ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੇ ਕੁਸ਼ੀਨਗਰ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 8 ਫਰਵਰੀ ਨੂੰ ਇਕ ਦਰਜਨ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਤੇ ਅਨੇਕਾਂ ਦੇ ਗੰਭੀਰ ਹਾਲਤ 'ਚ ਬਿਮਾਰ ਹੋਣ ਦੀ ਖ਼ਬਰ ਹੈ। ਵੈਸੇ ਜ਼ਹਿਰੀਲੀ ਸ਼ਰਾਬ ਵੱਲੋਂ ਆਮ ਲੋਕਾਂ ਦੇ ਘਰਾਂ ਵਿਚ ਸੱਥਰ ਵਿਛਾਏ ਜਾਣ ਦਾ ਮੁੱਦਾ ਕੋਈ ਨਵਾਂ ਨਹੀਂ ਹੈ ਪਰ ਇਸ ਸੰਜੀਦਾ ਮਸਲੇ 'ਤੇ ਸਭ ਧਿਰਾਂ ਨੂੰ ਡੂੰਘੀ ਸੋਚ ਵਿਚਾਰ ਦੀ ਜ਼ਰੂਰਤ ਹੈ। ਤਿੰਨ ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਫਿਲਮ ਨਗਰੀ ਮੁੰਬਈ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਲਗਪਗ 102 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਵੱਖ-ਵੱਖ ਰਾਜਾਂ ਵਿਚ ਸਮੇਂ-ਸਮੇਂ ਅਨੇਕਾਂ ਹੀ ਮੌਤਾਂ ਸ਼ਰਾਬ ਦੀ ਵੱਧ ਵਰਤੋਂ ਅਤੇ ਜ਼ਹਿਰੀਲੀ ਸ਼ਰਾਬ ਕਾਰਨ ਹੋ ਚੁੱਕੀਆਂ ਹਨ।


ਇਹ ਸ਼ਰਾਬ ਹੀ ਹੈ ਜਿਸ ਕਾਰਨ ਕਈ ਘਰਾਂ ਵਿਚ ਚੁੱਲ੍ਹਾ ਨਹੀਂ ਜਲਦਾ ਕਿਉਂਕਿ ਅਜਿਹੇ ਘਰਾਂ ਦਾ ਮਾਲਕ ਆਪਣੀ ਦਿਹਾੜੀ ਜਾਂ ਦਿਨ ਭਰ ਦੀ ਕਮਾਈ ਦੀ ਦਾਰੂ ਪੀ ਜਾਂਦੇ ਹਨ। ਪਤਨੀ ਵੱਲੋਂ ਪੈਸੇ ਮੰਗਣ 'ਤੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ। ਇਹ ਸਾਰਾ ਕੁਝ ਹਰ ਸ਼ਹਿਰ, ਪਿੰਡ, ਕਸਬੇ ਹਰ ਰੋਜ਼ ਸਾਨੂੰ ਵੇਖਣ ਨੂੰ ਮਿਲ ਜਾਂਦਾ ਹੈ। ਪੰਜਾਬ ਵਿਚ ਤਾਂ ਹਾਲ ਇਹ ਹੈ ਕਿ ਪੰਜ ਦਰਿਆਵਾਂ ਦੀ ਧਰਤੀ 'ਤੇ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਛੇਵਾਂ ਦਰਿਆ ਵਹਿ ਰਿਹਾ ਹੈ। ਜਿੱਥੋਂ ਤਕ ਸਰਕਾਰ ਦਾ ਸਵਾਲ ਹੈ ਤਾਂ ਉਸ ਨੇ ਸ਼ਰਾਬ ਉਪਰ ਪਾਬੰਦੀ ਤਾਂ ਕੀ ਲਾਉਣੀ ਸੀ ਸਗੋਂ ਹਰ ਸਾਲ ਉਹ ਸ਼ਰਾਬ ਦੇ ਸਿਰੋਂ ਲੱਖਾਂ-ਕਰੋੜਾਂ ਦਾ ਮਾਲੀਆ ਇਕੱਠਾ ਕਰਦੀ ਹੈ। ਵੱਡੇ-ਵੱਡੇ ਪੈਲੇਸਾਂ ਵਿਚ ਤਾਂ ਹਾਲ ਇਹ ਹੈ ਕਿ ਮੁਟਿਆਰਾਂ ਹੀ ਸ਼ਰਾਬ ਵਰਤਾਉਂਦੀਆਂ ਹਨ। ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਵਿਚ ਦੇਸੀ ਸ਼ਰਾਬ ਦਾ ਉਤਪਾਦਨ 1993 ਵਿਚ 17657 ਲੀਟਰ ਸੀ ਜੋ ਕਿ 2010 ਵਿਚ ਵਧ ਕੇ 29445 ਲੀਟਰ ਹੋ ਗਿਆ।

ਇਸੇ ਤਰ੍ਹਾਂ ਦੇਸੀ ਸ਼ਰਾਬ ਦੇ ਉਤਪਾਦਨ ਵਿਚ 66-77 ਫ਼ੀਸਦੀ ਦਾ ਵਾਧਾ ਹੋਇਆ ਜਦੋਂਕਿ ਇਸ ਦੇ ਉਲਟ ਬੱਚਿਆਂ ਦੇ ਖਾਣ ਲਈ ਬਣਨ ਵਾਲੇ ਪਦਾਰਥਾਂ ਵਿਚ ਸਿਰਫ਼ 60 ਫ਼ੀਸਦੀ ਦਾ ਵਾਧਾ ਹੋਇਆ। ਪੰਜਾਬ ਵਿਚ ਬੀਅਰ ਦਾ ਉਤਪਾਦਨ ਵੀ ਨਵੇਂ ਰਿਕਾਰਡ ਬਣਾ ਚੁੱਕਿਆ ਹੈ। ਬੀਅਰ ਦੇ ਉਤਪਾਦਨ ਵਿਚ ਪਿਛਲੇ 17 ਸਾਲਾਂ ਦੇ ਅਰਸੇ ਦੌਰਾਨ 209 ਫ਼ੀਸਦੀ ਦਾ ਭਾਰੀ ਵਾਧਾ ਹੋਇਆ ਹੈ ਜੋ ਇਕ ਰਿਕਾਰਡ ਹੈ। ਸੰਨ 1993-94 ਵਿਚ ਬੀਅਰ ਦਾ ਉਤਪਾਦਨ 15365 ਲੀਟਰ ਸੀ ਜੋ 2009-10 ਦੇ ਅਰਸੇ ਤਕ ਵਧ ਕੇ 47496 ਲੀਟਰ ਤਕ ਪੁੱਜ ਗਿਆ ਸੀ। ਬੀਅਰ ਦੇ ਉਤਪਾਦਨ ਵਿਚ 17 ਸਾਲ ਵਿਚ 32131 ਲੀਟਰ ਦਾ ਵਾਧਾ ਹੋਇਆ। ਜਦੋਂਕਿ ਇਸ ਦੇ ਮੁਕਾਬਲੇ ਪੰਜਾਬ ਵਿਚ ਦੁੱਧ ਦੇ ਉਤਪਾਦਨ ਵਿਚ ਸਿਰਫ਼ 185 ਲੀਟਰ ਦਾ ਵਾਧਾ ਹੀ ਹੋਇਆ ਹੈ। ਜੇ ਪੰਜਾਬ ਵਿਚ ਹੀ ਬਣਦੀ ਅੰਗਰੇਜ਼ੀ ਸ਼ਰਾਬ ਦੀ ਗੱਲ ਕਰੀਏ ਤਾਂ ਇਸ ਸ਼ਰਾਬ ਦਾ ਉਦਪਾਦਨ ਵੀ ਦਿਨੋ-ਦਿਨ ਬਹੁਤ ਵਧ ਰਿਹਾ ਹੈ। ਸਤਾਰਾਂ ਸਾਲਾਂ ਵਿਚ ਇਸ ਵਿਚ 21435 ਲੀਟਰ ਦਾ ਵਾਧਾ ਹੋ ਗਿਆ ਜੋ 131 ਫ਼ੀਸਦੀ ਦਾ ਵਾਧਾ ਦਰਸਾਉਂਦਾ ਹੈ।

ਸਰਕਾਰੀ ਅੰਕੜਿਆਂ ਅਨੁਸਾਰ ਸਾਲ 1993-94 ਵਿਚ 16257 ਲੀਟਰ, 2005-06 ਵਿਚ ਦੁੱਗਣੀ ਹੋ ਕੇ 32971 ਲੀਟਰ, ਸਾਲ 2007-08 ਵਿਚ 33690 ਲੀਟਰ, ਸਾਲ 2008-09 ਵਿਚ 37414 ਲੀਟਰ ਅਤੇ ਸਾਲ 2009-10 ਵਿਚ 37692 ਲੀਟਰ ਦਾ ਉਤਪਾਦਨ ਕੀਤਾ ਗਿਆ। ਪੂਰੇ ਭਾਰਤ ਵਿਚ ਸ਼ਰਾਬ ਦੀ ਖ਼ਪਤ 2016 ਤਕ 1900 ਕਰੋੜ ਲੀਟਰ ਦਾ ਪੱਧਰ ਪਾਰ ਕਰ ਜਾਣ ਦੀ ਸੰਭਾਵਨਾ ਹੈ। ਭਾਰਤ ਵਿਚ ਸ਼ਰਾਬ ਦਾ ਉਦਯੋਗ ਸਾਲਾਨਾ 30 ਫ਼ੀਸਦੀ ਦਰ ਨਾਲ ਵਧ ਰਿਹਾ ਹੈ। ਭਾਰਤ ਇਕ ਅਜਿਹਾ ਦੇਸ਼ ਹੈ ਜੋ ਵਿਸ਼ਵ ਵਿਚ ਸਭ ਤੋਂ ਤੇਜ਼ੀ ਨਾਲ ਵਧ ਰਹੇ ਸ਼ਰਾਬ ਬਾਜ਼ਾਰਾਂ 'ਚੋਂ ਇਕ ਹੈ ਤੇ ਵਿਸਕੀ ਦਾ ਸਭ ਤੋਂ ਵੱਡਾ ਖ਼ਪਤਕਾਰ ਹੈ। ਕੁਝ ਸ਼ਰਾਬ ਬਾਜ਼ਾਰਾਂ ਵਿਚ ਵਿਸਕੀ ਦਾ ਹਿੱਸਾ ਕਰੀਬ 80 ਫ਼ੀਸਦੀ ਹੈ। ਇਸ ਦਾ ਵਪਾਰ ਪਹਿਲਾਂ 40500 ਕਰੋੜ ਰੁਪਏ ਦਾ ਹੁੰਦਾ ਸੀ ਜੋ ਕਿ ਹੁਣ 54000 ਕਰੋੜ ਰੁਪਏ ਦਾ ਪੱਧਰ ਵੀ ਪਾਰ ਕਰ ਚੁੱਕਾ ਹੈ। ਜਰਮਨੀ ਵਿਚ ਪ੍ਰਤੀ ਵਿਅਕਤੀ ਸ਼ੁੱਧ ਅਲਕੋਹਲ ਦੀ ਵਰਤੋਂ ਦਰ ਲਗਪਗ 12 ਲੀਟਰ ਸਾਲਾਨਾ ਹੈ। ਭਾਵ ਕਿ 500 ਬੋਤਲ ਬੀਅਰ ਪ੍ਰਤੀ ਵਿਅਕਤੀ। ਯੂਕੇ ਅਤੇ ਸਲੋਵੇਨੀਆ ਵਿਚ ਪ੍ਰਤੀ ਵਿਅਕਤੀ ਸ਼ੁੱਧ ਅਲਕੋਹਲ ਖ਼ਪਤ 11.6 ਲੀਟਰ ਸਾਲਾਨਾ ਹੈ। ਆਇਰਲੈਂਡ ਅਤੇ ਲਕਜ਼ਮਬਰਗ ਦੇ ਲੋਕ ਜਰਮਨੀ ਨਾਲੋਂ ਵੀ ਜ਼ਿਆਦਾ ਅਲਕੋਹਲ ਪੀਂਦੇ ਹਨ। ਬੇਲਾਰੂਸ ਦਾ ਨੰਬਰ ਪਹਿਲਾ ਹੈ। ਉੱਥੇ ਸਾਰੇ ਸਾਲ ਵਿਚ ਇਕ ਵਿਅਕਤੀ 17.5 ਲੀਟਰ ਸ਼ੁੱਧ ਅਲਕੋਹਲ ਪੀਂਦਾ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਸ਼ੁੱਧ ਅਲਕੋਹਲ ਦੀ ਵਰਤੋਂ ਵਿਚ ਪਾਕਿਸਤਾਨ, ਕੁਵੈਤ, ਲੀਬੀਆ ਅਤੇ ਮਾਰੀਤਾਨਿਆ ਸਭ ਤੋਂ ਹੇਠਾਂ ਹਨ। ਉੱਥੇ ਪ੍ਰਤੀ ਵਿਅਕਤੀ ਸ਼ੁੱਧ ਅਲਕੋਹਲ ਦੀ ਵਰਤੋਂ ਦਰ 100 ਮਿਲੀਲੀਟਰ ਪ੍ਰਤੀ ਸਾਲ ਹੈ।


ਪੰਜਾਬ ਵਿਚ ਹਰ ਤਰ੍ਹਾਂ ਦੀ ਚੋਣਾਂ ਵੇਲੇ ਸ਼ਰਾਬ ਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ। ਬੀਤੇ ਵਰ੍ਹੇ ਦਸੰਬਰ ਵਿਚ ਜਦੋਂ ਪੰਜਾਬ ਵਿਚ ਪੰਚਾਇਤੀ ਚੋਣਾਂ ਹੋਈਆਂ ਸਨ ਤਾਂ ਉਸ ਸਮੇਂ ਹਾਲ ਇਹ ਹੋ ਗਿਆ ਸੀ ਕਿ ਵੋਟਰਾਂ ਨੂੰ ਖਿੱਚਣ ਲਈ ਕਈ ਪਾਰਟੀਆਂ ਦੇ ਉਮੀਦਵਾਰਾਂ ਨੇ ਸ਼ਰਾਬ ਵੰਡੀ। ਇਕ ਅੰਦਾਜ਼ੇ ਅਨੁਸਾਰ ਉਸ ਸਮੇਂ 60 ਲੱਖ ਦੇ ਲਗਪਗ ਬੋਤਲਾਂ ਘਰ ਦੀ ਕੱਢੀ ਸ਼ਰਾਬ ਦੀਆਂ ਰੋਜ਼ ਖ਼ਾਲੀ ਹੋ ਜਾਂਦੀਆਂ ਸਨ। ਇਸ ਤੋਂ ਇਲਾਵਾ ਠੇਕਿਆਂ ਦੀ ਲਾਲ ਪਰੀ ਦਾ ਰਿਕਾਰਡ ਸਰਕਾਰ ਕੋਲ ਵੀ ਪਿਆ ਹੈ। ਸਾਲ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਵੇਲੇ ਵੀ ਅਨੇਕਾਂ ਹੀ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਸ਼ਰਾਬ ਖੁੱਲ੍ਹ ਕੇ ਵੰਡੀ। ਉਸ ਸਮੇਂ ਤਾਂ ਵੋਟਾਂ ਪੈਣ ਤੋਂ ਇਕ ਦਿਨ ਪਹਿਲਾਂ ਭਾਵ 29 ਅਪ੍ਰੈਲ 2014 ਨੂੰ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿਚ ਪੰਜਾਬ ਦੀਆਂ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਲਗਪਗ 26 ਕਰੋੜ ਰੁਪਏ ਦੀ ਦਾਰੂ ਇੱਕੋ ਦਿਨ ਵੰਡੀ ਜਾਣ ਦੇ ਚਰਚੇ ਅਜੇ ਵੀ ਹਰ ਪਾਸੇ ਹੋ ਰਹੇ ਹਨ। ਉਸ ਸਮੇਂ ਕਈ ਉਮੀਦਵਾਰਾਂ ਨੇ ਵੱਡੇ ਪਿੰਡਾਂ ਵਿਚ 35-35 ਪੇਟੀਆਂ ਅਤੇ ਛੋਟੇ ਪਿੰਡਾਂ ਵਿਚ 15-15 ਪੇਟੀਆਂ ਸ਼ਰਾਬ ਇੱਕੋ ਦਿਨ ਸਪਲਾਈ ਕੀਤੀ। ਇਕ ਅੰਦਾਜ਼ੇ ਅਨੁਸਾਰ ਇਸ ਤਰ੍ਹਾਂ 3 ਹਜ਼ਾਰ ਰੁਪਏ ਪੇਟੀ ਦੇ ਹਿਸਾਬ ਨਾਲ 2500 ਪੇਟੀਆਂ ਦੀ ਕੀਮਤ 75 ਲੱਖ ਰੁਪਏ ਦੇ ਲਗਪਗ ਬਣਦੀ ਹੈ।

ਸ਼ਹਿਰਾਂ ਅਤੇ ਕਸਬਿਆਂ ਵਿਚ ਹਰ ਹਲਕੇ ਵਿਚ ਔਸਤਨ ਇਕ ਹਜ਼ਾਰ ਦੇ ਲਗਪਗ ਦਾਰੂ ਦੀਆਂ ਪੇਟੀਆਂ ਵੰਡੀਆਂ ਗਈਆਂ। ਇਹ ਸ਼ਰਾਬ 30 ਲੱਖ ਰੁਪਏ ਦੇ ਕਰੀਬ ਬੈਠਦੀ ਹੈ।

ਇਸ ਤਰ੍ਹਾਂ ਇਕ ਹਲਕੇ ਵਿਚ ਇਕ ਉਮੀਦਵਾਰ ਨੇ ਇਕ ਕਰੋੜ ਰੁਪਏ ਤੋਂ ਵੱਧ ਦੀ ਸ਼ਰਾਬ ਇੱਕੋ ਦਿਨ ਵੋਟਰਾਂ ਨੂੰ ਵੰਡੀ। ਇਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਪੰਜਾਬ ਦੇ ਵਸਨੀਕ ਲੋਕ ਸਭਾ ਚੋਣਾਂ ਵੇਲੇ ਇੱਕੋ ਦਿਨ 26 ਕਰੋੜ ਦੀ ਦਾਰੂ ਡਕਾਰ ਗਏ। ਪੰਜਾਬ ਵਿਚ ਤਾਂ ਕਈ ਇਲਾਕੇ ਅਜਿਹੇ ਹਨ ਜਿੱਥੇ ਔਰਤਾਂ ਵੀ ਦੇਸੀ ਦਾਰੁ ਦੇ ਧੰਦੇ ਵਿਚ ਲੱਗੀਆਂ ਹੋਈਆਂ ਹਨ। ਸ਼ਰਾਬ ਕਈ ਕਰੋੜਪਤੀਆਂ ਨੂੰ ਕੰਗਾਲਪਤੀ ਵੀ ਬਣਾ ਚੁੱਕੀ ਹੈ। ਮੱਧ ਵਰਗ ਸ਼ਰਾਬ ਦੀ ਲਪੇਟ ਵਿਚ ਬੁਰੀ ਤਰ੍ਹਾਂ ਆ ਚੁੱਕਾ ਹੈ। ਅਮੀਰਾਂ ਦੀ ਰੀਸੇ ਮਹਿੰਗੀਆਂ ਤੇ ਵਿਦੇਸ਼ੀ ਸ਼ਰਾਬਾਂ ਪੀਣ ਦੇ ਚੱਕਰ ਵਿਚ ਉਹ ਘਰ ਦੀ ਕੱਢੀ ਪੀਣ ਜੋਗੇ ਵੀ ਨਹੀਂ ਰਹਿੰਦੇ। ਫਿਰ ਸਸਤੀ ਸ਼ਰਾਬ ਦੇ ਚੱਕਰ ਵਿਚ ਜ਼ਹਿਰੀਲੀ ਸ਼ਰਾਬ ਦੇ ਸ਼ਿਕਾਰ ਹੋ ਜਾਂਦੇ ਹਨ। ਪੰਜਾਬ ਵਿਚ ਘਰ, ਖੇਤ, ਮੋਟਰ ਉਪਰ ਬਣਾਈ ਸ਼ਰਾਬ ਨੂੰ ਘਰ ਦੀ ਕੱਢੀ ਜਾਂ ਕੱਚੀ ਦਾਰੂ, ਰੂੜੀ ਮਾਰਕਾ ਆਖਿਆ ਜਾਂਦਾ ਹੈ। ਗੋਆ ਵਿਚ ਕੱਚੀ ਸ਼ਰਾਬ ਨੂੰ ਫੇਨੀ ਅਤੇ ਮੁੰਬਈ ਵਿਚ ਕੱਚੀ ਸ਼ਰਾਬ ਨੂੰ ਠਰ੍ਹਾ ਕਿਹਾ ਜਾਂਦਾ ਹੈ। ਪੰਜਾਬ ਵਿਚ ਤਾਂ ਸਕੂਲਾਂ ਨਾਲੋਂ ਜ਼ਿਆਦਾ ਗਿਣਤੀ ਠੇਕਿਆਂ ਦੀ ਹੈ। ਇਸ ਤੋਂ ਇਲਾਵਾ ਜ਼ਿਆਦਾਤਰ ਗਾਣਿਆਂ ਵਿਚ ਵੀ ਸ਼ਰਾਬ ਦਾ ਜ਼ਿਕਰ ਹੁੰਦਾ ਹੈ। ਫਿਲਮਾਂ 'ਚ ਵੀ ਸ਼ਰਾਬ ਨੂੰ ਹੀ ਮੁੱਖ ਥਾਂ ਦਿੱਤੀ ਜਾਂਦੀ ਹੈ। ਸਿਰਫ਼ 'ਸਰਪੰਚ' ਫਿਲਮ ਵਿਚ ਹੀ ਸ਼ਰਾਬ ਪੀਣ ਕਾਰਨ ਵਾਪਰਦੇ ਦੁਖਾਂਤ ਦਾ ਚਿਤਰਨ ਕੀਤਾ ਗਿਆ ਸੀ। ਹਰ ਦਿਨ ਅਨੇਕਾਂ ਸੜਕ ਹਾਦਸੇ ਸ਼ਰਾਬ ਪੀਣ ਕਾਰਨ ਵਾਪਰਦੇ ਹਨ। ਸ਼ਰਾਬ ਪੀਣ ਦੇ ਬਹੁਤ ਨੁਕਸਾਨ ਹਨ। ਇਕ ਤਾਂ ਸ਼ਰਾਬੀ ਦੀ ਕੋਈ ਇੱਜ਼ਤ ਨਹੀਂ ਕਰਦਾ। ਦੂਜਾ, ਉਸ ਦਾ ਘਰ ਉੱਜੜ ਜਾਂਦਾ ਹੈ। ਬੱਚੇ ਰੁਲ ਜਾਂਦੇ ਹਨ।


