੇ ਦਾ ਦੂਸਰਾ ਵਿਆਹ ਕੀਤਾ ਜਿਸ ਦੇ ਮਾਂ-ਬਾਪ ਨਹੀਂ, ਸਿਰਫ਼ ਭੈਣਾਂ ਹੀ ਸਨ। ਉਸ ਕੁੜੀ ਨੂੰ ਉਨ੍ਹਾਂ ਨੇ ਐਨੀ ਬੇਰਹਿਮੀ ਦੇ ਨਾਲ ਸਵੇਰ ਦੇ ਤਿੰਨ ਵਜੇ ਮਾਰਿਆ ਕਿ ਉਸ ਦੀਆਂ ਚੀਕਾਂ ਸਭ ਲੋਕਾਂ ਦੇ ਕੰਨੀਂ ਪੈ ਰਹੀਆਂ ਸਨ। ਸਵੇਰੇ ਤਿੰਨ ਕੁ ਵਜੇ ਬਿਲਕੁਲ ਸ਼ਾਂਤਮਈ ਮਾਹੌਲ ਹੁੰਦਾ ਹੈ। ਇਸ ਲਈ ਚੀਕਾਂ ਦੀ ਆਵਾਜ਼ ਬਹੁਤ ਦੂਰ ਤਕ ਜਾ ਰਹੀ ਸੀ। ਉਨ੍ਹਾਂ ਦੀ ਕੋਠੀ ਦੇ ਨਾਲ ਫਲੈਟ ਬਣੇ ਹੋਏ ਸਨ। ਉਸ ਘਰ ਵਿੱਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ। ਲਾਟਾਂ ਦੇਖ ਕੇ ਫਲੈਟ ਵਾਲੇ ਸਕਿਉਰਿਟੀ ਗਾਰਡ ਨੇ ਪੁਲਿਸ ਨੂੰ ਫੋਨ ਕੀਤਾ। ਪੁਲਿਸ ਉਸੇ ਟਾਈਮ ਆ ਗਈ। ਕੁੜੀ ਨੂੰ ਬਹੁਤ ਬੇਰਹਿਮੀ ਨਾਲ ਸਾੜਿਆ ਗਿਆ ਸੀ। ਉਸ ਦਾ ਅੰਗੂਠਾ ਵੀ ਉਸ ਦੇ ਹੱਥ ਨਾਲੋਂ ਅਲੱਗ ਹੋਇਆ ਪਿਆ ਸੀ। ਕੋਲ ਹੀ ਤੇਲ ਦੀ ਕੇਨੀ ਪਈ ਸੀ ਤੇ ਪੂਰਾ ਕਮਰਾ ਧੂੰਏਂ ਦੇ ਨਾਲ ਭਰਿਆ ਹੋਇਆ ਸੀ।

