-ਪ੍ਰੋ. ਬਸੰਤ ਸਿੰਘ ਬਰਾੜ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਦੇਸ਼ ਭਗਤਾਂ, ਸਮਾਜ ਸੇਵਕਾਂ ਅਤੇ ਕੁਰਬਾਨੀਆਂ ਕਰਨ ਵਾਲੇ ਕ੍ਰਾਂਤੀਕਾਰੀਆਂ ਦਾ ਪਰਿਵਾਰ ਰਿਹਾ ਸੀ। ਉਨ੍ਹਾਂ ਦੇ ਪੜਦਾਦਾ ਫਤਿਹ ਸਿੰਘ ਸੰਧੂੂ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ’ਚ ਉੱਚੇ ਅਹੁਦੇ ’ਤੇ ਸਨ ਤੇ ਉਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਜੰਗਾਂ ’ਚ ਬਹਾਦਰੀ ਦਿਖਾਈ ਸੀ।

ਦਾਦਾ ਅਰਜੁਨ ਸਿੰਘ ਪ੍ਰਸਿੱਧ ਦੇਸ਼ ਭਗਤ ਅਤੇ ਸਮਾਜ ਸੇਵਕ ਸਨ ਜਿਨ੍ਹਾਂ ਛੂਤ-ਛਾਤ ਵਿਰੁੱਧ ਵਿਸ਼ੇਸ਼ ਯੋਗਦਾਨ ਪਾਇਆ ਸੀ। ਪਿਤਾ ਕਿਸ਼ਨ ਸਿੰਘ ਤੇ ਚਾਚੇ ਅਜੀਤ ਸਿੰਘ ਤੇ ਸਵਰਨ ਸਿੰਘ ਨੇ ਸਮਾਜ ਸੇਵਾ ਤੇ ਦੇਸ਼ ਭਗਤੀ ਦੇ ਖੇਤਰਾਂ ’ਚ ਵਿਲੱਖਣ ਕੰਮ ਕੀਤਾ ਸੀ।

ਸਵਰਨ ਸਿੰਘ ਨੂੰ ਜੇਲ੍ਹ ਵਿਚ ਤਪਦਿਕ ਹੋ ਗਈ ਸੀ ਅਤੇ ਉਹ 23 ਸਾਲ ਦੀ ਉਮਰ ਵਿਚ ਹੀ ਸਵਰਗਵਾਸ ਹੋ ਗਏ ਸਨ। ਕਿਸ਼ਨ ਸਿੰਘ ਅਤੇ ਅਜੀਤ ਸਿੰਘ ਨੇ 1898-1900 ਦੇ ਅਰਸੇ ਦੌਰਾਨ ਮੱਧ ਪ੍ਰਦੇਸ਼ ਤੇ ਗੁਜਰਾਤ, ਹੜ੍ਹਾਂ ਸਮੇਂ ਜੰਮੂ-ਕਸ਼ਮੀਰ ਅਤੇ 1905 ਦੇ ਭੂਚਾਲ ਸਮੇਂ ਕਾਂਗੜੇ ਦੇ ਇਲਾਕੇ ’ਚ ਸ਼ਲਾਘਾਯੋਗ ਸੇਵਾ ਕੀਤੀ ਸੀ। ‘ਪਗੜੀ ਸੰਭਾਲ ਜੱਟਾ’ ਅੰਦੋਲਨ ਵਿਚ ਦੋਹਾਂ ਦੀ ਵਿਲੱਖਣ ਭੂਮਿਕਾ ਰਹੀ ਸੀ।

ਅਜੀਤ ਸਿੰਘ ਨੇ ਹਥਿਆਰਬੰਦ ਸੰਘਰਸ਼ ਰਾਹੀਂ ਆਜ਼ਾਦੀ ਲੈਣ ਤੇ ਸਮਾਜਵਾਦੀ, ਲੋਕਤੰਤਰੀ ਸਰਕਾਰ ਸਥਾਪਤ ਕਰਨ ਲਈ ਜੋ ਅਦੁੱਤੀ ਕੰਮ ਕੀਤੇ, ਉਹ ਕੁਝ ਅਣਗੌਲੇ ਹੀ ਰਹੇ। ਸ਼ਾਇਦ ਆਪਣੇ ਭਤੀਜੇ ਭਗਤ ਸਿੰਘ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਪਰਛਾਵੇਂ ਹੇਠ ਆਉਣ ਕਾਰਨ ਅਜਿਹਾ ਹੋਇਆ ਹੋਵੇ। ਉਹ 23 ਜਨਵਰੀ 1881 ਨੂੰ ਖਟਕੜ ਕਲਾਂ ਵਿਖੇ ਪੈਦਾ ਹੋਏ ਸਨ।

ਉਨ੍ਹਾਂ ਨੇ ਬੰਗਾ, ਜਲੰਧਰ, ਬਰੇਲੀ ਅਤੇ ਲਾਹੌਰ ਵਿਚ ਸਿੱਖਿਆ ਪ੍ਰਾਪਤ ਕੀਤੀ। ਛੋਟੀ ਉਮਰੇ ਹੀ ਸਮਾਜ ਸੇਵਾ ਅਤੇ ਆਜ਼ਾਦੀ ਦੀ ਜੰਗ ਵਿਚ ਕੁੱਦ ਪਏ। ਉਨ੍ਹਾਂ ਨੇ 1906 ’ਚ ਕਲਕੱਤਾ ਵਿਖੇ ਹੋਏ ਕਾਂਗਰਸ ਦੇ ਸਾਲਾਨਾ ਸਮਾਗਮ ਵਿਚ ਹਿੱਸਾ ਲਿਆ ਪਰ ਇਸ ਪਾਰਟੀ ਦੀਆਂ ਨੀਤੀਆਂ ਤੋਂ ਜਲਦ ਹੀ ਨਿਰਾਸ਼ ਹੋ ਗਏ। ਉਨ੍ਹਾਂ ਨੇ ਆਪਣੇ ਦੋਹਾਂ ਭਰਾਵਾਂ ਅਤੇ ਮਹਾਸ਼ਾ ਘਸੀਟਾ ਰਾਮ ਤੇ ਸੂਫ਼ੀ ਅੰਬਾ ਪ੍ਰਸਾਦ ਨਾਲ ਮਿਲ ਕੇ ‘ਭਾਰਤ ਮਾਤਾ ਸੁਸਾਇਟੀ’ ਬਣਾ ਲਈ ਜਿਸ ਨੂੰ ‘ਮਹਿਬੂਬਾਨ-ਏ-ਵਤਨ’ ਵੀ ਕਿਹਾ ਜਾਂਦਾ ਸੀ।

ਇਸ ਦਾ ਉਦੇਸ਼ 1857 ਦੇ ਵਿਦਰੋਹ ਦੇ 50ਵੇਂ ਵਰ੍ਹੇ 1907 ਵਿਚ ਉਸੇ ਤਰ੍ਹਾਂ ਹਥਿਆਰਬੰਦ ਬਗ਼ਾਵਤ ਕਰ ਕੇ ਆਜ਼ਾਦੀ ਪ੍ਰਾਪਤ ਕਰਨਾ ਸੀ। ਸੰਨ 1907 ਵਿਚ ਅੰਗਰੇਜ਼ ਸਰਕਾਰ ਦੇ ‘ਕਾਲੋਨਾਈਜ਼ੇਸ਼ਨ ਐਕਟ’’ ਅਤੇ ‘ਦੋਆਬ ਬਾਰੀ ਐਕਟ’’ ਵਿਰੁੱਧ ‘ਪਗੜੀ ਸੰਭਾਲ ਜੱਟਾ’’ ਅੰਦੋਲਨ ਸ਼ੁਰੂ ਹੋ ਗਿਆ। ਸਰਕਾਰ ਨੇ ਚਨਾਬ ਦਰਿਆ ’ਚੋਂ ਨਹਿਰਾਂ ਕੱਢ ਕੇ ਲਾਇਲਪੁਰ ਜ਼ਿਲ੍ਹੇ ਦੀ 20 ਲੱਖ ਏਕੜ ਗ਼ੈਰ-ਆਬਾਦ ਜ਼ਮੀਨ ਵਾਹੀਯੋਗ ਬਣਾ ਦਿੱਤੀ ਸੀ।

ਇਹ ਜ਼ਮੀਨ ਸਾਬਕਾ ਫ਼ੌਜੀਆਂ ਅਤੇ ਅੰਮ੍ਰਿਤਸਰ, ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਲਗਪਗ ਮੁਫ਼ਤ ਅਲਾਟ ਕੀਤੀ ਗਈ ਸੀ। ਸਰਕਾਰ ਨੂੰ ਡਰ ਸੀ ਕਿ ਲੋੜਵੰਦ ਕਿਸਾਨ ਕਿਤੇ ਇਹ ਜ਼ਮੀਨਾਂ ਅਮੀਰ, ਵਿਹਲੜ ਸ਼ਾਹੂਕਾਰਾਂ ਨੂੰ ਨਾ ਵੇਚ ਦੇਣ।

ਇਸ ਲਈ ਉਸ ਨੇ ਇਹ ਸ਼ਰਤਾਂ ਲਗਾ ਦਿੱਤੀਆਂ ਕਿ ਇਹ ਕਿਸਾਨ ਉਨ੍ਹਾਂ ਜ਼ਮੀਨਾਂ ਦੇ ਮਾਲਕ ਨਹੀਂ ਬਣ ਸਕਦੇ, ਵੇਚ ਨਹੀਂ ਸਕਦੇ, ਮਕਾਨ ਨਹੀਂ ਬਣਾ ਸਕਦੇ ਤੇ ਰੁੱਖ ਨਹੀਂ ਕੱਟ ਸਕਦੇ। ਜ਼ਮੀਨਾਂ ਦੇ ਟੋਟੇ-ਟੋਟੇ ਹੋਣ ਤੋਂ ਬਚਣ ਲਈ ਇੰਗਲੈਂਡ ਦੀ ਤਰਜ਼ ’ਤੇ ਇਹ ਵੀ ਕਿਹਾ ਗਿਆ ਕਿ ਕਿਸਾਨ ਦਾ ਸਿਰਫ਼ ਵੱਡਾ ਲੜਕਾ ਹੀ ਇਸ ਜ਼ਮੀਨ ਦਾ ਵਾਰਿਸ ਹੋਵੇਗਾ। ਅਣਵਿਆਹੇ ਜਾਂ ਬੇਔਲਾਦੇ ਕਿਸਾਨ ਦੀ ਜ਼ਮੀਨ ਸਰਕਾਰ ਵਾਪਸ ਲੈ ਸਕਦੀ ਸੀ। ਕਿਸਾਨਾਂ ਨੇ ਇਨ੍ਹਾਂ ਕਾਨੂੰਨਾਂ ਦਾ ਡਟ ਕੇ ਵਿਰੋਧ ਕੀਤਾ।

ਤਿੰਨ ਮਾਰਚ 1907 ਨੂੰ ਲਾਇਲਪੁਰ ’ਚ ਬਾਂਕੇ ਦਿਆਲ ਦੁਆਰਾ ਲਿਖਿਆ ਅਤੇ ਗਾਇਆ ਗੀਤ ‘ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਇ’ ਇਸ ਅੰਦੋਲਨ ਦਾ ਨਾਮ ਹੀ ਬਣ ਗਿਆ। ਕਿਸਾਨਾਂ ਨੇ ਆਪਣੇ ਵਕੀਲ ਕਾਂਗਰਸੀ ਨੇਤਾ ਲਾਲਾ ਲਾਜਪਤ ਰਾਏ ਨੂੰ ਉਨ੍ਹਾਂ ਦੀ ਅਗਵਾਈ ਕਰਨ ਲਈ ਕਿਹਾ। ਇਕ ਸੰਮੇਲਨ ’ਚ ਉਹ ਜੋਸ਼ੀਲਾ ਭਾਸ਼ਣ ਤਾਂ ਦੇ ਗਏ ਪਰ ਮੋਹਰੀ ਬਣਨ ਨੂੰ ਤਿਆਰ ਨਹੀਂ ਹੋਏ। ਫਿਰ ਇਹ ਜਿੰਅਜੀਤ ਸਿੰਘ ਨੇ ਸੰਭਾਲ ਲਈ। ‘ਭਾਰਤ ਮਾਤਾ ਸੁਸਾਇਟੀ’ ਨੇ ਸਰਕਾਰ ਵਿਰੋਧੀ ਲਿਖਤਾਂ ਛਾਪਣ ਲਈ ‘ਭਾਰਤ ਮਾਤਾ ਪੁਸਤਕ ਏਜੰਸੀ’ਵੀ ਸਥਾਪਤ ਕਰ ਲਈ।

