v>ਕੋਰੋਨਾ ਮਹਾਮਾਰੀ ਨੇ ਇਨਸਾਨੀਅਤ ਤੇ ਹੈਵਾਨੀਅਤ ਨੂੰ ਨਵੇਂ ਸਿਰਿਓਂ ਪਰਿਭਾਸ਼ਿਤ ਕੀਤਾ ਹੈ। ਅਣਗਿਣਤ ਰੱਬ ਦੇ ਬੰਦੇ ਜਿੱਥੇ ਆਪਣੀ ਜਾਨ ਜੋਖ਼ਮ ’ਚ ਪਾ ਕੇ ਪੀੜਤਾਂ ਦੀ ਪੀੜਾ ਹਰ ਰਹੇ ਹਨ, ਓਥੇ ਹੀ ਵੈਕਸੀਨਾਂ/ਦਵਾਈਆਂ ਤੇ ਆਕਸੀਜਨ ਸਿਲੰਡਰਾਂ ਦੀ ਕਾਲਾਬਾਜ਼ਾਰੀ ਨੇ ਇਨਸਾਨੀਅਤ ਨੂੰ ਸ਼ਰਮਿੰਦਾ ਕੀਤਾ ਹੈ। ਇਸ ਮਹਾਮਾਰੀ ਨੇ ਸਾਏ ਵਾਂਗ ਸਾਥ ਨਿਭਾਉਣ ਵਾਲੀਆਂ ਮਿੱਤਰ-ਮੰਡਲੀਆਂ ਤੇ ਖ਼ੂਨ ਦੇ ਰਿਸ਼ਤਿਆਂ ਦਾ ਵੀ ਹੀਜ-ਪਿਆਜ਼ ਨੰਗਾ ਕੀਤਾ ਹੈ। ਕੋਰੋਨਾ ਪੀੜਤ ਦੇ ਨੇੜੇ ਜਾਣਾ ਜਿਵੇਂ ਦੂਜੇ ਦੀ ਕਬਰ ’ਚ ਪੈਣ ਵਾਂਗ ਸਮਝਿਆ ਜਾ ਰਿਹਾ ਹੈ। ਸਸਕਾਰ ਤੇ ਅੰਤਿਮ ਸੰਸਕਾਰ ’ਚ ਸ਼ਰੀਕ ਵੀ ਸ਼ਰੀਕ ਨਹੀਂ ਹੋ ਰਹੇ। ਹਾਂ, ਧਰਤੀ ਦੇ ਮਸੀਹਿਆਂ ਦੀ ਬਦੌਲਤ ਪੀੜਤਾਂ ਨੂੰ ਕੁਝ ਰਾਹਤ ਜ਼ਰੂਰ ਮਿਲ ਰਹੀ ਹੈ। ਖ਼ੂਨ ਦਾ ਰਿਸ਼ਤਾ ਨਾ ਹੋਣ ਦੇ ਬਾਵਜੂਦ ਉਹ ‘ਸਰਬੱਤ ਦੇ ਭਲੇ’ ਦਾ ਕਾਰਜ ਨਿਭਾਅ ਰਹੇ ਹਨ। ਉਨ੍ਹਾਂ ਨੇ ਤਾਂ ਲੰਗਰ ਦੀ ਪਰਿਭਾਸ਼ਾ ਨੂੰ ਵੀ ਵਸੀਹ ਅਰਥ ਪ੍ਰਦਾਨ ਕੀਤੇ ਹਨ। ਗੁਰਧਾਮ ਤੇ ਕਈ ਧਾਰਮਿਕ ਡੇਰੇ ਇਸ ’ਚ ਖ਼ਾਸ ਭੂਮਿਕਾ ਨਿਭਾ ਰਹੇ ਹਨ। ‘ਗੁਰੂ ਘਰਾਂ ’ਚ ਮਰੀਜ਼ਾਂ ਨੂੰ ਮਿਲੇਗਾ ਆਕਸੀਜਨ ਦਾ ਲੰਗਰ’ ਸੁਰਖੀ ਸਾਹਾਂ ਦੇ ਕਾਲ ਪੈਣ ਦੇ ਦਰਦ ਨੂੰ ਬਿਆਨਣ ਲਈ ਕਾਫ਼ੀ ਹੈ। ਮਰੀਜ਼ਾਂ ਦੇ ਸਾਹ ਸੁੱਕ/ਫੁੱਲ ਰਹੇ ਹਨ। ਕੋਰੋਨਾ ਦੀ ਦੂਜੀ ਲਹਿਰ ਸਰਕਾਰਾਂ ਦਾ ਮੂੰਹ ਚਿੜਾ ਰਹੀ ਹੈ। ਤੀਜੀ ਲਹਿਰ ਦੇ ਖ਼ਦਸ਼ੇ ਨੇ ਦੁਨੀਆ ਨੂੰ ਚਿੰਤਾ ’ਚ ਡੁਬੋਇਆ ਹੋਇਆ ਹੈ। ਦੂਜੇ ਪਾਸੇ ਇਸ ਮਹਾਮਾਰੀ ਦਾ ਲਾਹਾ ਲੈ ਰਹੇ ਲੋਕਾਂ ਨੂੰ ਗਿੱਧਾਂ-ਗਿਰਝਾਂ ਨਾਲ ਤਸ਼ਬੀਹ ਦਿੱਤੀ ਜਾ ਰਹੀ ਹੈ। ਮਹਾਨ ਕੋਸ਼ ’ਚ ਗਿਰਝ ਨੂੰ ਮੁਰਦਾਰ ਦਾ ਮਾਸ ਖਾਣ ਵਾਲਾ ਪੰਛੀ ਦੱਸਿਆ ਗਿਆ ਹੈ। ਦੁਨੀਆ ਭਰ ਵਿਚ ਗਿਰਝਾਂ ਦੀਆਂ ਭਾਵੇਂ ਕਈ ਪਰਜਾਤੀਆਂ ਹਨ ਪਰ ਭਾਰਤ ਵਿਚ ਨੌਂ ਕਿਸਮ ਦੀਆਂ ਗਿੱਧਾਂ ਦਾ ਜ਼ਿਕਰ ਆਉਂਦਾ ਹੈ। ਗਿੱਧ ਦਾ ਸਿਰ ਲਾਲ, ਖੰਭ ਕਾਲੇ, ਚੁੰਝ ਮੁੜਵੀਂ ਨੋਕਦਾਰ ਤੇ ਤਿੱਖੀ ਹੁੰਦੀ ਹੈ। ਇਸ ਕੋਲ ਤੀਖਣ ਨਜ਼ਰ ਤੇ ਕਮਾਲ ਦੀ ਸੁੰਘਣ ਦੀ ਸ਼ਕਤੀ ਹੁੰਦੀ ਹੈ। ਅੰਬਰਾਂ ’ਚ ਉੱਡ ਰਹੀ ਗਿਰਝ ਆਪਣੀ ਤਿੱਖੀ ਨਜ਼ਰ ਤੇ ਸੁੰਘਣ ਸ਼ਕਤੀ ਦੀ ਬਦੌਲਤ ਵੇਖਦਿਆਂ ਹੀ ਵੇਖਦਿਆਂ ਮੁਰਦਾਰ ’ਤੇ ਡਿੱਗ ਪੈਂਦੀ ਹੈ। ਗਿੱਧ ਖ਼ੁਦ ਸ਼ਿਕਾਰ ਨਹੀਂ ਕਰਦੀ ਸਗੋਂ ਇਹ ਤਾਂ ਮੁਰਦਾਰ ’ਤੇ ਹੀ ਗੁਜ਼ਾਰਾ ਕਰਦੀ ਹੈ। ਕੋਰੋਨਾ ਮਹਾਮਾਰੀ ਦੌਰਾਨ ਇਨਸਾਨ ਰੂਪੀ ਗਿਰਝਾਂ ਤਾਂ ਜਿਊਂਦਿਆਂ ਦੀ ਬੇਵੱਸੀ ਦਾ ਫ਼ਾਇਦਾ ਚੁੱਕ ਰਹੀਆਂ ਹਨ। ਸਿਵਿਆਂ ’ਤੇ ਰੋਟੀਆਂ ਸੇਕਣ ਵਾਲਿਆਂ ਨੂੰ ਇਸੇ ਲਈ ਗਿਰਝਾਂ ਨਾਲ ਮਿਲਾਇਆ ਜਾਂਦਾ ਹੈ। ਖ਼ੈਰ, ਵਾਤਾਵਰਨ ਪ੍ਰੇਮੀ ਗਿਰਝਾਂ ਨੂੰ ‘ਸਫ਼ਾਈ ਪੰਛੀਆਂ’ ਦੀ ਕਤਾਰ ’ਚ ਖੜ੍ਹਾ ਕਰਦੇ ਹਨ। ਮੁਰਦਾ ਪਸ਼ੂਆਂ ਨੂੰ ਠੂੰਗੇ ਮਾਰ-ਮਾਰ ਕੇ ਉਹ ਧਰਤੀ ਦਾ ਵਾਤਾਵਰਨ ਸ਼ੁੱਧ ਰੱਖਣ ’ਚ ਸਹਾਈ ਹੁੰਦੇ ਹਨ। ਸਾਡੀ ਲੋਕਧਾਰਾ ਵਿਚ ਇਨ੍ਹਾਂ ਪੰਛੀਆਂ ਨੂੰ ਖਲਨਾਇਕ ਹੀ ਕਿਹਾ ਜਾਂਦਾ ਹੈ। ਇਹ ਤੁਲਨਾ ਇਸ ਕਰਕੇ ਕੀਤੀ ਜਾਂਦੀ ਹੈ ਕਿਉਂਕਿ ਉਹ ਜਾਂ ਤਾਂ ਮੁਰਦਾਰ ਨੂੰ ਚੂੰਡਦੇ ਹਨ ਤੇ ਜਾਂ ਸਹਿਕ ਰਹੇ ਸ਼ਿਕਾਰ ਦੀ ਮੌਤ ਦਾ ਇੰਤਜ਼ਾਰ ਕਰਦੀਆਂ ਹਨ। ਇਨ੍ਹਾਂ ਗਿੱਧਾਂ ਨੂੰ ਇਸੇ ਲਈ ‘ਮੌਕਾ ਪ੍ਰਸਤ’ ਪੰਛੀ ਵੀ ਕਿਹਾ ਜਾਂਦਾ ਹੈ। ਕਿਸੇ ਸਮੇਂ ਪਾਰਸੀ ਲੋਕ ਮਿ੍ਰਤਕਾਂ ਨੂੰ ਗਿਰਝਾਂ ਦੇ ਆਹਾਰ ਲਈ ਖੁੱਲ੍ਹੀ ਜਗ੍ਹਾ ਰੱਖ ਜਾਂਦੇ ਸਨ। ਗਿਰਝਾਂ ਦਾ ਮਿਹਦਾ ਕਾਫ਼ੀ ਮਜ਼ਬੂਤ ਮੰਨਿਆ ਜਾਂਦਾ ਹੈ ਜੋ ਬਦਬੂਦਾਰ ਤੇ ਤਰਕੇ ਹੋਏ ਮੁਰਦਾਰ ਨੂੰ ਵੀ ਹਜ਼ਮ ਕਰ ਲੈਂਦੀਆਂ ਹਨ। ਖ਼ੈਰ, ਪਸ਼ੂਆਂ ਨੂੰ ਦਿੱਤੀਆਂ ਜਾਣ ਵਾਲੀਆਂ ਦਰਦ ਨਿਵਾਰਕ ਦਵਾਈਆਂ ਜਾਂ ਰਸਾਇਣਾਂ ਦੀ ਦੁਰਵਰਤੋਂ ਕਾਰਨ ਗਿਰਝਾਂ ਦੀਆਂ ਕਈ ਪ੍ਰਜਾਤੀਆਂ ਭਾਰਤ ’ਚੋਂ ਲੋਪ ਹੋ ਗਈਆਂ ਹਨ। ਦੂਜੇ ਪਾਸੇ ਇਨਸਾਨ ਰੂਪੀ ਗਿੱਧਾਂ ਦੀ ਅਜੇ ਵੀ ਭਰਮਾਰ ਹੈ। ਜਿੱਥੇ ਸਾਡੇ ‘ਫਰੰਟਲਾਈਨ ਵਰਕਰ’ ਮਸੀਹਾ ਬਣੇ ਹੋਏ ਹਨ, ਓਥੇ ਇਨ੍ਹਾਂ ਗਿਰਝਾਂ ਲਈ ਇਹ ‘ਸੀਜ਼ਨ’ ਵਾਂਗ ਹੈ। ਲੋਕਾਂ ਦੀ ਮਜਬੂਰੀ ਦਾ ਭਰਪੂਰ ਲਾਹਾ ਉਠਾਇਆ ਜਾ ਰਿਹਾ ਹੈ। ਇਨ੍ਹੀਂ ਦਿਨੀਂ ਦੱਖਣੀ ਅਫ਼ਰੀਕੀ ਫੋਟੋ ਜਰਨਲਿਸਟ ਕੇਵਿਨ ਕਾਰਟਰ ਬਾਰੇ ਪੋਸਟ, ‘ਗਿੱਧ ਤੇ ਛੋਟੀ ਬੱਚੀ’ ਕਾਫ਼ੀ ਵਾਇਰਲ ਹੋ ਰਹੀ ਹੈ ਜੋ ਮੌਕਾਪ੍ਰਸਤਾਂ ਦੀ ਮਨੋਦਸ਼ਾ ਨੂੰ ਬਾਖ਼ੂਬੀ ਬਿਆਨਦੀ ਹੈ। ‘ਗਿੱਧ ਅਤੇ ਛੋਟੀ ਬੱਚੀ’ ਫੋਟੋ ਲਈ ਕੇਵਿਨ ਨੂੰ ਪੁਲਿਤਜ਼ਰ ਐਵਾਰਡ ਮਿਲਿਆ ਸੀ। ਮਾਰਚ 1993 ਵਿਚ ਸੂਡਾਨ ਦੇ ਕਾਲ ਪੀੜਤ ਖੇਤਰ ਵਿਚ ਇਹ ਚਿੱਤਰ ਖਿੱਚਣ ਲਈ ਫੋਟੋਗ੍ਰਾਫਰ ਨੂੰ ਘੰਟਿਆਂ-ਬੱਧੀ ਇੰਤਜ਼ਾਰ ਕਰਨਾ ਪਿਆ ਸੀ। ਭੁੱਖ ਨਾਲ ਕਰੰਗ ਬਣੀ ਸਹਿਕ ਰਹੀ ਬੱਚੀ ਦੀ ਮੌਤ ਦਾ ਗਿੱਧ ਇੰਤਜ਼ਾਰ ਕਰ ਰਹੀ ਸੀ। ਤੀਹਾਂ ਨੂੰ ਟੱਪਿਆ ਫੋਟੋਗ੍ਰਾਫਰ ਵੀ ਉੱਥੇ ਟਿਕਟਿਕੀ ਲਾਈ ਬੈਠਾ ਸੀ। ਇਸ ਫੋਟੋ ਨੇ ਸੰਵੇਦਨਸ਼ੀਲ ਲੋਕਾਂ ਨੂੰ ਵਚਿਲਤ ਕੀਤਾ ਸੀ। ਉਹ ਝੰਜੋੜੇ ਗਏ ਸਨ। ਸਨਮਾਨ ਨੇ ਕੇਵਿਨ ਕਾਰਟਰ ਨੂੰ ਮਕਬੂਲੀਅਤ ਦੀਆਂ ਬੁਲੰਦੀਆਂ ’ਤੇ ਪਹੁੰਚਾ ਦਿੱਤਾ ਸੀ। ਅਚਾਨਕ ਇਕ ਸੰਵੇਦਨਸ਼ੀਲ ਸਵਾਲ ਆਇਆ, ‘ਉੱਥੇ ਕਿੰਨੀਆਂ ਗਿਰਝਾਂ ਸਨ?’ ਜਵਾਬ ’ਚ ਉਸ ਨੇ ਕਿਹਾ ‘ਕੇਵਲ ਇਕ’। ਸਵਾਲ-ਦਰ-ਸਵਾਲ ਨੇ ਉਸ ਦੀ ਰੂਹ ਨੂੰ ਕੰਬਣੀ ਛੇੜ ਦਿੱਤੀ, ‘ਉੱਥੇ ਇਕ ਨਹੀਂ ਬਲਕਿ ਦੋ ਗਿਰਝਾਂ ਸਨ’ ਜੋ ਨੰਨੀ ਬੱਚੀ ਦੀ ਮੌਤ ਦਾ ਇੰਤਜ਼ਾਰ ਕਰ ਰਹੀਆਂ ਸਨ। ਗਿਰਝ ਦੀ ਉਪਮਾ ਦਿੱਤੇ ਜਾਣ ਪਿੱਛੋਂ ਉਸ ਦੀ ਜ਼ਮੀਰ ਨੇ ਕੇਵਿਨ ਨੂੰ ਲਾਹਨਤਾਂ ਪਾਈਆਂ ਤੇ ਆਖ਼ਰ ਉਸ ਨੇ ਖ਼ੁਦਕੁਸ਼ੀ ਕਰ ਲਈ।

Posted By: Susheel Khanna