ਆਖਰਕਾਰ ਪਾਕਿਸਤਾਨ ਭਾਰਤ ਦੇ ਗ਼ੈਰ-ਫ਼ੌਜੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਖੋਲ੍ਹਣ ਲਈ ਮਜਬੂਰ ਹੋ ਹੀ ਗਿਆ। ਅਜਿਹਾ ਕਰਨਾ ਉਸ ਦੀ ਮਜਬੂਰੀ ਹੀ ਰਹੀ ਕਿਉਂਕਿ ਹਾਲੇ ਕੱਲ੍ਹ ਤਕ ਉਹ ਇਹ ਕਹਿ ਰਿਹਾ ਸੀ ਕਿ ਭਾਰਤ ਪਹਿਲਾਂ ਆਪਣੇ ਜੰਗੀ ਜਹਾਜ਼ਾਂ ਨੂੰ ਸਰਹੱਦੀ ਇਲਾਕਿਆਂ ਤੋਂ ਪਿੱਛੇ ਹਟਾਏ। ਇਹੋ ਨਹੀਂ, ਉਸ ਨੇ ਆਪਣੇ ਹਵਾਈ ਖੇਤਰ ਨੂੰ ਬੰਦ ਰੱਖਣ ਦੀ ਮਿਆਦ 26 ਜੁਲਾਈ ਤਕ ਵਧਾ ਵੀ ਦਿੱਤੀ ਸੀ। ਕਿਉਂਕਿ ਭਾਰਤ ਨੇ ਪਾਕਿਸਤਾਨ ਦੀ ਮੰਗ 'ਤੇ ਗ਼ੌਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਇਸ ਲਈ ਇਹ ਮੰਨਿਆ ਜਾ ਰਿਹਾ ਸੀ ਕਿ ਉਹ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਹੀ ਰੱਖੇਗਾ ਪਰ ਹੁਣ ਉਸ ਨੇ ਅਚਾਨਕ ਆਪਣੇ ਫ਼ੈਸਲੇ ਨੂੰ ਬਦਲਣਾ ਚੰਗਾ ਸਮਝਿਆ। ਪਾਕਿਸਤਾਨ ਨੇ ਫਰਵਰੀ ਵਿਚ ਬਾਲਾਕੋਟ ਵਿਚ ਹਵਾਈ ਹਮਲੇ ਤੋਂ ਬਾਅਦ ਤੋਂ ਹੀ ਭਾਰਤੀ ਯਾਤਰੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਇਸ ਤਰ੍ਹਾਂ ਦੇ ਹੋਰ ਹਵਾਈ ਹਮਲੇ ਦੇ ਖ਼ਦਸ਼ੇ ਕਾਰਨ ਉਸ ਨੇ ਆਪਣੇ ਹਵਾਈ ਖੇਤਰ ਨੂੰ ਬੰਦ ਰੱਖਣ ਵਿਚ ਹੀ ਭਲਾਈ ਸਮਝੀ ਸੀ। ਬੇਸ਼ੱਕ ਇਸ ਮਨਾਹੀ ਕਾਰਨ ਭਾਰਤੀ ਹਵਾਈ ਕੰਪਨੀਆਂ ਨੂੰ ਨੁਕਸਾਨ ਸਹਿਣਾ ਪਿਆ ਸੀ। ਯੂਰਪ ਜਾਣ ਵਾਲੇ ਉਸ ਦੇ ਜਹਾਜ਼ਾਂ ਨੂੰ ਵੱਧ ਦੂਰੀ ਤੈਅ ਕਰਨੀ ਪੈ ਰਹੀ ਸੀ। ਭਾਵੇਂ ਇਸ ਪਾਬੰਦੀ ਦਾ ਸਭ ਤੋਂ ਵੱਧ ਨੁਕਸਾਨ ਏਅਰ ਇੰਡੀਆ ਨੂੰ ਸਹਿਣਾ ਪੈ ਰਿਹਾ ਸੀ ਪਰ ਖ਼ੁਦ ਪਾਕਿਸਤਾਨ ਵੀ ਪਰੇਸ਼ਾਨ ਸੀ। ਉਸ ਨੂੰ ਹਵਾਈ ਮਾਰਗ ਸਬੰਧੀ ਫੀਸ ਤੋਂ ਵਿਰਵਾ ਹੋਣਾ ਪੈ ਰਿਹਾ ਸੀ। ਇਹ ਕਿਸੇ ਤੋਂ ਲੁਕਿਆ ਨਹੀਂ ਕਿ ਬੀਤੇ ਕੁਝ ਸਮੇਂ ਤੋਂ ਪਾਕਿਸਤਾਨ ਕਿਸ ਤਰ੍ਹਾਂ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਇਹ ਮੰਨਣ ਦੇ ਚੰਗੇ-ਭਲੇ ਕਾਰਨ ਹਨ ਕਿ ਇਸੇ ਆਰਥਿਕ ਸੰਕਟ ਨੇ ਪਾਕਿਸਤਾਨ ਨੂੰ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਖੋਲ੍ਹਣ ਲਈ ਮਜਬੂਰ ਕੀਤਾ। ਇਹ ਚੰਗਾ ਹੋਇਆ ਕਿ ਭਾਰਤ ਨੇ ਪਾਕਿਸਤਾਨ ਨੂੰ ਅਜਿਹਾ ਕੋਈ ਭਰੋਸਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਦੇ ਹਵਾਈ ਖੇਤਰ ਦੀ ਕੋਈ ਉਲੰਘਣਾ ਨਹੀਂ ਕੀਤੀ ਜਾਵੇਗੀ। ਅਜਿਹਾ ਭਰੋਸਾ ਤਾਂ ਉਦੋਂ ਹੀ ਦਿੱਤਾ ਜਾ ਸਕਦਾ ਹੈ ਜਦ ਪਾਕਿਸਤਾਨ ਭਾਰਤ ਵਿਰੋਧੀ ਸਰਗਰਮੀਆਂ ਨੂੰ ਖ਼ਤਮ ਕਰਨ ਦਾ ਨਾ ਸਿਰਫ਼ ਭਰੋਸਾ ਦੇਵੇ ਸਗੋਂ ਉਸ 'ਤੇ ਅਮਲ ਵੀ ਕਰੇ। ਉਸ ਦੇ ਭਰੋਸੇ 'ਤੇ ਯਕੀਨ ਇਸ ਲਈ ਨਹੀਂ ਕੀਤਾ ਜਾ ਸਕਦਾ ਕਿਉਂਕਿ ਅੱਤਵਾਦ ਨੂੰ ਨੱਥ ਪਾਉਣ ਦੇ ਮਾਮਲੇ ਵਿਚ ਉਹ ਕਿੰਨਾ ਸੰਜੀਦਾ ਹੈ, ਇਸ ਦਾ ਪਤਾ ਇਸ ਤੋਂ ਹੀ ਲੱਗਦਾ ਹੈ ਕਿ ਉਹ ਰਹਿ-ਰਹਿ ਕੇ ਉਨ੍ਹਾਂ ਅੱਤਵਾਦੀ ਸੰਗਠਨਾਂ 'ਤੇ ਪਾਬੰਦੀ ਲਗਾਉਣ ਦਾ ਐਲਾਨ ਕਰਦਾ ਹੈ ਜਿਨ੍ਹਾਂ 'ਤੇ ਪਹਿਲਾਂ ਹੀ ਕਥਿਤ ਤੌਰ 'ਤੇ ਪਾਬੰਦੀ ਲੱਗ ਚੁੱਕੀ ਹੁੰਦੀ ਹੈ। ਇਹ ਵੀ ਜਗ ਜ਼ਾਹਰ ਹੈ ਕਿ ਉਹ ਭਾਰਤ ਅਤੇ ਨਾਲ ਹੀ ਅਫ਼ਗਾਨਿਸਤਾਨ ਲਈ ਖ਼ਤਰਾ ਬਣੇ ਅੱਤਵਾਦੀ ਸੰਗਠਨਾਂ ਨੂੰ ਜ਼ਾਹਰਾ ਜਾਂ ਚੋਰੀ-ਛਿਪੇ ਹਮਾਇਤ ਦਿੰਦਾ ਰਹਿੰਦਾ ਹੈ। ਆਰਥਿਕ ਸੰਕਟ ਦੇ ਨਾਲ-ਨਾਲ ਹੋਰ ਗੰਭੀਰ ਸਮੱਸਿਆਵਾਂ ਤੋਂ ਦੋ-ਚਾਰ ਹੋਣ ਪਿੱਛੋਂ ਵੀ ਪਾਕਿਸਤਾਨ ਅੱਤਵਾਦ ਦੀ ਪੁਸ਼ਤ-ਪਨਾਹੀ ਤੋਂ ਬਾਜ਼ ਨਹੀਂ ਆ ਰਿਹਾ ਹੈ। ਇਹ ਸਮਾਂ ਪਾਕਿਸਤਾਨ 'ਤੇ ਕਿਸੇ ਤਰ੍ਹਾਂ ਦੀ ਨਰਮੀ ਵਰਤਣ ਦਾ ਨਹੀਂ ਸਗੋਂ ਉਸ 'ਤੇ ਦਬਾਅ ਵਧਾਉਣ ਦਾ ਹੈ ਤਾਂ ਜੋ ਉਹ ਆਪਣੇ ਵਤੀਰੇ ਵਿਚ ਸੱਚਮੁੱਚ ਤਬਦੀਲੀ ਲਿਆਵੇ। ਭਾਵੇਂ ਪਾਕਿਸਤਾਨ ਇਹ ਰੋਣਾ ਰੋ ਰਿਹਾ ਹੋਵੇ ਕਿ ਰਿਸ਼ਤਿਆਂ ਵਿਚ ਸੁਧਾਰ ਲਈ ਭਾਰਤ ਦਾ ਵਤੀਰਾ ਅੜਿੱਕਾ ਬਣ ਰਿਹਾ ਹੈ ਪਰ ਹਕੀਕਤ ਇਹੋ ਹੈ ਕਿ ਖ਼ੁਦ ਉਸ ਦੀਆਂ ਆਪਣੀਆਂ ਹਰਕਤਾਂ ਕਾਰਨ ਭਾਰਤ ਉਸ ਨਾਲ ਗੱਲਬਾਤ ਕਰਨ ਦੀ ਜ਼ਰੂਰਤ ਨਹੀਂ ਸਮਝ ਰਿਹਾ ਹੈ। ਬਿਹਤਰ ਹੋਵੇਗਾ ਕਿ ਪਾਕਿਸਤਾਨ ਨੂੰ ਇਹ ਸੁਨੇਹਾ ਵਾਰ-ਵਾਰ ਦਿੱਤਾ ਜਾਵੇ ਕਿ ਰਿਸ਼ਤਿਆਂ ਵਿਚ ਕੁੜੱਤਣ ਲਈ ਉਹੀ ਜ਼ਿੰਮੇਵਾਰ ਹੈ।

Posted By: Jagjit Singh