-ਸੰਜੀਵ ਚੋਪੜਾ

ਪੰਜਾਬੀ ਸੂਬੇ ਦੀ ਮੰਗ ਮੰਨੇ ਜਾਣ ਪਿੱਛੋਂ ਪਹਿਲੀ ਨਵੰਬਰ 1966 ਨੂੰ ਪੰਜਾਬ ਤੇ ਹਰਿਆਣਾ ਸੂਬੇ ਹੋਂਦ 'ਚ ਆਏ। ਇਸ ਦੇ ਨਾਲ ਹੀ ਚੰਡੀਗੜ੍ਹ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਿਆ ਤੇ ਪਹਾੜੀ ਇਲਾਕਿਆਂ ਦਾ ਕੇਂਦਰੀ ਸ਼ਾਸਿਤ ਪ੍ਰਦੇਸ਼ ਹਿਮਾਚਲ 'ਚ ਰਲੇਵਾਂ ਹੋਇਆ। ਇਹ ਐੱਸਆਰਸੀ ਦੀਆਂ ਸਿਫਾਰਸ਼ਾਂ ਦੇ ਬਿਲਕੁਲ ਉਲਟ ਹੋਇਆ। ਇਸ ਕਾਲਮ ਵਿੱਚ ਵੰਡ ਤੋਂ ਲੈ ਕੇ ਇੱਕ ਭਾਸ਼ਾਈ ਸੂਬੇ ਪੰਜਾਬ ਦੇ ਬਣਨ ਬਾਰੇ ਗੱਲ ਹੋਵੇਗੀ। ਜਦ ਕਿ ਅਗਲੇ ਦੋ ਲੇਖਾਂ 'ਚ ਕਾਂਗਰਸ, ਅਕਾਲੀ ਦਲ, ਕਮਿਊਨਿਸਟਾਂ, ਜਨ ਸੰਘੀਆਂ ਤੇ ਪੰਜਾਬ ਦੇ ਦਲਿਤਾਂ ਦੀ ਸਿਆਸਤ ਬਾਰੇ ਚਰਚਾ ਕਰਾਂਗੇ। ਇਸ ਤੋਂ ਇਲਾਵਾ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸੂਬਿਆਂ ਦੇ ਬਣਨ ਦੀ ਗੱਲ ਹੋਵੇਗੀ। ਦੂਜੀ ਆਲਮੀ ਜੰਗ ਪਿੱਛੋਂ, ਦੁਨੀਆਂ 'ਚ ਕਿਤੇ ਵੀ ਦੋ ਦਹਾਕੇ ਇੰਨੇ ਉਥਲ-ਪੁਥਲ ਵਾਲੇ, ਹਿੰਸਕ ਤੇ ਵਹਿਸ਼ੀ ਨਹੀਂ ਰਹੇ ਜਿੰਨੇ ਤਬਾਹਕੁੰਨ ਬਰਤਾਨਵੀ ਹਕੂਮਤ ਹੇਠਲੇ ਪੰਜਾਬ 'ਚ ਰਹੇ। ਇਨ੍ਹਾਂ 'ਚ ਰਾਜਾਸ਼ਾਹੀ ਵਾਲੇ ਇਲਾਕੇ, ਪੱਛਮੀ ਪੰਜਾਬ, ਰਾਜਧਾਨੀ ਇਸਲਾਮਾਬਾਦ (ਪਾਕਿਸਤਾਨ), ਪੂਰਬੀ ਪੰਜਾਬ, ਪੈਪਸੂ (ਪੰਜਾਬ ਐਂਡ ਈਸਟਰਨ ਪੰਜਾਬ ਸਟੇਟਸ ਯੂਨੀਅਨ), ਹਿਮਾਚਲ (ਯੂਪੀ ਤੇ ਫਿਰ ਸੂਬਾ), ਕੌਮੀ ਰਾਜਧਾਨੀ ਦਿੱਲੀ, ਹਰਿਆਣਾ, ਚੰਡੀਗੜ੍ਹ (ਯੂ. ਟੀ.) ਦਾ ਸਾਰਾ ਇਲਾਕਾ ਸ਼ਾਮਲ ਸੀ।

