-ਪ੍ਰਿੰਸੀਪਲ ਵਿਜੈ ਕੁਮਾਰ

'ਦੁਨੀਆ ਦੇ ਲੱਖਾਂ-ਕਰੋੜਾਂ ਲੋਕ ਜ਼ਿੰਦਗੀ ਦਾ ਕੁਝ ਸਮਾਂ ਕੱਢ ਕੇ ਧਾਰਮਿਕ ਅਤੇ ਮਨੋਰੰਜਕ ਦ੍ਰਿਸ਼ਟੀਕੋਣ ਨਾਲ ਤੀਰਥ ਅਸਥਾਨਾਂ ਦੀ ਯਾਤਰਾ ਕਰਦੇ ਹਨ। ਲੋਕਾਂ ਨੂੰ ਇਹ ਵਿਸ਼ਵਾਸ ਹੁੰਦਾ ਹੈ ਕਿ ਤੀਰਥ ਯਾਤਰਾ ਕਰਨ ਨਾਲ ਪੁੰਨ ਖੱਟਿਆ ਜਾਂਦਾ ਹੈ। ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਪਰਲੋਕ ਵੀ ਸੁਧਰ ਜਾਂਦਾ ਹੈ। ਲੋਕਾਂ ਦੀ ਸੋਚ ਇਹ ਵੀ ਹੈ ਕਿ ਜਿਹੜੀ ਔਲਾਦ ਆਪਣੇ ਮਾਪਿਆਂ ਨੂੰ ਤੀਰਥਾਂ ਦੀ ਯਾਤਰਾ ਕਰਵਾ ਦਿੰਦੀ ਹੈ, ਉਹ ਸਵਰਣ ਪੁੱਤਰਾਂ ਵਰਗੀ ਹੁੰਦੀ ਹੈ।

ਮੈਂ ਆਪਣੀ ਮਾਂ ਨੂੰ ਤਾਂ ਸਾਰੇ ਤੀਰਥ ਕਰਵਾ ਦਿੱਤੇ ਹਨ ਪਰ ਖ਼ੁਦ ਕਦੇ ਕਿਸੇ ਤੀਰਥ ਸਥਾਨ 'ਤੇ ਨਹੀਂ ਗਿਆ। ਮੇਰੀ ਸੋਚ ਇਹ ਕਹਿੰਦੀ ਹੈ ਕਿ ਭਲੇ ਲੋਕਾਂ ਦੀ ਸੰਗਤ ਵੀ ਤੀਰਥ ਅਸਥਾਨਾਂ ਦੀ ਯਾਤਰਾ ਵਾਂਗ ਹੀ ਹੁੰਦੀ ਹੈ। ਮੇਰੇ ਇਕ ਜਾਣਕਾਰ ਸੱਜਣ ਨੇ ਆਪਣੀ ਸਾਰੀ ਜ਼ਿੰਦਗੀ ਲੋਕ ਭਲਾਈ ਦੇ ਕੰਮਾਂ ਦੇ ਲੇਖੇ ਲਾਈ ਹੋਈ ਹੈ। ਉਸ ਨੇ ਕੁਝ ਨੇਕਦਿਲ ਲੋਕਾਂ ਨਾਲ ਮਿਲ ਕੇ ਇਕ ਟਰੱਸਟ ਬਣਾਇਆ ਹੋਇਆ ਹੈ। ਉਸ ਨੇ ਆਪਣੀ ਬਹੁਤ ਵੱਡੀ ਕੋਠੀ ਉਸ ਟਰੱਸਟ ਦੇ ਅਰਪਣ ਕਰ ਦਿੱਤੀ ਹੈ। ਉਸ ਦਾ ਉਹ ਖੋਲ੍ਹਿਆ ਟਰੱਸਟ ਇਕ ਪ੍ਰਾਈਵੇਟ ਮਾਡਲ ਸਕੂਲ ਚਲਾ ਰਿਹਾ ਹੈ। ਉਸ ਟਰੱਸਟ ਦਾ ਉਹ ਮਾਡਲ ਸਕੂਲ ਬੱਚਿਆਂ ਦੇ ਮਾਪਿਆਂ ਦੀਆਂ ਜੇਬਾਂ ਨਹੀਂ ਕੱਟਦਾ ਸਗੋਂ ਮਿਆਰੀ ਸਿੱਖਿਆ ਵੰਡ ਰਿਹਾ ਹੈ। ਉਸ ਟਰੱਸਟ ਨੇ ਕਈ ਗ਼ਰੀਬ ਬੱਚਿਆਂ ਨੂੰ ਆਪਣੇ ਕੋਲੋਂ ਪੈਸੇ ਖ਼ਰਚ ਕੇ ਡਾਕਟਰੀ, ਇੰਜੀਨੀਅਰਿੰਗ ਅਤੇ ਪੀਐੱਚਡੀ ਤਕ ਦੀ ਪੜ੍ਹਾਈ ਕਰਵਾਈ ਹੈ। ਮੈਂ ਸਮਝਦਾ ਹਾਂ ਕਿ ਉਸ ਵਿਅਕਤੀ ਨੂੰ ਮਿਲਣਾ ਤੀਰਥ ਯਾਤਰਾ ਕਰਨ ਵਾਂਗ ਹੀ ਹੈ।

ਕੁਝ ਦਿਨ ਪਹਿਲਾਂ ਉਸ ਟਰੱਸਟ ਨੇ ਆਪਣੇ ਸਕੂਲ ਦੇ ਅਧਿਆਪਕ-ਅਧਿਆਪਕਾਵਾਂ ਨਾਲ ਸਿੱਖਿਆ ਸਬੰਧੀ ਆਪਣੇ ਕੁਝ ਤਜਰਬੇ ਸਾਂਝੇ ਕਰਨ ਲਈ ਸਿੱਖਿਆ ਮਾਹਿਰਾਂ ਨੂੰ ਬੁਲਾਇਆ ਹੋਇਆ ਸੀ। ਉਨ੍ਹਾਂ ਵਿਚ ਮੈਂ ਵੀ ਸ਼ਾਮਿਲ ਸਾਂ। ਉਸ ਸੱਜਣ ਨੇ ਤੀਰਥ ਰਾਮ ਦੇ ਬੰਦੇ ਨੂੰ ਸਭ ਨਾਲ ਮਿਲਾਉਂਦਿਆਂ ਸਾਨੂੰ ਦੱਸਿਆ ਕਿ ਟਰੱਸਟ ਨੇ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇਸ ਸਕੂਲ ਨੂੰ ਚਲਾਉਣ ਦੀ ਪ੍ਰਵਾਨਗੀ ਲੈਣੀ ਸੀ ਉਦੋਂ ਸਕੂਲ ਨੂੰ ਦੋ ਕਿੱਲੇ ਜ਼ਮੀਨ ਦੀ ਲੋੜ ਸੀ। ਟਰੱਸਟ ਕੋਲ ਜ਼ਮੀਨ ਖ਼ਰੀਦਣ ਲਈ ਪੈਸੇ ਨਹੀਂ ਸਨ। ਉਸ ਤੀਰਥ ਰਾਮ ਨਾਂ ਦੇ ਵਿਅਕਤੀ ਨੇ ਅਨਪੜ੍ਹ ਹੁੰਦਿਆਂ ਹੋਇਆਂ ਵੀ ਗ਼ਰੀਬ ਬੱਚਿਆਂ ਦੀ ਮਿਆਰੀ ਸਿੱਖਿਆ ਲਈ ਬਿਨਾਂ ਕੁਝ ਲਿਆਂ-ਦਿੱਤਿਆਂ ਦੋ ਕਿੱਲੇ ਸਕੂਲ ਦੇ ਨਾਂ ਕਰ ਦਿੱਤੇ ਪਰ ਟਰੱਸਟ ਨੇ ਵੀ ਉਸ ਦਾ ਵਿਸ਼ਵਾਸ ਹੇਠਾਂ ਨਹੀਂ ਡਿੱਗਣ ਦਿੱਤਾ। ਟਰੱਸਟ ਨੇ ਬੋਰਡ ਤੋਂ ਪ੍ਰਵਾਨਗੀ ਲੈ ਕੇ ਉਸ ਦੀ ਜ਼ਮੀਨ ਉਸ ਨੂੰ ਹੀ ਮੋੜ ਦਿੱਤੀ। ਉਨ੍ਹਾਂ ਦੇਵਪੁਰਸ਼ਾਂ ਨੂੰ ਮਿਲ ਕੇ ਮੈਨੂੰ ਇੰਜ ਲੱਗਿਆ ਕਿ ਮੈਂ ਕੋਈ ਬਹੁਤ ਵੱਡਾ ਪੁੰਨ ਖੱਟ ਲਿਆ ਹੈ। ਮੈਂ ਕਿਸੇ ਬੜੇ ਤੀਰਥ ਅਸਥਾਨ ਦੀ ਯਾਤਰਾ ਕਰ ਆਇਆ ਹਾਂ।

ਮੇਰੇ ਇਕ ਦੋਸਤ ਦਾ ਮਨ ਉਦੋਂ ਬਹੁਤ ਪਰੇਸ਼ਾਨ ਹੁੰਦਾ ਸੀ ਜਦੋਂ ਉਹ ਡਾਕਟਰਾਂ ਵੱਲੋਂ ਲਿਖੇ ਟੈਸਟਾਂ ਦੀ ਹਜ਼ਾਰਾਂ ਰੁਪਏ ਫੀਸ ਦੇਣ ਤੋਂ ਅਸਮਰੱਥ ਲੋਕਾਂ ਨੂੰ ਵੇਖਦਾ ਸੀ। ਮੈਡੀਕਲ ਲੈਬਾਂ ਦੇ ਮਾਲਕਾਂ ਵੱਲੋਂ ਡਾਕਟਰਾਂ ਨੂੰ ਦਿੱਤੇ ਜਾਣ ਵਾਲੇ ਕਮਿਸ਼ਨ ਦੀ ਗੱਲ ਉਸ ਦੇ ਮਨ ਨੂੰ ਚੁਭਦੀ ਸੀ। ਉਸ ਭਲੇ ਪੁਰਸ਼ ਨੇ ਕਿਸੇ ਏਜੰਸੀ ਨਾਲ ਮਿਲ ਕੇ ਆਪਣੇ ਕੋਲੋਂ ਜਗ੍ਹਾ ਦੇ ਕੇ ਅਜਿਹੀ ਮੈਡੀਕਲ ਲੈਬ ਖੁਲ੍ਹਵਾ ਦਿੱਤੀ ਜਿੱਥੇ ਟੈਸਟਾਂ ਦੇ ਰੇਟ ਬਹੁਤ ਘੱਟ ਹੋਣਗੇ। ਡਾਕਟਰਾਂ ਨੂੰ ਕੋਈ ਕਮਿਸ਼ਨ ਨਹੀਂ ਦਿੱਤਾ ਜਾਵੇਗਾ। ਮੈਡੀਕਲ ਲੈਬ ਤੋਂ ਹੋਣ ਵਾਲੀ ਕਮਾਈ ਦਾ ਜ਼ਿਆਦਾਤਰ ਹਿੱਸਾ ਗ਼ਰੀਬ ਲੋਕਾਂ ਨੂੰ ਹੀ ਦਿੱਤਾ ਜਾਵੇਗਾ। ਮੇਰੀ ਨਜ਼ਰ 'ਚ ਉਹ ਜਿਸ ਰਾਹ 'ਤੇ ਚੱਲਿਆ, ਉਸ ਨਾਲੋਂ ਕੋਈ ਵੱਡੀ ਤੀਰਥ ਯਾਤਰਾ ਹੋ ਹੀ ਨਹੀਂ ਸਕਦੀ। ਜੇ ਇਹ ਗੱਲ ਮੰਨ ਵੀ ਲਈ ਜਾਵੇ ਕਿ ਤੀਰਥ ਯਾਤਰਾ ਕਰਨ ਨਾਲ ਪੁੰਨ ਮਿਲਦਾ ਹੈ। ਅਗਲਾ ਜਨਮ ਸੁਧਰਦਾ ਹੈ ਤਾਂ ਇਸ ਵਿਚਾਰ ਵਿੱਚੋਂ ਇਹ ਗੱਲ ਨਿਕਲਦੀ ਹੈ ਕਿ ਤੀਰਥ ਯਾਤਰਾ ਦਾ ਲਾਭ ਖ਼ੁਦ ਨੂੰ ਹੀ ਮਿਲਦਾ ਹੈ ਪਰ ਜਦੋਂ ਆਪਣੀ ਕਮਾਈ ਨਾਲ ਦੂਜਿਆਂ ਦਾ ਭਲਾ ਕੀਤਾ ਜਾਂਦਾ ਹੈ ਤਾਂ ਗ਼ਰੀਬਾਂ ਵੱਲੋਂ ਦਿੱਤੀਆਂ ਅਸੀਸਾਂ ਨਾਲ ਬੰਦੇ ਦਾ ਲੋਕ-ਪਰਲੋਕ ਸੁਧਰਦਾ ਹੈ। ਬੰਦੇ ਦੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ। ਮੇਰੀ ਮਾਂ ਕਦੇ-ਕਦਾਈਂ ਕਹਿੰਦੀ ਹੁੰਦੀ ਸੀ ਕਿ ਆਪਣੇ ਲਈ ਹਰ ਕੋਈ ਜੀ ਸਕਦਾ ਹੈ। ਆਪਣੇ ਵੱਲ ਨੂੰ ਹਰ ਕਿਸੇ ਦੇ ਹੱਥ ਖੁੱਲ੍ਹ ਜਾਂਦੇ ਹਨ। ਦੂਜੇ ਵੱਲ ਨੂੰ ਹੱਥ ਨੇਕਦਿਲ ਲੋਕਾਂ ਦੇ ਹੀ ਖੁੱਲ੍ਹਦੇ ਹਨ। ਮੇਰੀ ਮਾਂ ਦੀ ਮਾਸੀ ਸਾਡੇ ਪਿੰਡ ਵਿਚ ਹੀ ਵਸੀ ਹੋਈ ਸੀ। ਸਾਡੇ ਪਰਿਵਾਰ ਦੇ ਬਹੁਤ ਹੀ ਮਾੜੇ ਦਿਨ ਚੱਲ ਰਹੇ ਸਨ। ਰੋਜ਼ੀ-ਰੋਟੀ ਤੋਂ ਵੀ ਅਸੀਂ ਤੰਗ ਸਾਂ। ਮਾਂ ਦੀ ਮਾਸੀ ਦੇ ਦਿਉਰਾਂ-ਜੇਠਾਂ ਦਾ ਪਰਿਵਾਰ ਇਕੱਠਾ ਸੀ। ਉਸ ਨੇ ਸਾਡੀ ਗ਼ਰੀਬੀ ਕਟਾਉਣ ਲਈ ਆਪਣੇ ਪਰਿਵਾਰ ਤੋਂ ਚੋਰੀ ਸਾਡੇ ਲਈ ਬਹੁਤ ਕੁਝ ਕੀਤਾ। ਉਹ ਮੇਰੀ ਮਾਂ ਨੂੰ ਅਕਸਰ ਕਹਿੰਦੀ ਸੀ 'ਧੀਏ, ਮਾਂ ਅਤੇ ਮਾਸੀ 'ਚ ਕੋਈ ਫ਼ਰਕ ਨਹੀਂ ਹੁੰਦਾ। ਤੇਰੇ ਇਹ ਮਾੜੇ ਦਿਨ ਲੰਘ ਜਾਣੇ ਹਨ ਪਰ ਇਨ੍ਹਾਂ ਦਿਨਾਂ ਵਿਚ ਤੇਰਾ ਸਹਾਰਾ ਬਣਨਾ ਜ਼ਰੂਰੀ ਹੈ। ਅਸੀਂ ਸਾਰੇ ਭੈਣ-ਭਰਾ ਉਸ ਨੇਕ ਔਰਤ ਨੂੰ ਕਦੇ ਨਹੀਂ ਭੁੱਲਦੇ। ਜੇਕਰ ਸਵਰਗ ਦੀ ਹੋਂਦ ਹੈ ਤਾਂ ਉਹ ਜ਼ਰੂਰ ਸਵਰਗ 'ਚ ਹੀ ਹੋਵੇਗੀ ਕਿਉਂਕਿ ਪਰਮਾਤਮਾ ਕੋਲ ਉਸ ਪ੍ਰਤੀ ਸਾਡੀਆਂ ਅਸੀਸਾਂ ਜ਼ਰੂਰ ਪਹੁੰਚੀਆਂ ਹੋਣਗੀਆਂ।

ਤੀਰਥ ਯਾਤਰਾ ਹਰ ਕੋਈ ਕਰ ਸਕਦਾ ਹੈ। ਦੂਜੇ ਦਾ ਭਲਾ ਹਰ ਕੋਈ ਨਹੀਂ ਕਰ ਸਕਦਾ। ਦੂਜਿਆਂ ਦੇ ਦਰਦ ਨੂੰ ਸਮਝਣ ਵਾਲੇ ਮਨ ਵਿਰਲੇ ਹੁੰਦੇ ਹਨ। ਮੈਂ ਹੁਣ ਜਿਸ ਪਿੰਡ ਦੇ ਸਕੂਲ ਵਿਚ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਿਹਾ ਹਾਂ, ਉਸ ਦਾ ਇਕ ਸੇਵਾਮੁਕਤ ਕਰਨਲ ਕਈ ਬੱਚਿਆਂ ਦੀ ਹਜ਼ਾਰਾਂ ਰੁਪਏ ਫੀਸ ਭਰਦਾ ਹੈ। ਗ਼ਰੀਬ ਮਾਪਿਆਂ ਦੇ ਬੱਚਿਆਂ ਨੂੰ ਕੁਝ ਨਹੀਂ ਪਤਾ ਕਿ ਉਨ੍ਹਾਂ ਬੱਚਿਆਂ ਦੀ ਫੀਸ ਕੌਣ ਭਰਦਾ ਹੈ। ਫੀਸ ਦੀਆਂ ਪਰਚੀਆਂ ਬੱਚਿਆਂ ਦੇ ਮਾਪਿਆਂ ਨੂੰ ਚਲੀਆਂ ਜਾਂਦੀਆਂ ਹਨ। ਮੈਂ ਇਕ ਦਿਨ ਉਸ ਨੂੰ ਪੁੱਛਿਆ, 'ਕਰਨਲ ਸਾਹਿਬ, ਤੁਸੀਂ ਇਹ ਕਿਉਂ ਨਹੀਂ ਦੱਸਣਾ ਚਾਹੁੰਦੇ ਕਿ ਇਨ੍ਹਾਂ ਗ਼ਰੀਬ ਬੱਚਿਆਂ ਦੀ ਫੀਸ ਕੌਣ ਦਿੰਦਾ ਹੈ?' ਉਸ ਦਾ ਜਵਾਬ ਸੀ, 'ਪ੍ਰਿੰਸੀਪਲ ਸਾਹਿਬ, ਜਿਹੜਾ ਦਾਨ ਰੌਲਾ ਪਾ ਕੇ ਕੀਤਾ ਜਾਂਦਾ ਹੈ ਉਹ ਦਾਨ ਨਹੀਂ ਹੁੰਦਾ ਸਗੋਂ ਵਿਖਾਵਾ ਹੁੰਦਾ ਹੈ। ਜੇਕਰ ਉਨ੍ਹਾਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਹਿਸਾਸ ਕਰਵਾ ਕੇ ਕਿ ਉਨ੍ਹਾਂ ਦੀ ਸਹਾਇਤਾ ਗ਼ਰੀਬ ਹੋਣ ਕਾਰਨ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਵਿਚ ਹੀਣ ਭਾਵਨਾ ਪੈਦਾ ਹੋਵੇਗੀ। ਉਹ ਪੁੰਨ ਨਹੀਂ ਸਗੋਂ ਪਾਪ ਹੋਵੇਗਾ। ਉੱਪਰ ਵਾਲਾ ਕਦੇ ਸਾਹਮਣੇ 'ਆ ਕੇ ਸਾਨੂੰ ਦੱਸਦਾ ਹੈ ਕਿ ਉਹ ਸਾਡੀ ਸਹਾਇਤਾ ਕਰਦਾ ਹੈ।' ਮੈਂ ਸਮਝਦਾ ਹਾਂ ਕਿ ਉਹ ਕਰਨਲ ਅਸਲ ਵਿਚ ਤੀਰਥ ਯਾਤਰਾ ਕਰ ਰਿਹਾ ਹੈ। ਉਹ ਜ਼ਰੂਰ ਆਪਣਾ ਲੋਕ-ਪਰਲੋਕ ਸੁਧਾਰ ਰਿਹਾ ਹੈ।

ਇਕ ਵਿਅਕਤੀ ਨੇ ਆਪਣੇ ਸ਼ਹਿਰ ਦੀ ਕਈ ਕਰੋੜ ਦੀ ਜ਼ਮੀਨ ਸ਼ਮਸ਼ਾਨਘਾਟ ਬਣਾਉਣ ਲਈ ਇਸ ਲਈ ਦੇ ਦਿੱਤੀ ਕਿਉਂਕਿ ਸ਼ਹਿਰ ਵਾਲਿਆਂ ਨੂੰ ਸ਼ਮਸ਼ਾਨਘਾਟ ਦੂਰ ਪੈਂਦਾ ਸੀ। ਸ਼ਹਿਰ ਦੇ ਅਰਬਪਤੀ ਲੋਕ ਵੀ ਸ਼ਮਸ਼ਾਨਘਾਟ ਬਣਾਉਣ ਦਾ ਹੌਸਲਾ ਨਹੀਂ ਕਰ ਸਕੇ ਪਰ ਇਸ ਮੱਧ-ਵਰਗੀ ਪਰਿਵਾਰ ਦੇ ਵਿਅਕਤੀ ਨੇ ਉਹ ਨੇਕ ਕੰਮ ਕਰ ਦਿੱਤਾ। ਇਸ ਕੰਮ ਤੋਂ ਵੱਡੀ ਨੇਕ ਯਾਤਰਾ ਕੀ ਹੋ ਸਕਦੀ ਹੈ।

- ਮੋਬਾਈਲ ਨੰ. : 98726-27136

Posted By: Sukhdev Singh