-ਡਾ. ਰੂਪ ਸਿੰਘ

ਪੰਜਾਬ ਗੁਰੂਆਂ, ਪੀਰਾਂ-ਫਕੀਰਾਂ ਤੇ ਪਿਤਾ ਸਮਾਨ ਪਵਿੱਤਰ ਪੰਜਾਂ ਪਾਣੀਆਂ ਦੀ ਧਰਤੀ ਕਹੀ ਜਾਂਦੀ ਸੀ। ਪੰਜਾਬ ਬਾਰੇ ਪੰਜਾਬ ਦੇ ਅਲਬੇਲੇ ਸ਼ਾਇਰ ਤੇ ਸਿੱਖ ਦਾਰਸ਼ਨਿਕ ਪ੍ਰੋਫ਼ੈਸਰ ਪੂਰਨ ਸਿੰਘ ਨੇ ਕਿਹਾ ਸੀ : ''ਪੰਜਾਬ ਜਿਊਂਦਾ ਗੁਰਾਂ ਦੇ ਨਾਂ 'ਤੇ!'' ਪੰਜਾਬ ਦੀ ਪਵਨ, ਪਾਣੀ ਤੇ ਧਰਤ ਸੁਹਾਵੀ 'ਚੋਂ ਸੁਕਿਰਤ, ਮਿਹਨਤ, ਇਮਾਨਦਾਰੀ, ਨਾਮਖੁਮਾਰੀ, ਦਿਆਨਤਦਾਰੀ, ਸਾਂਝੀਵਾਲਤਾ, ਪਿਆਰ-ਮੁਹੱਬਤ, ਮਿਲਵਰਤਨ, ਵੰਡ ਛਕਣ ਦੀ ਖ਼ੁਸ਼ਬੋਈ ਮਿਲਦੀ ਸੀ। ਪੰਜਾਬ 'ਚ ਵਿਹਲੜ ਲਾਣਾ, ਨਸ਼ਈ, ਮੰਗ ਖਾਣੇ ਸਾਧ, ਚੋਰ ਤੇ ਲਾਲਚੀ ਲੁਟੇਰੇ ਨਹੀਂ ਸਨ। 'ਪੰਜਾਬੀ ਇਕ-ਦੂਜੇ ਦੀ ਇੱਜ਼ਤ ਦੇ ਭਾਈਵਾਲ, ਦੇਸ਼, ਧਰਮ ਤੇ ਕੌਮ ਲਈ ਜਾਨਾਂ ਨਿਛਾਵਰ ਕਰਨ ਲਈ ਹਰ ਸਮੇਂ ਤਿਆਰ, ਪਿਆਰ ਨਾਲ ਗ਼ੁਲਾਮੀ ਨੂੰ ਪ੍ਰਵਾਨ ਕਰਦੇ ਪਰ ਟੈਂ ਨਾ ਮੰਨਣ ਕਿਸੇ ਦੀ' ਦੇ ਧਾਰਨੀ ਸਨ। ਸੰਗਤ-ਪੰਗਤ 'ਚ ਸਭ ਸਮਾਨ, ਦੁਸ਼ਮਣ ਦੀ ਧੀ-ਭੈਣ ਦੀ ਇੱਜ਼ਤ-ਆਬਰੂ ਵਾਸਤੇ ਵੱਡਿਆਂ-ਵੱਡਿਆਂ ਨਾਲ ਵੀ ਆਢਾ ਲੈ ਲੈਂਦੇ। ਸਰਹੱਦਾਂ ਦੀ ਰਾਖੀ ਲਈ ਸਿਰ-ਧੜ ਦੀ ਬਾਜ਼ੀ ਲਾ ਲੈਂਦੇ। ਪੰਜਾਬ ਨੂੰ ਭਾਰਤ ਦੀ ਖੜਗ-ਭੁਜਾ ਮੰਨਿਆ ਗਿਆ। ਪੰਜਾਬੀ ਸਿੱਖ ਬ੍ਰਹਿਮੰਡੀ ਸੋਚ ਦੇ ਧਾਰਨੀ ਤੇ ਆਪਣੇ-ਆਪ ਨੂੰ ਬ੍ਰਹਿਮੰਡੀ ਸ਼ਹਿਰੀ ਸਦਵਾਉਣ 'ਚ ਮਾਣ ਮਹਿਸੂਸ ਕਰਦੇ ਪਰ ਸਾਡੇ ਰਾਜਨੀਤਕ ਸੋਚ ਦੇ ਧਾਰਨੀ ਲੋਕਾਂ ਨੇ ਸੱਤਾ ਦੀ ਪ੍ਰਾਪਤੀ ਲਈ ਖੇਤਰਵਾਦ, ਇਲਾਕਾਪ੍ਰਸਤੀ ਨੂੰ ਪਹਿਲ ਦਿੱਤੀ। ਪੰਜਾਬ ਨੂੰ ਪੰਜਾਬ ਵਜੋਂ ਬਚਾਉਣ, ਵਿਕਸਤ ਕਰਨ ਨਾਲੋਂ ਆਪੋ-ਆਪਣੇ ਹਲਕਿਆਂ ਤੀਕ ਸੀਮਤ ਹੋ ਗਏ ਜਿਸ ਕਾਰਨ ਪੰਜਾਬ-ਪੰਜਾਬੀਅਤ ਦੀ ਰੂਹ ਜ਼ਖ਼ਮੀ ਹੋਈ। ਪੰਜਾਬੀਆਂ, ਖ਼ਾਸ ਤੌਰ 'ਤੇ ਸਿੱਖਾਂ ਨੇ ਇਸ ਦਾ ਭਰਪੂਰ ਖਮਿਆਜ਼ਾ ਭੁਗਤਿਆ ਅਤੇ ਭੁਗਤਦੇ ਰਹੇ ਹਨ। ਪੰਜਾਬੀਆਂ ਦਾ ਦੇਸ਼, ਧਰਮ, ਕੌਮ ਖ਼ਾਤਰ ਆਪਾ ਨਿਛਾਵਰ ਕਰਨ ਦੇ ਸੁਭਾਅ ਕਾਰਨ ਦੁਨੀਆ ਭਰ ਵਿਚ ਮਾਣ-ਸਤਿਕਾਰ ਸੀ। ਪੰਜਾਬ, ਪੰਜਾਬੀਆਂ ਤੇ ਸਿੱਖਾਂ ਦੇ ਸੁਮੇਲ ਨੂੰ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ ਪਰ ਜਦ ਭਾਰਤੀਆਂ ਵੱਲੋਂ ਪੰਜਾਬੀ ਤੇ ਸਿੱਖਾਂ ਨੂੰ ਵੱਖ-ਵੱਖ ਸਮਝਿਆ ਗਿਆ ਤਾਂ ਪੰਜਾਬ ਦੇ ਸੰਤਾਪ ਦੀ ਕਹਾਣੀ ਆਰੰਭ ਹੋਈ। ਪੰਜਾਬ ਦੇ ਸੰਤਾਪ ਅਤੇ ਦੁਰਦਸ਼ਾ ਦਾ ਪਹਿਲਾ ਕਾਰਨ ਇਹੀ ਹੈ ਕਿ ਪੰਜਾਬ ਤੇ ਪੰਜਾਬੀਆਂ ਨੂੰ ਬਣਦਾ ਮਾਣ-ਸਤਿਕਾਰ ਤੇ ਇਨਸਾਫ਼ ਨਾ ਮਿਲਣਾ। ਪੰਜਾਬ ਦੀ ਧਰਤ ਸੁਹਾਵੀ 'ਤੇ ਸਦੀਆਂ ਦੀ ਗ਼ੁਲਾਮ ਮਾਨਸਿਕਤਾ ਨੂੰ ਤਿਲਾਂਜਲੀ ਦੇ ਕੇ ਜਗਤ-ਗੁਰੂ, ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ, ਸ਼ਰਮ-ਧਰਮ ਅਲੋਪ ਤੇ ਕੂੜ ਦੀ ਪ੍ਰਧਾਨਤਾ ਨੂੰ ਦਰਸਾ ਕੇ ਸਾਰੇ ਧਾਰਮਿਕ, ਸਮਾਜਿਕ, ਰਾਜਨੀਤਕ ਲੋਕਾਂ ਨੂੰ ਉਨ੍ਹਾਂ ਦੇ ਕਿਰਦਾਰ ਦਾ ਸ਼ੀਸ਼ਾ ਦਿਖਾਇਆ : ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ

ਨਾਨਕ ਨਿਰਮਲ ਪੰਥ ਦੇ ਪਾਂਧੀਆਂ/ ਸਿੱਖਾਂ ਨੂੰ ਗੁੜ੍ਹਤੀ ਮਿਲੀ ਕਿ ਆਪਣੀ-ਵਿਲੱਖਣ ਹੋਂਦ-ਹਸਤੀ ਤੇ ਪਛਾਣ ਲਈ ਹਮੇਸ਼ਾ, ਜਬਰ-ਜ਼ੁਲਮ, ਨਾ ਬਰਾਬਰੀ, ਵਹਿਮਾ-ਭਰਮਾਂ, ਵਰਗ-ਵੰਡ ਦੇ ਵਿਰੁੱਧ ਲੜਨਾ ਹੈ। ਗ਼ੁਲਾਮੀ ਦੇ ਆਦੀ ਹੋ ਚੁੱਕੇ ਭਾਰਤੀਆਂ ਨੂੰ ਸਭ ਤੋਂ ਪਹਿਲਾਂ ਪੰਜਾਬੀ/ਪੰਜਾਬੀਆਂ-ਸਿੱਖਾਂ ਨੂੰ ਸਵੈਮਾਣ, ਸਵੈ-ਪਛਾਣ ਦਾ ਪਾਠ ਪੜ੍ਹਾਇਆ ਗਿਆ। ਗ਼ੁਲਾਮ ਭਾਰਤ ਵਿਚ ਧਾਰਮਿਕ, ਸਮਾਜਿਕ, ਰਾਜਨੀਤਕ ਪ੍ਰਾਪਤੀਆਂ ਲਈ ਕਿਸੇ ਪ੍ਰਾਣੀ ਦੀ ਕੁਰਬਾਨੀ ਦਿੱਤੀ ਜਾਂਦੀ ਸੀ ਪਰ ਸਿੱਖ ਸਤਿਗੁਰਾਂ ਨੇ ਸੁਤੰਤਰਤਾ ਦਾ ਸਬਕ ਸਿਖਾਉਣ ਲਈ ਸੁਤੰਤਰ ਸਿੱਖ ਸੋਚ ਦੇ ਨਾਲ-ਨਾਲ ਖ਼ੁਦ ਗੁਰੂ ਸਾਹਿਬਾਨ ਤੇ ਸਿੱਖ ਸਰਦਾਰਾਂ ਨੇ ਸ਼ਹਾਦਤਾਂ ਦੀ ਸ਼ੁਰੂਆਤ ਕੀਤੀ ਅਤੇ ਫਿਰ ਸੁੱਚੀਆਂ ਸ਼ਖ਼ਸੀਅਤਾਂ ਦੇ ਸੁੱਚੇ ਖ਼ੂਨ 'ਚੋਂ ਸ਼ਹੀਦੀ ਸਾਹਿਤ ਦੀ ਸਿਰਜਣਾ ਹੋਈ ਜੋ ਵਿਕਾਸ ਕਰਦਾ-ਵਿਸਮਾਦੀ ਰੂਪ 'ਚ ਵਿਗਸ ਰਿਹਾ ਹੈ। ਪਰ ਗ਼ੁਲਾਮੀ ਦੇ ਆਦੀ ਭਾਰਤੀਆਂ ਨੇ ਪੰਜਾਬੀਆਂ, ਸਿੱਖਾਂ ਦੀਆਂ ਸ਼ਹਾਦਤਾਂ ਨੂੰ ਧਾਰਮਿਕ-ਫਿਰਕੇਦਾਰੀ ਦੀ ਨਿਗ੍ਹਾ-ਨਜ਼ਰ ਨਾਲ ਨਜ਼ਰਅੰਦਾਜ਼ ਕਰ ਦਿੱਤਾ। ਪੰਜਾਬ ਤੇ ਪੰਜਾਬੀਆਂ ਨੂੰ ਮਾਣ-ਸਤਿਕਾਰ ਦੇਣ ਵਾਲੇ ਰਾਜੇ ਰਣਜੀਤ ਸਿੰਘ ਨੂੰ ਪੰਜਾਬੀਆਂ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਜੋਂ ਸਵੀਕਾਰਿਆ ਅਤੇ ਸਤਿਕਾਰਿਆ। ਮਹਾਰਾਜਾ ਰਣਜੀਤ ਸਿੰਘ ਪੰਜਾਬ ਤੇ ਪੰਜਾਬੀਆਂ ਲਈ ਮੈਦਾਨ-ਏ-ਜੰਗ ਅੰਦਰ ਖ਼ੁਦ ਲੜਦਾ ਰਿਹਾ। ਆਪਣੇ ਤਾਜ 'ਤੇ ਕੋਹਿਨੂਰ ਹੀਰਾ ਸਜਾਉਣ ਵਾਲੇ ਇਸ ਪੰਜਾਬੀ ਸਿੱਖ ਰਾਜੇ ਨੂੰ ਜੇ ਪਰਜਾ ਵਾਸਤੇ ਪਾਂਡੀ ਵੀ ਬਣਨਾ ਪਿਆ ਤਾਂ ਦੇਰ ਨਾ ਕੀਤੀ। ਪੰਜਾਬ ਦੇ ਸਿੱਖ ਰਾਜੇ ਦੇ ਸਦੀਵੀ ਵਿਛੋੜੇ ਨਾਲ ਪੰਜਾਬ, ਪੰਜਾਬੀ, ਸਿੱਖਾਂ ਦੀ ਦੁਰਦਸ਼ਾ ਦਾ ਪਹਿਲਾ ਅਧਿਆਇ ਸ਼ੁਰੂ ਹੋਇਆ। ਪੰਜਾਬ ਲਈ ਸੰਘਰਸ਼ ਤਾਂ ਜਾਰੀ ਰਿਹਾ ਪਰ ਸਰਕਾਰ ਖ਼ਾਲਸਾ ਤੋਂ ਬਾਅਦ। ਖ਼ਾਲਸੇ, ਪੰਜਾਬੀਆਂ ਦੀਆਂ ਕੁਰਬਾਨੀਆਂ ਦਾ ਕਿਸੇ ਨੇ ਅੱਜ ਤਕ ਬਣਦਾ ਮਾਣ-ਸਤਿਕਾਰ ਨਹੀਂ ਕੀਤਾ।

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬੀਆਂ/ਸਿੱਖਾਂ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਤੇਗ ਚਲਾਉਣੀ। ਸੰਘਰਸ਼ ਕਰਨ ਦਾ ਸੁਭਾਅ ਤਾਂ ਨਹੀਂ ਬਦਲਿਆ ਪਰ ਪੰਜਾਬ/ਭਾਰਤ ਦੇ ਦਗ਼ੇਬਾਜ਼ ਹਾਕਮਾਂ ਨੇ ਦਗ਼ਾ ਕਮਾਉਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਮੇਰੇ ਪੰਜਾਬ ਦੀ ਤਾਸੀਰ ਅਤੇ ਤਸਵੀਰ ਬਦਲਣੀ ਆਰੰਭ ਹੋਈ ਅਤੇ ਅੱਜ ਪੰਜਾਬ ਦੀ ਜੋ ਦੁਰਦਸ਼ਾ ਹੈ, ਉਸ ਲਈ ਹਾਕਮ ਸ਼੍ਰੇਣੀ ਹੀ ਜ਼ਿੰਮੇਵਾਰ ਅਤੇ ਜਵਾਬਦੇਹ ਹੈ। ਪੰਜਾਬੀਆਂ ਤੇ ਸਿੱਖਾਂ ਨੇ ਹੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਆਰੰਭ ਕਰ ਕੇ 'ਚਾਬੀਆਂ ਦਾ ਮੋਰਚਾ' ਜਿੱਤਿਆ ਸੀ ਜਿਸ 'ਤੇ ਮਹਾਤਮਾ ਗਾਂਧੀ ਨੂੰ ਕਹਿਣ ਲਈ ਮਜਬੂਰ ਹੋਣਾ ਪਿਆ ਕਿ “ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਗਈ, ਵਧਾਈ ਹੋਵੇ।”

ਅੰਗਰੇਜ਼ਾਂ ਨੇ ਭਾਰਤ ਨੂੰ ਗ਼ੁਲਾਮ ਬਣਾ ਕੇ ਇੰਗਲੈਂਡ ਦਾ ਨਿਸ਼ਾਨ ਝੁਲਾ ਦਿੱਤਾ ਪਰ ਪੰਜਾਬ ਸਭ ਤੋਂ ਬਾਅਦ 1849 ਈ. 'ਚ ਅੰਗਰੇਜ਼ ਸਾਮਰਾਜ ਦੇ ਅਧੀਨ ਆਇਆ। ਬਾਕੀ ਭਾਰਤ ਗ਼ੁਲਾਮੀ ਦੀਆਂ ਜ਼ੰਜੀਰਾਂ 'ਚ ਜਕੜਿਆ ਜਾ ਚੁੱਕਾ ਸੀ ਪਰ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਸ਼ਾਹੀ ਕਿਲੇ 'ਤੇ ਕੇਸਰੀ ਪਰਚਮ ਝੁਲਦਾ ਸੀ। ਪੰਜਾਬ ਅੰਗਰੇਜ਼ ਸਾਮਰਾਜ ਦੇ ਪ੍ਰਬੰਧ ਹੇਠ ਆਉਣ 'ਤੇ ਸਭ ਤੋਂ ਪਹਿਲਾਂ ਅੰਗਰੇਜ਼ਾਂ ਨੇ ਸਿੱਖੀ ਦੇ ਸੋਮੇ, ਸਿੱਖ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਆਪਣੇ ਸਰਬਰਾਹ, ਮਹੰਤਾਂ-ਪੁਜਾਰੀਆਂ ਰਾਹੀਂ ਕਬਜ਼ੇ 'ਚ ਕੀਤਾ ਤਾਂ ਕਿ ਸਿੱਖੀ ਦੇ ਸੋਮਿਆ 'ਚੋਂ ਸਿੱਖੀ ਸਿਧਾਂਤਾਂ, ਪਰੰਪਰਾਵਾਂ, ਰਵਾਇਤ 'ਚ ਮਿਲਾਵਟ ਕਰ ਕੇ ਪੰਜਾਬੀ ਸੱਭਿਆਚਾਰ, ਸਿੱਖ ਪਛਾਣ ਨੂੰ ਖ਼ਤਮ ਕੀਤਾ ਜਾ ਸਕੇ।

ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤੇ ਅਕਾਲੀ ਲਹਿਰ ਸਦਕਾ, ਸਿੱਖਾਂ ਦੇ ਸਿਰਾਂ 'ਤੇ ਸਿਰਜੀ ਗਈ ਸਿਰਮੌਰ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਿਰਜੀ ਗਈ। ਗ਼ੁਲਾਮ ਭਾਰਤ ਦੇ ਪੰਜਾਬ ਰਾਜ 'ਚ ਵਿਚ ਇਹ ਸਵੈ-ਪਛਾਣ ਵਾਲੀ ਪਹਿਲੀ ਸੁਤੰਤਰ ਸਿੱਖ ਸੰਸਥਾ ਸੀ ਜਿਸ ਨੇ ਆਪਣੇ ਪਹਿਲੇ ਜਨਰਲ ਸਮਾਗਮ 'ਚ ਇਹ ਫ਼ੈਸਲਾ ਲਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੀ ਸਮੁੱਚੀ ਲਿਖਾ-ਪੜ੍ਹੀ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ 'ਚ ਹੋਵੇਗੀ। ਇਹ ਪੰਜਾਬ ਦੇ ਵਾਸੀਆਂ ਪੰਜਾਬੀਆਂ ਦੀ ਮਾਂ-ਬੋਲੀ ਲਈ ਪਹਿਲਾ ਤੋਹਫ਼ਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਹੀ ਆਜ਼ਾਦੀ, ਦੇਸ਼ ਦੀ ਸੁਤੰਤਰਤਾ ਲਈ ਸੰਘਰਸ਼ ਦੀ ਸ਼ੁਰੂਆਤ ਕੀਤੀ ਪਰ ਸਮੇਂ ਦੇ ਹਾਕਮਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ 'ਤੇ ਦੇਸ਼-ਧਰੋਹ ਦੇ ਮੁਕੱਦਮੇ ਚਲਾ ਕੇ ਇਨ੍ਹਾਂ ਸੰਸਥਾਵਾਂ ਨੂੰ ਗ਼ੈਰ-ਵਿਧਾਨਕ ਐਲਾਨਿਆ ਜੋ ਪੰਜਾਬ, ਪੰਜਾਬੀਆਂ ਤੇ ਸਿੱਖਾਂ ਲਈ ਬਹੁਤ ਵੱਡੀ ਬੇਇਨਸਾਫ਼ੀ ਸੀ। ਸੰਨ 1947 ਈ. ਨੂੰ ਭਾਰਤ ਆਜ਼ਾਦ-ਆਬਾਦ ਹੋਇਆ, ਪੰਜਾਬ ਵੰਡਿਆ ਗਿਆ। ਪੰਜਾਬੀ ਰੱਜ ਕੇ ਬੇਆਬਰੂ, ਬਰਬਾਦ ਤੇ ਕਤਲ-ਏ-ਆਮ ਦੇ ਸ਼ਿਕਾਰ ਹੋਏ। ਪੰਜਾਬ ਦੀ ਧਰਤ ਸੁਹਾਵੀ ਵੰਡੀ ਗਈ।

