-ਬਲਰਾਜ ਸਿੰਘ ਸਿੱਧੂ

23 ਮਾਰਚ ਨੂੰ ਮਲੇਸ਼ੀਆ ਤੋਂ ਹਾਲੈਂਡ ਜਾ ਰਿਹਾ ਇਕ ਬਹੁਤ ਵੱਡਾ ਕੰਨੇਟਰ ਜਹਾਜ਼ ਐੱਮਵੀ ਐਵਰਗਿਵਨ ਸੁਏਜ਼ ਨਹਿਰ ਵਿਚ ਫਸ ਗਿਆ ਸੀ ਜਿਸ ਨੂੰ ਮਿਸਰ ਸਰਕਾਰ ਦੇ ਜੀਅਤੋੜ ਯਤਨਾਂ ਕਾਰਨ 29 ਮਾਰਚ ਨੂੰ ਉਸ ਦੇ ਰਸਤੇ ’ਤੇ ਤੋਰ ਦਿੱਤਾ ਗਿਆ ਹੈ। ਇਸ ਸੰਕਟ ਨੇ ਸੁਵੇਜ਼ ਨਹਿਰ ਦੇ ਮਹੱਤਵ ਨੂੰ ਦੁਨੀਆ ਦੇ ਸਾਹਮਣੇ ਲਿਆ ਦਿੱਤਾ ਹੈ ਕਿਉਂਕਿ ਇਸ ਕਾਰਨ ਇਕ ਤਰ੍ਹਾਂ ਨਾਲ ਸੰਸਾਰ ਦਾ ਸਮੁੰਦਰੀ ਵਪਾਰ ਠੱਪ ਹੋ ਕੇ ਰਹਿ ਗਿਆ ਸੀ। ਨਹਿਰ ਦੇ ਦੋਵੇਂ ਪਾਸੇ ਮੈਡੀਟਰੇਨੀਅਨ ਸਾਗਰ ਅਤੇ ਲਾਲ ਸਾਗਰ ਵਿਚ ਕਰੀਬ 400 ਜਹਾਜ਼ ਆਪਣੀ ਵਾਰੀ ਦੀ ਉਡੀਕ ਵਿਚ ਖੜ੍ਹੇ ਸਨ। ਇਸ ਨਹਿਰ ’ਚੋਂ ਰੋਜ਼ ਤਕਰੀਬਨ 50 ਜਹਾਜ਼ ਗੁਜ਼ਰਦੇ ਹਨ। ਸੰਨ 2020 ਦੌਰਾਨ ਇਸ ਨਹਿਰ ’ਚੋਂ ਰਿਕਾਰਡ 19000 ਜਹਾਜ਼ 117 ਕਰੋੜ ਟਨ ਮਾਲ ਲੈ ਕੇ ਗੁਜ਼ਰੇ ਸਨ। ਇਸ ਨਹਿਰ ਰਾਹੀਂ ਰੋਜ਼ਾਨਾ ਤਕਰੀਬਨ 95 ਕਰੋੜ ਡਾਲਰ (ਤਕਰੀਬਨ 7200 ਕਰੋੜ ਰੁਪਏ) ਦਾ ਸਾਮਾਨ ਲੰਘਦਾ ਹੈ।

ਨਹਿਰ ਵਿਚ ਫਸਣ ਵਾਲੇ ਇਕੱਲੇ ਐੱਮ.ਵੀ. ਐਵਰਗਿਵਨ (ਐਵਰਗਰੀਨ) ਜਹਾਜ਼ ਵਿਚ ਹੀ 10 ਕਰੋੜ ਡਾਲਰ (750 ਕਰੋੜ ਰੁਪਏ) ਦਾ ਮਾਲ ਭਰਿਆ ਹੋਇਆ ਸੀ। ਸੁਏਜ਼ ਰਾਹੀਂ ਸਾਲਾਨਾ ਸੰਸਾਰ ਦਾ 8% ਵਪਾਰ ਹੁੰਦਾ ਹੈ ਅਤੇ ਉਸ ’ਤੇ ਚੁੰਗੀ ਤੋਂ ਮਿਸਰ ਸਰਕਾਰ ਨੂੰ 53 ਕਰੋੜ ਡਾਲਰ (3900 ਕਰੋੜ ਰੁਪਏ) ਦੇ ਕਰੀਬ ਆਮਦਨ ਹੁੰਦੀ ਹੈ। ਇਸ ਨਹਿਰ ਨੂੰ ਖੋਦਣ ਦੀ ਸਭ ਤੋਂ ਪਹਿਲੀ ਕੋਸ਼ਿਸ਼ 1874 ਬੀਸੀ ਈਸਵੀ ਵਿਚ ਮਿਸਰ ਦੇ ਬਾਦਸ਼ਾਹ ਸੇਨਾਉਸਰਟ ਦੇ ਰਾਜ ਦੌਰਾਨ ਕੀਤੀ ਗਈ ਸੀ ਜੋ ਰੇਗਿਸਤਾਨ ਅਤੇ ਰੇਤੀਲੇ ਤੂਫਾਨਾਂ ਕਾਰਨ ਕਾਮਯਾਬ ਨਹੀਂ ਸੀ ਹੋ ਸਕੀ। ਇਸ ਤੋਂ ਬਾਅਦ ਵੀ ਕਈ ਕੋਸ਼ਿਸ਼ਾਂ ਕੀਤੀ ਗਈਆਂ ਪਰ ਉਹ ਵੀ ਵੱਖ-ਵੱਖ ਕਾਰਨਾਂ ਕਾਰਨ ਸਫਲ ਨਾ ਹੋ ਸਕੀਆਂ। ਸੰਨ 1850 ਵਿਚ ਫਰਾਂਸ ਦੇ ਇਕ ਇੰਜੀਨੀਅਰ ਫਰਡੀਨੈਂਡ ਡੀ ਲੈਸਪਜ਼ ਨੇ ਸੁਏਜ਼ ਨਹਿਰ ਕੰਪਨੀ ਬਣਾਈ ਅਤੇ ਮਿਸਰ ਦੇ ਬਾਦਸ਼ਾਹ ਇਸਮਾਈਲ ਪਾਸ਼ਾ ਦੀ ਆਗਿਆ ਨਾਲ 25 ਸਤੰਬਰ 1859 ਨੂੰ ਸੁਏਜ਼ ਨਹਿਰ ਦੀ ਖੁਦਾਈ ਸ਼ੁਰੂ ਕਰ ਦਿੱਤੀ ਜੋ ਦਸ ਸਾਲਾਂ ਬਾਅਦ 1869 ਵਿਚ ਪੂਰੀ ਹੋ ਗਈ। ਇਸ ਨੂੰ 17 ਨਵੰਬਰ 1869 ਨੂੰ ਜਹਾਜ਼ਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ। ਇਸ ਦੀ ਖੁਦਾਈ ਤੋਂ ਪਹਿਲਾਂ ਸਮੁੰਦਰੀ ਜਹਾਜ਼ਾਂ ਨੂੰ ਅਮਰੀਕਾ ਅਤੇ ਯੂਰਪ ਤੋਂ ਭਾਰਤ, ਚੀਨ, ਮਲੇਸ਼ੀਆ ਅਤੇ ਇੰਡੋਨੇਸ਼ੀਆ ਆਦਿ ਵੱਲ ਜਾਣ ਲਈ ਸਾਰੇ ਅਫ਼ਰੀਕਾ ਦਾ ਚੱਕਰ ਲਗਾਉਣਾ ਪੈਂਦਾ ਸੀ ਪਰ ਸੁਏਜ਼ ਕਾਰਨ ਇਹ ਸਫਰ 9000 ਕਿ.ਮੀ. ਘੱਟ ਗਿਆ ਹੈ। ਇਸ ਦੀ ਲੰਬਾਈ 194 ਕਿ. ਮੀ., ਚੌੜਾਈ 225 ਮੀਟਰ ਤੇ ਡੂੰਘਾਈ 24 ਮੀਟਰ ਹੈ। ਸ਼ੁਰੂਆਤ ਵਿਚ ਇਹ ਨਹਿਰ ਮਿਸਰ, ਫਰਾਂਸ ਅਤੇ ਇੰਗਲੈਂਡ ਦੀ ਸਾਂਝੀ ਜਾਇਦਾਦ ਸੀ ਪਰ ਜੁਲਾਈ 1956 ਵਿਚ ਮਿਸਰ ਦੇ ਰਾਸ਼ਟਰਪਤੀ ਜਮਾਲ ਅਬਦੁਲ ਨਾਸਰ ਨੇ ਇਸ ਦਾ ਰਾਸ਼ਟਰੀਕਰਨ ਕਰ ਦਿੱਤਾ।

ਇਸ ਮੁੱਦੇ ’ਤੇ ਮਿਸਰ ਨੂੰ ਇੰਗਲੈਂਡ, ਫਰਾਂਸ ਅਤੇ ਇਜ਼ਰਾਈਲ ਦੀਆਂ ਸਾਂਝੀਆਂ ਫ਼ੌਜਾਂ ਨਾਲ ਯੁੱਧ ਵੀ ਕਰਨਾ ਪਿਆ ਸੀ। ਹੁਣ ਇਸ ਨਹਿਰ ਦੀ ਦੇਖ-ਭਾਲ ਮਿਸਰ ਦੀ ਸਰਕਾਰੀ ਕੰਪਨੀ ਸੁਏਜ਼ ਕੈਨਾਲ ਅਥਾਰਟੀ ਕਰਦੀ ਹੈ। ਇਹ ਨਹਿਰ ਹੁਣ ਤਕ ਪੰਜ ਵਾਰ ਬੰਦ ਹੋਈ ਹੈ ਅਤੇ ਬੰਦ ਹੋਣ ਦਾ ਸਭ ਤੋਂ ਲੰਬਾ ਸਮਾਂ 1967 ਦੀ ਅਰਬ ਇਜ਼ਰਾਈਲ ਜੰਗ ਸਮੇਂ ਸੀ ਜਦੋਂ ਇਹ 1967 ਤੋਂ 1975 ਤਕ ਅੱਠ ਸਾਲ ਲਈ ਬੰਦ ਰਹੀ। ਸੰਨ 2014 ਤਕ ਇਸ ਵਿਚ ਸਿਰਫ਼ ਇਕ ਪਾਸੇ ਤੋਂ ਹੀ ਜਹਾਜ਼ ਚੱਲ ਸਕਦੇ ਸਨ ਅਤੇ ਜਹਾਜ਼ਾਂ ਨੂੰ ਆਪਣੀ ਵਾਰੀ ਲਈ ਕਈ ਵਾਰ ਦਿਨਾਂ ਤਕ ਇੰਤਜ਼ਾਰ ਕਰਨਾ ਪੈਂਦਾ ਸੀ ਪਰ 2014 ਵਿਚ ਮਿਸਰ ਸਰਕਾਰ ਨੇ 870 ਕਰੋੜ ਰੁਪਏ ਖ਼ਰਚ ਕੇ ਬੱਲਾਹ ਬਾਈਪਾਸ ਨੂੰ 35 ਕਿ.ਮੀ. ਚੌੜਾ ਕਰ ਦਿੱਤਾ ਜਿਸ ਕਾਰਨ ਹੁਣ ਇਸ ਵਿਚ ਦੋਵਾਂ ਪਾਸਿਆਂ ਤੋਂ ਜਹਾਜ਼ ਚੱਲ ਸਕਦੇ ਹਨ। ਐੱਮ.ਵੀ. ਐਵਰਗਿਵਨ ਕਾਰਨ ਇਸ ਵਾਰ ਦੀ ਹੋਈ ਨਹਿਰ ਬੰਦੀ ਸੰਸਾਰ ’ਤੇ ਬਹੁਤ ਭਾਰੀ ਪਈ ਹੈ। ਵਪਾਰ ਰੁਕ ਜਾਣ ਕਾਰਨ ਜਹਾਜ਼ਰਾਨੀ ਅਤੇ ਬੀਮਾ ਕੰਪਨੀਆਂ ਨੂੰ ਹਰੇਕ ਘੰਟੇ ਦਾ ਤਕਰੀਬਨ 40 ਕਰੋੜ ਡਾਲਰ (3000 ਕਰੋੜ ਰੁਪਏ) ਦਾ ਘਾਟਾ ਸਹਿਣਾ ਪਿਆ ਹੈ। ਇਸ ਘਾਟੇ ਦਾ ਸਿੱਧਾ ਅਸਰ ਆਮ ਜਨਤਾ ’ਤੇ ਪੈਣਾ ਹੈ ਕਿਉਂਕਿ ਕੰਪਨੀਆਂ ਨੇ ਇਹ ਘਾਟਾ ਖ਼ੁਦ ਸਹਿਣ ਦੀ ਬਜਾਏ ਖ਼ਪਤਕਾਰ ਦੇ ਹੱਡਾਂ ’ਚੋਂ ਕੱਢਣਾ ਹੈ। ਇਸ ਸੰਕਟ ਨੇ ਸੰਸਾਰਕ ਪੱਧਰ ’ਤੇ ਵਪਾਰ ਦੀਆਂ ਕਮਜ਼ੋਰੀਆਂ ਨੂੰ ਸਾਹਮਣੇ ਲਿਆਂਦਾ ਹੈ ਕਿ ਕਿਵੇਂ ਅੰਤਰਰਾਸ਼ਟਰੀ ਪੱਧਰ ’ਤੇ ਆਇਆ ਛੋਟੇ ਤੋਂ ਛੋਟਾ ਸੰਕਟ ਵੀ ਸਾਰੇ ਸੰਸਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਕੰਪਨੀਆਂ ਉਤਪਾਦ ਦੇ ਨਿਰਮਾਣ, ਭੰਡਾਰਨ ਅਤੇ ਸ਼ਿੰਪਿੰਗ ਤੋਂ ਲੈ ਕੇ ਖਪਤਕਾਰ ਤਕ ਪੁੱਜਦਾ ਕਰਨ ਤਕ ਬਹੁਤ ਹੀ ਸਖ਼ਤ ਸਮਾਂ ਸਾਰਨੀ ਵਿਚ ਬੱਝੀਆਂ ਹੋਈਆਂ ਹਨ। ਉਨ੍ਹਾਂ ਕੋਲ ਅੱਜ ਦੇ ਗਲਾ ਵੱਢ ਵਪਾਰਕ ਮੁਕਾਬਲੇ ਕਾਰਨ ਬਰਬਾਦ ਕਰਨ ਲਈ ਇਕ ਸੈਕਿੰਟ ਵੀ ਨਹੀਂ ਹੈ। ਸੁਏਜ਼ ਨਹਿਰ ਦੇ ਇਸ ਹਾਦਸੇ ਵਰਗਾ ਕੋਈ ਵੀ ਕਾਰਨ ਇਸ ਸਾਰੀ ਪ੍ਰਕਿਰਿਆ ਨੂੰ ਬਰਬਾਦ ਕਰ ਕੇ ਰੱਖ ਦੇਣ ਦੀ ਸਮਰੱਥਾ ਰੱਖਦਾ ਹੈ। ਕੋਵਿਡ-19 ਵੱਲੋਂ ਵਰਤਾਈ ਗਈ ਬਰਬਾਦੀ ਤੋਂ ਬਾਅਦ ਅਜੇ ਤਕ ਨਾ ਸੰਭਲੀ ਵਿਸ਼ਵ ਆਰਥਿਕਤਾ ਅਜਿਹੇ ਹੋਰ ਝਟਕੇ ਝੱਲਣ ਦੀ ਸਥਿਤੀ ਵਿਚ ਨਹੀਂ ਹੈ। ਸੰਸਾਰ ਵਿਚ ਇਸ ਵੇਲੇ ਸੁਏਜ਼, ਪਨਾਮਾ, ਰੂਸ ਦੀ ਡਾਨ-ਵੋਲਗਾ ਅਤੇ ਚੀਨ ਦੀ ਗਰਾਂਡ ਕੈਨਾਲ, ਚਾਰ ਵੱਡੀਆਂ ਵਪਾਰਕ ਨਹਿਰਾਂ ਹਨ। ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਨ੍ਹਾਂ ਸਾਰੀਆਂ ਦੇ ਆਪਣੇ ਢੰਗ-ਤਰੀਕੇ ਅਤੇ ਨਿਯਮ ਹਨ। ਇਨ੍ਹਾਂ ਸਾਰੀਆਂ ਨਹਿਰਾਂ ’ਚੋਂ ਜਹਾਜ਼ਾਂ ਨੂੰ ਪਾਰ ਲੰਘਾਉਣ ਲਈ ਸਬੰਧਤ ਦੇਸ਼ਾਂ ਵੱਲੋਂ ਆਪਣੇ ਮਾਹਿਰ ਪਾਇਲਟ ਚਾਲਕ ਮੁਹੱਈਆ ਕਰਵਾਏ ਜਾਂਦੇ ਹਨ। ਪਨਾਮਾ ਵਿਚ ਤਾਂ ਕਈ ਭੀੜੀਆਂ ਥਾਵਾਂ ’ਤੇ ਜਹਾਜ਼ਾਂ ਦੇ ਇੰਜਣ ਬੰਦ ਕਰ ਦਿੱਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਦੋਵਾਂ ਕਿਨਾਰਿਆਂ ਤੇ ਚੱਲ ਰਹੇ ਬਿਜਲਈ ਰੇਲ ਇੰਜਣਾਂ ਨਾਲ ਖਿੱਚ ਕੇ ਨਹਿਰ ਪਾਰ ਕਰਵਾਈ ਜਾਂਦੀ ਹੈ। ਕਦੇ ਨਾ ਕਦੇ ਕੁਦਰਤੀ ਜਾਂ ਇਨਸਾਨੀ ਗ਼ਲਤੀ ਨਾਲ ਅਜਿਹਾ ਹਾਦਸਾ ਵਾਪਰ ਹੀ ਜਾਂਦਾ ਹੈ। ਐੱਮ.ਵੀ. ਐਵਰਗਿਵਨ ਹਾਦਸਾ ਜਿਸ ਦਾ ਸਾਰਾ ਸਟਾਫ ਭਾਰਤੀ ਹੈ, ਬਾਰੇ ਅਜੇ ਜਾਂਚ ਚੱਲ ਰਹੀ ਹੈ ਕਿ ਇਹ ਤੂਫਾਨ ਕਾਰਨ ਵਾਪਰਿਆ ਹੈ ਕਿ ਇਨਸਾਨੀ ਗ਼ਲਤੀ ਕਾਰਨ।

ਇਹ ਆਮ ਧਾਰਨਾ ਹੈ ਕਿ ਇਸ ਇਲਾਕੇ ਵਿਚ ਚੱਲਣ ਵਾਲੀਆਂ ਤੇਜ਼ ਹਵਾਵਾਂ ਇਸ ਹਾਦਸੇ ਦਾ ਕਾਰਨ ਬਣੀਆਂ ਹਨ। ਐੱਮ.ਵੀ. ਐਵਰਗਿਵਨ ਇਕ ਬਹੁਤ ਹੀ ਵਿਸ਼ਾਲ ਜਹਾਜ਼ (400 ਮੀਟਰ ਲੰਬਾ) ਹੈ। ਜਦੋਂ ਅਜਿਹਾ ਵਿਸ਼ਾਲਕਾਈ ਜਹਾਜ਼ ਸਮੁੰਦਰ ਵਿਚ ਚੱਲਦਾ ਹੈ ਤਾਂ ਉਸ ਵੱਲੋਂ ਹਟਾਇਆ ਪਾਣੀ ਇਕ ਦਮ ਵਾਪਸ ਆ ਜਾਂਦਾ ਹੈ। ਪਰ ਜਦੋਂ ਉਹ ਸੁਏਜ਼ ਨਹਿਰ ਵਰਗੇ ਛੋਟੇ ਜਲ ਖੇਤਰ ਵਿਚ ਚੱਲਦਾ ਹੈ ਤਾਂ ਪਾਣੀ ਐਨੀ ਜਲਦੀ ਵਾਪਸ ਨਹੀਂ ਆਉਂਦਾ ਤੇ ਪ੍ਰੋਪੈਲਰ ਦੇ ਨਜ਼ਦੀਕ ਇਕ ਖਲਾ ਪੈਦਾ ਹੋ ਜਾਂਦਾ ਹੈ ਜਿਸ ਨਾਲ ਜਹਾਜ਼ ਸੱਜੇ-ਖੱਬੇ ਡੋਲਣ ਲੱਗਾ ਪੈਂਦਾ ਹੈ। ਅਜਿਹੀ ਸਥਿਤੀ ਵਿਚ ਸਟਾਫ ਵਾਸਤੇ ਜਹਾਜ਼ ਸੰਭਾਲਣਾ ਔਖਾ ਹੋ ਜਾਂਦਾ ਹੈ ਅਤੇ ਐੱਮ.