ਬਾਰੂਦ ਨਸਾਂ-ਨਾੜਾਂ 'ਚ ਵੜ ਜਾਵੇ ਤਾਂ ਜੰਗ ਹੁੰਦੀ ਹੈ। ਹੱਸਦੇ-ਵੱਸਦੇ ਨਗਰ-ਖੇੜੇ ਵੇਖਦਿਆਂ-ਵੇਖਦਿਆਂ ਖੰਡਰ ਬਣ ਜਾਂਦੇ ਹਨ। ਤਬਾਹੀ ਖੰਡਰਾਤ ਦੀਆਂ ਕੰਧਾਂ ਤੇ ਕੌਲਿਆਂ 'ਤੇ ਸਦੀਵੀ ਹਉਕੇ ਤੇ ਸਿਸਕੀਆਂ ਲਿਖ ਜਾਂਦੀ ਹੈ। ਸਮੇਂ ਦੀ ਹਿੱਕ 'ਤੇ ਬਰਬਾਦੀ ਦਾ ਮੰਜ਼ਰ ਆਠਰ ਜਾਂਦਾ ਹੈ। ਸੰਨ ਸੰਤਾਲੀ ਦੀ ਵੰਡ, ਥੋੜ੍ਹੀ ਦੇਰ ਬਾਅਦ ਕਬਾਇਲੀ ਹਮਲਾ, 1962 ਵਿਚ ਚੀਨ ਨਾਲ ਜੰਗ ਤੇ ਫਿਰ 1965, 1971 ਅਤੇ 1999 'ਚ ਹੋਏ ਹਿੰਦ-ਪਾਕਿ ਯੁੱਧਾਂ ਵਿਚ ਹੋਇਆ ਮਨੁੱਖਤਾ ਦਾ ਘਾਣ ਚੇਤੇ ਕਰਦਿਆਂ ਰੂਹ ਕੰਬ ਜਾਂਦੀ ਹੈ। ਗੁਆਂਢੀ ਖ਼ੂਨ ਦੇ ਰਿਸ਼ਤਿਆਂ ਵਾਂਗ ਬਦਲੇ ਨਹੀਂ ਜਾ ਸਕਦੇ। ਗੁਆਂਢੀ ਦਾ ਰੱਬ ਵਰਗਾ ਆਸਰਾ ਹੁੰਦਾ ਹੈ। ਜੇ ਖ਼ੂਨ ਸਫ਼ੈਦ ਹੋ ਜਾਵੇ ਤਾਂ ਹੈਵਾਨੀਅਤ ਤਾਂਡਵ ਨਾਚ ਕਰਦੀ ਹੈ। ਅੱਜ ਦੇ ਦਿਨ 54 ਸਾਲ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਦੀ ਇਤਿਹਾਸਕ ਨਗਰੀ ਛੇਹਰਟਾ ਵਿਚ ਜੰਗਬੰਦੀ ਦੇ ਐਲਾਨ ਦੀ ਉਲੰਘਣਾ ਕਰਦਿਆਂ ਪਾਕਿਸਤਾਨੀ ਹਵਾਈ ਫ਼ੌਜ ਦੇ ਸੈਬਰ ਜੈੱਟਾਂ ਨੇ ਬੰਬਾਂ ਦਾ ਮੀਂਹ ਵਰ੍ਹਾ ਦਿੱਤਾ ਸੀ। ਗੁਰੂ ਨਗਰੀ ਦਾ ਇਹ ਸਨਅਤੀ ਧੁਰਾ ਬਰਬਾਦੀ ਦੀ ਮੂੰਹ-ਬੋਲਦੀ ਤਸਵੀਰ ਬਣ ਗਿਆ। ਹਿੰਦ-ਪਾਕਿ ਸਰਹੱਦੀ ਪੱਟੀ ਵਿਚ ਅਪ੍ਰੈਲ 1965 ਤੋਂ ਦੋਵਾਂ ਦੇਸ਼ਾਂ ਦਰਮਿਆਨ ਚਾਂਦਮਾਰੀ ਹੁੰਦੀ ਰਹਿੰਦੀ ਸੀ ਜੋ ਸਤੰਬਰ ਮਹੀਨੇ ਯੁੱਧ ਦਾ ਰੂਪ ਧਾਰਨ ਕਰ ਗਈ। ਇਸ ਜੰਗ ਦਾ ਮੁੱਖ ਕਾਰਨ ਕਸ਼ਮੀਰ ਦਾ ਮੁੱਦਾ ਸੀ। ਧਰਤੀ ਦਾ ਬਹਿਸ਼ਤ ਕਹੇ ਜਾਣ ਵਾਲੇ ਕਸ਼ਮੀਰ ਦੇ ਵੱਡੇ ਹਿੱਸੇ 'ਤੇ ਵੰਡ ਤੋਂ ਬਾਅਦ ਪਾਕਿਸਤਾਨ ਨੇ ਕਬਜ਼ਾ ਕੀਤਾ ਹੋਇਆ ਹੈ ਜਿਸ ਨੂੰ ਪੀਓਕੇ (ਮਕਬੂਜ਼ਾ ਕਸ਼ਮੀਰ) ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਭਾਰਤ ਦੀ ਹਕੂਮਤ ਵਾਲੇ ਕਸ਼ਮੀਰ ਨੂੰ ਹਾਸਲ ਕਰਨ ਲਈ ਪਾਕਿਸਤਾਨ ਦੀ ਬਦਨਾਮ ਖ਼ੁਫ਼ੀਆ ਏਜੰਸੀ/ਫ਼ੌਜ ਨੇ ਆਪਰੇਸ਼ਨ ਜਿਬਰਾਲਟਰ ਤਹਿਤ ਜਿਹਾਦੀਆਂ ਦੀ ਵਾਦੀ ਵਿਚ ਘੁਸਪੈਠ ਕਰਵਾਈ। ਇਸ ਤਹਿਤ ਸਰਹੱਦੀ ਪੱਟੀ 'ਚ ਬੇਗੁਨਾਹਾਂ ਦਾ ਖ਼ੂਨ ਡੁੱਲ੍ਹਣ ਲੱਗ ਪਿਆ ਜਿਸ ਦਾ ਜਵਾਬ ਸਾਡੇ ਜਾਂਬਾਜ਼ ਫ਼ੌਜੀਆਂ ਨੇ ਦੇਣਾ ਸ਼ੁਰੂ ਕਰ ਦਿੱਤਾ। ਸਰਹੱਦ 'ਤੇ ਵਧੀ ਕਸ਼ੀਦਗੀ ਨੇ ਆਖ਼ਰ ਭਿਅੰਕਰ ਯੁੱਧ ਦਾ ਰੂਪ ਧਾਰਨ ਕਰ ਲਿਆ। 'ਲਾਹੌਰ ਰੇਡੀਓ' ਜਿਸ ਨੂੰ ਚੜ੍ਹਦੇ ਪੰਜਾਬ (ਭਾਰਤੀ) ਵਿਚ 'ਰੇਡੀਓ ਝੂਠਸਤਾਨ' ਕਰਕੇ ਜਾਣਿਆ ਜਾਂਦਾ ਸੀ, ਝੂਠ ਦਾ ਖ਼ੂਬ ਪ੍ਰਸਾਰਨ ਕਰ ਰਿਹਾ ਸੀ। ਇਸ ਰੇਡੀਓ ਦੀ ਵਿਸ਼ਾਲ ਰੇਂਜ ਹੋਣ ਕਰਕੇ ਇਸ ਦਾ ਪ੍ਰਸਾਰਨ ਅੰਮ੍ਰਿਤਸਰ 'ਚ ਵੀ ਸਾਫ਼ ਸੁਣਾਈ ਦਿੰਦਾ ਸੀ। ਹਿੰਦੁਸਤਾਨੀਆਂ ਦਾ ਹੌਸਲਾ ਤੋੜਨ ਲਈ 'ਲਾਹੌਰ ਰੇਡੀਓ' ਕੂੜ ਦਾ ਸਹਾਰਾ ਲੈ ਕੇ ਕਹਿ ਰਿਹਾ ਸੀ ਕਿ ਪਾਕਿਸਤਾਨ ਦੇ ਜਾਂਬਾਜ਼ ਜਵਾਨਾਂ ਨੇ ਹਾਲ ਗੇਟ ਦੀ ਘੜੀ ਤਕ ਉਤਾਰ ਲਈ ਹੈ ਅਤੇ ਹੁਣ ਉਹ ਹਰਿਮੰਦਰ ਸਾਹਿਬ ਵੱਲ ਕੂਚ ਕਰ ਰਹੇ ਹਨ। ਨਿਸ਼ਚੇ ਹੀ ਦੂਜੀ ਵਿਸ਼ਵ ਜੰਗ ਤੋਂ ਬਾਅਦ ਇਹ ਸਭ ਤੋਂ ਭਿਅੰਕਰ ਜੰਗ ਸੀ ਜਿਸ ਵਿਚ ਸੈਂਕੜੇ ਪੈਟਨ ਟੈਂਕ ਤਬਾਹ ਹੋ ਗਏ ਸਨ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ। ਸਤਾਰ੍ਹਵੇਂ ਦਿਨ ਗਹਿਗੱਚ ਲੜਾਈ ਵਿਚ ਦੋਵਾਂ ਪਾਸਿਆਂ ਦੇ ਹਜ਼ਾਰਾਂ ਲੋਕਾਂ/ਫ਼ੌਜੀਆਂ ਦਾ ਖ਼ੂਨ ਡੁੱਲ੍ਹਿਆ ਸੀ। ਭਾਵੇਂ ਇਸ ਜੰਗ ਵਿਚ ਭਾਰਤੀ ਫ਼ੌਜ ਦਾ ਹੱਥ ਉੱਪਰ ਰਿਹਾ ਫਿਰ ਵੀ ਇਸ ਯੁੱਧ ਨੇ ਅਜਿਹੇ ਜ਼ਖ਼ਮ ਦਿੱਤੇ ਜਿਸ ਦੀ ਚੀਸ ਕਈ ਪੀੜ੍ਹੀਆਂ ਤਕ ਮਹਿਸੂਸ ਹੁੰਦੀ ਰਹੇਗੀ। ਇਸ ਯੁੱਧ ਵਿਚ ਪਾਕਿਸਤਾਨ ਦਾ ਮਨੋਬਲ ਟੁੱਟਣਾ ਕੁਦਰਤੀ ਸੀ ਕਿਉਂਕਿ ਉਸ ਨੂੰ ਕਸ਼ਮੀਰ ਵਾਦੀ ਦਾ ਇਕ ਇੰਚ ਟੁਕੜਾ ਵੀ ਨਾ ਮਿਲਿਆ। ਇਸ ਤੋਂ ਇਲਾਵਾ ਹਿੰਦੁਸਤਾਨ ਦੀ ਫ਼ੌਜ ਨੇ ਰਣਨੀਤਕ ਅਹਿਮੀਅਤ ਵਾਲੇ ਖੇਤਰ ਹਾਜੀ ਪੀਰ 'ਤੇ ਕਬਜ਼ਾ ਕਰ ਲਿਆ। ਦੂਜੇ ਪਾਸੇ ਪਾਕਿਸਤਾਨ ਨੇ ਅਖਨੂਰ ਸੈਕਟਰ ਵਿਚ ਆਰਮੀ ਆਪਰੇਸ਼ਨ ਸ਼ੁਰੂ ਕਰ ਦਿੱਤਾ। ਖੇਮਕਰਨ ਸਰਹੱਦ ਨੇੜੇ 'ਆਸਲ ਉਤਾੜ' ਵਿਚ 10 ਸਤੰਬਰ ਨੂੰ ਭਾਰਤੀ ਫ਼ੌਜ ਦਾ ਬਹਾਦਰ ਹੌਲਦਾਰ ਅਬਦੁਲ ਹਮੀਦ ਦੁਸ਼ਮਣ ਦੇ ਲਗਪਗ 100 ਟੈਂਕਾਂ ਨੂੰ ਤਬਾਹ ਕਰ ਕੇ ਆਪਣੇ ਵਤਨ ਖ਼ਾਤਰ ਸ਼ਹੀਦ ਹੋਇਆ। ਇਸ ਅਲੋਕਾਰੀ ਬਹਾਦਰੀ ਕਾਰਨ 'ਆਸਲ ਉਤਾੜ' ਨੂੰ ਪਾਕਿਸਤਾਨੀ ਟੈਂਕਾਂ ਦਾ ਕਬਰਸਤਾਨ ਕਿਹਾ ਜਾਣ ਲੱਗਾ। ਕਈ ਲੋਕ 'ਆਸਲ ਉਤਾੜ' ਨੂੰ 'ਅਸਲ ਉੱਤਰ' ਕਹਿੰਦੇ ਹਨ ਕਿਉਂਕਿ ਅਬਦੁਲ ਹਮੀਦ ਨੇ ਪਾਕਿਸਤਾਨ ਦੇ ਜ਼ਬਰਦਸਤ ਹਮਲੇ ਦਾ ਮੂੰਹ-ਤੋੜ ਜਵਾਬ ਦਿੱਤਾ ਸੀ। ਅਬਦੁਲ ਹਮੀਦ ਪੱਕਾ ਨਿਸ਼ਾਨਚੀ ਸੀ ਜੋ ਰਾਤ ਵੇਲੇ ਵੀ ਪੰਛੀ ਦੀ ਆਵਾਜ਼ ਸੁਣ ਕੇ ਉਸ ਨੂੰ ਫੁੰਡਣ ਦੀ ਮੁਹਾਰਤ ਰੱਖਦਾ ਸੀ। ਪੈਂਹਠ ਤੋਂ ਬਾਅਦ 1971 ਦੀ ਜੰਗ ਨੇ ਪਾਕਿਸਤਾਨ ਦੀ ਕੌਮਾਂਤਰੀ ਪੱਧਰ 'ਤੇ ਫ਼ਜ਼ੀਹਤ ਕੀਤੀ ਸੀ। ਵਿਸ਼ਵ ਦੇ ਨਕਸ਼ੇ 'ਤੇ ਨਵਾਂ ਮੁਲਕ 'ਬੰਗਲਾ ਦੇਸ਼' ਬਣ ਗਿਆ। ਪੂਰਬੀ ਪਾਕਿਸਤਾਨ ਦੀ ਹੋਂਦ ਸਦਾ ਲਈ ਮਿਟ ਗਈ ਸੀ। ਭਾਰਤੀ ਫ਼ੌਜ ਅਤੇ ਮੁਕਤੀ ਬਾਹਨੀ ਅੱਗੇ ਪਾਕਿਸਤਾਨ ਦੀ 90 ਹਜ਼ਾਰ ਤੋਂ ਵੱਧ ਫ਼ੌਜ ਨੇ ਹਥਿਆਰ ਸੁੱਟ ਦਿੱਤੇ ਸਨ। ਇਸ ਨਮੋਸ਼ੀ 'ਚੋਂ ਪਾਕਿਸਤਾਨ ਅੱਜ ਤਕ ਬਾਹਰ ਨਹੀਂ ਆ ਸਕਿਆ। ਵੀਹਵੀਂ ਸਦੀ ਦੇ ਅਖ਼ੀਰਲੇ ਸਾਲ ਵਿਚ ਵੀ ਪਾਕਿਸਤਾਨ ਨੇ ਕਸ਼ਮੀਰ 'ਤੇ ਕਬਜ਼ਾ ਕਰਨ ਲਈ ਲੁਕਵੀਂ ਜੰਗ ਛੇੜ ਦਿੱਤੀ ਸੀ। ਕਾਰਗਿਲ ਵਿਚ ਇਕ ਵਾਰ ਫਿਰ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪਈ। ਇਹ ਜੰਗ ਵੀ 1965 ਅਤੇ 1971 ਦੇ ਯੁੱਧਾਂ ਵਿਚ ਹੋਈ ਹਾਰ ਦਾ ਬਦਲਾ ਲੈਣ ਲਈ ਛੇੜੀ ਗਈ ਸੀ। ਦਰਅਸਲ, ਪਾਕਿਸਤਾਨ ਦਾ ਕੋਈ ਵੀ ਪ੍ਰਧਾਨ ਮੰਤਰੀ ਬਣੇ, ਉਹ ਹਮੇਸ਼ਾ ਫ਼ੌਜ ਅਤੇ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਹੱਥਾਂ ਵਿਚ ਕਠਪੁਤਲੀ ਤੋਂ ਵੱਧ ਕੁਝ ਨਹੀਂ ਹੁੰਦਾ। ਇਮਰਾਨ ਖ਼ਾਨ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੇ ਭਾਰਤ ਨਾਲ ਸੁਖਾਵੇਂ ਸਬੰਧ ਬਣਾਉਣ ਦੀ ਇੱਛਾ ਪ੍ਰਗਟ ਕਰ ਕੇ ਆਸ ਦੀ ਕਿਰਨ ਜਗਾਈ ਸੀ। ਕੰਡਿਆਂ ਦੇ ਸਿੰਘਾਸਨ 'ਤੇ ਬੈਠਣ ਤੋਂ ਬਾਅਦ ਇਮਰਾਨ ਦੇ ਸੁਰ ਬਦਲਣੇ ਸ਼ੁਰੂ ਹੋ ਗਏ। ਬਾਲਾਕੋਟ ਦੀ ਸਰਜੀਕਲ ਸਟਰਾਈਕ ਅਤੇ ਕਸ਼ਮੀਰ 'ਚੋਂ 370 ਤੇ 35-ਏ ਧਾਰਾਵਾਂ ਖ਼ਤਮ ਕਰਨ ਤੋਂ ਬਾਅਦ ਉਸ ਨੇ ਭਾਰਤ ਨੂੰ ਪਰਮਾਣੂ ਜੰਗ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ। ਭਾਰਤ ਵੱਲੋਂ ਮੂੰਹ ਤੋੜਵਾਂ ਜਵਾਬ ਦੇਣ ਤੋਂ ਬਾਅਦ ਇਮਰਾਨ ਖ਼ਾਨ ਨੇ ਖ਼ੁਦ ਮੰਨਿਆ ਕਿ ਜੇ ਹੁਣ ਜੰਗ ਹੋਈ ਤਾਂ ਪਾਕਿਸਤਾਨ ਨੂੰ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਇਸ ਦੇ ਬਾਵਜੂਦ ਪਾਕਿਸਤਾਨ ਵੱਲੋਂ ਕੌਮਾਂਤਰੀ ਪੱਧਰ 'ਤੇ ਕੀਤੇ ਗਏ ਜੰਗਬੰਦੀ ਦੇ ਸਮਝੌਤੇ ਦੀ ਵਾਰ-ਵਾਰ ਉਲੰਘਣਾ ਹੁੰਦੀ ਆ ਰਹੀ ਹੈ। ਇਮਰਾਨ ਨੂੰ 22 ਸਤੰਬਰ 1965 ਵਾਲਾ ਕਾਲਾ ਦਿਨ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਜਦੋਂ ਜੰਗਬੰਦੀ ਦੇ ਐਲਾਨ ਤੋਂ ਕੁਝ ਘੰਟੇ ਬਾਅਦ ਪਾਕਿਸਤਾਨ ਦੀ ਹਵਾਈ ਫ਼ੌਜ ਦੇ ਜੰਗੀ ਜਹਾਜ਼ਾਂ ਨੇ ਛੇਹਰਟਾ ਦੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਤਬਾਹੀ ਮਚਾਈ ਸੀ। ਵਾਹਗਾ ਹੋਵੇ ਜਾਂ ਅਟਾਰੀ, ਸ਼ਹੀਦ ਪਰਿਵਾਰਾਂ ਨੂੰ ਪੁੱਛੋ ਤਾਂ ਉਹ ਇਹੀ ਕਹਿਣਗੇ ਕਿ ਜੰਗ ਕੋਈ ਨਹੀਂ ਜਿੱਤਦਾ, ਸਭ ਹਾਰਦੇ ਹਨ। ਜਦ ਮਨੁੱਖ ਹੀ ਮਨੁੱਖ ਦੇ ਖ਼ੂਨ ਨਾਲ ਹੋਲੀ ਖੇਡਦਾ ਹੈ ਤਾਂ ਇਨਸਾਨੀਅਤ ਸ਼ਰਮਿੰਦਾ ਹੁੰਦੀ ਹੈ ਤੇ ਇਤਿਹਾਸ ਕਲੰਕਿਤ।

Posted By: Sukhdev Singh