-ਬਲਰਾਜ ਸਿੰਘ ਸਿੱਧੂ

ਚੀਨ ਦੇ ਸਖ਼ਤ ਵਿਰੋਧ ਦੇ ਬਾਵਜੂਦ ਅਮਰੀਕਾ ਦੀ ਪਾਰਲੀਮੈਂਟ ਦੇ ਹੇਠਲੇ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਤਾਇਵਾਨ ਦਾ 2 ਤੋਂ 4 ਅਗਸਤ ਤਕ ਦੋ ਦਿਨਾ ਵਿਵਾਦਤ ਦੌਰਾ ਕੀਤਾ। ਤਾਇਵਾਨ ਨੂੰ ਹੜੱਪਣ ਦਾ ਬਹਾਨਾ ਭਾਲ ਰਹੇ ਚੀਨ ਨੇ ਦੌਰਾ ਖ਼ਤਮ ਹੁੰਦੇ ਸਾਰ ਉਸ ਦੇ ਨਜ਼ਦੀਕ ਜੰਗੀ ਮਸ਼ਕਾਂ (4 ਤੋਂ 7 ਅਗਸਤ) ਸ਼ੁਰੂ ਕਰ ਦਿੱਤੀਆਂ ਤੇ ਦਰਜਨਾਂ ਤਬਾਹਕੁੰਨ ਸਮੁੰਦਰੀ ਜਹਾਜ਼ਾਂ ਨਾਲ ਤਾਇਵਾਨ ਨੂੰ ਇਕ ਤਰ੍ਹਾਂ ਸਾਰੇ ਪਾਸਿਆਂ ਤੋਂ ਘੇਰ ਲਿਆ। ਐਤਵਾਰ ਨੂੰ ਜੰਗੀ ਮਸ਼ਕਾਂ ਖ਼ਤਮ ਹੋਣ ਤੋਂ ਬਾਅਦ ਚੀਨ ਨੇ ਨਵਾਂ ਐਲਾਨ ਕੀਤਾ ਹੈ ਕਿ ਉਹ ਅਗਲੇ ਮਹੀਨੇ ਅਮਰੀਕਾ ਦੇ ਮਿੱਤਰ ਦੱਖਣੀ ਕੋਰੀਆ ਦੇ ਨਜ਼ਦੀਕ ਯੈਲੋ ਅਤੇ ਬਹਾਈ ਸਾਗਰ ’ਚ ਜੰਗੀ ਮਸ਼ਕਾਂ ਕਰੇਗਾ। ਇਹ ਇਕ ਤਰ੍ਹਾਂ ਅਮਰੀਕਾ ਨੂੰ ਖੁੱਲ੍ਹੀ ਚਣੌਤੀ ਹੈ। ਰੂਸ ਦੇ ਯੂਕਰੇਨ ’ਤੇ ਕੀਤੇ ਹਮਲੇ ਤੋਂ ਚੀਨ ਨੂੰ ਭਾਰੀ ਉਤਸ਼ਾਹ ਮਿਲਿਆ ਹੈ। ਯੂਕਰੇਨ ਨੇ ਅਮਰੀਕਾ ਦੇ ਇਸ ਵਾਅਦੇ ਕਾਰਨ ਰੂਸ ਨਾਲ ਜੰਗ ਜਾਰੀ ਰੱਖੀ ਸੀ ਕਿ ਉਸ ਨੂੰ ਨਾਟੋ ਦਾ ਮੈਂਬਰ ਬਣਾ ਲਿਆ ਜਾਵੇਗਾ ਤੇ ਹਥਿਆਰਾਂ ਦੀ ਖੁੱਲ੍ਹੀ ਸਪਲਾਈ ਕੀਤੀ ਜਾਵੇਗੀ। ਪਰ ਹੁਣ ਤਕ ਯੂਕਰੇਨ ਨੂੰ ਨਾ ਤਾਂ ਯੂਰਪੀ ਯੂਨੀਅਨ ਅਤੇ ਨਾਟੋ ਦੀ ਮੈਂਬਰਸ਼ਿਪ ਮਿਲੀ ਹੈ ਤੇ ਨਾ ਹੀ ਰੂਸ ਦੇ ਅੰਦਰੂਨੀ ਖੇਤਰ ਨੂੰ ਨਿਸ਼ਾਨਾ ਬਣਾ ਸਕਣ ਵਾਲੀਆਂ ਦੂਰ ਤਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ। ਅਮਰੀਕਾ ਨੂੰ ਪਤਾ ਹੈ ਕਿ ਜੇ ਯੂਕਰੇਨ ਨੂੰ ਨਾਟੋ ਦੀ ਮੈਂਬਰਸ਼ਿਪ ਦੇ ਦਿੱਤੀ ਤਾਂ ਉਸ ਨੂੰ ਯੁੱਧ ਵਿਚ ਸ਼ਾਮਲ ਹੋਣਾ ਪਵੇਗਾ ਕਿਉਂਕਿ ਇਕ ਨਾਟੋ ਮੈਂਬਰ ’ਤੇ ਹੋਇਆ ਹਮਲਾ ਸਾਰੇ ਨਾਟੋ ਸੰਗਠਨ ’ਤੇ ਹਮਲਾ ਸਮਝਿਆ ਜਾਂਦਾ ਹੈ।

ਪੇਲੋਸੀ ਦੇ ਦੌਰੇ ਨੇ ਤਾਇਵਾਨ ਨੂੰ ਕੋਈ ਫ਼ਾਇਦਾ ਦੇਣ ਦੀ ਬਜਾਏ ਉਲਟਾ ਹੋਰ ਮੁਸੀਬਤ ਵਿਚ ਫਸਾ ਦਿੱਤਾ ਹੈ। ਅਸਲ ਵਿਚ ਅਮਰੀਕਾ, ਰੂਸ, ਇੰਗਲੈਂਡ, ਫਰਾਂਸ ਅਤੇ ਜਰਮਨੀ ਸਮੇਤ ਜ਼ਿਆਦਾਤਰ ਦੇਸ਼ ਤਾਇਵਾਨ ਨੂੰ ਆਜ਼ਾਦ ਦੇਸ਼ ਦੀ ਬਜਾਏ ਚੀਨ ਦਾ ਹਿੱਸਾ ਮੰਨਦੇ ਹਨ ਜਿਸ ਕਾਰਨ ਅਜੇ ਤਕ ਤਾਇਵਾਨ ਨੂੰ ਯੂਐੱਨਓ ਦੀ ਮੈਂਬਰਸ਼ਿਪ ਨਹੀਂ ਮਿਲ ਸਕੀ। ਸੰਨ 1971 ਵਿਚ ਸਰਬਸੰਮਤੀ ਨਾਲ ਪਾਸ ਹੋਏ ਇਕ ਮਤੇ ਰਾਹੀਂ ਜਨਰਲ ਕੌਂਸਲ ਨੇ ਤਾਇਵਾਨ ਦੀ ਯੂਐੱਨਓ ਮੈਂਬਰਸ਼ਿਪ ਖ਼ਤਮ ਕਰ ਕੇ ਚੀਨ ਨੂੰ ਦੇ ਦਿੱਤੀ ਸੀ ਤੇ ਉਸ ਨੂੰ ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਵੀ ਬਣਾ ਦਿੱਤਾ ਸੀ। ਜਿਸ ਵੀ ਦੇਸ਼ ਦੇ ਤਾਇਵਾਨ ਨਾਲ ਕੂਟਨੀਤਕ ਸਬੰਧ ਹਨ, ਚੀਨ ਉਸ ਦਾ ਆਰਥਿਕ ਅਤੇ ਕੂਟਨੀਤਕ ਬਾਈਕਾਟ ਕਰ ਦਿੰਦਾ ਹੈ। ਇਸੇ ਕਾਰਨ 193 ਯੂਐੱਨਓ ਮੈਂਬਰ ਦੇਸ਼ਾਂ ਵਿੱਚੋਂ ਤਾਇਵਾਨ ਦੇ ਸਿਰਫ਼ 13 ਛੋਟੇ-ਮੋਟੇ ਦੇਸ਼ਾਂ ਨਾਲ ਕੂਟਨੀਤਕ ਸਬੰਧ ਹਨ। ਇੱਥੋਂ ਤਕ ਕਿ ਅਮਰੀਕਾ ਅਤੇ ਤਾਇਵਾਨ ਦੇ ਵੀ ਆਪਸੀ ਕੂਟਨੀਤਕ ਸਬੰਧ ਨਹੀਂ ਹਨ। ਪੇਲੋਸੀ ਦੇ ਦੌਰੇ ਨੇ ਚੀਨ ਨੂੰ ਹਮਲਾਵਰ ਰੁਖ਼ ਅਪਨਾਉਣ ਦਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਬਹਾਨਾ ਪ੍ਰਦਾਨ ਕਰ ਦਿੱਤਾ ਹੈ। ਹੁਣ ਉਹ ਵਪਾਰਕ ਅਤੇ ਫ਼ੌਜੀ ਗਤੀਵਿਧੀਆਂ ਰਾਹੀਂ ਤਾਇਵਾਨ ਦੀ ਸੰਘੀ ਘੁੱਟੇਗਾ। ਅਮਰੀਕਾ ਤਾਇਵਾਨ ਨੂੰ ਸਿਰਫ਼ ਦੂਰੋਂ ਹੱਲਾਸ਼ੇਰੀ ਦੇਵੇਗਾ ਤੇ ਚੀਨ ਨਾਲ ਕਿਸੇ ਤਰ੍ਹਾਂ ਦੀ ਵੀ ਸਿੱਧੀ ਟੱਕਰ ਲੈਣ ਦੀ ਹਿੰਮਤ ਨਹੀਂ ਕਰੇਗਾ।

ਸੰਨ 1970 ਤੋਂ ਬਾਅਦ ਚੀਨ ਨਾਲ ਆਮ ਵਰਗੇ ਸਬੰਧ ਬਣਾਉਣ ਖ਼ਾਤਰ ਅਮਰੀਕਾ ਨੇ ਤਾਇਵਾਨ ਦੀ ਬਜਾਏ ਚੀਨ ਨੂੰ ਕੂਟਨੀਤਕ ਮਾਨਤਾ ਪ੍ਰਦਾਨ ਕੀਤੀ ਸੀ ਅਤੇ ਚੀਨ ਦੇ ਇਸ ਦਾਅਵੇ ਕਿ ਤਾਇਵਾਨ ਉਸ ਦਾ ਅਨਿੱਖੜਵਾਂ ਅੰਗ ਹੈ, ਨੂੰ ਪ੍ਰਵਾਨ ਕਰਦਿਆਂ ਤਾਇਵਾਨ ਨਾਲ ਆਪਣੇ ਸਬੰਧ ਸੀਮਤ ਰੱਖਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਚੀਨ ਤੇ ਅਮਰੀਕਾ ਦਰਮਿਆਨ ਵੱਡੀਆਂ ਵਪਾਰਕ ਭਾਈਵਾਲੀਆਂ ਵਿਕਸਤ ਹੋਈਆਂ ਅਤੇ ਸਬੰਧਾਂ ਵਿਚ ਨਿੱਘਾਪਣ ਆਇਆ। ਪਰ ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ਅਤੇ ਚੀਨ ਦੀਆਂ ਪਸਾਰਵਾਦੀ ਨੀਤੀਆਂ ਵਿਚ ਟਕਰਾਅ ਆਉਣ ਕਾਰਨ ਚੀਨ ਰੂਸ ਦੇ ਨਜ਼ਦੀਕ ਚਲਾ ਗਿਆ ਤੇ ਅਮਰੀਕਾ ਦੀਆਂ ਅੱਖਾਂ ਵਿਚ ਰੜਕਣ ਲੱਗ ਪਿਆ। ਜਿੱਥੇ ਚੀਨ ਦਾ ਦੋਸ਼ ਹੈ ਕਿ ਅਮਰੀਕਾ ਤਾਇਵਾਨ ਪ੍ਰਤੀ ਆਪਣੇ ਸਟੈਂਡ ਤੋਂ ਪਿੱਛੇ ਹਟ ਰਿਹਾ ਹੈ, ਉੱਥੇ ਅਮਰੀਕਾ ਦਾ ਕਹਿਣਾ ਹੈ ਕਿ ਚੀਨ ਦੇ ਮੌਜੂਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਦੀਆਂ ਨੀਤੀਆਂ ਤਾਇਵਾਨ ਦੀ ਯਥਾਸਥਿਤੀ ਨੂੰ ਬਦਲ ਰਹੀਆਂ ਹਨ। ਪੇਲੋਸੀ ਦੀ ਤਾਇਵਾਨ ਫੇਰੀ ਨੇ ਸਥਿਤੀ ਹੋਰ ਵੀ ਗੁੰਝਲਦਾਰ ਬਣਾ ਦਿੱਤੀ ਹੈ। ਪੇਲੋਸੀ ਦੇ ਦੌਰੇ ਤੋਂ ਫੌਰਨ ਬਾਅਦ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਕ ਸਖ਼ਤ ਬਿਆਨ ਦਿੱਤਾ ਹੈ ਕਿ ਚੀਨ ਅਤੇ ਤਾਇਵਾਨ ਦਾ ਰਲੇਵਾਂ ਅਟੱਲ ਹੈ, ਇਸ ਲਈ ਤਾਕਤ ਦੀ ਵਰਤੋਂ ਕਰਨੀ ਪਈ ਤਾਂ ਜ਼ਰੂਰ ਕੀਤੀ ਜਾਵੇਗੀ। ਇਸ ਦੇ ਜਵਾਬ ਵਿਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮੋੜਵਾਂ ਬਿਆਨ ਦਿੱਤਾ ਕਿ ਤਾਇਵਾਨ ਅਮਰੀਕਾ ਦਾ ਮਿੱਤਰ ਦੇਸ਼ ਹੈ, ਇਸ ਦੀ ਰਾਖੀ ਕਰਨ ਲਈ ਅਮਰੀਕਾ ਹਰ ਪ੍ਰਕਾਰ ਦੀ ਸੈਨਿਕ ਮਦਦ ਦੇਵੇਗਾ।

ਚੀਨ ਅਤੇ ਤਾਇਵਾਨ ਦੇ ਝਗੜੇ ਬਾਰੇ ਜਾਣਨ ਲਈ ਇਤਿਹਾਸ ਵਿਚ ਪਿੱਛੇ ਜਾਣ ਦੀ ਜ਼ਰੂਰਤ ਹੈ। ਤਾਇਵਾਨ ਚੀਨ ਤੋਂ ਕਰੀਬ 100 ਕਿਲੋਮੀਟਰ ਦੂਰ ਦੱਖਣੀ ਚੀਨ ਸਾਗਰ ਵਿਚ ਸਥਿਤ ਹੈ। ਕੇਰਲ ਜਿੱਡੇ ਇਸ ਛੋਟੇ ਜਿਹੇ ਦੇਸ਼ ਦਾ ਕੁੱਲ ਖੇਤਰਫਲ 36197 ਕਿਲੋਮੀਟਰ ਤੇ ਆਬਾਦੀ ਕਰੀਬ ਢਾਈ ਕਰੋੜ ਹੈ। ਐਨੀ ਆਬਾਦੀ ਹੋਣ ਦੇ ਕਾਰਨ ਇਹ ਸੰਸਾਰ ਦੇ ਸਭ ਤੋਂ ਵੱਧ ਘਣੀ ਆਬਾਦੀ ਵਾਲੇ ਦੇਸ਼ਾਂ ਵਿਚ ਆਉਂਦਾ ਹੈ। ਇਸ ਨੇ ਇੰਨੀ ਉਦਯੋਗਿਕ ਤਰੱਕੀ ਕੀਤੀ ਹੈ ਕਿ ਇਹ ਸੰਸਾਰ ਦਾ ਵੀਹਵਾਂ ਸਭ ਤੋਂ ਅਮੀਰ ਦੇਸ਼ ਹੈ ਤੇ ਇਸ ਦੇ ਨਾਗਰਿਕਾਂ ਨੂੰ ਅਮਰੀਕਾ ਸਮੇਤ ਅਨੇਕਾਂ ਸ਼ਕਤੀਸ਼ਾਲੀ ਦੇਸ਼ਾਂ ਵਿਚ ਬਿਨਾਂ ਵੀਜ਼ਾ ਦਾਖ਼ਲ ਹੋਣ ਦੀ ਸਹੂਲਤ ਹੈ। ਸ਼ੁਰੂ ਤੋਂ ਇਹ ਇਕ ਆਜ਼ਾਦ ਦੇਸ਼ ਸੀ ਪਰ 1683 ਈਸਵੀ ਵਿਚ ਚੀਨ ਦੇ ਕਵਿੰਗ ਵੰਸ਼ ਦੇ ਬਾਦਸ਼ਾਹ ਕਾਂਜ਼ੀ ਨੇ ਇਸ ਨੂੂੰ ਆਪਣੇ ਕਬਜ਼ੇ ਹੇਠ ਕਰ ਲਿਆ ਸੀ ਪਰ ਪਹਿਲੇ ਚੀਨ-ਜਾਪਾਨ ਯੁੱਧ ਵਿਚ ਹਾਰ ਜਾਣ ਤੋਂ ਬਾਅਦ ਹੋਈ ਇਕ ਸੰਧੀ ਕਾਰਨ ਬਾਦਸ਼ਾਹ ਗੁਆਂਗਜ਼ੂ ਨੇ 1895 ਵਿਚ ਇਸ ’ਤੇ ਜਪਾਨ ਦਾ ਅਧਿਕਾਰ ਮੰਨ ਲਿਆ। ਸੰਨ 1911 ਵਿਚ ਚੀਨ ਵਿਚ ਚਿਆਂਗ ਕਾਈ ਸ਼ੇਕ ਦੀ ਅਗਵਾਈ ਹੇਠ ਬਗਾਵਤ ਹੋ ਗਈ ਤੇ ਕਵਿੰਗ ਵੰਸ਼ ਦੇ ਆਖ਼ਰੀ ਬਾਦਸ਼ਾਹ ਜ਼ੁਆਨਤੌਂਗ ਨੂੰ ਤਖ਼ਤ ਬਰਦਾਰ ਕਰ ਕੇ ਲੋਕਤੰਤਰ ਦੀ ਸਥਾਪਨਾ ਕੀਤੀ ਗਈ। ਦੂਸਰੇ ਸੰਸਾਰ ਯੁੱਧ ਵਿਚ ਜਪਾਨ ਦੇ ਹਾਰ ਜਾਣ ’ਤੇ ਚੀਨ ਨੇ ਦੁਬਾਰਾ ਤਾਇਵਾਨ ’ਤੇ ਕਬਜ਼ਾ ਕਰ ਲਿਆ। ਇਕ ਅਕਤੂਬਰ 1949 ਨੂੰ ਮਾਉ ਜ਼ੇ ਤੁੰਗ ਦੀ ਅਗਵਾਈ ਹੇਠ ਕਮਿਊਨਿਸਟ ਪਾਰਟੀ ਨੇ ਚਿਆਂਗ ਕਾਈ ਸ਼ੇਕ ਨੂੰ ਹਰਾ ਕੇ ਚੀਨ ’ਤੇ ਕਬਜ਼ਾ ਕਰ ਲਿਆ। ਚਿਆਂਗ ਕਾਈ ਸ਼ੇਕ ਆਪਣੀ ਸਰਕਾਰ ਨੂੰ ਤਾਇਵਾਨ ਲੈ ਗਿਆ ਅਤੇ 7 ਦਸੰਬਰ 1949 ਈਸਵੀ ਨੂੰ ਤਾਇਵਾਨ ਨੂੰ ਆਜ਼ਾਦ ਦੇਸ਼ ਐਲਾਨ ਦਿੱਤਾ। ਲੋਕਤੰਤਰੀ ਸਰਕਾਰ ਅਧੀਨ ਤਾਇਵਾਨ ਨੇ ਤੇਜ਼ੀ ਨਾਲ ਤਰੱਕੀ ਕੀਤੀ ਤੇ ਕੁਝ ਹੀ ਸਾਲਾਂ ਵਿਚ ਇਹ ਸੰਸਾਰ ਦਾ ਮੋਹਰੀ ਉਦਯੋਗਿਕ ਦੇਸ਼ ਬਣ ਗਿਆ। ਇਸ ਵੇਲੇ ਇਹ ਸੈਮੀਕੰਡਕਟਰ, ਪੈਟਰੋ-ਕੈਮੀਕਲ, ਗੱਡੀਆਂ, ਸਪੇਅਰ ਪਾਰਟਸ, ਸਮੁੰਦਰੀ ਜਹਾਜ਼, ਇਲੈਕਟ੍ਰੋਨਿਕਸ, ਮੋਬਾਈਲ ਫੋਨ, ਸਟੀਲ, ਪਲਾਸਟਿਕ ਅਤੇ ਕੰਪਿਊਟਰ ਆਦਿ ਦਾ ਸੰਸਾਰ ਦਾ 18ਵਾਂ ਵੱਡਾ ਨਿਰਯਾਤਕ ਹੈ।

ਪਰ ਸੈਨਿਕ ਸ਼ਕਤੀ ਵਿਚ ਇਹ ਚੀਨ ਦੇ ਮੁਕਾਬਲੇ ਪਾਸਕੂ ਵੀ ਨਹੀਂ ਹੈ। ਚੀਨ ਦੀ ਫ਼ੌਜ (2100000) ਸੰਸਾਰ ਦੀ ਸਭ ਤੋਂ ਵੱਡੀ ਫ਼ੌਜ ਹੈ ਜਿਸ ਦੇ ਮੁਕਾਬਲੇ ਤਾਇਵਾਨ ਕੋਲ ਕੁੱਲ ਮਿਲਾ ਕੇ ਸਿਰਫ਼ ਤਿੰਨ ਲੱਖ ਦੇ ਕਰੀਬ ਸੈਨਿਕ ਹਨ। ਤਾਇਵਾਨ ਕਿਸੇ ਤਰ੍ਹਾਂ ਵੀ ਪਰਮਾਣੂ ਸ਼ਕਤੀ ਚੀਨ ਦੀ ਫ਼ੌਜ, ਡਰੋਨਾਂ, ਬੈਲੇਸਟਿਕ ਮਿਜ਼ਾਈਲਾਂ ਅਤੇ ਸਾਈਬਰ ਹਮਲਿਆਂ ਦਾ ਮੁਕਾਬਲਾ ਨਹੀਂ ਕਰ ਸਕਦਾ। ਇਹ ਫ਼ੌਜੀ ਸਾਜ਼ੋ-ਸਾਮਾਨ ਲਈ ਪੂਰੀ ਤਰ੍ਹਾਂ ਅਮਰੀਕਾ ’ਤੇ ਨਿਰਭਰ ਹੈ ਕਿਉਂਕਿ ਚੀਨ ਦੇ ਦਬਾਅ ਕਾਰਨ ਹੋਰ ਕੋਈ ਦੇਸ਼ ਇਸ ਨੂੰ ਹਥਿਆਰ ਵੇਚਣ ਦੀ ਹਿੰਮਤ ਨਹੀਂ ਕਰਦਾ। ਜ਼ੁਬਾਨੀ ਜਮ੍ਹਾ ਖ਼ਰਚ ਤੋਂ ਇਲਾਵਾ ਅਮਰੀਕਾ ਕਿਸੇ ਵੀ ਸੰਧੀ ਅਧੀਨ ਚੀਨ ਦੇ ਹਮਲੇ ਸਮੇਂ ਤਾਇਵਾਨ ਦੀ ਰਾਖੀ ਕਰਨ ਲਈ ਪਾਬੰਦ ਨਹੀਂ ਹੈ। ਜੇ ਚੀਨ ਤਾਇਵਾਨ ’ਤੇ ਕਬਜ਼ਾ ਕਰ ਲੈਂਦਾ ਹੈ ਤਾਂ ਉਹ ਪੈਸੇਫਿਕ ਸਾਗਰ ਵਿਚ ਉੱਚਤਮ ਸ਼ਕਤੀ ਬਣ ਜਾਵੇਗਾ ਤੇ ਗੁਆਮ ਅਤੇ ਹਵਾਈ ਵਿਚ ਅਮਰੀਕੀ ਸੈਨਿਕ ਅੱਡਿਆਂ ਲਈ ਖ਼ਤਰਾ ਪੈਦਾ ਕਰ ਸਕਦਾ ਹੈ। ਇਸ ਵੇਲੇ ਚੀਨੀ ਜਹਾਜ਼ਾਂ ਨੇ ਤਾਇਵਾਨ ਨੂੰ ਸੱਤ ਪਾਸੇ ਤੋਂ ਘੇਰਿਆ ਹੋਇਆ ਹੈ ਤੇ ਇਤਿਹਾਸ ਵਿਚ ਪਹਿਲੀ ਵਾਰ ਚੀਨ ਨੇ ਅਸਲੀ ਬਾਰੂਦ ਵਾਲੀਆਂ ਮਿਜ਼ਾਈਲਾਂ ਸਮੁੰਦਰ ਵਿਚ ਦਾਗੀਆਂ ਹਨ। ਚੀਨੀ ਹਵਾਈ ਜਹਾਜ਼ਾਂ ਨੇ ਚਾਰ ਦਿਨਾਂ ਵਿਚ 128 ਵਾਰ ਤਾਇਵਾਨ ਦੀ ਹਵਾਈ ਸੀਮਾ ਉਲੰਘੀ ਹੈ। ਜੇ ਚੀਨ ਨੇ ਹਮਲਾ ਨਾ ਵੀ ਕੀਤਾ ਤਾਂ ਹੋ ਸਕਦਾ ਹੈ ਕਿ ਉਹ ਤਾਇਵਾਨ ਦੀ ਆਰਥਿਕ ਨਾਕਾਬੰਦੀ ਕਰ ਦੇਵੇ। ਜੇ ਚੀਨ ਨੇ ਤਾਇਵਾਨ ’ਤੇ ਹਮਲਾ ਕਰ ਦਿੱਤਾ ਤਾਂ ਸੰਸਾਰ ਨੂੰ ਯੂਕਰੇਨ ਸੰਕਟ ਨਾਲੋਂ ਵੀ ਵੱਧ ਔਖਿਆਈ ਝੱਲਣੀ ਪੈ ਸਕਦੀ ਹੈ। ਸੰਸਾਰ ਦਾ ਮਿਲਟਰੀ ਸਾਜ਼ੋ-ਸਾਮਾਨ, ਗੱਡੀਆਂ, ਮੋਬਾਈਲ ਫੋਨ, ਘੜੀਆਂ, ਵੀਡੀਓ ਗੇਮਾਂ ਅਤੇ ਹਰ ਪ੍ਰਕਾਰ ਦਾ ਇਲੈਟ੍ਰਾਨਿਕ ਸਾਮਾਨ ਆਦਿ ਤਾਇਵਾਨ ਨਿਰਮਤ ਮਾਈਕਰੋ ਚਿੱਪਾਂ ’ਤੇ ਨਿਰਭਰ ਕਰਦਾ ਹੈ ਕਿਉਂਕਿ ਤਾਇਵਾਨ ਸੰਸਾਰ ਦਾ ਸਭ ਤੋਂ ਵੱਡਾ ਚਿੱਪ ਨਿਰਮਾਤਾ ਹੈ। ਤਾਇਵਾਨ ਦੇ ਸਿਰਫ਼ ਇਕ ਅਦਾਰੇ, ਦਿ ਤਾਇਵਾਨ ਸੈਮੀਕੰਡਕਟਰ ਮੈਨੂਫੈਕਚਰਿੰਗ ਕੰਪਨੀ ਦਾ ਸੰਸਾਰ ਦੀ ਅੱਧੀ ਤੋਂ ਵੱਧ ਚਿੱਪ ਮੰਡੀ ’ਤੇ ਏਕਾਧਿਕਾਰ ਹੈ। ਇਸ ਦਾ ਕਾਰੋਬਾਰ 7500 ਕਰੋੜ ਰੁਪਏ ਸਾਲਾਨਾ ਤੋਂ ਵੀ ਵੱਧ ਹੈ। ਅਜਿਹੀਆਂ ਸੂਖਮ ਇਕਾਈਆਂ ’ਤੇ ਕਬਜ਼ਾ ਕਰ ਕੇ ਚੀਨ ਸੰਸਾਰ ਨੂੰ ਰੂਸ ਦੇ ਤੇਲ ਨਾਲੋਂ ਵੀ ਵੱਧ ਬਲੈਕਮੇਲ ਕਰਨ ਦੇ ਸਮਰੱਥ ਹੋ ਜਾਵੇਗਾ।

-ਮੋਬਾਈਲ : 95011-00062

Posted By: Shubham Kumar