ਭਾਸ਼ਣਾਂ ਤੇ ਲਿਖਤਾਂ ਰਾਹੀਂ ਉਨ੍ਹਾਂ ਨੇ ਇਸ ਨੂੰ ਜ਼ਬਰਦਸਤ ਜਨ ਅੰਦੋਲਨ ਬਣਾ ਦਿੱਤਾ। ਫ਼ੌਜ ’ਚ ਇਸ ਦੇ ਸਮਰਥਕ ਸਾਹਮਣੇ ਆਉਣ ਲੱਗੇ। ਅਠਾਰਾਂ ਅਪ੍ਰੈਲ 1907 ਨੂੰ ਮੁਲਤਾਨ ਵਿਖੇ 200 ਫ਼ੌਜੀ ਇਕ ਸਮਾਗਮ ’ਚ ਸ਼ਾਮਲ ਹੋਏ। ਕਈ ਥਾਵਾਂ ’ਤੇ ਫ਼ੌਜੀਆਂ ਨੇ ਪ੍ਰਦਰਸ਼ਨਕਾਰੀਆਂ ’ਤੇ ਗੋਲ਼ੀ ਚਲਾਉਣ ਤੋਂ ਇਨਕਾਰ ਕਰ ਦਿੱਤਾ। ਸਰਕਾਰ ਦੀ ਦਮਨਕਾਰੀ ਨੀਤੀ ਦੇ ਬਾਵਜੂਦ ਕਈ ਥਾਵਾਂ ’ਤੇ ਸਰਕਾਰੀ ਜਾਇਦਾਦ ਦਾ ਭਾਰੀ ਨੁਕਸਾਨ ਕਰ ਦਿੱਤਾ ਗਿਆ। ਕਈ ਅੰਗਰੇਜ਼ਾਂ ਦੀ ਕੁੱਟਮਾਰ ਕਰ ਕੇ ਉਨ੍ਹਾਂ ਦੇ ਮੂੰਹ ਕਾਲੇ ਕਰ ਦਿੱਤੇ ਗਏ।

ਗਵਰਨਰ ਇੱਬਟਸਨ ਨੇ ਇਸ ਨੂੰ ‘ਛੋਟਾ 1857’ ਕਹਿ ਕੇ ਵਾਇਸਰਾਏ ਹਾਰਡਿੰਗ ਨੂੰ ਫ਼ੌਜ ਵਿਚ ਬਗ਼ਾਵਤ ਹੋਣ ਦੇ ਗੰਭੀਰ ਖ਼ਤਰੇ ਬਾਰੇ ਤਾਰ ਭੇਜ ਦਿੱਤੀ। ਸਾਰੇ ਕ੍ਰਾਂਤੀਕਾਰੀ ਪ੍ਰਕਾਸ਼ਨਾਂ ’ਤੇ ਪਾਬੰਦੀ ਲਾ ਦਿੱਤੀ ਗਈ। ਅਜੀਤ ਸਿੰਘ ਨੇ ਮਾਰਚ ਅਤੇ ਅਪ੍ਰੈਲ ’ਚ 28 ਥਾਵਾਂ ’ਤੇ ਸਮਾਗਮ ਕਰ ਕੇ ਬਗ਼ਾਵਤ ਦਾ ਬਿਗਲ ਵਜਾ ਦਿੱਤਾ। ਸਰਕਾਰ ਨੇ 4 ਮਈ 1907 ਨੂੰ ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ ਦੇ ਗ੍ਰਿਫ਼ਤਾਰੀ ਵਾਰੰਟ ਕੱਢ ਦਿੱਤੇ। ਕਿਸ਼ਨ ਸਿੰਘ ਅਤੇ ਸਵਰਨ ਸਿੰਘ ਸਮੇਤ ਛੇ ਸਿਰਕੱਢ ਆਗੂ ਗਿ੍ਫ਼ਤਾਰ ਕਰ ਲਏ ਗਏ। ਅਜੀਤ ਸਿੰਘ ਅਤੇ ਲਾਲਾ ਜੀ ਨੂੰ ਬਰਮਾ ਦੀ ਮਾਂਡਲੇ ਜੇਲ੍ਹ ਭੇਜ ਦਿੱਤਾ ਗਿਆ।

ਕਾਂਗਰਸ ਨੇ ਕਾਫ਼ੀ ਦਸਤਖ਼ਤਾਂ ਵਾਲੀ ਅਪੀਲ ਕਰ ਕੇ ਗੋਪਾਲ ਕਿ੍ਰਸ਼ਨ ਗੋਖਲੇ ਰਾਹੀਂ ਸਿਰਫ਼ ਲਾਲਾ ਜੀ ਨੂੰ ਰਿਹਾਅ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇਹ ਅੰਦੋਲਨ ਫ਼ੌਜ ’ਚ ਫ਼ੈਲ ਚੁੱਕਾ ਸੀ ਅਤੇ ਸਰਕਾਰ ਨੂੰ ਨਵੇਂ ਕਾਨੂੰਨ ਰੱਦ ਕਰਨੇ ਪਏ ਅਤੇ ਦੋਹਾਂ ਨੇਤਾਵਾਂ ਨੂੰ 7 ਨਵੰਬਰ 1907 ਨੂੰ ਰਿਹਾਅ ਕਰ ਦਿੱਤਾ ਗਿਆ। ਉਸ ਸਾਲ ਸੂਰਤ ਵਿਖੇ ਹੋਏ ਕਾਂਗਰਸ ਦੇ ਸੈਸ਼ਨ ’ਚ ਅਜੀਤ ਸਿੰਘ ਵੀ ਸ਼ਾਮਲ ਹੋਏ ਤੇ ਹਥਿਆਰਬੰਦ ਅੰਦੋਲਨ ਦੀ ਵਕਾਲਤ ਕੀਤੀ। ਪੰਜਾਬ ਵਾਪਸ ਆ ਕੇ ਉਹ ਫਿਰ ‘ਭਾਰਤ ਮਾਤਾ ਸੁਸਾਇਟੀ’ ਦਾ ਕੰਮ ਕਰਨ ਲੱਗੇ।

ਉਹ ਆਪਣੇ ਉਰਦੂ ਅਖ਼ਬਾਰ ‘ਪੇਸ਼ਵਾ’ ਵਿਚ ਹਥਿਆਰਬੰਦ ਬਗ਼ਾਵਤ ਦੀ ਲੋੜ ਬਾਰੇ ਲਿਖਣ ਲੱਗੇ। ਸਰਕਾਰ ਨੇ ਉਨ੍ਹਾਂ ਦੇ ਫਿਰ ਗਿ੍ਰਫ਼ਤਾਰੀ ਦੇ ਵਾਰੰਟ ਕੱਢ ਦਿੱਤੇ।

ਉਨ੍ਹਾਂ ਦੀ ਜਾਨ ਨੂੰ ਖ਼ਤਰੇ ਦੀ ਸੂਹ ਮਿਲਣ ’ਤੇ 1908 ਦੇ ਅੰਤ ’ਚ ਉਹ ਕਰਾਚੀ ਤੋਂ ਇਕ ਕਿਸ਼ਤੀ ’ਤੇ ਚੜ੍ਹ ਕੇ ਈਰਾਨ ਪਹੁੰਚ ਗਏ ਅਤੇ ਆਪਣਾ ਨਾਮ ਮਿਰਜ਼ਾ ਹਸਨ ਖ਼ਾਨ ਰੱਖ ਲਿਆ। ਉਸ ਵੇਲੇ ਪਾਸਪੋਰਟ ਦੀ ਬਹੁਤੀ ਲੋੜ ਨਹੀਂ ਹੁੰਦੀ ਸੀ। ਉੱਥੋਂ ਬਾਕ ੂ(ਰੂਸ), ਤੁਰਕੀ ਤੇ ਜਰਮਨੀ ਹੁੰਦੇ ਹੋਏ ਫਰਾਂਸ ’ਚ ਪੈਰਿਸ ਪਹੁੰਚ ਗਏ। ਉੱਥੇ ਉਨ੍ਹਾਂ ਨੇ ‘ਭਾਰਤੀ ਕ੍ਰਾਂਤੀਕਾਰੀ ਸੰਘ’ਦੀ ਸਥਾਪਨਾ ਕੀਤੀ ਤੇ ਯੂਰਪ ’ਚ ਭਾਰਤ ਦੀ ਆਜ਼ਾਦੀ ਲਈ ਲੜ ਰਹੇ ਮਨੁੱਖਾਂ ਤੇ ਸੰਸਥਾਵਾਂ ਨਾਲ ਸੰਪਰਕ ਬਣਾਇਆ।

ਸੰਨ 1913 ’ਚ ਉਹ ਸਵਿਟਜ਼ਰਲੈਂਡ ਚਲੇ ਗਏ ਅਤੇ ‘ਕੌਮਾਂਤਰੀ ਕ੍ਰਾਂਤੀਕਾਰੀ ਸੰਗਠਨ’ ’ਚ ਸ਼ਾਮਲ ਹੋ ਗਏ। ਫਿਰ ਜਰਮਨੀ ਚਲੇ ਗਏ। ਯੂਰਪ ਵਿਚ ਉਹ ਲੈਨਿਨ, ਟਰਾਟਸਕੀ ਅਤੇ ਮਸੋਲੀਨੀ ਨੂੰ ਮਿਲੇ। ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਣ ਵੇਲੇ ਉਹ ਬ੍ਰਾਜ਼ੀਲ ਚਲੇ ਗਏ ਤੇ ‘ਹਿੰਦੁਸਤਾਨ ਗ਼ਦਰ ਪਾਰਟੀ’ ਨਾਲ ਸਬੰਧ ਬਣਾ ਕੇ ਤੇਜਾ ਸਿੰਘ ਸੁਤੰਤਰ, ਭਾਈ ਰਤਨ ਸਿੰਘ ਤੇ ਬਾਬਾ ਭਗਤ ਸਿੰਘ ਬਿਲਗਾ ਦੇ ਸੰਪਰਕ ਵਿਚ ਆਏ। ਉਨ੍ਹਾਂ ਨੇ ਭਗਤ ਸਿੰਘ ਨੂੰ ਵੀ ਉੱਥੇ ਬੁਲਾਇਆ ਸੀ ਪਰ ਭਗਤ ਸਿੰਘ ਨੇ ਉਨ੍ਹਾਂ ਨੂੰ ਕ੍ਰਾਂਤੀਕਾਰੀ ਘੋਲ਼ ’ਚ ਹਿੱਸਾ ਲੈਣ ਲਈ ਭਾਰਤ ਵਾਪਸ ਆ ਜਾਣ ਲਈ ਕਿਹਾ ਸੀ।

ਸੰਨ 1932 ’ਚ ਉਹ ਫਿਰ ਯੂਰਪ ਚਲੇ ਗਏ ਤੇ ਸੁਭਾਸ਼ ਚੰਦਰ ਬੋਸ ਨੂੰ ਮਿਲੇ। ਉਨ੍ਹਾਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਜਰਮਨੀ ਦੀ ਮਦਦ ਲੈਣ ਬਾਰੇ ਵੀ ਸੋਚਿਆ ਸੀ। ਕੁਝ ਦੇਰ ਬਾਅਦ ਨੇਤਾ ਜੀ ਜਾਪਾਨ ਚਲੇ ਗਏ ਅਤੇ ਅਜੀਤ ਸਿੰਘ ਨੇ ਇਟਲੀ ਜਾ ਕੇ ‘ਫ਼ਰੈਂਡਜ਼ ਆਫ ਇੰਡੀਆ’ ਸੁਸਾਇਟੀ’ ਬਣਾ ਲਈ।

