- ਡਾ. ਚਰਨਜੀਤ ਸਿੰਘ ਗੁਮਟਾਲਾ

ਮਨੁੱਖਤਾ ਦੇ ਰਹਿਬਰ, ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦਾ ਸੰਦੇਸ਼ ਦੇਣ ਵਾਲੇ, ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਬਿਹਾਰ ਸੂਬੇ ਦੇ ਪ੍ਰਸਿੱਧ ਸ਼ਹਿਰ ਪਟਨਾ ’ਚ ਹੋਇਆ, ਜਿਸ ਦਾ ਉਸ ਸਮੇਂ ਨਾਂ ਪਾਟਲੀਪੁੱਤਰ ਸੀ।

ਉਨ੍ਹਾਂ ਦੇ ਪਿਤਾ ਨੌਵੇਂ ਗੁਰੂ ਤੇਗ ਬਹਾਦਰ ਜੀ ਸਨ ਤੇ ਦਾਦਾ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਜੀ ਸਨ। ਉਹ ਪੰਜ- ਛੇ ਸਾਲ ਪਟਨਾ ਰਹੇ। ਇੱਥੇ ਇਨ੍ਹਾਂ ਦੇ ਕਈ ਕੌਤਕ ਪ੍ਰਸਿੱਧ ਹਨ। ਇੱਥੇ ਹੀ ਉਨ੍ਹਾਂ ਨੇ ਬੰਗਾਲੀ, ਹਿੰਦੀ, ਪੰਜਾਬੀ, ਫਾਰਸੀ, ਸੰਸਕਿ੍ਰਤ, ਬ੍ਰਜੀ ਆਦਿ ਬੋਲੀਆਂ ਸਿੱਖੀਆਂ।

ਸ੍ਰੀ ਗੁਰੂ ਤੇਗ ਬਹਾਦਰ ਜੀ 1671 ਈ. ਦੇ ਸ਼ੁਰੂ ’ਚ ਪਰਿਵਾਰ ਨੂੰ ਪਟਨਾ ਛੱਡ ਕੇ ਆਨੰਦਪੁਰ (ਮਾਖੋਵਾਲ) ਪੁੱਜ ਗਏ। ਛੇਤੀ ਹੀ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਇੱਥੇ ਬੁਲਾ ਲਿਆ। ਇੱਥੇ ਹੀ ਔਰੰਗਜ਼ੇਬ ਦੇ ਸਤਾਏ ਕਸ਼ਮੀਰੀ ਪੰਡਿਤਾਂ ਦੀ ਵਿੱਥਿਆ ਸੁਣ ਕੇ ਗੁਰੂ ਜੀ 7 ਸਾਲਾ ਗੁਰੂ ਗੋਬਿੰਦ ਰਾਇ ਜੀ ਨੂੰ ਗੁਰਗੱਦੀ ਸੌਂਪ ਕੇ ਦਿੱਲੀ ਨੂੰ ਰਵਾਨਾ ਹੋਏ।

1675 ਤੋਂ 1688 ਈ. ਦਾ ਸਮਾਂ ਸਿੱਖ ਸ਼ਕਤੀ ਦੇ ਸੰਗਠਨ ਦਾ ਸਮਾਂ ਸੀ। ਸੈਨਿਕ ਤੇ ਬੀਰ ਰਸੀ ਜੋਸ਼ ਵਧਾਉਣ ਲਈ ਰਣਜੀਤ ਨਗਾਰਾ ਤਿਆਰ ਕਰਵਾਇਆ ਗਿਆ, ਜਿਸ ਦੀ ਆਵਾਜ਼ ਸਾਰੇ ਪਹਾੜੀ ਰਾਜਾਂ ’ਚ ਗੂੰਜ ਉੱਠੀ। ਦੁਨੀ ਚੰਦ ਕਾਬਲ ਤੋਂ ਬਹੁਤ ਸੁੰਦਰ ਅਤੇ ਕੀਮਤੀ ਸ਼ਾਮਿਆਨਾ ਬਣਵਾ ਕੇ ਲਿਆਇਆ ਤੇ ਗੁਰੂ ਜੀ ਨੂੰ ਭੇਟ ਕੀਤਾ, ਜਿਸ ਦੀ ਕੀਮਤ ਢਾਈ ਲੱਖ ਰੁਪਏ ਸੀ। ਅਸਾਮ ਦਾ ਰਾਜਾ ਰਤਨ ਰਾਏ ਬਹੁਤ ਕੀਮਤੀ ਤੋਹਫ਼ੇ ਲੈ ਕੇ ਆਇਆ, ਜਿਨ੍ਹਾਂ ’ਚ ਸੁੰਦਰ ਹਾਥੀ, ਇਕ ਤਖ਼ਤ, ਪੰਜ ਵਧੀਆ ਤੇ ਸਜੇ-ਸਜਾਏ ਘੋੜੇ, ਇਕ ਅਦੁੱਤੀ ਹਥਿਆਰ ਜਿਸ ਵਿੱਚੋਂ ਪੰਜ ਹਥਿਆਰ ਨਿਕਲਦੇ ਸਨ ਅਤੇ ਹੋਰ ਕੀਮਤੀ ਸਾਜ਼ੋ-ਸਾਮਾਨ ਸੀ।

ਗੁਰੂ ਸਾਹਿਬ ਦੀ ਸ਼ਕਤੀ ਵੱਧਦੀ ਵੇਖ ਕੇ ਬਿਲਾਸਪੁਰ ਦਾ ਰਾਜਾ ਭੀਮ ਚੰਦ ਈਰਖਾ ਦੀ ਅੱਗ ’ਚ ਸੜਨ ਲੱਗ ਪਿਆ, ਜਿਸ ਦੇ ਸਿੱਟੇ ਵਜੋਂ 1688 ਈ. ਵਿਚ ਭੰਗਾਣੀ ਦਾ ਯੁੱਧ ਹੋਇਆ । 1677 ਈ. ਵਿਚ ਗੁਰੂ ਜੀ ਦਾ ਵਿਆਹ ਲਾਹੌਰ ਦੇ ਸਿੱਖ ਭਾਈ ਭਿਖੀਆ ਦੀ ਧੀ ਮਾਤਾ ਜੀਤੋ ਨਾਲ ਆਨੰਦਪੁਰ ਸਾਹਿਬ ’ਚ ਹੋਇਆ।

1685 ਈ. ਵਿਚ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੇ ਸੱਦੇ ’ਤੇ ਗੁਰੂ ਸਾਹਿਬ ਆਪਣੀ ਫ਼ੌਜ ਤੇ ਪਰਿਵਾਰ ਸਮੇਤ ਨਾਹਨ ਚਲੇ ਗਏ। ਰਾਜੇ ਦੇ ਬੇਨਤੀ ਕਰਨ ’ਤੇ ਜਮਨਾ ਕੰਢੇ ਰਮਣੀਕ ਥਾਂ ’ਤੇ 12 ਦਿਨਾਂ ਵਿਚ ਹੀ ਕਿਲ੍ਹਾ ਤਿਆਰ ਕਰਵਾਇਆ, ਜਿਸ ਦਾ ਨਾਂ ਪਾਉਂਟਾ (ਪੈਰ ਰੱਖਣ ਦੀ ਥਾਂ) ਸਾਹਿਬ ਰੱਖਿਆ। ਇੱਥੇ ਉਹ ਤਿੰਨ ਸਾਲ ਰਹੇ ਤੇ ਬਹੁਤ ਸਾਰਾ ਸਾਹਿਤ ਰਚਿਆ।

ਪਾਉਂਟਾ ਸਾਹਿਬ ’ਚ ਹੀ 1687 ਈ. ’ਚ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਦਾ ਜਨਮ ਹੋਇਆ। ਭੰਗਾਣੀ ਦੇ ਯੁੱਧ ਤੋਂ ਬਾਅਦ ਗੁਰੂ ਸਾਹਿਬ ਆਨੰਦਪੁਰ ਵਾਪਿਸ ਆ ਗਏ। ਗੁਰੂ ਜੀ ਦੇ ਬਾਕੀ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਵੀ ਇੱਥੇ ਹੀ ਹੋਇਆ । 1690 ਈ. ’ਚ ਨਦੌਣ ਦੀ ਲੜਾਈ ਹੋਈ।

ਗੁਰੂ ਜੀ ਨੇ ਸਿੱਖਾਂ ਨੂੰ ਨਿਆਰਾ ਰੂਪ ਦੇਣ ਲਈ 1699 ਦੀ ਵਿਸਾਖੀ ਨੂੰ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਉਨ੍ਹਾਂ ਨੇ ‘ਆਪੇ ਗੁਰੂ ਆਪੇ ਚੇਲਾ’ ਦੀ ਵੱਖਰੀ ਮਿਸਾਲ ਕਾਇਮ ਕੀਤੀ। ਇਸ ਅਹਿਮ ਘਟਨਾ ਨੇ ਸਿੱਖ ਕੌਮ ’ਚ ਅੰਤਾਂ ਦਾ ਜੋਸ਼, ਹਿੰਮਤ ਤੇ ਤਾਕਤ ਭਰ ਦਿੱਤੀ। ਇਸ ਨਾਲ ਪਹਾੜੀ ਰਾਜਿਆਂ ਵਿਚ ਗੁਰੂ ਜੀ ਪ੍ਰਤੀ ਈਰਖਾ ਹੋਰ ਵੱਧ ਗਈ।

ਸੂਬਾ ਸਰਹੰਦ ਨੇ ਦਸ ਹਜ਼ਾਰ ਫ਼ੌਜ ਸਮੇਤ ਜਰਨੈਲ ਅਦੀਨਾ ਬੇਗ ਤੇ ਪੈਂਦਾ ਖ਼ਾਨ ਨੂੰ ਆਨੰਦਪੁਰ ’ਤੇ ਹਮਲਾ ਕਰਨ ਲਈ ਭੇਜਿਆ। ਇਸ ਵਿਚ ਜਿੱਤ ਗੁਰੂ ਜੀ ਦੀ ਹੀ ਹੋਈ। ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦਾ ਨਿਸ਼ਾਨਾ ਆਨੰਦਪੁਰ ਸੀ। ਲਗਾਤਾਰ 8 ਮਹੀਨੇ ਤੋਂ ਆਨੰਦਪੁਰ ਨੂੰ ਘੇਰਾ ਪਾਇਆ ਗਿਆ । ਬਿਕ੍ਰਮੀ ਸੰਮਤ 1762 ਦੀ 6-7 ਪੋਹ ਦੀ ਦਰਮਿਆਨੀ ਰਾਤ ਨੂੰ ਆਨੰਦਗੜ੍ਹ ਦਾ ਕਿਲ੍ਹਾ ਖ਼ਾਲੀ ਕਰਨ ਤੋਂ ਬਾਅਦ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਨੇ ਕਸਮਾਂ ਤੋੜ ਕੇ ਕੀਰਤਪੁਰ ਸਾਹਿਬ ਪਾਰ ਕਰਦਿਆਂ ਹੀ ਸਿੱਖ ਫ਼ੌਜਾਂ ’ਤੇ ਹਮਲਾ ਕਰ ਦਿੱਤਾ। ਸਰਸਾ ਨਦੀ ਦੇ ਕੰਢੇ ਜੰਗ ਹੋਈ, ਕਾਫ਼ੀ ਸਿੰਘ ਸ਼ਹੀਦ ਹੋ ਗਏ ਅਤੇ ਗੁਰੂ ਜੀ ਦਾ ਪਰਿਵਾਰ ਵਿੱਛੜ ਗਿਆ।

