-ਜਤਿੰਦਰ ਪੰਮੀ

ਅੱਸੀਵਿਆਂ ਦੀ ਸ਼ੁਰੂਆਤ ’ਚ ਮੈਂ ਆਪਣੇ ਜੱਦੀ ਪਿੰਡ ਭਾਵੜਾ ਤੋਂ 2 ਕੁ ਕਿਲੋਮੀਟਰ ਦੀ ਦੂਰੀ ’ਤੇ ਪੈਂਦੇ ਚੌਧਰੀ ਰਾਮ ਸਿੰਘ ਦੱਤ ਸਰਕਾਰੀ ਹਾਈ ਸਕੂਲ ਸਾਹੋਵਾਲ (ਜ਼ਿਲ੍ਹਾ ਗੁਰਦਾਸਪੁਰ) ’ਚ ਪੜ੍ਹਦਾ ਸੀ। ਉਸ ਵੇਲੇ ਸਾਡੇ ਸਕੂਲ ’ਚ ਪੰਜਾਬੀ ਵਿਸ਼ੇ ਦੇ ਅਧਿਆਪਕ ਮੇਹਰ ਚੰਦ ਹੁੰਦੇ ਸਨ ਜੋ ਕਿ ਸਾਹੋਵਾਲ ਦੇ ਹੀ ਰਹਿਣ ਵਾਲੇ ਸਨ। ਬਹੁਤ ਹੀ ਗੁਣਵਾਨ ਤੇ ਸੂਝਵਾਨ ਸ਼ਖ਼ਸੀਅਤ ਦੇ ਮਾਲਕ ਮਾਸਟਰ ਜੀ ਨੂੰ ਸਾਰੇ ਗਿਆਨੀ ਜੀ ਕਹਿੰਦੇ ਸਨ। ਪਤਲੇ ਸਰੀਰ ਵਾਲੇ ਮਾਸਟਰ ਮੇਹਰ ਚੰਦ ਜੀ ਹੱਸਮੁੱਖ ਸੁਭਾਅ ਦੇ ਮਾਲਕ ਸਨ ਪਰ ਪੜ੍ਹਾਈ ਦੇ ਮਾਮਲੇ ’ਚ ਉਹ ਕਿਸੇ ਦਾ ਲਿਹਾਜ਼ ਨਹੀਂ ਕਰਦੇ ਸਨ। ਵਿਦਿਆਰਥੀ ਉਨ੍ਹਾਂ ਨੂੰ ‘ਮਾਣ੍ਹੀ ਮਾਸਟਰ’ ਕਹਿੰਦੇ ਸਨ। ਜਦੋਂ ਉਨ੍ਹਾਂ ਦਾ ਪੀਰੀਅਡ ਹੁੰਦਾ ਤਾਂ ਉਹ ਪਿਛਲੇ ਦਿਨ ਘਰੋਂ ਕਰਕੇ ਲਿਆਉਣ ਲਈ ਦਿੱਤਾ ਗਿਆ ਸਕੂਲ ਦਾ ਕੰਮ ਦੇਖਣ ਮੌਕੇ ਵਿਦਿਆਰਥੀ ਦਾ ਨਾਂ ਲੈਣ ਦੀ ਥਾਂ ਉਨ੍ਹਾਂ ਦੇ ਮੁਹੱਲੇ ਜਾਂ ਪਿੰਡ ਦਾ ਨਾਂ ਲੈ ਕੇ ਬੁਲਾਉਂਦੇ ਸਨ।

ਵਿਦਿਆਰਥੀਆਂ ਦੇ ਨਾਵਾਂ ਤੋਂ ਇਲਾਵਾ ਉਹ ਉਨ੍ਹਾਂ ਦੇ ਮਾਪਿਆਂ ਤੇ ਪਿੰਡਾਂ ਬਾਰੇ ਵੀ ਚੰਗੀ ਤਰ੍ਹਾਂ ਜਾਣਕਾਰੀ ਰੱਖਦੇ ਸਨ। ਜਿਹੜੇ ਵਿਦਿਆਰਥੀ ਸਕੂਲ ਦਾ ਕੰਮ ਕਰ ਕੇ ਨਹੀਂ ਆਉਂਦੇ ਸਨ, ਉਨ੍ਹਾਂ ਨੂੰ ਕੰਮ ਜਾਂ ਪੜ੍ਹਾਈ ਨਾ ਕਰਨ ਕਰਕੇ ਡਾਂਟਣ ਲਈ ਉਨ੍ਹਾਂ ਦਾ ਆਪਣਾ ਵੱਖਰਾ ਅੰਦਾਜ਼ ਹੁੰਦਾ ਸੀ। ਜਦੋਂ ਕੋਈ ਵਿਦਿਆਰਥੀ ਘਰੋਂ ਸਕੂਲ ਦਾ ਕੰਮ ਕਰ ਕੇ ਨਹੀਂ ਆਉਂਦਾ ਸੀ ਜਾਂ ਜਮਾਤ ’ਚ ਪਾਠ ਪੜ੍ਹਨ ਵੇਲੇ ਸਹੀ ਨਹੀਂ ਪੜ੍ਹਦਾ ਸੀ ਤਾਂ ਮਾਸਟਰ ਜੀ ਉਸ ਨੂੰ ਕੋਲ ਬੁਲਾ ਲੈਂਦੇ। ਸਜ਼ਾ ਦੇ ਤੌਰ ’ਤੇ ਚਪੇੜਾਂ ਵੀ ਜੜ ਦਿੰਦੇ ਸਨ। ਨਾਲ ਹੀ ਮਜ਼ਾਕੀਆ ਲਹਿਜ਼ੇ ’ਚ ਗੱਲਬਾਤ ਕਰਦੇ ਰਹਿੰਦੇ ਜਿਸ ਕਾਰਨ ਵਿਦਿਆਰਥੀਆਂ ਨੂੰ ਉਨ੍ਹਾਂ ਵੱਲੋਂ ਦਿੱਤੀ ਗਈ ਸਜ਼ਾ ਭੁੱਲ ਜਾਂਦੀ ਅਤੇ ਉਹ ਅੱਗੇ ਤੋਂ ਪੜ੍ਹਾਈ ਵੱਲ ਧਿਆਨ ਦੇਣ ਲੱਗ ਪੈਂਦੇ। ਸਜ਼ਾ ਦੇਣ ਵੇਲੇ ਉਹ ਆਪਣੇ ਪਤਲੇ ਜਿਹੇ ਇਕ ਹੱਥ ਨਾਲ ਵਿਦਿਆਰਥੀ ਦਾ ਮੂੰਹ ਫੜ ਕੇ ਦੂਜੇ ਹੱਥ ਨਾਲ ਚਪੇੜ ਮਾਰਦੇ ਤਾਂ ਵਿਦਿਆਰਥੀ ਦੀ ਗੱਲ੍ਹ ’ਤੇ ਉਂਗਲਾਂ ਦੇ ਨਿਸ਼ਾਨ ਪੈ ਜਾਂਦੇ। ਜਦੋਂ ਉਹ ਕਿਸੇ ਵੀ ਵਿਦਿਆਰਥੀ ਨੂੰ ਪਹਿਲੀ ਚਪੇੜ ਮਾਰਦੇ ਤਾਂ ਕਹਿੰਦੇ ‘ਆਹ ਲੈ ਚੌਲ’। ਦੂਜੀ ਵੇਲੇ ਆਖਦੇ ‘ਆਹ ਲੈ ਦਾਲ’ ਅਤੇ ਤੀਜੀ ਵੇਲੇ ਕਹਿੰਦੇ ‘ਤੇਰੀ ਚੌਲ ਅਤੇ ਦਾਲ ਖਾਣ ਵਾਲੀ ਗੱਲ੍ਹ ਨੂੰ ਹੁਣ ਮਾਣ੍ਹੀ ਦੀ ਵੀ ਲੋੜ ਹੈ’। ਆਪਣੇ ਇਸ ਤਰ੍ਹਾਂ ਦੇ ਮਜ਼ਾਕੀਆ ਲਹਿਜ਼ੇ ਨਾਲ ਉਹ ਜਿੱਥੇ ਪੜ੍ਹਾਈ ਨਾ ਕਰਨ ਦੀ ਸਜ਼ਾ ਦਿੰਦੇ, ਉੱਥੇ ਹੀ ਜਮਾਤ ’ਚ ਬੈਠੇ ਵਿਦਿਆਰਥੀਆਂ ਨੂੰ ਇਹ ਵੀ ਮਹਿਸੂਸ ਨਾ ਹੋਣ ਦਿੰਦੇ ਕਿ ਉਨ੍ਹਾਂ ਨਾਲ ਸਖ਼ਤੀ ਵਰਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਦੋਂ ਕੋਈ ਵਿਦਿਆਰਥੀ ਕਿਸੇ ਹੋਰ ਵਿਦਿਆਰਥੀ ਦੀ ਕਾਪੀ ਵੇਖ ਕੇ ਘਰ ਦਾ ਕੰਮ ਕਰ ਲੈਂਦਾ ਸੀ ਤਾਂ ਉਹ ਅਕਸਰ ਇਹ ਕਹਿੰਦੇ ਸਨ ‘ਬਾਬਾ ’ਟੱਲ ਪੱਕੀਆਂ ਪਕਾਈਆਂ ਘੱਲ’ ਪਰ ਨਾਲ ਹੀ ਉਸ ਦੇ ਨਕਲ ਮਾਰ ਕੇ ਕੀਤੇ ਕੰਮ ’ਤੇ ਪੈੱਨ ਨਾਲ ਕਾਟੇ ਮਾਰ ਦਿੰਦੇ। ਨਾਲ ਹੀ ਇਹ ਵੀ ਕਹਿ ਦਿੰਦੇ ‘ਬਾਬਾ ਲੋਹਗੜ੍ਹ ਪੱਕੀਆਂ-ਪਕਾਈਆਂ ਵੀ ਖੋਹ ਖੜ੍ਹ।’