ਉਹ ਰੋਮ ਰੇਡੀਓ ਸਟੇਸ਼ਨ ਤੋਂ ਹਿੰਦੁਸਤਾਨੀ ਤੇ ਫ਼ਾਰਸੀ ਭਾਸ਼ਾਵਾਂ ’ਚ ਭਾਸ਼ਣ ਦੇ ਕੇ ਬਰਤਾਨਵੀ ਫ਼ੌਜ ਦੇ ਭਾਰਤੀ ਫ਼ੌਜੀਆਂ ਨੂੰ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕਰਨ ਲਈ ਕਹਿੰਦੇ ਰਹੇ। ਉਨ੍ਹਾਂ ਨੇ ਮੁਹੰਮਦ ਸ਼ੈਦਾਈ ਨਾਲ ਮਿਲ ਕੇ ਇਟਲੀ ਦੁਆਰਾ ਗਿ੍ਰਫ਼ਤਾਰ ਕੀਤੇ ਗਏ 10,000 ਫ਼ੌਜੀਆਂ ਦਾ ਦਲ ਤਿਆਰ ਕੀਤਾ ਜੋ ‘ਆਜ਼ਾਦ ਹਿੰਦ ਫ਼ੌਜ’’ ਦਾ ਹਿੱਸਾ ਬਣਨਾ ਸੀ।

ਉਨ੍ਹਾਂ ਨੇ ਇਟਲੀ ਨਾਲ ਇਹ ਸਮਝੌਤਾ ਕਰ ਲਿਆ ਸੀ ਕਿ ਇਹ ਭਾਰਤੀ ਫ਼ੌਜੀ ਭਾਰਤ ਦੀ ਜ਼ਮੀਨ ’ਤੇ ਹੀ ਲੜਨਗੇ ਤੇ ਉਹ ਵੀ ਸਿਰਫ਼ ਅੰਗਰੇਜ਼ਾਂ ਵਿਰੁੱਧ ਪਰ ਰਣ ਖੇਤਰ ’ਚ ਪਹੁੰਚਣ ਤੋਂ ਪਹਿਲਾਂ ਹੀ ਜੰਗ ਖ਼ਤਮ ਹੋ ਗਈ। ਅਮਰੀਕਾ-ਇੰਗਲੈਂਡ ਆਦਿ ਦੀਆਂ ਜੇਤੂ ਫ਼ੌਜਾਂ ਨੇ ਅਜੀਤ ਸਿੰਘ ਨੂੰ 2 ਮਈ 1945 ਨੂੰ ਗਿ੍ਰਫ਼ਤਾਰ ਕਰ ਲਿਆ। ਦਸੰਬਰ 1946 ਤਕ ਉਨ੍ਹਾਂ ਨੂੰ ਇਟਲੀ ਤੇ ਜਰਮਨੀ ਦੀਆਂ ਜੇਲ੍ਹਾਂ ’ਚ ਤਸੀਹੇ ਦਿੱਤੇ ਗਏ। ਇਧਰ ਭਾਰਤ ’ਚ 2 ਸਤੰਬਰ 1946 ਨੂੰ ਅੰਤਰਿਮ ਸਰਕਾਰ ਬਣ ਗਈ।

ਲੋਕਾਂ ਨੇ ਅਜੀਤ ਸਿੰਘ ਦੀ ਰਿਹਾਈ ਲਈ ਪੰਡਿਤ ਨਹਿਰੂ ’ਤੇ ਦਬਾਅ ਪਾਇਆ। ਇਸ ਤਰ੍ਹਾਂ ਉਨ੍ਹਾਂ ਨੂੰ ਲੰਡਨ ਲਿਆ ਕੇ ਭਾਰਤੀ ਹਾਈ ਕਮਿਸ਼ਨ ਦੇ ਹਵਾਲੇ ਕਰ ਦਿੱਤਾ ਗਿਆ। ਫਿਰਕੂ ਹਿੰਸਾ ਤੇ ਸਿਰ ’ਤੇ ਖਲੋਤੀ ਦੇਸ਼ ਦੀ ਵੰਡ ਨੇ ਉਨ੍ਹਾਂ ਦਾ ਦਿਲ ਤੋੜ ਦਿੱਤਾ। ਸਿਹਤ ਸੁਧਾਰਨ ਲਈ ਉਨ੍ਹਾਂ ਨੂੰ ਡਲਹੌਜ਼ੀ ਲਿਜਾਇਆ ਗਿਆ ਜਿੱਥੇ ਉਹ 15 ਅਗਸਤ 1947 ਨੂੰ ਚਲਾਣਾ ਕਰ ਗਏ।

-ਮੋਬਾਈਲ ਨੰ. : 98149-41214

Posted By: Jagjit Singh