-ਪ੍ਰਿੰ. ਸਰਵਣ ਸਿੰਘ

ਪਰਗਟ ਸਿੰਘ ਫਿਰ ਪੈਨਲਟੀ ਕਾਰਨਰ ਲਾਉਣ ਲੱਗੈ। ਵੇਖਦੇ ਹਾਂ ਗੋਲ ਹੁੰਦਾ ਕਿ ਨਹੀਂ? ਕੁਝ ਸਾਲ ਪਹਿਲਾਂ ਪਰਗਟ ਸਿੰਘ ਨੂੰ ਬਾਦਲਾਂ ਨੇ ਮੁੱਖ ਸੰਸਦੀ ਸਕੱਤਰ ਬਣਨ ਦਾ ਚੋਗਾ ਪਾਇਆ ਗਿਆ ਸੀ ਜੋ ਉਸ ਨੇ ਨਹੀਂ ਚੁਗਿਆ। ਉਦੋਂ ਦੋਸਤਾਂ-ਮਿੱਤਰਾਂ ਨੇ ਸੁਚੇਤ ਕਰਦਿਆਂ ਕਿਹਾ ਸੀ ਕਿ ਪਰਗਟ, ਤੂੰ ਪਰਗਟ ਈ ਰਹੀਂ! ਅਤੇ ਪਰਗਟ, ਪਰਗਟ ਹੀ ਰਿਹਾ! ਹੁਣ ਪਰਗਟ ਫਿਰ ਪਰਗਟ ਹੋ ਗਿਐ।

ਅਕਾਲੀ ਦਲ ਬਾਦਲ ਨੇ ਉਸ ਨੂੰ ਬਿਨਾਂ ਵਜ੍ਹਾ ਪਾਰਟੀ 'ਚੋਂ ਕੱਢ ਦਿੱਤਾ ਸੀ। ਫਿਰ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇਣ ਵਾਲੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਪਰਗਟ ਤੇ ਬੈਂਸ ਭਰਾਵਾਂ ਨੇ ਪੰਜਾਬ ਮੋਰਚੇ ਦੀ ਨੀਂਹ ਰੱਖੀ ਸੀ ਪਰ ਉਸ 'ਤੇ ਕੋਈ ਉਸਾਰੀ ਨਾ ਹੋ ਸਕੀ ਸਗੋਂ ਨੀਹਾਂ ਹੀ ਪੂਰ ਦਿੱਤੀਆਂ ਗਈਆਂ ਤੇ ਬੈਂਸ ਭਰਾਵਾਂ ਨੇ ਲੋਕ ਇਨਸਾਫ਼ ਪਾਰਟੀ ਬਣਾ ਕੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰ ਲਿਆ ਸੀ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2012 ਵਿਚ ਜਲੰਧਰ ਛਾਉਣੀ ਦੀ ਸੀਟ ਜਿੱਤਣ ਲਈ ਹੀ ਉਹਤੋਂ ਪੰਜਾਬ ਸਪੋਰਟਸ ਦੀ ਡਾਇਰੈਕਟਰੀ ਛੁਡਾਈ ਸੀ। ਉਹ ਇਮਾਨਦਾਰੀ ਨਾਲ ਖੇਡਾਂ ਦੀ ਸੇਵਾ ਕਰ ਰਿਹਾ ਸੀ ਪਰ ਉਸ ਨੂੰ ਸਿਆਸਤ ਵਿਚ ਆਉਣ ਲਈ ਮਜਬੂਰ ਕੀਤਾ ਗਿਆ। ਜਲੰਧਰ ਛਾਉਣੀ ਦੀ ਸੀਟ ਕਾਂਗਰਸ ਦੀ ਪੱਕੀ ਸੀਟ ਸਮਝੀ ਜਾਂਦੀ ਸੀ। ਉਦੋਂ ਪਰਗਟ ਵਰਗਾ ਇਮਾਨਦਾਰ ਵਿਅਕਤੀ ਹੀ ਇਹ ਸੀਟ ਅਕਾਲੀ ਦਲ ਨੂੰ ਜਿਤਾ ਸਕਦਾ ਸੀ। ਜਿਹੜੇ ਕਹਿੰਦੇ ਸਨ ਕਿ ਅਕਾਲੀ ਦਲ ਨੇ ਪਰਗਟ ਨੂੰ ਟਿਕਟ ਦੇ ਕੇ ਅਹਿਸਾਨ ਕੀਤਾ ਉਨ੍ਹਾਂ ਨੂੰ 2017 'ਚ ਪਤਾ ਲੱਗ ਗਿਆ ਹੋਊ ਕਿ ਡਾਇਰੈਕਟਰੀ ਛੱਡ ਕੇ ਪਰਗਟ ਸਿੰਘ ਨੇ ਬਾਦਲਾਂ 'ਤੇ ਅਹਿਸਾਨ ਕੀਤਾ ਸੀ।

ਪਰਗਟ ਨੇ ਹਾਕੀ ਦੇ 313 ਕੌਮਾਂਤਰੀ ਮੈਚ ਖੇਡੇ ਜਿਨ੍ਹਾਂ 'ਚੋਂ 168 ਮੈਚਾਂ ਵਿਚ ਉਹ ਭਾਰਤੀ ਟੀਮਾਂ ਦਾ ਕਪਤਾਨ ਸੀ। ਭਾਰਤ ਦਾ ਉਹ ਇਕੋ-ਇਕ ਖਿਡਾਰੀ ਹੈ ਜੋ ਦੋ ਓਲੰਪਿਕਸ ਵਿਚ ਭਾਰਤੀ ਹਾਕੀ ਟੀਮਾਂ ਦਾ ਕਪਤਾਨ ਬਣਿਆ। ਚੈਂਪੀਅਨਜ਼ ਹਾਕੀ ਟਰਾਫੀ ਤੋਂ ਲੈ ਕੇ ਹਾਕੀ ਦੇ ਵਿਸ਼ਵ ਕੱਪ, ਏਸ਼ੀਆ ਕੱਪ, ਸੈਫ ਖੇਡਾਂ, ਏਸ਼ਿਆਈ ਖੇਡਾਂ ਤੇ ਓਲੰਪਿਕ ਖੇਡਾਂ ਵਿਚ ਵੀ ਭਾਰਤੀ ਹਾਕੀ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ। ਉਹ ਏਸ਼ੀਅਨ ਆਲ ਸਟਾਰਜ਼ ਇਲੈਵਨ ਦਾ ਵੀ ਕਪਤਾਨ ਰਿਹਾ। ਉਹ ਅਰਜਨਾ ਐਵਾਰਡੀ ਅਤੇ ਰਾਜੀਵ ਗਾਂਧੀ ਖੇਲ ਰਤਨ ਐਵਾਰਡੀ ਹੈ ਅਤੇ ਉਸ ਨੂੰ ਪਦਮਸ਼੍ਰੀ ਦਾ ਪੁਰਸਕਾਰ ਵੀ ਮਿਲਿਆ ਹੋਇਐ। ਨਵਜੋਤ ਸਿੱਧੂ ਦੀਆਂ ਖੇਡ ਪ੍ਰਾਪਤੀਆਂ ਵੀ ਬਹੁਤ ਹਨ।

ਨਵਜੋਤ ਸਿੱਧੂ ਤੇ ਪਰਗਟ ਸਿੰਘ ਕਾਫੀ ਦੇਰ ਦਲੀਲਾਂ ਵਿਚ ਪਏ ਰਹੇ ਸਨ ਪਈ 'ਆਪ' ਤੇ 'ਕਾਂਗਰਸ' ਦੀਆਂ ਟੀਮਾਂ 'ਚੋਂ ਕੀਹਦੇ ਵੱਲੋਂ ਖੇਡੀਏ? ਟੀਮ ਦਾ ਕਪਤਾਨ/ਉਪ ਕਪਤਾਨ ਬਣਾਉਣ ਦੀ ਗੱਲ ਚਲਦੀ ਰਹੀ। ਜਿਵੇਂ ਲੀਗਾਂ ਲਈ ਕ੍ਰਿਕਟ ਤੇ ਹਾਕੀ ਦੇ ਖਿਡਾਰੀਆਂ ਦੀ ਬੋਲੀ ਲੱਗਦੀ ਹੈ ਉਵੇਂ ਨਵਜੋਤ ਤੇ ਪਰਗਟ ਵੀ ਕਾਂਗਰਸ ਦੀ ਟੀਮ ਵਿਚ ਪਾ ਲਏ ਗਏ। ਫਿਰ ਉਨ੍ਹਾਂ ਨੇ ਉਹੀ ਕੁਝ ਕਰ ਵਿਖਾਇਆ ਜਿਸ ਦੀ ਆਸ ਸੀ। ਨਵਜੋਤ ਦੇ ਛੱਕੇ ਤੇ ਪਰਗਟ ਦੇ ਪੈਨਲਟੀ ਕਾਰਨਰਾਂ ਨੇ ਕਾਂਗਰਸ ਦੀ ਟੀਮ ਨੂੰ ਤਕੜੀ ਜਿੱਤ ਦਿਵਾਈ।

ਪਰਗਟ ਸਿੰਘ ਦਾ ਜਨਮ 5 ਮਾਰਚ 1965 ਨੂੰ ਪਿੰਡ ਮਿੱਠਾਪੁਰ ਵਿਚ ਹੋਇਆ। ਸੰਨ 2005 ਵਿਚ ਉਸ ਨੂੰ ਪੰਜਾਬ ਪੁਲਿਸ ਦੀ ਸੁਪਰਡੰਟੀ ਤੋਂ ਪੰਜਾਬ ਦਾ ਖੇਡ ਡਾਇਰੈਕਟਰ ਬਣਾਇਆ ਗਿਆ ਸੀ। ਪੁਲਿਸ ਵਿਚ ਰਹਿੰਦਾ ਤਾਂ ਹੁਣ ਨੂੰ ਆਈਜੀ ਜਾਂ ਇਸ ਤੋਂ ਵੀ ਵੱਡੇ ਅਹੁਦੇ ਤਕ ਅਵੱਸ਼ ਪੁੱਜਿਆ ਹੁੰਦਾ। ਸੰਨ 2010 ਵਿਚ ਕਬੱਡੀ ਦਾ ਪਹਿਲਾ ਵਿਸ਼ਵ ਕੱਪ ਹੋਇਆ ਤਾਂ ਮੈਨੂੰ ਉਸ ਨਾਲ ਵਿਚਰਨ ਦਾ ਮੌਕਾ ਮਿਲਿਆ। ਉਦੋਂ ਮੈਂ ਉਸ ਨੂੰ ਕਾਫੀ ਨੇੜਿਓਂ ਜਾਣਿਆ। ਉਹ ਡਸਿਪਲਿਨ ਦਾ ਪੱਕਾ ਸੀ। ਉਸ ਨੇ ਖਿਡਾਰੀਆਂ ਦੇ ਅਸਲੀ ਡੋਪ ਟੈਸਟ ਕਰਾਉਣ 'ਚ ਅਹਿਮ ਭੂਮਿਕਾ ਨਿਭਾਈ। ਉਦੋਂ ਸਾਡੀ ਕੁਮੈਂਟੇਟਰਾਂ ਦੀ ਟੀਮ ਵਿਚ ਭਗਵੰਤ ਮਾਨ ਵੀ ਸ਼ਾਮਲ ਸੀ। ਪਰਗਟ ਦੀ ਪਤਨੀ ਬੀਬੀ ਬਰਿੰਦਰਜੀਤ ਕੌਰ ਸਾਬਕਾ ਗਵਰਨਰ ਦਰਬਾਰਾ ਸਿੰਘ ਦੀ ਧੀ ਹੈ। ਕੈਸੀ ਵਿਡੰਬਨਾ ਸੀ ਕਿ ਅਕਾਲੀ-ਭਾਜਪਾ ਸਰਕਾਰ ਨੇ ਐੱਮਐਲਏ ਬਣੇ ਪਰਗਟ ਸਿੰਘ ਤੋਂ ਖੇਡਾਂ ਦਾ ਕੋਈ ਕੰਮ ਨਾ ਲਿਆ ਸਗੋਂ ਪਰਗਟ ਸਿੰਘ ਨੇ ਖੇਡ ਡਾਇਰੈਕਟਰ ਹੁੰਦਿਆਂ ਜਿੰਨੀ ਕੁ ਜਾਨ ਖੇਡ ਵਿਭਾਗ 'ਚ ਪਾਈ ਸੀ ਉਹ ਵੀ ਕੱਢ ਲਈ ਗਈ। ਖੇਡ ਵਿਭਾਗ ਨੂੰ ਸਸਤੀ ਸਿਆਸੀ ਸ਼ੁਹਰਤ ਲਈ ਲੋਕ ਸੰਪਰਕ ਵਿਭਾਗ ਹੀ ਬਣਾ ਲਿਆ ਗਿਆ।

