-ਸੁਖਵਿੰਦਰ ਸਿੰਘ ਮੁੱਲਾਂਪੁਰ

ਲੋਕ ਨਾਇਕ ਦੁੱਲਾ ਭੱਟੀ ਦਾ ਜਨਮ ਪਿਤਾ ਰਾਏ ਫ਼ਰੀਦ ਖ਼ਾਨ ਭੱਟੀ ਅਤੇ ਮਾਤਾ ਲੱਧੀ ਦੇ ਘਰ 1547 ਈਸਵੀ ਵਿਚ ਲਾਹੌਰ ਲਾਗੇ ਪਿੰਡੀ ਭੱਟੀਆਂ ਸਾਂਦਲ ਬਾਰ ਵਿਚ ਹੋਇਆ ਸੀ। ਇਹ ਇਲਾਕਾ ਰਾਵੀ ਅਤੇ ਝਨਾਂ ਦਰਿਆ ਦੇ ਵਿਚਕਾਰ ਪੈਂਦਾ ਹੈ। ਦੁੱਲੇ ਦੇ ਦਾਦੇ ਦਾ ਨਾਮ ਸਾਂਦਲ ਭੱਟੀ ਸੀ। ਉਹ 32 ਪਿੰਡਾਂ ਦਾ ਸਰਦਾਰ ਸੀ। ਮੁਗ਼ਲ ਸਰਕਾਰ ਨੇ ਜ਼ਮੀਨਾਂ 'ਤੇ ਲਗਾਨ (ਟੈਕਸ) ਲਗਾ ਦਿੱਤਾ ਸੀ। ਦੁੱਲੇ ਦੇ ਦਾਦੇ ਨੇ ਸਰਕਾਰ ਨੂੰ ਲਗਾਨ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਅਕਬਰ ਬਾਦਸ਼ਾਹ ਨੇ ਇਨ੍ਹਾਂ 'ਤੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ। ਦੁੱਲੇ ਦੇ ਪਿਤਾ ਅਤੇ ਦਾਦੇ ਨੇ ਮੁਗ਼ਲਾਂ ਨਾਲ ਟੱਕਰ ਲੈਣੀ ਸ਼ੁਰੂ ਕਰ ਦਿੱਤੀ। ਇਸ ਕਾਰਨ ਅਕਬਰ ਨੇ ਲੋਕਾਂ ਵਿਚ ਦਹਿਸ਼ਤ ਪਾਉਣ ਖ਼ਾਤਰ ਉਨ੍ਹਾਂ ਦੇ ਸਿਰ ਕਲਮ ਕਰਵਾ ਕੇ ਸਿਰ ਲਾਹੌਰ ਕਿਲ੍ਹੇ ਦੇ ਮੁੱਖ ਦਰਵਾਜ਼ੇ 'ਤੇ ਟੰਗ ਦਿੱਤੇ ਸਨ। ਦੁੱਲੇ ਦਾ ਜਨਮ ਆਪਣੇ ਪਿਤਾ ਰਾਏ ਫ਼ਰੀਦ ਖ਼ਾਨ ਦੀ ਮੌਤ ਤੋਂ ਚਾਰ ਮਹੀਨੇ ਬਾਅਦ ਹੋਇਆ ਸੀ। ਦੁੱਲਾ ਜਨਮ ਵੇਲੇ ਹੀ ਹੱਡਾਂ-ਪੈਰਾਂ ਤੋਂ ਨਰੋਆ ਸੀ।

ਦੁੱਲੇ ਦੀ ਮਾਂ ਲੱਧੀ ਅਤੇ ਦਾਦੀ ਨੇ ਉਸ ਦੇ ਜਨਮ ਦੀ ਬਹੁਤ ਖ਼ੁਸ਼ੀ ਮਨਾਈ। ਦੁੱਲੇ ਨੂੰ ਪੜ੍ਹਨ ਲਾਇਆ ਗਿਆ ਪਰ ਉਸ ਦਾ ਮਨ ਪੜ੍ਹਾਈ ਵਿਚ ਨਾ ਲੱਗਾ। ਉਹ ਵੱਖਰੇ ਸੁਭਾਅ ਦਾ ਮਾਲਕ ਸੀ। ਉਸ ਨੇ ਜਵਾਨੀ ਵਿਚ ਪੈਰ ਧਰਦਿਆਂ ਮੁੰਡਿਆਂ ਦਾ ਇਕ ਜੁੱਟ ਬਣਾ ਲਿਆ। ਦੁੱਲਾ ਰਸਤੇ ਵਿਚ ਬੈਠ ਜਾਂਦਾ ਤੇ ਖੂਹ ਤੋਂ ਪਾਣੀ ਭਰਨ ਆਉਂਦੀਆਂ ਔਰਤਾਂ ਦੇ ਘੜਿਆਂ ਨੂੰ ਗੁਲੇਲਾਂ ਨਾਲ ਪੱਥਰ ਮਾਰ ਕੇ ਭੰਨ ਦਿੰਦਾ। ਇਕ ਦਿਨ ਨੰਦੀ ਨਾਂ ਦੀ ਔਰਤ ਨੇ ਦੁੱਲੇ ਨੂੰ ਮਿਹਣਾ ਮਾਰ ਕੇ ਕਿਹਾ, “ਦੁੱਲਿਆ! ਔਰਤਾਂ ਦੇ ਘੜੇ ਭੰਨਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ? ਜੇਕਰ ਅਣਖ ਹੈ ਤਾਂ ਜਾਹ, ਮੁਗ਼ਲਾਂ ਨਾਲ ਮੱਥਾ ਲਾ ਜਿਹੜੇ ਤੇਰੇ ਪਿਓ-ਦਾਦੇ ਨੂੰ ਬੰਨ੍ਹ ਕੇ ਲਾਹੌਰ ਲੈ ਗਏ ਸਨ। ਉੱਥੇ ਉਨ੍ਹਾਂ ਦੇ ਸਿਰ ਵੱਢ ਕੇ ਉੱਚੇ ਬੁਰਜ 'ਤੇ ਲਟਕਾ ਦਿੱਤੇ ਸਨ। ਇਹ ਸੁਣ ਕੇ ਦੁੱਲਾ ਘਰ ਆ ਕੇ ਮਾਂ ਲੱਧੀ ਨੂੰ ਪੁੱਛਣ ਲੱਗਾ, “ਮਾਂ, ਮੇਰੇ ਪਿਓ-ਦਾਦਾ ਕਿੱਥੇ ਹਨ?'' ਲੱਧੀ ਨੇ ਸਾਰੀ ਕਹਾਣੀ ਦੁੱਲੇ ਨੂੰ ਦੱਸ ਦਿੱਤੀ। ਦਾਸਤਾਨ ਸੁਣ ਕੇ ਦੁੱਲੇ ਦਾ ਖ਼ੂਨ ਉਬਾਲੇ ਖਾਣ ਲੱਗਾ। ਉਸ ਨੇ ਕਿਹਾ, “ਮਾਂ, ਮੈਂ ਸਾਰੇ ਲਾਹੌਰ ਨੂੰ ਤਬਾਹ ਕਰ ਦੇਵਾਂਗਾ। ਮੁਗ਼ਲਾਂ ਦੀਆਂ ਬਸਤੀਆਂ ਢਹਿ-ਢੇਰੀ ਕਰ ਦਿਆਂਗਾ।'' ਲੱਧੀ ਨੇ ਕਿਹਾ ਕਿ ਮੈਨੂੰ ਬਹੁਤ ਖ਼ੁਸ਼ੀ ਹੈ ਕਿ ਪਿਓ-ਦਾਦੇ ਦਾ ਬਦਲਾ ਦੁੱਲਾ ਲਵੇਗਾ। ਜਿੱਥੇ ਪਿਓ-ਦਾਦੇ ਦੀਆਂ ਘਰ ਵਿਚ ਬੰਦੂਕਾਂ-ਤਲਵਾਰਾਂ ਪਈਆਂ ਸਨ, ਲੱਧੀ ਨੇ ਉਹ ਦਰਵਾਜ਼ਾ ਦੁੱਲੇ ਲਈ ਖੋਲ੍ਹ ਦਿੱਤਾ। ਦੁੱਲੇ ਨੇ ਤਲਵਾਰਾਂ-ਬੰਦੂਕਾਂ ਆਪਣੇ ਦੋਸਤਾਂ ਵਿਚ ਵੰਡ ਦਿੱਤੀਆਂ। ਦੁੱਲਾ ਅਮੀਰਾਂ ਨਾਲ ਲੁੱਟਾਂ-ਖੋਹਾਂ ਕਰਦਾ ਅਤੇ ਲੁੱਟਿਆ ਹੋਇਆ ਮਾਲ ਗ਼ਰੀਬਾਂ ਵਿਚ ਵੰਡ ਦਿੰਦਾ। ਦੁੱਲੇ ਨੇ ਸਰਕਾਰੀ ਖ਼ਜ਼ਾਨੇ ਵੀ ਲੁੱਟਣੇ ਸ਼ੁਰੂ ਕਰ ਦਿੱਤੇ। ਉਹ ਲੁੱਟੇ ਮਾਲ ਨਾਲ ਗ਼ਰੀਬ ਲੜਕੀਆਂ ਦੇ ਵਿਆਹ ਕਰਵਾ ਦਿੰਦਾ ਅਤੇ ਜੋ ਕੁਝ ਬਚ ਜਾਂਦਾ ਉਸ ਨੂੰ ਗਰੀਬਾਂ ਵਿਚ ਵੰਡ ਦਿੰਦਾ। ਇਸ ਤਰ੍ਹਾਂ ਦੁੱਲੇ ਨੇ ਸਾਂਦਲ ਬਾਰ ਦੇ ਇਲਾਕੇ ਵਿਚ ਲੋਕ-ਪੱਖੀ ਹਕੂਮਤ ਕਾਇਮ ਕਰ ਲਈ। ਅਕਬਰ ਬਾਦਸ਼ਾਹ ਨੇ ਦੁੱਲੇ ਨੂੰ ਡਾਕੂ ਦਾ ਨਾਂ ਦਿੱਤਾ ਪਰ ਦੁੱਲਾ ਡਾਕੂ ਨਹੀਂ, ਗ਼ਰੀਬਾਂ ਦਾ ਮਸੀਹਾ ਸੀ। ਉਸ ਨੇ ਅਕਬਰ ਬਾਦਸ਼ਾਹ ਨੂੰ ਵੰਗਾਰਨਾ ਸ਼ੁਰੂ ਕਰ ਦਿੱਤਾ ਅਤੇ ਸਰਕਾਰ ਨੂੰ ਲਗਾਨ ਦੇਣ ਤੋਂ ਵੀ ਜਵਾਬ ਦੇ ਦਿੱਤਾ। ਅਕਬਰ ਬਾਦਸ਼ਾਹ ਨੇ ਦੁੱਲੇ ਦੀ ਦਿਨੋ-ਦਿਨ ਵੱਧਦੀ ਚੜ੍ਹਤ ਤੋਂ ਤੰਗ ਆ ਕੇ ਆਪਣੀ ਰਾਜਧਾਨੀ ਆਗਰੇ ਤੋਂ ਲਾਹੌਰ ਤਬਦੀਲ ਕਰ ਲਈ ਜੋ ਅਠਾਰਾਂ ਸਾਲ ਤਕ ਲਾਹੌਰ ਹੀ ਰਹੀ।

ਕਾਬਲ ਦਾ ਵਪਾਰੀ ਅਲੀ ਅਕਬਰ ਬਾਦਸ਼ਾਹ ਵਾਸਤੇ 500 ਘੋੜੇ ਖ਼ਰੀਦ ਕੇ ਲਿਜਾ ਰਿਹਾ ਸੀ। ਦੁੱਲੇ ਨੇ ਉਹ ਘੋੜੇ ਖੋਹ ਕੇ ਆਪਣੇ ਦੋਸਤਾਂ ਵਿਚ ਵੰਡ ਦਿੱਤੇ। ਅਲੀ ਸੌਦਾਗਰ ਨੇ ਦੁੱਲੇ ਨੂੰ ਅਕਬਰ ਦਾ ਡਰਾਵਾ ਵੀ ਦਿੱਤਾ ਪਰ ਉਸ ਨੇ ਅਲੀ ਨੂੰ ਕੁੱਟ ਕੇ ਭਜਾ ਦਿੱਤਾ। ਦੁੱਲੇ ਨੂੰ ਮੁਗ਼ਲਾਂ ਨਾਲ ਦੁਸ਼ਮਣੀ ਵਿਰਾਸਤ ਵਿਚ ਹੀ ਮਿਲੀ ਹੋਈ ਸੀ। ਇਕ ਮੁਗ਼ਲ ਕਾਫ਼ਲਾ ਕੀਮਤੀ ਸਾਮਾਨ ਸਮੇਤ ਉਕਤ ਇਲਾਕੇ 'ਚੋਂ ਲੰਘ ਰਿਹਾ ਸੀ। ਉਹ ਸਾਮਾਨ ਅਕਬਰ ਬਾਦਸ਼ਾਹ ਦੇ ਦਰਬਾਰ ਵਿਚ ਜਾਣਾ ਸੀ। ਦੁੱਲੇ ਨੇ ਉਸ ਕਾਫ਼ਲੇ 'ਤੇ ਹਮਲਾ ਕਰ ਕੇ ਉਸ ਨੂੰ ਲੁੱਟ ਲਿਆ। ਉਸ ਨੇ ਕਾਫ਼ਲੇ ਦੇ ਸਰਦਾਰ ਬੱਗਾ ਮਲਕਿਆ ਦਾ ਸਿਰ ਕਲਮ ਕਰ ਕੇ ਬਾਦਸ਼ਾਹ ਨੂੰ ਭੇਜ ਦਿੱਤਾ। ਨਾਲ ਹੀ ਕਹਿ ਦਿੱਤਾ ਕਿ ਦੁੱਲੇ ਵੱਲੋਂ ਇਹ ਤੋਹਫ਼ਾ ਕਬੂਲ ਕਰੋ। ਇਹ ਦੇਖ ਕੇ ਅਕਬਰ ਬਹੁਤ ਖ਼ਫ਼ਾ ਹੋਇਆ। ਉਸ ਨੇ ਆਪਣੇ ਫ਼ੌਜੀ ਪਿੰਡੀ ਭੱਟੀਆਂ ਵਿਖੇ ਭੇਜ ਦਿੱਤੇ। ਦੁੱਲਾ ਨਾਨਕੇ ਗਿਆ ਹੋਇਆ ਸੀ। ਫ਼ੌਜੀ ਲਸ਼ਕਰਾਂ ਨੇ ਪਿੰਡੀ ਭੱਟੀਆਂ 'ਤੇ ਕਬਜ਼ਾ ਕਰ ਕੇ ਦੁੱਲੇ ਦੀ ਭੈਣ ਬਖ਼ਤੋਂ ਨਿਸ਼ਾਂ ਮਾਰ ਦਿੱਤੀ। ਮਾਂ ਲੱਧੀ ਅਤੇ ਦੋ ਬੀਵੀਆਂ ਖੁੱਲਰਾਂ ਅਤੇ ਨੂਰਾਂ ਨੂੰ ਕੈਦ ਕਰ ਲਿਆ। ਜਦ ਦੁੱਲੇ ਨੂੰ ਪਤਾ ਲੱਗਾ ਤਾਂ ਉਸ ਨੇ ਫ਼ੌਜੀ ਲਸ਼ਕਰ ਰਸਤੇ ਵਿਚ ਘੇਰ ਲਏ। ਕਾਫ਼ਲੇ ਦਾ ਸਰਦਾਰ ਲੱਧੀ ਦੇ ਪੈਰਾਂ ਵਿਚ ਡਿੱਗ ਪਿਆ ਜਿਸ ਕਾਰਨ ਦੁੱਲੇ ਨੇ ਉਸ ਦੀ ਜਾਨ ਬਖ਼ਸ਼ ਦਿੱਤੀ। ਉਸ ਨੇ ਗ੍ਰਿਫ਼ਤਾਰ ਔਰਤਾਂ ਛੁਡਾ ਲਈਆਂ। ਇਕ ਬਹੁਤ ਗ਼ਰੀਬ ਬ੍ਰਾਹਮਣ ਸੁੰਦਰ ਦਾਸ ਦੀਆਂ ਦੋ ਲੜਕੀਆਂ ਸੁੰਦਰੀ ਤੇ ਮੁੰਦਰੀ ਸਨ। ਉਨ੍ਹਾਂ ਦੇ ਰਿਸ਼ਤੇ ਕਿਸੇ ਜਗ੍ਹਾ ਤੈਅ ਹੋ ਚੁੱਕੇ ਸਨ।ਪਰ ਸੁੰਦਰ ਦਾਸ ਕੋਲ ਵਿਆਹ ਵਾਸਤੇ ਪੈਸੇ ਨਹੀਂ ਸਨ। ਲੜਕੀਆਂ ਸੋਹਣੀਆਂ ਹੋਣ ਕਰ ਕੇ ਸਰਕਾਰੀ ਦਰਬਾਰ ਵੱਲੋਂ ਉਨ੍ਹਾਂ ਨੂੰ ਚੁੱਕ ਕੇ ਲਿਆਉਣ ਦਾ ਹੁਕਮ ਹੋ ਗਿਆ ਸੀ। ਜਦ ਇਸ ਗੱਲ ਦਾ ਪਤਾ ਸੁੰਦਰ ਦਾਸ ਨੂੰ ਲੱਗਾ ਤਾਂ ਉਸ ਨੇ ਦੁੱਲੇ ਤਕ ਪਹੁੰਚ ਕੀਤੀ।

ਦੁੱਲੇ ਨੇ ਉਸ ਨੂੰ ਕਿਹਾ ਕਿ ਲੜਕੇ ਵਾਲਿਆਂ ਨੂੰ ਕਹਿ ਦੇ ਕਿ ਲੜਕੀਆਂ ਨੂੰ ਵਿਆਹ ਕੇ ਲੈ ਜਾਣ ਪਰ ਲੜਕੇ ਵਾਲਿਆਂ ਨੇ ਸਰਕਾਰੀ ਦਰਬਾਰ ਤੋਂ ਡਰਦਿਆਂ ਦਿਨ ਵੇਲੇ ਆਉਣ ਤੋਂ ਜਵਾਬ ਦੇ ਦਿੱਤਾ। ਫਿਰ ਵਿਆਹ ਦਾ ਪ੍ਰਬੰਧ ਰਾਤ ਨੂੰ ਜੰਗਲ ਵਿਚ ਕੀਤਾ ਗਿਆ। ਚਾਨਣ ਵਾਸਤੇ ਲੱਕੜਾਂ ਦੀ ਅੱਗ ਬਾਲੀ ਗਈ। ਦੁੱਲੇ ਨੇ ਵਿਆਹ ਵਾਸਤੇ ਲੋਕਾਂ ਦੇ ਘਰਾਂ ਤੋਂ ਉਗਰਾਹੀ ਕੀਤੀ। ਜਿਨ੍ਹਾਂ ਦੇ ਨਵੇਂ ਬੱਚੇ ਜਨਮੇ ਸਨ ਉਨ੍ਹਾਂ ਦੇ ਘਰੋਂ ਵੀ ਦਾਨ ਇਕੱਠਾ ਕੀਤਾ ਗਿਆ। ਦੁੱਲੇ ਕੋਲ ਸੇਰ ਸ਼ੱਕਰ ਸੀ ਜੋ ਉਸ ਨੇ ਸ਼ਗਨ ਵਜੋਂ ਦੇ ਦਿੱਤੀ। ਉਦੋਂ ਤੋਂ ਹੀ ਲੋਹੜੀ ਮਨਾਉਣ ਦੀ ਰਸਮ ਚੱਲ ਪਈ। ਇੰਜ ਦੁੱਲੇ ਭੱਟੀ ਦਾ ਸਬੰਧ ਲੋਹੜੀ ਨਾਲ ਵੀ ਹੈ।

ਸਰਕਾਰੀ ਖ਼ਜ਼ਾਨੇ ਨੂੰ ਲੁੱਟਣ ਅਤੇ ਸਰਕਾਰ ਵਿਰੁੱਧ ਜੰਗ ਛੇੜਨ ਦੇ ਦੋਸ਼ ਹੇਠ ਦੁੱਲੇ ਨੂੰ ਗ੍ਰਿਫ਼ਤਾਰ ਕਰਨ ਲਈ ਅਕਬਰ ਬਾਦਸ਼ਾਹ ਨੇ ਫ਼ੌਜੀ ਦਸਤੇ ਪਿੰਡੀ ਭੱਟੀਆਂ ਭੇਜ ਦਿੱਤੇ। ਉੱਥੇ ਜੰਗ ਦੌਰਾਨ ਦੁੱਲੇ ਨੂੰ ਘੇਰਾ ਪਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਅਕਬਰ ਦੇ ਦਰਬਾਰ ਵਿਚ ਪੇਸ਼ ਕੀਤਾ ਗਿਆ। ਬਾਦਸ਼ਾਹ ਨੇ ਦੁੱਲੇ ਨੂੰ ਫਾਂਸੀ ਦਾ ਹੁਕਮ ਦੇ ਦਿੱਤਾ। ਫਾਂਸੀ ਵਾਲੇ ਦਿਨ 26 ਮਾਰਚ 1599 ਨੂੰ ਬਹੁਤ ਸਾਰੇ ਲੋਕਾਂ ਦਾ ਇਕੱਠ ਲਾਹੌਰ ਵਿਚ ਜੁੜ ਗਿਆ। ਨੌ ਲੱਖਾ ਬਾਜ਼ਾਰ ਵਿਚ ਦੁੱਲੇ ਨੂੰ ਫਾਂਸੀ ਦੇ ਦਿੱਤੀ ਗਈ। ਦੁੱਲੇ ਭੱਟੀ ਦੀ ਲਾਸ਼ ਵਾਰਸਾਂ ਨੂੰ ਨਹੀਂ ਦਿੱਤੀ ਗਈ। ਉਸ ਨੂੰ ਮਿਆਣੀ ਸ਼ਾਹ ਦੇ ਕਬਰਸਤਾਨ ਵਿਚ ਦਫ਼ਨਾਇਆ ਗਿਆ। ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਦੁੱਲੇ ਦੀ ਮੌਤ ਦੇ ਸੋਗ ਵਜੋਂ ਲੋਕਾਂ ਨੇ ਕਈ ਦਿਨਾਂ ਤਕ ਚੁੱਲ੍ਹੇ ਵੀ ਨਹੀਂ ਸਨ ਬਾਲੇ।

-ਮੋਬਾਈਲ ਨੰ. : 99141-84794

Posted By: Rajnish Kaur