ਉਸ ਦੀ ਅੱਧੀ ਜਲੀ ਹੋਈ ਲਾਸ਼ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਈ ਤੇ ਚਲੀ ਗਈ। ਉਹ ਲੋਕ ਮੂਹਰਲਾ ਦਰਵਾਜ਼ਾ ਬੰਦ ਕਰ ਕੇ ਆਪ ਭੱਜ ਗਏ ਸਨ। ਜਦੋਂ ਪੁਲਿਸ ਨੇ ਆ ਕੇ ਅੱਗ ਬੁਝਾਈ ਤਾਂ ਘਰ ਵਿਚ ਹੋਰ ਕੋਈ ਵੀ ਨਹੀਂ ਸੀ। ਉਸ ਕੁੜੀ ਦੇ ਮਾਂ-ਬਾਪ ਨਾ ਹੋਣ ਕਰ ਕੇ ਇਹ ਕੇਸ ਥੋੜ੍ਹੇ ਸਮੇਂ ’ਚ ਹੀ ਰਫ਼ਾ-ਦਫ਼ਾ ਹੋ ਗਿਆ ਸੀ। ਕੁੜੀ ਦੀਆਂ ਭੈਣਾਂ ਨੇ ਪੈਸੇ ਲੈ ਕੇ ਰਾਜ਼ੀਨਾਮਾ ਕਰ ਲਿਆ ਸੀ। ਕਿੰਨੇ ਦਿਨ ਤਕ ਉਸ ਅਬਲਾ ਦੀਆਂ ਚੀਕਾਂ ਸਾਡੇ ਕੰਨਾਂ ’ਚ ਵੱਜਦੀਆਂ ਰਹੀਆਂ। ਉਸ ਕੋਠੀ ਨੂੰ ਦੇਖ ਕੇ ਸਾਨੂੰ ਡਰ ਲੱਗਣ ਲੱਗ ਪਿਆ ਸੀ। ਹੁਣ ਵੀ ਮੈਂ ਜਦੋਂ ਕਦੇ ਉਸ ਕੋਠੀ ਵੱਲ ਵੇਖਦੀ ਹਾਂ ਤਾਂ ਮੈਨੂੰ ਉਹ ਕੁੜੀ ਜ਼ਰੂਰ ਯਾਦ ਆਉਂਦੀ ਹੈ। ਜੇ ਕੁੜੀਆਂ ਦੇਣੀਆਂ ਹਨ ਤਾਂ ਰੱਬਾ ਉਨ੍ਹਾਂ ਦੇ ਲੇਖ ਵੀ ਵਧੀਆ ਲਿਖ ਕੇ ਭੇਜਿਆ ਕਰ। ਕਿਸੇ ਨਾ ਕਿਸੇ ਤਰੀਕੇ ਨਾਲ ਪਿਆਰ ਵਜੋਂ ਦਿੱਤੇ ਗਏ ਸਾਮਾਨ ਵਿਚ ਜਦੋਂ ਵਾਧਾ ਹੋਣ ਲੱਗ ਪਵੇ ਤਾਂ ਇਹ ਰਸਮ ਦਾਜ ਹੀ ਕਹਾਉਂਦੀ ਹੈ। ਜਿਵੇਂ-ਜਿਵੇਂ ਦਾਜ ਵਧ ਰਿਹਾ ਹੈ, ਤਿਵੇਂ-ਤਿਵੇਂ ਅੱਗ ਦੀਆਂ ਲਪਟਾਂ ਵੀ ਉੱਚੀਆਂ ਹੋ ਰਹੀਆਂ ਹਨ। ਸਮਾਜ ਦਿਖਾਵੇ ਦੇ ਚੱਕਰ ’ਚ ਕਿਉਂ ਰਿਸ਼ਤਿਆਂ ਦਾ ਘਾਣ ਕਰ ਰਿਹਾ ਹੈ? ਪਹਿਲਾਂ ਇਕ-ਦੂਜੇ ਨੂੰ ਨੀਵਾਂ ਨਹੀਂ ਸੀ ਦਿਖਾਇਆ ਜਾਂਦਾ ਤੇ ਲੋਕ ਸਿਰਫ਼ ਘਰ ’ਚ ਵਰਤੋਂ ਵਾਲੀਆਂ ਚੀਜ਼ਾਂ ਹੀ ਦਿੰਦੇ ਸਨ। ਇਸ ਲਈ ਸੌਖੇ ਸਨ। ਦਾਜ ਦੀ ਬਲੀ ਕੁੜੀਆਂ ਉਦੋਂ ਵੀ ਚੜ੍ਹਦੀਆਂ ਸਨ ਪਰ ਬਹੁਤ ਘੱਟ। ਇਹੋ ਜਿਹਾ ਘਿਨੌਣਾ ਕੰਮ ਮਰੀ ਜ਼ਮੀਰ ਵਾਲੇ ਹੀ ਕਰਦੇ ਸਨ ਪਰ ਹੁਣ ਹਰ ਰੋਜ਼ ਅਖ਼ਬਾਰਾਂ ਦੇ ਪੰਨੇ ਇਹੋ ਜਿਹੀਆਂ ਖ਼ਬਰਾਂ ਨਾਲ ਭਰੇ ਪਏ ਹਨ। ਸਾਡਾ ਸਮਾਜ ਪਤਾ ਨਹੀਂ ਕਿੱਧਰ ਨੂੰ ਤੁਰ ਪਿਆ ਹੈ :

‘ਚਾਹੁੰਦੇ ਹੋਇਆਂ ਵੀ ਨਾ ਜਿੱਥੋਂ ਭਰੀ ਜਾਏ ਪਰਵਾਜ਼,

ਪਤਾ ਨਹੀਂ ਅੱਜ-ਕੱਲ੍ਹ ਕਿਸ ਪਾਸੇ ਜਾ ਰਿਹਾ ਸਾਡਾ ਸਮਾਜ।

ਸੁਰ ਤੇ ਲੈਅ ਨੂੰ ਭੁੱਲ ਗਵੱਈਏ, ਸ਼ੋਹਰਤ ਪਿੱਛੇ ਪੈ ਗਏ,

ਚਮਕ-ਦਮਕ ਦੀ ਫੋਕੀ ਚੌਧਰ, ਸੁੰਨੇ ਪਏ ਨੇ ਸਾਜ਼।’

ਲੋਕ ਪਰਿਵਾਰਕ ਰਿਸ਼ਤਿਆਂ ਵਿਚ ਹੀ ਖ਼ੂਨ ਦੀਆਂ ਹੋਲੀਆਂ ਖੇਡ ਰਹੇ ਹਨ। ਕੁੜੀਆਂ ਵੀ ਤਾਂ ਚਿੜੀਆਂ ਨੇ, ਕੁਦਰਤ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ। ‘ਘਰ ਬਣਾਉਂਦੇ-ਬਣਾਉਂਦੇ ਜ਼ਿੰਦਗੀ ਗੁਜ਼ਰ ਜਾਂਦੀ ਹੈ, ਸੁਪਨਿਆਂ ਨੂੰ ਬੁਣਦੇ-ਬੁਣਦੇ ਜ਼ਿੰਦਗੀ ਗੁਜ਼ਰ ਜਾਂਦੀ ਹੈ, ਚਾਹਤਾਂ ਦਾ ਘੜਾ ਕਦੇ ਨਹੀਂ ਭਰਦਾ, ਇੱਛਾਵਾਂ ਦੇ ਪਿੱਛੇ ਭੱਜਦੇ ਜ਼ਿੰਦਗੀ ਗੁਜ਼ਰ ਜਾਂਦੀ ਹੈ।’

ਇਨਸਾਨ ਨੂੰ ਆਪਣੀ ਕਮਾਈ ’ਤੇ ਸਬਰ ਕਿਉਂ ਨਹੀਂ। ਕੀ ਦੂਸਰੇ ਦਾ ਦਿੱਤਾ ਹੋਇਆ ਸਾਮਾਨ ਆਪਣੇ ਸਾਮਾਨ ਨਾਲੋਂ ਜ਼ਿਆਦਾ ਕੀਮਤੀ ਹੈ। ਇਹ ਗ਼ਲਤਫਹਿਮੀ ਦਿਲ ’ਚੋਂ ਕੱਢੋ, ਦਾਜ ਵਿਚ ਦਿੱਤਾ ਸਾਮਾਨ ਤੁਹਾਡੇ ਸਿਰ ’ਤੇ ਇਕ ਕਰਜ਼ਾ ਹੈ। ਆਪਣੀ ਘਰ ਦੀ ਰੋਟੀ ਤੁਸੀਂ ਚਟਨੀ ਨਾਲ ਖਾ ਲਵੋ, ਦੂਸਰੇ ਦੀ ਭਰੀ ਥਾਲੀ ਨਾਲੋਂ ਜ਼ਿਆਦਾ ਸਵਾਦ ਹੈ। ਇਸ ਲਈ ਆਪਣੀ ਕਮਾਈ ਵਿਚ ਸਬਰ-ਸੰਤੋਖ ਰੱਖੋ। ਕਿਸੇ ਧੀ ਦੇ ਬਾਪ ਦੀ ਲਾਚਾਰੀ ਦਾ ਫ਼ਾਇਦਾ ਨਾ ਚੁੱਕੋ। ਕਰਮਾਂ ਦਾ ਲੇਖਾ-ਜੋਖਾ ਦੇਣਾ ਹੀ ਪੈਣਾ ਹੈ।

-ਦਵਿੰਦਰ ਕੌਰ ਖ਼ੁਸ਼ ਧਾਲੀਵਾਲ

-ਮੋਬਾਈਲ : 88472-27740

Posted By: Jagjit Singh