ਅਕਾਲੀ ਦਲ ਤੇ ਕਾਂਗਰਸ ਦੇ ਨੇਤਾ ਨੌਜਵਾਨਾਂ ਨੂੰ ਨਸ਼ੇ-ਪੱਤੇ ਛੁਡਾ ਕੇ ਉਹਤੋਂ ਵਧੀਆ ਖਿਡਾਰੀ ਬਣਾਉਣ ਦਾ ਕੋਈ ਕੰਮ ਨਹੀਂ ਲੈ ਸਕੇ ਜਿਸ ਸਦਕਾ ਪੰਜਾਬ ਦੀ ਜਵਾਨੀ ਖੇਡਾਂ ਵਿਚ ਮੁੜ ਭਾਰਤ ਦੇ ਨਕਸ਼ੇ 'ਤੇ ਛਾ ਜਾਂਦੀ। ਹੁਣ ਤਾਂ ਹਰਿਆਣਾ ਹੀ ਖੇਡਾਂ ਵਿਚ ਪੰਜਾਬ ਨੂੰ ਅੱਗੇ ਨਹੀਂ ਲੰਘਣ ਦੇ ਰਿਹਾ। ਨਸ਼ਿਆਂ ਦੇ ਖ਼ਾਤਮੇ ਤੇ ਸਿਹਤਮੰਦ ਸਮਾਜ ਲਈ ਚੰਗੀ ਸਿੱਖਿਆ ਤੇ ਚੰਗੀਆਂ ਸਿਹਤ ਸਹੂਲਤਾਂ ਦੇ ਨਾਲ-ਨਾਲ ਖੇਡਾਂ ਦੀ ਵੀ ਬੜੀ ਅਹਿਮੀਅਤ ਹੁੰਦੀ ਹੈ। ਖੇਡ ਤੋਂ ਰਿਟਾਇਰ ਹੋ ਕੇ ਉਸ ਨੇ ਹਾਕੀ ਦਾ ਮੈਗਜ਼ੀਨ ਕੱਢਿਆ ਸੀ ਜੋ ਬਾਅਦ ਵਿਚ ਬੰਦ ਹੋ ਗਿਆ। ਉਹ ਮੀਡੀਆ ਦਾ ਹਾਕੀ ਰਿਪੋਰਟਰ ਵੀ ਰਿਹਾ ਅਤੇ ਕੁਮੈਂਟੇਟਰ ਵੀ। ਜਿਹੜੇ ਹਾਕੀ ਅਧਿਕਾਰੀ ਹਾਕੀ ਪ੍ਰਤੀ ਸੁਹਿਰਦ ਨਹੀਂ ਸਨ ਉਹ ਉਨ੍ਹਾਂ ਦੀ ਡਟ ਕੇ ਆਲੋਚਨਾ ਕਰਦਾ ਅਤੇ ਸੱਚੀ ਗੱਲ ਮੂੰਹ 'ਤੇ ਕਹਿੰਦਾ ਭਾਵੇਂ ਉਸ ਦਾ ਨਿੱਜੀ ਨੁਕਸਾਨ ਹੀ ਕਿਉਂ ਨਾ ਹੁੰਦਾ ਹੋਵੇ। ਉਸ ਨੇ ਨਿੱਜੀ ਨੁਕਸਾਨ ਕਰਵਾਇਆ ਵੀ ਅਤੇ ਉਸ ਨੂੰ ਤਿੰਨ ਸਾਲ ਭਾਰਤੀ ਹਾਕੀ ਟੀਮਾਂ ਤੋਂ ਲਾਂਭੇ ਰਹਿਣਾ ਪਿਆ ਪਰ ਉਸ ਦੀ ਖੇਡ ਕਲਾ ਦਾ ਐਸਾ ਜਾਦੂ ਸੀ ਕਿ ਅਧਿਕਾਰੀਆਂ ਨੂੰ ਮੁੜ-ਮੁੜ ਉਸ ਨੂੰ ਟੀਮ ਵਿਚ ਪਾਉਣਾ ਪਿਆ।

