ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ’ਚ ‘ਫਿਲਮ ਸਿਟੀ’ ਕਾਇਮ ਕਰਨ ਬਾਰੇ ਕੀਤੇ ਗਏ ਐਲਾਨ ਦੇ ਯਕੀਨੀ ਤੌਰ ’ਤੇ ਬਹੁਤ ਦੂਰਅੰਦੇਸ਼ ਨਤੀਜੇ ਨਿਕਲਣਗੇ। ਮੁੱਖ ਮੰਤਰੀ ਨੇ ਮੁੰਬਈ ਦੇ ਫਿਲਮ ਸਟੂਡੀਓਜ਼ ਨੂੰ ਵੀ ਆਪਣੀਆਂ ਸ਼ਾਖਾਵਾਂ ਪੰਜਾਬ ’ਚ ਸਥਾਪਤ ਕਰਨ ਦਾ ਸੱਦਾ ਦਿੱਤਾ ਹੈ। ਇਸ ਨਾਲ ਜਿੱਥੇ ਹਜ਼ਾਰਾਂ ਨਵੇਂ ਸਿੱਧੇ ਤੇ ਅਸਿੱਧੇ ਰੁਜ਼ਗਾਰ ਪੈਦਾ ਹੋਣਗੇ, ਓਥੇ ਪੰਜਾਬ ਦਾ ਸਰਬਪੱਖੀ ਵਿਕਾਸ ਵੀ ਹੋਵੇਗਾ। ਪੰਜਾਬ ਹੀ ਨਹੀਂ; ਹਰਿਆਣਾ, ਜੰਮੂ–ਕਸ਼ਮੀਰ, ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਨਾਲ ਲੱਗਦੇ ਹੋਰ ਰਾਜਾਂ ਦੇ ਫਿਲਮ ਨਿਰਮਾਤਾ ਵੀ ਇੱਥੇ ਆ ਕੇ ਆਪਣੇ ਨਵੇਂ ਪ੍ਰਾਜੈਕਟਾਂ ਲਈ ਸਰਮਾਇਆ ਲਾਉਣਗੇ। ਫਿਲਮ ਸਿਟੀ ਲਈ ਨਵੇਂ ਤਕਨੀਸ਼ੀਅਨਾਂ, ਕੈਮਰਾਮੈਨਾਂ, ਸਿਨੇਮਾਟੋਗ੍ਰਾਫਰਾਂ, ਕੋਰੀਓਗ੍ਰਾਫਰਾਂ, ਵੀਡੀਓ ਐਡੀਟਰਾਂ, ਐਡੀਟਰਾਂ, ਡਾਇਰੈਕਟਰਾਂ ਆਦਿ ਜਿਹੇ ਸੈਂਕੜੇ ਪੇਸ਼ੇਵਰਾਨਾ ਲੋਕਾਂ ਦੀ ਪੂਰਤੀ ਪੰਜਾਬੀ ਨੌਜਵਾਨ ਵਰਗ ’ਚੋਂ ਹੀ ਕੀਤੀ ਜਾਵੇਗੀ। ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਹੋਰ ਬਹੁਤ ਸਾਰੇ ਯੂਰਪੀ ਦੇਸ਼ਾਂ ’ਚ ਵਸਦੇ ਐੱਨਆਰਆਈਜ਼, ਖ਼ਾਸ ਤੌਰ ’ਤੇ ਪੰਜਾਬੀ ਵੀ ਹੁਣ ਫਿਲਮ ਨਿਰਮਾਣ ਲਈ ਪੰਜਾਬ ਦੀ ਨਵੀਂ ਤਜਵੀਜ਼ਸ਼ੁਦਾ ‘ਫਿਲਮ ਸਿਟੀ’ ਨੂੰ ਹੀ ਤਰਜੀਹ ਦੇਣਗੇ। ਇਸ ਤੋਂ ਬਿਨਾਂ ਰੰਗਲੇ ਪੰਜਾਬ ਦੀਆਂ ਬਹੁਤ ਸਾਰੀਆਂ ਨਵੀਆਂ ਪ੍ਰਤਿਭਾਵਾਂ ਨੂੰ ਹੋਰ ਨਿੱਖਰ ਕੇ ਸਾਹਮਣੇ ਆਉਣ ਦਾ ਮੌਕਾ ਮਿਲੇਗਾ। ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਮਹਾ–ਪੰਜਾਬ ’ਚ ਲਾਹੌਰ ਤੇ ਅੰਮ੍ਰਿਤਸਰ ਜਿਹੇ ਨਗਰ ਹੀ ਕਲਾ ਤੇ ਸੱਭਿਆਚਾਰ ਦੇ ਦੋ ਵੱਡੇ ਕੇਂਦਰ ਹੁੰਦੇ ਸਨ। ਪੰਜਾਬ ਨੇ ਬਾਲੀਵੁੱਡ ਨੂੰ ਕੇਐੱਲ ਸਹਿਗਲ, ਮੁਹੰਮਦ ਰਫ਼ੀ, ਦੇਵ ਆਨੰਦ, ਧਰਮਿੰਦਰ, ਸਾਹਿਰ ਲੁਧਿਆਣਵੀ, ਗੀਤਾ ਬਾਲੀ, ਦਾਰਾ ਸਿੰਘ, ਜਤਿੰਦਰ, ਵਿਨੋਦ ਖੰਨਾ, ਰਾਜੇਸ਼ ਖੰਨਾ, ਪ੍ਰਾਣ, ਮਹਿੰਦਰ ਕਪੂਰ, ਜਗਜੀਤ ਸਿੰਘ, ਬੀਆਰ ਚੋਪੜਾ, ਯਸ਼ ਚੋਪੜਾ, ਕਪਿਲ ਸ਼ਰਮਾ, ਭਾਰਤੀ ਸਿੰਘ ਜਿਹੇ ਅਨੇਕ ਬਹੁ–ਚਰਚਿਤ ਕਲਾਕਾਰ ਦਿੱਤੇ ਹਨ। ਕਲਾ ਤੇ ਪ੍ਰਤਿਭਾਵਾਂ ਪੱਖੋਂ ਪੰਜਾਬ ਕਦੇ ਵੀ ਸੱਖਣਾ ਨਹੀਂ ਰਿਹਾ। ਮੁਹਾਲੀ ਤੇ ਰੂਪਨਗਰ ਜ਼ਿਲ੍ਹਿਆਂ ’ਚ ਫਿਲਮ ਸਿਟੀ ਸਥਾਪਤ ਕਰਨ ਦੀਆਂ ਅਥਾਹ ਸੰਭਾਵਨਾਵਾਂ ਮੌਜੂਦ ਹਨ। ਭਗਵੰਤ ਮਾਨ ਐਤਵਾਰ ਨੂੰ ਕਾਰੋਬਾਰੀ ਸੰਗਠਨਾਂ ਨੂੰ ਪੰਜਾਬ ’ਚ ਆਪਣੀ ਪੂੰਜੀ ਲਾਉਣ ਦਾ ਸੱਦਾ ਦੇਣ ਲਈ ਮੁੰਬਈ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਉਹ ਰਾਜ ’ਚ ਨਵੀਆਂ ਸਨਅਤਾਂ ਨੂੰ ਹੱਲਾਸ਼ੇਰੀ ਦੇ ਰਹੇ ਹਨ। ਅੱਤਵਾਦ ਦੇ ਕਾਲ਼ੇ ਦੌਰ ਅਤੇ ਉਸ ਪਿੱਛੋਂ ਰਾਜ ਦੀਆਂ ਸਨਅਤਾਂ ਨੂੰ ਡਾਢਾ ਨੁਕਸਾਨ ਪੁੱਜਾ। ਤਦ ਤੋਂ ਸ਼ੁਰੂ ਹੋਇਆ ਕਰਜ਼ੇ ਦਾ ਦੌਰ ਹਾਲੇ ਤਕ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਰਾਜ ਸਿਰ ਚੜ੍ਹੀ ਕਰਜ਼ੇ ਦੀ ਪੰਡ ਹੁਣ ਤਿੰਨ ਲੱਖ ਕਰੋੜ ਰੁਪਏ ਤੋਂ ਵੀ ਵੱਧ ਹੋ ਚੁੱਕੀ ਹੈ। ਸਰਕਾਰ ਨੂੰ ਹੁਣ ਉਸ ਦੇ ਵਿਆਜ ਦੀਆਂ ਵੱਡੀਆਂ ਰਕਮਾਂ ਤਾਰਨੀਆਂ ਪੈ ਰਹੀਆਂ ਹਨ। ਸੂਬੇ ਦੀ ਆਰਥਿਕਤਾ ਕੇਵਲ ਸਨਅਤੀਕਰਨ ਨਾਲ ਹੀ ਮੋੜਾ ਕੱਟ ਸਕਦੀ ਹੈ। ਖੇਤੀਬਾੜੀ ਹੁਣ ਕਿਸਾਨਾਂ ਲਈ ਬਹੁਤਾ ਲਾਹੇਵੰਦਾ ਧੰਦਾ ਨਹੀਂ ਰਿਹਾ। ਇਸੇ ਲਈ ਸਰਕਾਰ ਨੂੰ ਹੁਣ ਉਦਯੋਗਾਂ ’ਤੇ ਆਪਣਾ ਧਿਆਨ ਕੇਂਦ੍ਰਿਤ ਕਰਨਾ ਹੀ ਪਵੇਗਾ। ਫਿਲਮ ਖੇਤਰ ਯਕੀਨੀ ਤੌਰ ’ਤੇ ਇਸ ਸਬੰਧੀ ਆਪਣਾ ਵੱਡਾ ਯੋਗਦਾਨ ਪਾ ਸਕਦਾ ਹੈ। ਕੌਮਾਂਤਰੀ ਮੰਦਹਾਲੀ ਵਾਲੇ ਮਾਹੌਲ ਦੇ ਬਾਵਜੂਦ ਪੰਜਾਬ ਦੇ ਫਿਲਮ ਉਦਯੋਗ ਨਾਲ ਜੁੜੇ ਲੋਕਾਂ ਨੂੰ ਵੀ ਆਪਣੇ ਮੋਢੇ ਮਜ਼ਬੂਤ ਕਰਨੇ ਹੋਣਗੇ, ਤਦ ਹੀ ਪੰਜਾਬ ਤਰੱਕੀ ਦੇ ਨਵੇਂ ਸਿਖ਼ਰ ਸਰ ਕਰੇਗਾ। ਰੁੱਸੇ ਨਿਵੇਸ਼ਕਾਂ ਨੂੰ ਪੰਜਾਬ ’ਚ ਆ ਕੇ ਲੰਬੇ ਸਮੇਂ ਤਕ ਟਿਕ ਕੇ ਪੂੰਜੀਕਾਰੀ ਕਰਨ ਲਈ ਉਤਸ਼ਾਹਤ ਕਰਨ ਦਾ ਕੰਮ ਇਹ ਉਦਯੋਗ ਯਕੀਨਨ ਕਰੇਗਾ, ਅਜਿਹਾ ਸਮੂਹ ਪੰਜਾਬੀਆਂ ਨੂੰ ਪੂਰਾ ਭਰੋਸਾ ਹੈ।

Posted By: Jagjit Singh