173 ਦੇ ਲਗਪਗ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬਾਨ ਪਾਕਿਸਤਾਨ 'ਚ ਰਹਿ ਗਏ ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਲਈ 1952 ਤੋਂ ਹਰ ਸਿੱਖ ਸਵੇਰ-ਸ਼ਾਮ ਵਿਸ਼ਵ ਭਰ 'ਚ ਅਰਦਾਸ ਕਰ ਰਿਹਾ ਹੈ। ਪੰਜਾਬ ਦੀ ਵੰਡ ਪਿੱਛੋਂ ਪੰਜਾਬੀਆਂ ਨੂੰ ਨਿਰੰਤਰ ਸੰਘਰਸ਼ ਕਰਨਾ ਪਿਆ। ਪੰਜਾਬੀ ਸੂਬੇ, ਪੰਜਾਬ ਦੇ ਦਰਿਆਈ ਪਾਣੀਆਂ, ਪੰਜਾਬ ਦੀ ਰਾਜਧਾਨੀ ਅਤੇ ਪੰਜਾਬੀ ਭਾਸ਼ਾ, ਪੰਜਾਬੀ ਭਾਸ਼ਾਈ ਇਲਾਕਿਆਂ ਅਤੇ ਪੰਜਾਬੀਆਂ ਦੀਆਂ ਹੱਕੀ ਮੰਗਾਂ ਵਾਸਤੇ। ਪੰਜਾਬ ਦੀ ਰੀੜ੍ਹ ਦੀ ਹੱਡੀ ਕਿਰਸਾਨੀ ਜਰਜਰੀ ਹੋ ਚੁੱਕੀ ਹੈ। ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਕੌਮਾਂਤਰੀ ਸਰਹੱਦ 'ਤੇ ਬੇਚੈਨੀ ਕਾਰਨ ਕੌਮਾਂਤਰੀ ਕਾਰੋਬਾਰ ਤਬਾਹ ਹੋ ਗਿਆ ਹੈ। ਪੰਜਾਬ 'ਚ ਅਨਪੜ੍ਹਤਾ, ਬੇਕਾਰੀ, ਬੇਰੁਜ਼ਗਾਰੀ ਦਾ ਬੋਲਬਾਲਾ ਹੈ। ਹਰ ਤਰ੍ਹਾਂ ਦੇ ਨਸ਼ਿਆਂ ਦੀ ਭਰਮਾਰ ਹੈ ਜਿਹੜਾ ਕਿ ਪੰਜਾਬੀਆਂ ਦੀ ਸਿਹਤ ਨਾਲ ਖਿਲਵਾੜ ਹੈ। ਪੰਜਾਬ 'ਚ ਵਸਣ ਵਾਲੇ ਘੱਟ ਗਿਣਤੀ ਸਿੱਖਾਂ ਨੂੰ ਦਹਾਕਿਆਂ ਤੋਂ ਤਸ਼ੱਦਦ ਤੇ ਧੱਕੇਸ਼ਾਹੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਸੰਤਾਪ ਦਾ ਕਾਰਨ ਰਾਜ-ਸੱਤਾ ਦਾ ਸੁੱਖ ਹੰਢਾਉਣ ਵਾਲੇ ਅਤੇ ਉਨ੍ਹਾਂ ਦੇ ਹੱਥ ਠੋਕੇ ਹੀ ਮੁੱਖ ਹਨ। ਜੂਨ 1984 ਦੇ ਘੱਲੂਘਾਰੇ ਤੇ ਨਵੰਬਰ 1984 ਦਾ ਚਿੱਟੇ ਦਿਨ ਕੀਤਾ ਗਿਆ ਕਤਲ-ਏ-ਆਮ ਨਾ ਭੁੱਲਣਯੋਗ, ਨਾ ਬਖਸ਼ਣਯੋਗ ਹੈ। ਜੂਨ 1984 'ਚ ਆਜ਼ਾਦ ਭਾਰਤ 'ਚ ਆਜ਼ਾਦੀ ਦੇ ਪਰਵਾਨੇ ਪੰਜਾਬੀ ਸਿੱਖਾਂ ਦੀ ਜੋ ਜਾਨੀ-ਮਾਲੀ ਤੇ ਵਿਰਾਸਤੀ ਤਬਾਹੀ ਹੋਈ, ਉਸ ਨੂੰ ਸ਼ਬਦਾਂ 'ਚ ਬਿਆਨ ਕਰਨਾ ਅਸੰਭਵ ਹੈ।

-ਮੋਬਾਈਲ ਨੰ. : 98146-37979

Posted By: Susheel Khanna