ਇੱਥੇ ਇਹ ਜ਼ਿਕਰਯੋਗ ਹੈ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਸਮੇਂ-ਸਮੇਂ ਸ਼ਰਾਬ ਵਿਰੁੱਧ ਰੋਸ ਪ੍ਰਦਰਸ਼ਨ ਵੀ ਹੁੰਦੇ ਰਹਿੰਦੇ ਹਨ। ਕੁਝ ਸਾਲ ਪਹਿਲਾਂ ਮਹਾਰਾਸ਼ਟਰ ਦੇ ਚੰਦਰਪੁਰ ਇਲਾਕੇ ਵਿਚ ਸ਼ਰਾਬ 'ਤੇ ਰੋਕ ਲਗਾਉਣ ਦੀ ਮੰਗ 'ਤੇ ਅੰਦੋਲਨ ਕਰ ਰਹੀਆਂ ਔਰਤਾਂ ਨੇ ਆਪਣਾ ਮੁੰਡਨ ਹੀ ਕਰਵਾ ਲਿਆ ਸੀ। ਚੰਦਰਪੁਰ ਇਕ ਅਜਿਹਾ ਇਲਾਕਾ ਹੈ ਜਿੱਥੇ ਘੋਰ ਗ਼ਰੀਬੀ ਹੈ ਪਰ ਇਸ ਦੇ ਬਾਵਜੂਦ ਇਸ ਇਲਾਕੇ ਦੇ ਵੱਡੀ ਗਿਣਤੀ ਮਰਦ ਦੇਸੀ ਦਾਰੂ ਪੀਣ ਦੇ ਸ਼ੌਕੀਨ ਹਨ। ਹਰਿਆਣਾ ਵਿਚ ਵੀ ਕੁਝ ਸਾਲ ਪਹਿਲਾਂ ਔਰਤਾਂ ਨੇ ਸ਼ਰਾਬ ਵਿਰੁੱਧ ਝੰਡਾ ਚੁੱਕਿਆ ਸੀ ਅਤੇ ਉਸ ਸਮੇਂ ਦੀ ਸਰਕਾਰ ਨੇ ਹਰਿਆਣਾ ਵਿਚ ਸ਼ਰਾਬਬੰਦੀ ਕਰ ਦਿੱਤੀ ਸੀ ਪਰ ਉਸ ਫ਼ੈਸਲੇ ਦੇ ਦੋ ਕੁ ਸਾਲਾਂ ਬਾਅਦ ਹੀ ਸਰਕਾਰ ਨੂੰ ਸ਼ਰਾਬਬੰਦੀ ਵਾਲਾ ਫ਼ੈਸਲਾ ਵਾਪਸ ਲੈਣਾ ਪਿਆ ਸੀ ਕਿਉਂਕਿ ਸਰਕਾਰ ਦੀ ਆਮਦਨ ਘਟ ਗਈ ਸੀ। ਸਰਕਾਰ ਨੂੰ ਲੋਕਾਂ 'ਤੇ ਬਹੁਤ ਟੈਕਸ ਲਗਾਉਣੇ ਪਏ ਸਨ। ਨਕਲੀ ਤੇ ਸਮੱਗਲਿੰਗ ਹੋਈ ਸ਼ਰਾਬ ਵੀ ਸੂਬੇ 'ਚ ਬਹੁਤ ਵਿਕਣ ਲੱਗ ਪਈ ਸੀ। ਪੰਜਾਬ 'ਚ ਵੀ ਕਦੇ-ਕਦੇ ਸ਼ਰਾਬ ਵਿਰੁੱਧ ਮੁਜ਼ਾਹਰੇ ਹੋ ਜਾਂਦੇ ਨੇ ਪਰ ਇਨ੍ਹਾਂ ਦਾ ਸਾਰਥਕ ਨਤੀਜਾ ਨਹੀਂ ਨਿਕਲਿਆ। ਸ਼ਰਾਬ ਪੀਣਾ ਸਮਾਜਿਕ ਬੁਰਾਈ ਹੈ, ਇਸ ਲਈ ਇਸ ਤੋਂ ਦੁਰ ਰਹਿਣਾ ਚਾਹੀਦਾ ਹੈ।

ਜਗਮੋਹਨ ਸਿੰਘ ਲੱਕੀ

94638-19174

Posted By: Sarabjeet Kaur