8 ਪੋਹ ਨੂੰ ਚਮਕੌਰ ਦੀ ਗੜ੍ਹੀ ’ਚ ਭਾਰੀ ਜੰਗ ਹੋਇਆ, ਜਿਸ ਵਿਚ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਹੋਰਨਾਂ ਚਾਲੀ ਕੁ ਸਿੰਘਾਂ ਸਮੇਤ ਲੜਦਿਆਂ ਸ਼ਹੀਦ ਹੋ ਗਏ। ਇਸ ਤੋਂ ਬਾਅਦ 30 ਪੋਹ ਨੂੰ ਖਿਦਰਾਣਾ ਦੀ ਢਾਬ ’ਤੇ ਸੂਬਾ ਸਰਹਿੰਦ ਦੀ ਦਸ ਹਜ਼ਾਰ ਮੁਗਲ ਫ਼ੌਜ ਨਾਲ ਜੰਗ ਲੜੀ । ਇੱਥੇ ਚਾਲੀ ਸਿੰਘਾਂ ਵੱਲੋਂ ਲਿਖਿਆ ਗਿਆ ਬੇਦਾਵਾ ਗੁਰੂ ਜੀ ਨੇ ਪਾੜ ਦਿੱਤਾ। ਚਾਲੀ ਮੁਕਤਿਆਂ ਦੀ ਮੁਕਤੀ ਕਾਰਨ ਇਸ ਇਲਾਕੇ ਨੂੰ ਮੁਕਤਸਰ ਕਿਹਾ ਜਾਣ ਲੱਗਾ।

ਚਮਕੌਰ ਤੋਂ ਗੁਰੂ ਜੀ ਇਕੱਲੇ ਆਪਣੇ ਤਿੰਨ ਸਿੱਖਾਂ ਨਾਲੋਂ ਵਿੱਛੜ ਕੇ ਮਾਛੀਵਾੜੇ ਜਾ ਪੁੱਜੇ। ਇੱਥੇ ਉਨ੍ਹਾਂ ਦੇ ਤਿੰਨ ਸਾਥੀ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਵੀ ਆ ਮਿਲੇ। ਇੱਥੇ ਹੀ ਉਨ੍ਹਾਂ ਦੇ ਸ਼ਰਧਾਲੂ ਪਠਾਨ ਨਬੀ ਖ਼ਾਨ ਤੇ ਗ਼ਨੀ ਖ਼ਾਨ ਆ ਮਿਲੇ, ਜਿਨ੍ਹਾਂ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਗੁਰੂ ਜੀ ਨੂੰ ‘ਉੱਚ ਦਾ ਪੀਰ’ ਬਣਾਇਆ ਤੇ ਨੀਲੀ ਪੁਸ਼ਾਕ ਪਹਿਨਾ ਕੇ ਪਾਲਕੀ ਵਿਚ ਸਵਾਰ ਕਰ ਕੇ ਮੁਗ਼ਲ ਫੌਜਾਂ ਤੋਂ ਬਚਦੇ ਹੋਏ ਕਾਫ਼ੀ ਦੂਰ ਚਲੇ ਗਏ। ਗੁਰੂ ਜੀ ਜਗਰਾਉਂ ਤੇ ਰਾਏਕੋਟ ਹੁੰਦੇ ਹੋਏ ਜੱਟਪੁਰੇ ਪੁੱਜੇ। ਇੱਥੋਂ ਦੇ ਮੁਸਲਮਾਨ ਹਾਕਮ ਰਾਏ ਕੱਲ੍ਹਾ ਨੇ ਗੁਰੂ ਜੀ ਦੀ ਪੂਰੀ ਸਹਾਇਤਾ ਕੀਤੀ। ਮਾਹੀ ਨਾਮੀ ਹਰਕਾਰਾ ਇਹ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਖ਼ਬਰ ਲਿਆਇਆ ਤਾਂ ਉਸ ਵੇਲੇ ਗੁਰੂ ਜੀ ਜੰਗਲ ’ਚ ਬੈਠੇ ਹੋਏ ਸਨ। ਉਨ੍ਹਾਂ ਨੇ ਕਾਹੀ ਦਾ ਬੂਟਾ ਪੁੱਟਦੇ ਹੋਏ ਫਰਮਾਇਆ ਕਿ ਜਿਸ ਤਰ੍ਹਾਂ ਇਹ ਬੂਟਾ ਪੁੱਟਿਆ ਗਿਆ ਹੈ, ਉਸੇ ਤਰ੍ਹਾਂ ਮੁਗ਼ਲ ਹਕੂਮਤ ਦੀਆਂ ਛੇਤੀ ਹੀ ਜੜ੍ਹਾਂ ਪੁੱਟੀਆਂ ਜਾਣਗੀਆਂ।

