ਇਸ ਵਾਰ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਹਰੇਕ ਕੰਮ 'ਚ ਅੜਿੱਕਾ ਪੈਣਾ ਜਾਰੀ ਹੈ। ਕਾਫੀ ਲੋਕਾਂ ਨੂੰ ਆਪਣੇ ਰੁਜ਼ਗਾਰ ਤੋਂ ਹੱਥ ਧੋਣਾ ਪੈ ਰਿਹਾ ਹੈ। ਕਣਕ ਦੀ ਵਾਢੀ ਤੋਂ ਬਾਅਦ ਝੋਨੇ ਦੀ ਫ਼ਸਲ ਦਸ ਜੂਨ ਤੋਂ ਲੱਗਣੀ ਸ਼ੁਰੂ ਹੋ ਜਾਂਦੀ ਹੈ। ਇਸ ਕੰਮ ਲਈ ਕਾਫੀ ਸਾਲਾਂ ਤੋਂ ਪੰਜਾਬ ਵਿਚ ਬਿਹਾਰ ਤੇ ਯੂਪੀ ਤੋਂ ਝੋਨਾ ਲਾਉਣ ਵਾਲੀ ਲੇਬਰ ਆਉਂਦੀ ਹੈ। ਭਾਵੇਂ ਕਣਕ ਲਈ ਵੀ ਇਹ ਲੇਬਰ ਆਉਂਦੀ ਹੈ ਪਰ ਇਸ ਵਾਰ ਮੰਡੀਆਂ 'ਚ ਸਮਾਜਿਕ ਦੂਰੀ ਬਣਾਈ ਰੱਖਣ ਕਰਨ ਬਾਹਰਲੀ ਲੇਬਰ ਨਹੀਂ ਆਈ। ਫਿਰ ਵੀ ਮੰਡੀਆਂ ਵਿਚ ਲੇਬਰ ਦੀ ਬਹੁਤੀ ਘਾਟ ਨਹੀਂ ਆਈ। ਝੋਨਾ ਜ਼ਿਆਦਾਤਰ ਖੇਤਰਾਂ ਵਿਚ ਬਿਹਾਰ ਤੋਂ ਆਉਂਦੀ ਲੇਬਰ ਦੁਆਰਾ ਹੀ ਲਗਾਇਆ ਜਾਂਦਾ ਹੈ। ਕੋਰੋਨਾ ਕਾਰਨ ਹੁਣ ਹੋਰ ਸੂਬਿਆਂ ਤੋਂ ਲੇਬਰ ਪੰਜਾਬ ਆਉਣ ਦੀ ਸੰਭਾਵਨਾ ਨਹੀਂ ਲੱਗਦੀ। ਇਸ ਲਈ ਕਿਸਾਨਾਂ ਨੇ ਲੇਬਰ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕਰ ਦਿੱਤੀ ਹੈ। ਪਾਣੀ ਦੇ ਡਿੱਗਦੇ ਪੱਧਰ ਨੂੰ ਦੇਖਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਕਈ ਸਾਲਾਂ ਤੋਂ ਇਸ ਸਿੱਧੀ ਬਿਜਾਈ ਦੀ ਤਕਨੀਕ ਨੂੰ ਤਰਜੀਹ ਦੇ ਰਹੇ ਸਨ ਪਰ ਇਸ ਦਾ ਬਹੁਤਾ ਅਸਰ ਨਹੀਂ ਸੀ ਹੋ ਰਿਹਾ ਕਿਉਂਕਿ ਲੇਬਰ ਮਿਲਣ ਕਾਰਨ ਪੁਰਾਣਾ ਢੰਗ ਹੀ ਚੱਲ ਰਿਹਾ ਸੀ। ਕੋਰੋਨਾ ਨੇ ਜਿੱਥੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਉੱਥੇ ਹੀ ਇਸ ਦੇ ਕੁਝ ਫ਼ਾਇਦੇ ਵੀ ਸ਼ੁਰੂ ਹੋ ਗਏ ਹਨ। ਇਸ ਤਰ੍ਹਾਂ ਬਿਜਾਈ ਨਾਲ ਪਾਣੀ ਦੀ ਖ਼ਪਤ ਘਟੇਗੀ। ਇਸ ਤਕਨੀਕ ਨਾਲ ਜਿੱਥੇ ਪਾਣੀ ਦੀ ਬੱਚਤ ਹੋਵੇਗੀ ਉੱਥੇ ਹੀ ਲੇਬਰ ਅਤੇ ਖ਼ਰਚੇ ਵੀ ਘਟਣਗੇ। ਜ਼ਿਆਦਾਤਰ ਵੱਡੇ ਕਿਸਾਨ ਆਪਣੇ ਕਾਫੀ ਰਕਬੇ ਵਿਚ ਇਸ ਤਰ੍ਹਾਂ ਦੀ ਬਿਜਾਈ ਕਰ ਰਹੇ ਹਨ ਜੋ ਕਿ ਸ਼ਲਾਘਾਯੋਗ ਕਦਮ ਹੈ। ਜੋ ਇਹ ਕੰਮ ਯੂਨੀਵਰਸਿਟੀ ਦਸ ਸਾਲਾਂ ਵਿਚ ਨਹੀਂ ਕਰ ਸਕੀ ਕੋਰੋਨਾ ਵਾਇਰਸ ਨੇ ਦੋ ਮਹੀਨੇ 'ਚ ਹੀ ਕਰ ਦਿੱਤਾ ਹੈ। ਕੁਦਰਤ ਦੇ ਰੰਗ ਨੇ। ਪਰਮਾਤਮਾ ਜੋ ਕੁਝ ਕਰਦਾ ਹੈ, ਚੰਗੇ ਲਈ ਹੀ ਕਰਦਾ ਹੈ ਕਿਉਂਕਿ ਪੰਜਾਬ ਦਾ ਪਾਣੀ ਮੁੱਕਣ ਕਿਨਾਰੇ ਸੀ। ਜੇ ਇਹ ਬਿਜਾਈ ਕਾਮਯਾਬ ਹੋ ਜਾਂਦੀ ਹੈ ਤਾਂ ਕਾਫੀ ਰਾਹਤ ਮਿਲਣ ਦੀ ਸੰਭਾਵਨਾ ਹੈ। ਇਸ ਲਈ ਇਸ ਵਾਰ ਇਸ ਤਕਨੀਕ ਰਾਹੀਂ ਬਹੁਤ ਬਿਜਾਈ ਹੋਵੇਗੀ ਪਰ ਇਸ ਨੂੰ ਸੰਭਾਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜੇ ਇਸ ਨੂੰ ਨਾ ਸੰਭਾਲਿਆ ਗਿਆ ਤਾਂ ਇਹ ਤਕਨੀਕ ਅਸਫਲ ਹੋ ਜਾਵੇਗੀ। ਮੇਰੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਉਹ ਆਪਣੇ ਖੇਤੀਬਾੜੀ ਵਿਭਾਗ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਨੂੰ ਪਿੰਡਾਂ ਵਿਚ ਭੇਜੇ ਤਾਂ ਜੋ ਉਹ ਇਸ ਤਕਨੀਕ ਨੂੰ ਕਾਮਯਾਬ ਬਣਾਉਣ ਲਈ ਪੂਰੀ ਵਾਹ ਲਾਉਣ। ਉਹ ਕਿਸਾਨਾਂ ਨੂੰ ਪੂਰੀ ਜਾਣਕਾਰੀ ਦੇਣ ਕਿਉਂਕਿ ਇਸ ਫ਼ਸਲ ਨੂੰ ਬੀਜਣ ਤੋਂ ਲੈ ਕੇ ਦੋ ਮਹੀਨੇ ਤਕ ਪੂਰੀ ਸਾਂਭ-ਸੰਭਾਲ ਦੀ ਲੋੜ ਹੁੰਦੀ ਹੈ। ਜੇਕਰ ਇਸ ਵਾਰ ਧਿਆਨ ਨਾ ਦਿੱਤਾ ਗਿਆ ਤਾਂ ਫਿਰ ਲੋਕਾਂ ਨੇ ਮੁੜ ਇਸ ਤਕਨੀਕ ਨੂੰ ਨਹੀਂ ਅਪਨਾਉਣਾ। ਪੰਜਾਬ ਸਰਕਾਰ ਨੂੰ ਚਾਹੀਦੈ ਕਿ ਝੋਨਾ ਬੀਜਣ ਵਾਲੀਆਂ ਮਸ਼ੀਨਾਂ 'ਤੇ 80 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਵੇ।

-ਅਰਵਿੰਦਰ ਸਿੰਘ ਚਹਿਲ

Posted By: Jagjit Singh