style="text-align: justify;"> ਕਰਤਾਰਪੁਰ ਸਾਹਿਬ ਤਕ ਪਹੁੰਚ ਬਣਾਉਣ ਵਾਲੇ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਫਿਰ ਲਾਗੂ ਕਰਨ ਮਗਰੋਂ ਪਾਕਿਸਤਾਨ ਨੇ 9 ਨਵੰਬਰ ਨੂੰ ਫੀਸ 'ਚ ਦਿੱਤੀ ਛੋਟ ਵੀ ਖ਼ਤਮ ਕਰ ਦਿੱਤੀ ਹੈ। ਉਸ ਨੇ ਲਗਾਤਾਰ ਦੂਜੇ ਦਿਨ ਸ਼ਰਾਰਤੀ ਰਵੱਈਏ ਦਾ ਸਬੂਤ ਦਿੱਤਾ। ਇਸ ਸਭ ਲਈ ਪਾਕਿ ਉਲਟਾ ਭਾਰਤ 'ਤੇ ਹੀ ਦੋਸ਼ ਲਾ ਰਿਹਾ ਹੈ ਕਿ ਉਸ ਨੇ ਹੀ ਉਸ ਦੀ ਤਜਵੀਜ਼ ਨਹੀਂ ਮੰਨੀ ਹੈ। ਕਰਤਾਰਪੁਰ ਲਾਂਘੇ ਬਾਰੇ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਸਪੋਰਟ ਦੀ ਸ਼ਰਤ ਨੂੰ ਖ਼ਤਮ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਪਾਸਪੋਰਟ ਦੀ ਜਗ੍ਹਾ ਹੁਣ ਕਿਸੇ ਵੀ ਯੋਗ ਆਈਡੀ ਦੀ ਜ਼ਰੂਰਤ ਹੋਵੇਗੀ। ਇਮਰਾਨ ਨੇ ਲਾਂਘੇ ਦੇ ਉਦਘਾਟਨ ਵਾਲੇ ਦਿਨ 9 ਨਵੰਬਰ ਅਤੇ 12 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਪਾਕਿ ਜਾਣ ਵਾਲੇ ਜੱਥੇ ਤੋਂ ਫੀਸ ਨਾ ਲੈਣ ਦਾ ਵੀ ਐਲਾਨ ਕੀਤਾ ਸੀ। ਨਾਲ ਹੀ ਯਾਤਰਾ ਲਈ 10 ਦਿਨ ਪਹਿਲਾਂ ਕਰਵਾਈ ਜਾਣ ਵਾਲੀ ਐਡਵਾਂਸ ਬੁਕਿੰਗ ਵੀ ਖ਼ਤਮ ਕਰ ਦਿੱਤੀ ਸੀ। ਆਪਣੇ ਦੋਗਲੇ ਰਵੱਈਏ ਲਈ ਬਦਨਾਮ ਪਾਕਿ ਪਾਸਪੋਰਟ ਵਾਲੀ ਗੱਲ ਤੋਂ ਵੀਰਵਾਰ ਨੂੰ ਹੀ ਮੁੱਕਰ ਗਿਆ ਸੀ ਅਤੇ ਸ਼ੁੱਕਰਵਾਰ ਨੂੰ ਉਸ ਨੇ ਫੀਸ ਦੀ ਛੋਟ ਵੀ ਖ਼ਤਮ ਕਰ ਦਿੱਤੀ। ਇਮਰਾਨ ਖ਼ਾਨ ਨੇ ਟਵੀਟ ਰਾਹੀਂ ਐਲਾਨ ਕਰ ਕੇ ਵਾਹੋਵਾਹੀ ਤਾਂ ਲੁੱਟ ਲਈ ਪਰ ਫ਼ੈਸਲਿਆਂ ਨੂੰ ਲਾਗੂ ਕਰਨ ਵਾਸਤੇ ਕੋਈ ਕਦਮ ਨਹੀਂ ਚੁੱਕੇ। ਪਾਕਿ ਸਰਕਾਰ ਨੇ ਕਰਤਾਰਪੁਰ ਲਾਂਘੇ ਸਬੰਧੀ ਹੋਏ ਕਰਾਰ ਵਿਚ ਫੀਸ ਬਾਰੇ ਬਦਲਾਅ ਦੀ ਕੋਈ ਗੱਲ ਨਹੀਂ ਕੀਤੀ ਜਦਕਿ ਭਾਰਤ ਨੇ ਇਸ ਵਾਸਤੇ ਉਸ ਤੋਂ ਪੁੱਛਿਆ ਵੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਪਾਕਿ ਸਰਕਾਰ 'ਚ ਕਿੰਨਾ ਕੁ ਆਪਸੀ ਤਾਲਮੇਲ ਹੈ। ਪਾਕਿ ਦੇ ਦੋਗਲੇ ਕਿਰਦਾਰ 'ਤੇ ਹਮੇਸ਼ਾ ਸਵਾਲ ਉੱਠਦੇ ਰਹੇ ਹਨ। ਏਜੰਸੀਆਂ ਪਹਿਲਾਂ ਹੀ ਚੌਕਸ ਕਰ ਚੁੱਕੀਆਂ ਹਨ ਕਿ ਪਾਕਿ ਕਰਤਾਰਪੁਰ ਲਾਂਘੇ ਦੀ ਵਰਤੋਂ ਖ਼ਾਲਿਸਤਾਨੀ ਅਨਸਰਾਂ ਨੂੰ ਹਵਾ ਦੇਣ ਲਈ ਕਰ ਸਕਦਾ ਹੈ। ਬੀਤੇ ਦਿਨੀਂ ਕਰਤਾਰਪੁਰ ਸਾਹਿਬ ਬਾਰੇ ਉਸ ਵੱਲੋਂ ਜਾਰੀ ਗੀਤ 'ਚ ਵੀ ਅੱਤਵਾਦੀਆਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ। ਇਸ ਵਕਤ ਪਾਕਿ ਦੀਆਂ ਲਾਂਘੇ ਨੂੰ ਲੈ ਕੇ ਕਾਰਵਾਈਆਂ 'ਤੇ ਨਜ਼ਰ ਰੱਖਣ ਦੀ ਲੋੜ ਹੈ। ਕਰਤਾਰਪੁਰ ਲਾਂਘਾ ਖੁੱਲ੍ਹਣਾ ਗੁਰੂ ਨਾਨਕ ਦੇਵ ਜੀ ਲਈ ਸ਼ਰਧਾ ਰੱਖਣ ਵਾਲੇ ਲੋਕਾਂ ਵਾਸਤੇ ਸੁਖਾਵੀਂ ਤੇ ਇਤਿਹਾਸਕ ਘਟਨਾ ਹੈ। ਜੇ ਪਾਕਿਸਤਾਨ ਚਾਹੇ ਤਾਂ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ 'ਤੇ ਤਣਾਅ ਘੱਟ ਸਕਦਾ ਹੈ। ਵਪਾਰ ਤੇ ਸੁਖਾਵੇਂ ਰਿਸ਼ਤਿਆਂ ਰਾਹੀਂ ਦੋਵੇਂ ਦੇਸ਼ ਖ਼ੁਸ਼ਹਾਲੀ ਵੱਲ ਵੱਧ ਸਕਦੇ ਹਨ। ਜੇਕਰ ਹਾਲੇ ਤਕ ਪਾਕਿ ਸਰਕਾਰ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਉਸ ਨੇ ਲਾਂਘੇ ਦਾ ਕੰਮ ਦਿਨ-ਰਾਤ ਇਕ ਕਰ ਕੇ ਸਿਰੇ ਚੜ੍ਹਾਇਆ ਹੈ। ਲਹਿੰਦੇ ਪੰਜਾਬ ਵਿਚ ਜਸ਼ਨ ਮਨਾਏ ਜਾ ਰਹੇ ਹਨ ਅਤੇ ਇਸ ਖਿੱਤੇ ਦੇ ਲੋਕ ਚੜ੍ਹਦੇ ਪੰਜਾਬ ਦੇ ਸ਼ਰਧਾਲੂਆਂ ਨੂੰ ਉਡੀਕ ਰਹੇ ਹਨ। ਇਹ ਪਹਿਲੀ ਵਾਰ ਹੈ ਕਿ ਚੜ੍ਹਦਾ ਤੇ ਲਹਿੰਦਾ ਪੰਜਾਬ ਬਾਬੇ ਨਾਨਕ ਦੇ ਰੰਗ 'ਚ ਰੰਗੇ ਹੋਏ ਹਨ। ਪਾਕਿਸਤਾਨ ਦੀਆਂ ਰੇਲਗੱਡੀਆਂ 'ਚ ਬਾਬੇ ਨਾਨਕ ਦੇ ਸ਼ਬਦ ਗੂੰਜ ਰਹੇ ਹਨ। ਸਰਹੱਦ ਦੇ ਦੋਵੇਂ ਪਾਸੀਂ ਘਰਾਂ 'ਤੇ ਦੀਪਮਾਲਾ ਕੀਤੀ ਹੋਈ ਹੈ। ਇਹ ਚੰਗੀ ਗੱਲ ਹੈ ਕਿ ਦੁਸ਼ਮਣ ਸਮਝਿਆ ਜਾਣ ਵਾਲਾ ਦੇਸ਼ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਪੱਬਾਂ ਭਾਰ ਹੋ ਕੇ ਉਡੀਕ ਰਿਹਾ ਹੈ। ਸਾਰੀ ਦੁਨੀਆ ਪਾਕਿ ਦੇ ਇਨ੍ਹਾਂ ਕਦਮਾਂ ਦੀ ਤਾਰੀਫ਼ ਕਰ ਰਹੀ ਹੈ। ਇੰਨੀ ਮਿਹਨਤ ਤੋਂ ਬਾਅਦ ਉਸ ਨੂੰ ਅਜਿਹੀਆਂ ਹੋਛੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ। ਕਰਤਾਰਪੁਰ ਲਾਂਘੇ ਰਾਹੀਂ ਪਾਕਿ ਜੇ ਭਾਰਤ ਨਾਲ ਰਿਸ਼ਤੇ ਸੁਧਾਰ ਲਵੇ ਅਤੇ ਅੱਤਵਾਦ ਦਾ ਰਸਤਾ ਛੱਡ ਦੇਵੇ ਤਾਂ ਉਹ ਵੀ ਭਾਰਤ ਦੀ ਤਰ੍ਹਾਂ ਤਰੱਕੀ ਕਰ ਸਕਦਾ ਹੈ।

Posted By: Susheel Khanna