ਗੁਰੂ ਜੀ ਤਲਵੰਡੀ ਸਾਬੋ ਪੁੱਜੇ, ਜਿੱਥੇ ਉਹ 9 ਮਹੀਨੇ ਰਹੇ ਤੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ । ਉਨ੍ਹਾਂ ਨੇ ਤਲਵੰਡੀ ਨੂੰ ‘ਗੁਰੂ ਕੀ ਕਾਂਸ਼ੀ’ ਆਖ ਕੇ ਵਡਿਆਇਆ। ਔਰੰਗਜ਼ੇਬ ਵੱਲੋਂ ਉਨ੍ਹਾਂ ਨੂੰ ਸ਼ਾਹੀ ਪੱਤਰ ਪੁੱਜਿਆ, ਜਿਸ ਵਿਚ ਉਨ੍ਹਾਂ ਨੂੰ ਦੱਖਣ ਵਿਚ ਕਿਆਮ ਕਰਦੇ ਬਾਦਸ਼ਾਹ ਨੂੰ ਮਿਲਣ ਦਾ ਸੱਦਾ ਸੀ। ਇਸ ਦੇ ਜਵਾਬ ’ਚ ਗੁਰੂ ਜੀ ਨੇ ਫ਼ਾਰਸੀ ’ਚ ਲੰਮਾ ਪੱਤਰ ਲਿਖਿਆ, ਜਿਸ ਦਾ ਨਾਂ ‘ਜ਼ਫ਼ਰਨਾਮਾ’ (ਜਿੱਤ ਦੀ ਚਿੱਠੀ) ਰੱਖਿਆ ਗਿਆ। ਇਹ ਕਾਵਿ-ਪੱਤਰ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਰਾਹੀਂ ਔਰੰਗਜ਼ੇਬ ਵੱਲ ਭੇਜਿਆ ਗਿਆ। ਗੁਰੂ ਜੀ ਔਰੰਗਜ਼ੇਬ ਨੂੰ ਮਿਲਣ ਲਈ ਅਕਤੂਬਰ 1706 ਈ. ’ਚ ਦੱਖਣ ਵੱਲ ਨੂੰ ਰਵਾਨਾ ਹੋ ਗਏ।

ਫਰਵਰੀ 1707 ’ਚ ਗੁਰੂ ਜੀ ਬਘੇਰ ਦੇ ਨੇੜੇ ਪੁੱਜੇ ਤਾਂ ਬਾਦਸ਼ਾਹ ਦੇ ਦੇਹਾਂਤ ਦੀ ਖ਼ਬਰ ਮਿਲੀ। ਔਰੰਗਜ਼ੇਬ ਦੀ ਮੌਤ ਪਿੱਛੋਂ ਬਹਾਦਰ ਸ਼ਾਹ ਦਿੱਲੀ ਦੇ ਤਖ਼ਤ ’ਤੇ ਬੈਠਿਆ। ਆਗਰੇ ਵਿਚ ਗੁਰੂ ਜੀ ਬਹਾਦਰ ਸ਼ਾਹ ਨੂੰ ਮਿਲੇ। ਉਸ ਨੇ ਗੁਰੂ ਜੀ ਦਾ ਬਹੁਤ ਆਦਰ ਸਤਿਕਾਰ ਕੀਤਾ ਅਤੇ ‘ਖਿੱਲਤ’ ਪੇਸ਼ ਕੀਤੀ। ਇਸ ਤੋਂ ਬਾਅਦ ਗੁਰੂ ਜੀ ਨਾਂਦੇੜ ਚਲੇ ਗਏ।