ਸ਼ਾਇਦ ਵੰਡ ਵੇਲੇ ਹੋਈ ਹਿੰਸਾ ਘੱਟ ਰਹਿ ਗਈ ਹੋਵੇ (ਦਸ ਤੋਂ ਵੀਹ ਲੱਖ ਦੇ ਦਰਮਿਆਨ ਲੋਕ ਮਰੇ ਤੇ ਇੱਕ ਕਰੋੜ ਘਰੋਂ ਬੇਘਰ ਹੋ ਗਏ), ਮੁਜ਼ਾਹਰਿਆਂ ਦੀ ਤਰਜ਼ ਤੇ ਹਕੂਮਤੀ ਹੁੰਗਾਰਾ, ਇੱਕੋ ਜਿਹੇ ਹੀ ਰਹੇ। ਮੋਰਚੇ, ਜਵਾਬੀ ਮੋਰਚੇ (ਪੰਜਾਬੀ ਸੂਬਾ, ਮਹਾਂ ਪੰਜਾਬ ਤੇ ਹਿੰਦੀ ਬਚਾਓ ਲਈ) ਸਿਆਸੀ ਗੱਲਬਾਤ ਤੇ ਵਿਚਾਰ ਵਟਾਂਦਰੇ 'ਚ ਜਾਣੇ-ਪਛਾਣੇ ਅਲੰਕਾਰ ਬਣ ਗਏ। ਪੰਜਾਬ ਤੇ ਬੰਗਾਲ ਦੋ ਮੁਸਲਿਮ ਬਹੁਲਤਾ ਵਾਲੇ ਸੂਬੇ ਸਨ ਜਿੱਥੇ ਵੰਡ ਲਈ ਹਿੰਦੂ ਘੱਟ ਗਿਣਤੀ ਵੀ ਓਨੀ ਹੀ ਉਤਾਵਲੀ ਸੀ ਜਿੰਨੇ ਕਿ ਸਾਂਝੀਆਂ ਰਿਆਸਤਾਂ ਤੇ ਬਿਹਾਰ ਦੇ ਮੁਸਲਮਾਨ। ਪੰਜਾਬ ਖ਼ੁਸ਼ਹਾਲ ਸੂਬਾ ਸੀ। ਨਹਿਰੀ ਆਬਾਦੀਆਂ ਨੇ ਬੇਮਿਸਾਲ ਖ਼ੁਸ਼ਹਾਲੀ ਲਿਆਂਦੀ ਸੀ ਤੇ ਜ਼ਿਮੀਦਾਰਾਂ ਦੀ ਅਗਵਾਈ ਯੂਨੀਅਨਿਸਟ ਪਾਰਟੀ ਕਰ ਰਹੀ ਸੀ ਤੇ ਜਿਸ ਨੂੰ ਸਪਸ਼ਟ ਤੌਰ 'ਤੇ ਸਰਕਾਰ ਦੀ ਸਰਪ੍ਰਸਤੀ ਹਾਸਲ ਸੀ। ਇਸ ਕਰਕੇ ਇਸ ਪਾਰਟੀ ਨੂੰ ਉਸ ਵੇਲੇ ਪ੍ਰਾਪਤ ਸੀਮਤ ਵਿਸ਼ੇਸ਼ ਅਧਿਕਾਰ ਕਾਰਨ ਆਮ ਲੋਕਾਂ 'ਚ ਕਾਂਗਰਸ ਤੇ ਮੁਸਲਿਮ ਲੀਗ ਨਾਲੋਂ ਇਸ ਦੀ ਵਧੇਰੇ ਪੁੱਛ ਪ੍ਰਤੀਤ ਸੀ। ਸਾਰੀਆਂ ਰਾਜਾਸ਼ਾਹੀਆਂ, ਮੁਸਲਮਾਨਾਂ ਦੀ ਬਹੁਲਤਾ ਵਾਲੇ ਬਹਾਵਲਪੁਰ ਤੋਂ ਲੈ ਕੇ ਸਿੱਖ ਰਾਜਧਾਨੀ ਪਟਿਆਲਾ ਤੇ ਪੰਜਾਬ ਦੇ ਪਹਾੜੀ ਇਲਾਕਿਆਂ ਦੇ ਰਾਜੇ, ਸਾਰੇ ਹੀ ਬਰਤਾਨਵੀ ਹਕੂਮਤ ਦੇ ਤਰਫ਼ਦਾਰ ਸਨ ਤੇ ਇਹੀ ਕਾਰਨ ਸੀ ਕਿ ਦੋਵੇਂ ਆਲਮੀ ਜੰਗਾਂ ਵਿੱਚ ਫੌਜੀ ਭਰਤੀ ਲਈ ਪੰਜਾਬ ਸਦਾ ਬਰਤਾਨਵੀ ਫੌਜ 'ਚ ਭਰਤੀ ਲਈ ਪਹਿਲੀ ਪਸੰਦ ਰਿਹਾ। ਹਾਲਾਂਕਿ ਤੀਹਵਿਆਂ ਦੇ ਅਖੀਰ ਤਕ ਸਿੱਖਾਂ ਨਾਲੋਂ ਪਠਾਣਾਂ ਨੂੰ ਜ਼ਿਆਦਾ ਪਹਿਲ ਦਿੱਤੀ ਜਾਣ ਲੱਗੀ। ਫਿਰ ਵੀ, ਪੰਜਾਬ ਨੇ ਵੀ ਇਸ ਬੇਚੈਨੀ/ਹਲਚਲ ਦੇ ਸਮੇਂ 'ਚ ਆਪਣਾ ਹਿੱਸਾ ਪਾਇਆ। ਇੱਥੋਂ ਦੇ ਵਿਦੇਸ਼ਾਂ 'ਚ ਗਏ ਲੋਕਾਂ ਨੇ ਗ਼ਦਰ ਲਹਿਰ ਅੰਦੋਲਨ ਚਲਾਇਆ ਤੇ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੇ ਐੱਚਐੱਸਆਰਏ ਦੇ ਝੰਡੇ ਹੇਠ ਅਜਿਹੀ ਇਨਕਲਾਬੀ ਲਹਿਰ ਚਲਾਈ ਜਿਹੋ ਜਿਹੀ ਪਹਿਲਾਂ ਕਦੀ ਨਹੀਂ ਸੀ ਦੇਖੀ ਸੁਣੀ ਗਈ। ਇਹ ਅੰਦੋਲਨ ਤਿੰਨਾਂ ਫਿਰਕਿਆਂ ਨੂੰ ਇੱਕਜੁੱਟ ਕਰ ਗਏ, ਹਾਲਾਂਕਿ ਇੱਕੋ ਜਿੰਨੀ ਗਿਣਤੀ-ਮਿਣਤੀ 'ਚ ਭਾਵੇਂ ਨਾ ਸਹੀ। ਇਨ੍ਹਾਂ ਅੰਦੋਲਨਾਂ ਨੂੰ ਸਖ਼ਤੀ ਨਾਲ ਦਬਾ ਦਿੱਤਾ ਗਿਆ।

ਤਿੰਨਾਂ ਫਿਰਕਿਆਂ ਨੇ ਹੀ ਲਾਹੌਰ ਦੇ ਵਿਕਾਸ 'ਚ ਅਹਿਮ ਯੋਗਦਾਨ ਪਾਇਆ ਸੀ (ਜੋ ਕਿ ਪੂਰਬ ਦਾ ਪੈਰਿਸ ਹੈ ਤੇ ਵਿਵਾਦਿਤ ਸ਼ਹਿਰ ਯੇਰੂਸ਼ਲਮ ਵਾਂਗ ਹੈ।) ਇਹ ਲਾਹੌਰ ਇਕ ਜ਼ਮੀਨ ਦੇ ਟੁਕੜੇ ਤੋਂ ਕਿਤੇ ਵਧੇਰੇ ਅਹਿਮੀਅਤ ਵਾਲਾ ਸ਼ਹਿਰ ਸੀ। ਸੰਨ 1946 ਤਕ ਦੇਸ਼ ਦੇ ਹੋਰ ਹਿੱਸਿਆਂ ਵਾਂਗ, ਪੰਜਾਬ 'ਚ ਕੋਈ ਵੱਡੇ ਪੱਧਰ 'ਤੇ ਫਿਰਕੂ ਦੰਗੇ ਨਹੀਂ ਹੋਏ ਸਨ। ਫਿਰ ਵੀ, ਤਿੰਨਾਂ ਫਿਰਕਿਆਂ ਅੰਦਰ ਵਧਦੇ ਤਣਾਅ ਨੇ ਆਪਣੀ ਪਸੰਦੀਦਾ ਜ਼ੁਬਾਨ 'ਚ ਜ਼ੋਰ ਫੜ ਲਿਆ। ਮੁਸਲਮਾਨਾਂ ਲਈ ਇਹ ਉਰਦੂ ਸੀ (ਜੋ ਕਿ ਅਰਬੀ ਵਾਂਗ ਸੱਜੇ ਤੋਂ ਖੱਬੇ ਨੂੰ ਲਿਖੀ ਜਾਂਦੀ ਸੀ), ਸਿੱਖਾਂ ਲਈ ਗੁਰੂ ਅੰਗਦ ਦੇਵ ਜੀ ਦੀ ਵਰੋਸਾਈ ਹੋਈ ਗੁਰਮੁਖੀ ਸੀ ਤੇ ਹਿੰਦੂਆਂ ਲਈ ਇਹ ਦੇਵਤਿਆਂ ਦੀ ਭਾਸ਼ਾ ਦੇਵਨਾਗਰੀ ਸੀ। ਜਦ 1946 ਦੇ ਅਖੀਰ ਤਕ ਇਹ ਸਪੱਸ਼ਟ ਹੋ ਗਿਆ ਕਿ ਵੰਡ ਅਟੱਲ ਹੈ ਤਾਂ ਜਵਾਲਾਮੁਖੀ ਫਟ ਗਿਆ। ਪੰਜਾਬ ਦੇ ਮੁਸਲਮਾਨ ਪਾਕਿਸਤਾਨ ਨਹੀਂ ਚਾਹੁੰਦੇ ਸਨ, ਉਨ੍ਹਾਂ ਨੇ ਇਸ ਦਾ ਵਿਰੋਧ ਨਾ ਕੀਤਾ, ਪਰ ਲਾਹੌਰ ਦੇ ਹਿੰਦੂਆਂ ਤੇ ਨਹਿਰੀ ਆਬਾਦੀਆਂ ਦੇ ਸਿੱਖਾਂ ਲਈ ਉਨ੍ਹਾਂ ਜ਼ਮੀਨਾਂ ਤੋਂ ਉੱਜੜਨ ਦਾ ਖ਼ਿਆਲ ਜਿਨ੍ਹਾਂ ਨੂੰ ਉਨ੍ਹਾਂ ਆਪਣੇ ਖੂਨ-ਪਸੀਨੇ ਨਾਲ ਉਪਜਾਊ ਬਣਾਇਆ ਸੀ ਤੇ ਨਨਕਾਣਾ ਸਾਹਿਬ ਦਾ ਵਿਛੋੜਾ, ਮੁਕੰਮਲ ਤੌਰ 'ਤੇ ਸੋਚਣ ਤੋਂ ਕਿਤੇ ਦੂਰ ਦੀ ਗੱਲ ਸੀ। ਸਿੱਖ ਅੰਗ੍ਰੇਜ਼ਾਂ ਦੇ ਵਫ਼ਾਦਾਰ ਰਹੇ ਸਨ (ਮਾਸਟਰ ਤਾਰਾ ਸਿੰਘ ਨੇ ਜੰਗ ਦੀ ਹਮਾਇਤ ਕੀਤੀ ਸੀ, ਹਾਲਾਂਕਿ ਉਸ ਵੇਲੇ ਕਾਂਗਰਸ ਨੇ 'ਭਾਰਤ ਛੱਡੋ' ਦਾ ਸੱਦਾ ਦਿੱਤਾ ਸੀ) ਪਰ ਅੰਗ੍ਰੇਜ਼ਾਂ ਨੇ ਉਨ੍ਹਾਂ ਨੂੰ ਤਿਆਗ ਦਿੱਤਾ ਸੀ। ਉਨ੍ਹਾਂ ਤੋਂ ਪਿੱਛੇ ਹਟ ਗਏ ਸਨ। ਕਾਂਗਰਸ ਨੇ ਸਿੱਖਾਂ ਨੂੰ ਬਰਦਾਸ਼ਤ ਕੀਤਾ ਸੀ ਜਦਕਿ ਮੁਸਲਿਮ ਲੀਗ ਵਾਲੇ ਉਨ੍ਹਾਂ ਨੂੰ ਮਿਹਣੇ ਮਾਰਦੇ ਸਨ। ਮੁੱਕਦੀ ਗੱਲ ਇਹ ਕਿ ਸਿੱਖ ਆਪਣੇ ਹੀ ਸਿਆਸੀ ਝੰਡਾਬਰਦਾਰਾਂ ਦੀਆਂ ਨਾਕਾਮੀਆਂ ਤੋਂ ਨਿਰਾਸ਼ ਸਨ ਤੇ ਜਦ ਪੂਰਬੀ ਪੰਜਾਬ ਬਣਿਆ ਤਾਂ ਉਨ੍ਹਾਂ ਦੇਖਿਆ ਕਿ ਉਹ ਤਾਂ ਫਿਰ ਘੱਟ ਗਿਣਤੀ 'ਚ ਰਹਿ ਗਏ।

