-ਸਾਹਿਬ ਦਿਆਲ ਹੀਰ

ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ਅਧੀਨ ਆਉਂਦੇ (ਕੋਟੀ ਪੰਡ) ਪਿੰਡ ਵਿਚ ਰਾਵੀ ਨਦੀ ਦੇ ਨਜ਼ਦੀਕ ਹੈ। ਇਸ ਨੂੰ 'ਡੇਰਾ ਬਾਬਾ ਨਾਨਕ ਦਾ' ਵੀ ਕਹਿੰਦੇ ਹਨ। ਇੱਥੇ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ ਅਠਾਰਾਂ ਵਰ੍ਹੇ ਹੱਥੀਂ ਕਿਰਤ ਕਰਕੇ ਅਤੇ ਨਾਮ ਜਪਣ ਦਾ ਉਪਦੇਸ਼ ਦੇ ਕੇ ਬਿਤਾਏ ਸਨ। ਸਿੱਖਾਂ ਅਤੇ ਮੁਸਲਮਾਨਾਂ 'ਚ ਇਸ ਜਗ੍ਹਾ ਦੀ ਬਹੁਤ ਮਾਨਤਾ ਹੈ। ਇਸ ਨਗਰ ਨੂੰ ਗੁਰੂ ਨਾਨਕ ਦੇਵ ਜੀ ਨੇ 1522 ਵਿਚ ਵਸਾਇਆ ਸੀ। ਇਸ ਦੌਰਾਨ ਗੁਰੂ ਜੀ ਆਪਣੇ ਮਾਤਾ-ਪਿਤਾ ਨੂੰ ਤਲਵੰਡੀ ਤੋਂ ਅਤੇ ਆਪਣੀ ਪਤਨੀ ਸੁਲੱਖਣੀ ਅਤੇ ਦੋਵੇਂ ਪੁੱਤਰਾਂ ਨੂੰ ਸੁਲਤਾਨਪੁਰ ਲੋਧੀ ਤੋਂ ਇੱਥੇ ਲੈ ਆਏ ਸਨ। ਇਸ ਤਰ੍ਹਾਂ ਇਸ ਨਗਰ ਦੀ ਨੀਂਹ ਰੱਖੀ ਜਿਸ ਦਾ ਬਾਅਦ ਵਿਚ ਨਾਮ ਕਰਤਾਰਪੁਰ ਪੈ ਗਿਆ। ਇਸ ਨਗਰ ਦੇ ਜ਼ਿਆਦਾਤਰ ਵਾਸੀ ਮੁਸਲਮਾਨ ਹਨ ਜੋ ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਬੋਲਦੇ ਹਨ।

ਸੰਨ 1947 ਦੀ ਵੰਡ ਤੋਂ ਬਾਅਦ ਹਿੰਦੂ ਅਤੇ ਸਿੱਖ ਭਾਰਤ ਵਿਚ ਚਲੇ ਗਏ ਅਤੇ ਬਹੁਤ ਸਾਰੇ ਮੁਸਲਮਾਨ ਜਿਹੜੇ ਭਾਰਤ ਤੋਂ ਆਏ ਸਨ, ਕਰਤਾਰਪੁਰ ਵਿਚ ਵਸ ਗਏ। ਇਸ ਦੇ ਨੇੜੇ ਡੇਰਾ ਸਾਹਿਬ ਰੇਲਵੇ ਸਟੇਸ਼ਨ ਹੈ। ਇੱਥੇ ਹਿੰਦ-ਪਾਕਿ ਵੰਡ ਤੋਂ ਪਹਿਲਾਂ ਦਿੱਲੀ-ਅੰਮ੍ਰਿਤਸਰ ਵਾਇਆ ਡੇਰਾ ਬਾਬਾ ਨਾਨਕ ਤੋਂ ਰੇਲਗੱਡੀ ਜਾਂਦੀ ਸੀ ਪਰ 1947 ਦੀ ਵੰਡ ਤੋਂ ਬਾਅਦ ਇਹ ਰੇਲਵੇ ਲਾਈਨ ਬੰਦ ਕਰ ਦਿੱਤੀ ਗਈ। ਕਰਤਾਰਪੁਰ ਲਾਹੌਰ ਤੋਂ 