ਪਰਗਟ ਬੁਨਿਆਦੀ ਤੌਰ 'ਤੇ ਖਿਡਾਰੀ ਹੈ। ਹਾਰ ਸਹਿਣੀ ਅਤੇ ਜਿੱਤ ਪਚਾਉਣੀ ਜਾਣਦਾ ਹੈ। ਨਿੱਜੀ ਖੇਡ ਦੀ ਥਾਂ ਟੀਮ ਖੇਡ ਨੂੰ ਤਰਜੀਹ ਦਿੰਦਾ ਰਿਹਾ ਹੈ। ਹੁਣ ਵੀ ਉਹ ਇਹੋ ਕਹਿ ਰਿਹੈ ਕਿ ਨਿੱਜੀ ਗਰਜਾਂ ਤੋਂ ਉਪਰ ਉੱਠ ਕੇ ਪੰਜਾਬ ਦੇ ਹਿਤਾਂ ਦੀ ਪਹਿਰੇਦਾਰੀ ਕਰੀਏ। ਪੰਜਾਬ ਕਰਜ਼ੇ, ਕੁਰੱਪਸ਼ਨ, ਕੁਸ਼ਾਸਨ ਤੇ ਸਰਕਾਰੀ ਖ਼ਜ਼ਾਨੇ ਦੀ ਲੁੱਟ-ਖੋਹ ਨਾਲ ਲਿਤਾੜਿਆ ਜਾ ਰਿਹੈ। ਬੁਰਾ ਹਾਲ ਹੈ ਪੰਜਾਬ ਦਾ। ਜੇ ਹੁਣ ਵੀ ਨਹੀਂ ਜਾਗਾਂਗੇ ਤਾਂ ਚੋਣਾਂ ਵਿਚ ਵੋਟਰਾਂ ਨੂੰ ਕੀ ਮੂੰਹ ਵਿਖਾਵਾਂਗੇ? ਬਾਦਲ ਅਕਾਲੀ ਦਲ ਵਾਂਗ ਮੂਧੇ ਮੂੰਹ ਡਿੱਗਾਂਗੇ। ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਮਾਫੀਏ ਦੀਆਂ ਲੁੱਟਾਂ, ਨਸ਼ਿਆਂ ਦੀ ਸਮੱਗਲਿੰਗ, ਕਿਸਾਨੀ ਕਰਜ਼ਾ, ਬੇਰੁਜ਼ਗਾਰੀ ਅਤੇ ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਭੈੜੇ ਹਾਲ ਨੂੰ ਭੁੱਲਣ ਵਾਲੇ ਨਹੀਂ। ਲੋਕਾਂ ਨੇ ਨਾ ਬਾਦਲਾਂ ਨੂੰ ਮਾਫ਼ ਕੀਤਾ ਸੀ ਨਾ ਹੁਣ ਕਾਂਗਰਸੀਆਂ ਨੂੰ ਮਾਫ਼ ਕਰਨਗੇ। ਹਾਲੇ ਵੀ ਵੇਲਾ ਹੈ ਸੰਭਲਣ ਦਾ। ਜੇ ਏਨਾ ਕੁ ਸੱਚ ਕਹਿਣਾ ਹੀ ਪਾਰਟੀ ਤੋਂ ਬਾਗ਼ੀ ਹੋਣਾ ਹੈ ਤਾਂ ਪਰਗਟ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਬੇਸ਼ੱਕ 'ਬਾਗ਼ੀ' ਕਹਿ ਲਓ। ਜੇ ਅਜੇ ਵੀ ਸਿਆਸੀ ਨੇਤਾਵਾਂ ਦੀ ਜ਼ਮੀਰ ਨਹੀਂ ਜਾਗਦੀ ਤਾਂ ਕਦੋ ਜਾਗੇਗੀ?


Posted By: Jagjit Singh