ਉਨ੍ਹਾਂ ਦੀ ਦਿਲਚਸਪੀ ਅਜਿਹੀ ਥਾਂ ਸਥਾਪਤ ਕਰਨ 'ਚ ਸੀ ਜਿੱਥੇ ਉਨ੍ਹਾਂ ਦੀ ਬੇਰੋਕ-ਟੋਕ ਆਪਣੀ ਸਿਆਸੀ ਸੱਤਾ ਹੋਵੇ। ਇਸ ਲਈ ਸਿੱਖ ਆਗੂ ਹਰਚਰਨ ਸਿੰਘ ਬਾਜਵਾ,ਭੁਪਿੰਦਰ ਸਿੰਘ ਮਾਨ ਤੇ ਗਿਆਨੀ ਕਰਤਾਰ ਸਿੰਘ ਜਨਵਰੀ 1948 'ਚ ਡਾ. ਅੰਬੇਡਕਰ ਨੂੰ ਮਿਲੇ ਜਿਨ੍ਹਾਂ ਨੇ ਉਨ੍ਹਾਂ ਨੂੰ ਸਿੱਖ ਸਟੇਟ ਮੰਗਣ ਦੀ ਥਾਂ ਭਾਸ਼ਾਈ ਆਧਾਰ ਤੇ ਸੂਬਾ ਮੰਗਣ ਦੀ ਸਲਾਹ ਦਿੱਤੀ। ਵੰਡ ਦੇ ਰੌਲੇ-ਰੱਪੇ ਪਿੱਛੋਂ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਠਿੰਡਾ, ਪਟਿਆਲਾ ਅਤੇ ਅੰਬਾਲਾ ਤੇ ਸੰਗਰੂਰ ਦੇ ਚੋਖੇ ਹਿੱਸੇ 'ਚ ਸਿੱਖਾਂ ਦੀ ਬਹੁਗਿਣਤੀ ਸੀ। ਬਾਕੀ ਦੇ ਸੂਬੇ 'ਚ ਹਿੰਦੂਆਂ ਦੀ ਚੜ੍ਹਤ ਸੀ। ਅਕਾਲੀਆਂ ਨੇ ਐੱਸਆਰਸੀ ਕੋਲ ਪੰਜਾਬੀ ਸੂਬੇ ਦੀ ਮੰਗ ਜ਼ੋਰਦਾਰ ਢੰਗ ਨਾਲ ਰੱਖੀ। ਅਕਾਲੀ ਦਲ ਨੇ ਕਿਹਾ ਕਿ ਪੈਪਸੂ ਤੇ ਇਸ ਦੇ ਨਾਲ ਲੱਗਦੇ ਪੰਜਾਬੀ ਬੋਲਦੇ ਇਲਾਕਿਆਂ ਦਾ ਰਲੇਵਾਂ ਕਰ ਦਿੱਤਾ ਜਾਵੇ, ਪਹਾੜੀ ਬੋਲਦੇ ਇਲਾਕੇ ਹਿਮਾਚਲ ਨਾਲ ਜੋੜ ਦਿੱਤੇ ਜਾਣ ਤੇ ਹਿੰਦੀ ਬੋਲਦੇ ਇਲਾਕਿਆਂ ਨੂੰ ਦਿੱਲੀ/ਹਰਿਆਣਾ (ਜਿਵੇਂ ਕਿ ਉਸ ਵੇਲੇ ਇਸ ਨੂੰ ਕਿਹਾ ਜਾਂਦਾ ਸੀ) ਨਾਲ ਜੋੜ ਦਿੱਤਾ ਜਾਵੇ। ਇੰਜ ਪੈਪਸੂ ਦਾ ਤਾਂ ਪੰਜਾਬ 'ਚ ਰਲੇਵਾਂ ਕਰ ਦਿੱਤਾ ਗਿਆ ਜਦਕਿ ਹਿੰਦੀ ਬੋਲਦੇ ਇਲਾਕਿਆਂ ਨੂੰ ਵੱਖ ਨਾ ਕੀਤਾ ਗਿਆ ਤੇ ਇਕ ਹੋਰ ਦਹਾਕੇ ਲਈ ਇਹ ਦੋ ਭਾਸ਼ਾਈ ਸੂਬਾ ਬਣਿਆ ਰਿਹਾ!

-(ਲੇਖਕ ਸੀਨੀਅਰ ਆਈਏਐੱਸ ਅਫ਼ਸਰ ਹੈ)।

-ਈਮੇਲ : choprasanjeev0gmail.com

Posted By: Sunil Thapa