130 ਕਿਲੋਮੀਟਰ ਦੂਰ ਹੈ ਅਤੇ ਭਾਰਤੀ ਸਰਹੱਦ ਡੇਰਾ ਬਾਬਾ ਨਾਨਕ ਤੋਂ ਸਿਰਫ਼ 4 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਸੰਨ 1947 ਤੋਂ ਪਹਿਲਾਂ ਦੋਵੇਂ ਦੇਸ਼ ਇਕ ਹੀ ਸਨ ਅਤੇ ਅੰਗਰੇਜ਼ ਹਕੂਮਤ ਦੇ ਹੇਠ ਸਨ ਪਰ ਆਜ਼ਾਦੀ ਤੋਂ ਬਾਅਦ ਇਨ੍ਹਾਂ ਵਿਚਕਾਰ ਲਗਾਤਾਰ ਤਣਾਅ ਬਣਿਆ ਰਿਹਾ ਹੈ। ਹਿੰਦ-ਪਾਕਿ ਦੀ ਵੰਡ ਤੋਂ ਕਈ ਸਾਲ ਪਹਿਲਾਂ ਮੌਜੂਦਾ ਇਮਾਰਤ 1,35, 600 ਰੁਪਏ ਦੀ ਲਾਗਤ ਨਾਲ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਬਣਵਾਈ ਸੀ। ਸੰਨ 1995 ਵਿਚ ਪਾਕਿਸਤਾਨ ਦੀ ਸਰਕਾਰ ਨੇ ਇਹਦੀ ਮੁਰੰਮਤ ਕਰਵਾਈ ਸੀ ਅਤੇ 2004 ਵਿਚ ਪੂਰੀ ਤਰ੍ਹਾਂ ਮੁੜ ਬਹਾਲ ਕਰ ਦਿੱਤੀ ਸੀ। ਇਹ ਇਕ ਖੁੱਲ੍ਹੀ ਥਾਂ ਅਤੇ ਸ਼ਾਂਤ ਵਾਤਾਵਰਨ ਵਿਚ ਸੁੰਦਰ ਇਮਾਰਤ ਹੈ। ਜੰਗਲ ਅਤੇ ਰਾਵੀ ਨਦੀ ਨੇੜੇ ਹੋਣ ਕਾਰਨ ਇਸ ਦੀ ਦੇਖਭਾਲ ਸਬੰਧੀ ਮੁਸ਼ਕਲ ਬਣ ਜਾਂਦੀ ਸੀ। ਭਾਰਤ ਨੇ ਕਰਤਾਰਪੁਰ ਲਾਂਘੇ ਬਾਰੇ 1998 ਵਿਚ ਪਹਿਲੀ ਵਾਰ ਗੱਲ ਕੀਤੀ ਸੀ ਅਤੇ ਉਸ ਤੋਂ 20 ਸਾਲ ਬਾਅਦ ਇਹ ਮੁੱਦਾ ਸੁਰਖ਼ੀਆਂ ਵਿਚ ਆਇਆ ਹੈ। ਇੱਧਰ ਭਾਰਤੀ ਪੰਜਾਬ ਦੀਆਂ ਸਿੱਖ ਸੰਗਤਾਂ ਕਈ ਸਾਲਾਂ ਤਕ ਇਸ ਪਾਵਨ ਅਸਥਾਨ ਦੇ ਡੇਰਾ ਬਾਬਾ ਨਾਨਕ ਸਰਹੱਦ 'ਤੇ ਬਣੇ ਅਸਥਾਨ ਤੋਂ ਦੂਰਬੀਨ ਰਾਹੀਂ ਦਰਸ਼ਨ ਕਰਦੀਆਂ ਸਨ ਜਦੋਂਕਿ ਤਕਰੀਬਨ ਸਾਢੇ 18 ਸਾਲਾਂ ਤਕ ਨਾਨਕ ਨਾਮਲੇਵਾ ਸੰਗਤ ਵੱਲੋਂ ਸਰਹੱਦ 'ਤੇ ਖਲੋ ਕੇ ਇਸ ਪਾਵਨ ਅਸਥਾਨ ਦੇ ਖੁੱਲ੍ਹੇ ਲਾਂਘੇ ਦੇ ਦਰਸ਼ਨਾਂ ਲਈ ਹਰ ਮਹੀਨੇ ਦੀ ਮੱਸਿਆ ਵਾਲੇ ਦਿਨ ਅਰਦਾਸ ਵੀ ਕੀਤੀ ਜਾਂਦੀ ਰਹੀ।

ਅੱਜ ਇਹ ਯਕੀਨ ਹੋਣਾ ਵੀ ਬੜਾ ਔਖਾ ਏ ਕਿ ਬਾਬੇ ਨਾਨਕ ਦੀ ਮਿਹਰ ਸਦਕਾ 9 ਨਵੰਬਰ ਨੂੰ ਖੁੱਲ੍ਹਣ ਜਾ ਰਿਹਾ ਕਰਤਾਰਪੁਰ ਲਾਂਘਾ ਹਿੰਦ-ਪਾਕਿ ਦੀ ਕੜਵਾਹਟ ਤੇ ਜੰਗ ਤੋਂ ਪੈਦਾ ਹੋਣ ਵਾਲੇ ਹਨੇਰੇ ਵਿਰੁੱਧ ਅਮਨ ਦੀ ਲੋਅ ਹੈ। ਗੁਰੂ ਨਾਨਕ ਸਾਹਿਬ ਜੀ 'ਸਰਬੱਤ ਦਾ ਭਲਾ' ਮੰਗਦੇ ਹੋਏ ਫੁਰਮਾਇਆ ਕਰਦੇ ਸਨ ਕਿ ਸਾਰੇ ਧਰਮਾਂ ਦੇ ਲੋਕ ਰਲ-ਮਿਲ ਕੇ ਰਹਿਣ। ਉਨ੍ਹਾਂ ਦੇ ਕਹੇ ਪਵਿੱਤਰ ਪ੍ਰਵਚਨਾਂ ਨੂੰ ਹੁਣ ਬੂਰ ਪਿਆ ਹੈ। ਇੱਥੇ ਦੱਸਣਾ ਇਹ ਵੀ ਬਣਦਾ ਹੈ ਕਿ ਭਾਰਤ-ਪਾਕਿਸਤਾਨ ਬਣਨ ਤੋਂ ਬਾਅਦ ਵਿਛੜੇ ਹੋਏ ਕਈ ਭੈਣ-ਭਰਾ ਵੀ ਆਪਸ ਵਿਚ ਮਿਲ ਜਾਣਗੇ। ਹੁਣ ਜਿਵੇਂ-ਜਿਵੇਂ ਕਰਤਾਰਪੁਰ ਸਾਹਿਬ ਦੀ ਰਾਹਦਾਰੀ ਦੇ ਦਿਨ ਲਾਗੇ ਆਈ ਜਾਂਦੇ ਹਨ, ਦੁਨੀਆ ਭਰ ਦੀਆਂ ਸਮੂਹ ਸਿੱਖ ਸੰਗਤਾਂ ਵਿਚ ਗੁਰੂ ਜੀ ਦੇ ਦਰਸ਼ਨਾਂ ਲਈ ਡਾਢਾ ਉਤਸ਼ਾਹ ਪਾਇਆ ਜਾ ਰਿਹਾ ਹੈ। ਆਪਸੀ ਮਿਲਵਰਤਨ ਦਾ ਸਬੱਬ ਬਣਿਆ ਸਰਬ ਸਾਂਝੀਵਾਲਤਾ ਦਾ ਇਹ ਧਾਰਮਿਕ ਅਸਥਾਨ ਅੱਜ ਭਾਰਤ ਅਤੇ ਪਾਕਿਸਤਾਨ 'ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਦਾ ਕਹਿਣਾ ਹੈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਸ਼ਵ ਦਾ ਸਭ ਤੋਂ ਵੱਡਾ ਗੁਰਦੁਆਰਾ ਹੋਵੇਗਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਨਵੰਬਰ ਨੂੰ ਲਾਂਘੇ ਦਾ ਉਦਘਾਟਨ ਕਰਨ ਲਈ ਡੇਰਾ ਬਾਬਾ ਨਾਨਕ ਪਹੁੰਚ ਰਹੇ ਹਨ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਇਸੇ ਦਿਨ ਆਪਣੇ ਪਾਸਿਓਂ ਲਾਂਘੇ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਰੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਕੁਝ ਚੋਣਵੇਂ ਅਧਿਕਾਰੀਆਂ ਨਾਲ ਕਰਤਾਰਪੁਰ ਲਾਂਘੇ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਓਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਪਾਸਪੋਰਟ ਸਮੇਤ ਦੋ ਜ਼ਰੂਰਤਾਂ ਵਿਚ ਛੋਟ ਦਾ ਐਲਾਨ ਵੀ ਕੀਤਾ ਸੀ।

ਇਕ ਟਵੀਟ 'ਚ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਪਾਸਪੋਰਟ ਦੀ ਥਾਂ ਹੁਣ ਸ਼ਰਧਾਲੂਆਂ ਕੋਲ ਵਾਜਿਬ ਪਛਾਣ-ਪੱਤਰ ਹੋਣਾ ਚਾਹੀਦਾ ਹੈ ਅਤੇ 10 ਦਿਨ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣ ਦੀ ਵੀ ਕੋਈ ਜ਼ਰੂਰਤ ਨਹੀਂ ਹੋਵੇਗੀ। ਇਕ ਹੋਰ ਅਹਿਮ ਫ਼ੈਸਲੇ ਵਿਚ ਪਾਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਦਘਾਟਨ ਵਾਲੇ ਦਿਨ ਅਤੇ ਗੁਰੂ ਸਾਹਿਬ ਦੇ 550ਵੇਂ ਜਨਮ ਦਿਨ 'ਤੇ 20 ਡਾਲਰ ਦੀ ਫ਼ੀਸ ਵੀ ਮਾਫ਼ ਰਹੇਗੀ। ਪਰ ਇਮਰਾਨ ਦੇ ਉਕਤ ਐਲਾਨਾਂ ਸਬੰਧੀ ਪਾਕਿ ਫ਼ੌਜ ਦੇ ਬੁਲਾਰੇ ਅਤੇ ਪਾਕਿ ਵਿਦੇਸ਼ ਮੰਤਰਾਲੇ ਦੇ ਬਿਆਨਾਂ ਨੇ ਭੰਬਲਭੂਸੇ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ। ਕੁਝ ਵੀ ਹੋਵੇ, ਕਰਤਾਰਪੁਰ ਲਾਂਘੇ ਦੀ ਕੋਸ਼ਿਸ਼ਾਂ ਨੂੰ ਬੂਰ ਪੈ ਰਿਹਾ ਹੈ ਜੋ ਸੰਗਤ ਦੇ ਨਾਲ-ਨਾਲ ਦੋਵਾਂ ਮੁਲਕਾਂ ਲਈ ਵੀ ਚੰਗੀ ਖ਼ਬਰ ਹੈ।

-ਮੋਬਾਈਲ ਨੰ. : 89682-93948

Posted By: Sukhdev Singh