ਨਾਂਦੇੜ ’ਚ ਰਹਿੰਦਿਆਂ ਬੈਰਾਗੀ ਸਾਧੂ ਲਛਮਣ ਦਾਸ ਜਾਂ ਮਾਧੋ ਦਾਸ ਨੂੰ ਗੁਰੂ ਜੀ ਨੇ ਪੂਰਨ ਮਰਯਾਦਾ ਅਨੁਸਾਰ ਅੰਮ੍ਰਿਤ ਛਕਾਇਆ ਤੇ ‘ਬੰਦਾ ਸਿੰਘ’ ਨਾਂ ਰੱਖਿਆ, ਜਿਸ ਦੀ ਉਮਰ 38 ਸਾਲ ਸੀ। ਉਸ ਨੂੰ ਥਾਪੜਾ ਦੇ ਕੇ ਗੁਰੂ ਜੀ ਨੇ ਕੁਝ ਸਿੰਘਾਂ ਦੇ ਨਾਲ ਪੰਜਾਬ ਵੱਲ ਭੇਜ ਦਿੱਤਾ।

ਗੁਰੂ ਜੀ ਨੇ ਕੱਤਕ ਸੁਦੀ ਪੰਜ 1765 ਬਿਕ੍ਰਮੀ (7 ਅਕਤੂਬਰ 1708 ਈ.) ਦੀ ਰਾਤ ਦੇ ਤੀਜੇ ਪਹਿਰ ਸਿੰਘਾਂ ਨੂੰ ਇਕੱਤਰ ਕੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਦਾ ਲਈ ਖ਼ਾਲਸੇ ਦਾ ਆਤਮਿਕ ਆਗੂ ਅਤੇ ਗੁਰੂ ਥਾਪ ਕੇ ਜੋਤੀ ਜੋਤ ਸਮਾ ਗਏ। ਇਸ ਪਵਿੱਤਰ ਅਸਥਾਨ ’ਤੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸੁਸ਼ੋਭਿਤ ਹੈ।

ਪੰਜਾਬ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਤੇ ਖ਼ਾਲਸਾ ਰਾਜ ਕਾਇਮ ਕੀਤਾ। ਭਾਵੇਂ ਕਿ ਉਹ ਆਪਣਾ ਰਾਜ ਕਾਇਮ ਨਾ ਰੱਖ ਸਕਿਆ ਪਰ ਮੁਗ਼ਲ ਹਕੂਮਤ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਬਾਅਦ ਵਿਚ ਮਿਸਲਾਂ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ, ਜਿਸ ਨੇ ਅਫ਼ਗਾਨ ਹਮਲਾਵਰਾਂ ਦੇ ਹਮਲਿਆਂ ਤੋਂ ਭਾਰਤ ਨੂੰ ਛੁਟਕਾਰਾ ਦਿਵਾਇਆ।

ਗੁਰੂ ਸਾਹਿਬ ਜਿਹੀ ਸ਼ਖ਼ਸੀਅਤ ਪੂਰੀ ਦੁਨੀਆ ਦੇ ਇਤਿਹਾਸ ’ਚ ਮਿਲਣੀ ਮੁਸ਼ਕਲ ਹੈ। ਉਨ੍ਹਾਂ ਨੇ ਪੂਰੀ ਜ਼ਿੰਦਗੀ ਮਜ਼ਲੂਮਾਂ ਦੀ ਰੱਖਿਆ ਕਰਨ ’ਚ ਗੁਜ਼ਾਰੀ। ਉਨ੍ਹਾਂ ਨੇ ਪੂਰਾ ਸਰਬੰਸ ਕੌਮ ਲਈ ਵਾਰ ਦਿੱਤਾ। ਕਈ ਭਾਸ਼ਾਵਾਂ ਦੇ ਵਿਦਵਾਨ ਹੋਣ ਦੇ ਨਾਲ-ਨਾਲ ਉਹ ਉੱਚ ਕੋਟੀ ਦੇ ਕਵੀ ਵੀ ਸਨ। ਪੂਰੀ ਦੁਨੀਆ ’ਚ ਅੱਜ ਉਨ੍ਹਾਂ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।

ਸੰਪਰਕ ਨੰ : 94175-33060

Posted By: Jagjit Singh