ਵੀ. ਐਵਰਗਿਵਨ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਭਵਿੱਖ ਵਿਚ ਅਜਿਹਾ ਹਾਦਸਾ ਨਾ ਵਾਪਰੇ, ਇਸ ਲਈ ਵਿਸ਼ਵ ਭਰ ਦੇ ਜਹਾਜ਼ਰਾਨੀ ਮਾਹਿਰਾਂ ਨੂੰ ਵਿਚਾਰ ਕਰਨਾ ਪਵੇਗਾ। ਪਨਾਮਾ ਨਹਿਰ ਦੀ ਲੰਬਾਈ 82 ਕਿ.ਮੀ., ਚੌੜਾਈ 150 ਮੀਟਰ ਤੋਂ 300 ਮੀਟਰ ਅਤੇ ਔਸਤ ਡੂੰਘਾਈ 13 ਮੀਟਰ ਹੈ। ਪਨਾਮਾ ਦੇਸ਼ ਵਿਚ ਬਣਾਈ ਗਈ ਇਹ ਨਹਿਰ ਇੰਜੀਨਅਰਿੰਗ ਕਲਾ ਦਾ ਅਦਭੁਤ ਨਮੂਨਾ ਹੈ ਅਤੇ ਇਹ ਅਟਲਾਂਟਿਕ ਸਾਗਰ ਅਤੇ ਪੈਸੇਫਿਕ ਸਾਗਰ ਨੂੰ ਆਪਸ ਵਿਚ ਜੋੜਦੀ ਹੈ। ਇਸ ਦੇ ਬਣਨ ਨਾਲ ਸਮੁੰਦਰੀ ਜਹਾਜ਼ਾਂ ਨੂੰ ਅਮਰੀਕਾ ਦੇ ਨਿਊਯਾਰਕ ਤੋਂ ਸਾਨ ਫਰਾਂਸਿਸਕੋ ਪਹੁੰਚਣ ਲਈ ਦੱਖਣੀ ਅਮਰੀਕਾ ਦੇ ਉੱਪਰੋਂ ਦੀ ਜਾਣ ਦਾ 8000 ਕਿ. ਮੀ. ਦਾ ਸਫ਼ਰ ਘੱਟ ਗਿਆ ਹੈ। ਪਨਾਮਾ ਨਹਿਰ ਦੇ ਨਿਰਮਾਣ ਦੀ ਸ਼ੁਰੂਆਤ ਵੀ ਸੁਏਜ਼ ਨਹਿਰ ਦਾ ਨਿਰਮਾਣ ਕਰਨ ਵਾਲੇ ਫਰਾਂਸੀਸੀ ਇੰਜੀਨੀਅਰ ਫਰਡੀਨੈਂਡ ਡੀ ਲੈਸੇਪਜ਼ ਨੇ 1881 ਈਸਵੀ ਵਿਚ ਸੁਏਜ਼ ਨਹਿਰ ਦੀ ਸਫਲਤਾ ਤੋਂ ਉਤਸ਼ਾਹਿਤ ਹੋ ਕੇ ਕੀਤੀ ਸੀ।

ਇਹ ਨਹਿਰ ਪਨਾਮਾ ਦੇ ਬਰਸਾਤੀ ਜੰਗਲਾਂ ਵਿਚ ਬਣੀ ਹੈ। ਇਸ ਲਈ ਫਰਾਂਸੀਸੀ, ਮਲੇਰੀਆ ਤੇ ਯੈਲੋ ਬੁਖਾਰ ਦਾ ਮੁਕਾਬਲਾ ਨਾ ਕਰ ਸਕੇ ਅਤੇ 1904 ਵਿਚ ਸਾਰਾ ਪ੍ਰਾਜੈਕਟ 4 ਕਰੋੜ ਡਾਲਰ ਵਿਚ ਅਮਰੀਕਾ ਨੂੰ ਵੇਚ ਦਿੱਤਾ। ਅਮਰੀਕਾ ਨੇ ਪਨਾਮਾ ਕੈਨਾਲ ਕੰਪਨੀ ਦੀ ਸਥਾਪਨਾ ਕੀਤੀ ਅਤੇ 1914 ਵਿਚ ਨਹਿਰ ਦਾ ਨਿਰਮਾਣ ਪੂਰਾ ਕਰ ਕੇ ਆਵਾਜਾਈ ਲਈ ਖੋਲ੍ਹ ਦਿੱਤੀ। ਸੰਨ 1999 ਵਿਚ ਅਮਰੀਕਾ ਨੇ ਨਹਿਰ ਦਾ ਕਬਜ਼ਾ ਪਨਾਮਾ ਨੂੰ ਦੇ ਦਿੱਤਾ ਅਤੇ ਹੁਣ ਇਸ ਦਾ ਕੰਟਰੋਲ ਪਨਾਮਾ ਦੀ ਸਰਕਾਰੀ ਕੰਪਨੀ ਪਨਾਮਾ ਕੈਨਾਲ ਅਥਾਰਟੀ ਕੋਲ ਹੈ। ਇੱਥੋਂ ਹਰ ਸਾਲ 20000 ਤੋਂ ਵੱਧ ਜਹਾਜ਼ ਗੁਜ਼ਰਦੇ ਹਨ। ਪੱਧਰੀ ਥਾਂ ਦੀ ਅਣਹੋਂਦ ਕਾਰਨ ਪਨਾਮਾ ਨਹਿਰ ਪਹਾੜਾਂ ਵਿਚ ਉੱਚੀ-ਨੀਵੀਂ ਬਣਾਈ ਗਈ ਹੈ। ਜਹਾਜ਼ਾਂ ਨੂੰ ਦੋਵੇਂ ਪਾਸੇ ਪਾਣੀ ਦੇ ਪੱਧਰ ਤਕ ਪਹੁੰਚਾਉਣ ਲਈ ਗੇਟਾਂ ਵਾਲੇ ਛੇ ਡੈਮ, ਜਿਨ੍ਹਾਂ ਨੂੰ ਲੌਕ ਕਿਹਾ ਜਾਂਦਾ ਹੈ, ਬਣਾਏ ਗਏ ਹਨ।

ਤਿੰਨ ਲੌਕ ਜਹਾਜ਼ਾਂ ਨੂੰ ਉੱਪਰ ਵੱਲ ਲੈ ਕੇ ਜਾਂਦੇ ਹਨ ਤੇ ਤਿੰਨ ਲੌਕ ਹੇਠਾਂ ਵੱਲ। ਜਹਾਜ਼ ਨੂੰ ਉਪਰਲੇ ਜਾਂ ਹੇਠਲੇ ਪੱਧਰ ਤਕ ਪਹੁੰਚਾਉਣ ਲਈ ਕਰੋੜਾਂ ਲੀਟਰ ਸਮੁੰਦਰੀ ਪਾਣੀ ਡੈਮ ਵਿਚ ਭਰ ਕੇ ਜਾਂ ਕੱਢ ਕੇ ਜਹਾਜ਼ ਨੂੰ ਅਗਲੇ ਪੱਧਰ ਤਕ ਪਹੁੰਚਾ ਦਿੱਤਾ ਜਾਂਦਾ ਹੈ। ਹਰੇਕ ਡੈਮ 35 ਮੀਟਰ ਚੌੜਾ ਤੇ 320 ਮੀਟਰ ਉੱਚਾ ਹੈ। ਇਸ ਅਨੂਠੇ ਡਿਜ਼ਾਈਨ ਕਾਰਨ ਪਨਾਮਾ ਨਹਿਰ ਸੰਸਾਰ ਦੇ ਨਵੀਨ ਅੱਠ ਅਜੂਬਿਆਂ ’ਚ ਸ਼ਾਮਲ ਹੈ।

-(ਲੇਖਕ ਕਮਾਂਡੈਂਟ ਹੈ)।

-ਮੋਬਾਈਲ ਨੰ. : 95011-00062

Posted By: Jagjit Singh