ਉਦੋਂ ਸਾਨੂੰ ਇਹ ਗੱਲਾਂ ਸਿਰਫ਼ ਮਜ਼ਾਕ ਮਾਤਰ ਹੀ ਲੱਗਦੀਆਂ ਸਨ ਪਰ ਜਦੋਂ ਜ਼ਿੰਦਗੀ ਦੇ ਸਫ਼ਰ ’ਤੇ ਅੱਗੇ ਵਧੇ ਤਾਂ ਉਨ੍ਹਾਂ ਵਿਚਲੀ ਸੱਚਾਈ ਦਾ ਗਿਆਨ ਹੋਣਾ ਸ਼ੁਰੂ ਹੋ ਗਿਆ। ਹੁਣ ਲੱਗਦਾ ਹੈ ਕਿ ਸਾਡੇ ‘ਮਾਣ੍ਹੀ ਮਾਸਟਰ’ ਸਾਨੂੰ ਜ਼ਿੰਦਗੀ ’ਚ ਪੜ੍ਹਾਈ ਦੀ ਕਿੰਨੀ ਅਹਿਮੀਅਤ ਹੈ, ਉਸ ਦਾ ਪਾਠ ਵੀ ਪੜ੍ਹਾਉਂਦੇ ਹੁੰਦੇ ਸਨ। ਜਿਹੜੇ ਵਿਦਿਆਰਥੀ ਉਨ੍ਹਾਂ ਦੀ ਕੁੱਟ ਨੂੰ ਸਬਕ ਸਮਝ ਕੇ ਅੱਗੇ ਵਧੇ, ਉਹ ਜ਼ਿੰਦਗੀ ’ਚ ਵਾਕਿਆ ਹੀ ਕਿਸੇ ਮੁਕਾਮ ’ਤੇ ਪੁੱਜ ਗਏ। ਦੂਜੇ ਬੰਨੇ ਜਿਹੜੇ ‘ਦੋ ਪਈਆਂ ਵਿਸਰ ਗਈਆਂ’ ਵਾਲੀ ਕਹਾਵਤ ਮੁਤਾਬਕ ਅਗਲੇ ਪਲ ਹੀ ਉਨ੍ਹਾਂ ਦੀ ਸਜ਼ਾ ਭੁੱਲ ਜਾਂਦੇ ਸਨ, ਉਨ੍ਹਾਂ ਨੂੰ ਪਿੰਡ ’ਚ ਛੋਟੇ-ਮੋਟੇ ਕੰਮ ਕਰਦਿਆਂ ਦੇਖ ਕੇ ਮੈਨੂੰ ਆਪਣੇ ‘ਮਾਣ੍ਹੀ ਮਾਸਟਰ’ ਕੋਲੋਂ ਇਕ-ਦੋ ਵਾਰ ਚਪੇੜਾਂ ਰੂਪੀ ਪੀਤੇ ‘ਮਾਣ੍ਹੀ’ ਦਾ ਸੁਆਦ ਜ਼ਰੂਰ ਆਉਣ ਲੱਗਦਾ ਹੈ। ਮਾਸਟਰ ਜੀ ਪੰਜ ਭਾਸ਼ਾਵਾਂ ਦੇ ਗਿਆਤਾ ਸਨ। ਉਹ ਪੰਜਾਬੀ, ਅੰਗਰੇਜ਼ੀ, ਉਰਦੂ, ਸੰਸਕ੍ਰਿਤ ਅਤੇ ਫਾਰਸੀ ਵੀ ਜਾਣਦੇ ਸਨ। ਉਨ੍ਹਾਂ ਦਾ ਆਸ-ਪਾਸ ਦੇ ਪਿੰਡਾਂ ’ਚ ਲੋਕਾਂ ਵੱਲੋਂ ਬਹੁਤ ਮਾਣ-ਸਤਿਕਾਰ ਕੀਤਾ ਜਾਂਦਾ ਸੀ। ਉਹ ਆਪ ਵੀ ਸਾਧਾਰਨ ਪਰਿਵਾਰ ’ਚੋਂ ਸਨ ਅਤੇ ਸਖ਼ਤ ਮਿਹਨਤ ਕਰ ਕੇ ਇਸ ਰੁਤਬੇ ਤਕ ਪੁੱਜੇ ਸਨ। ਮਾਸਟਰ ਜੀ ਆਪਣੇ ਵੇਲੇ ਦੇ ਸਾਡੇ ਇਲਾਕੇ ਦੇ ਵਧੀਆ ਪੋਸਟ ਮਾਸਟਰ ਵੀ ਸਨ। ਹੋਰਨਾਂ 7-8 ਪਿੰਡਾਂ ਤੋਂ ਇਲਾਵਾ ਸਾਡੇ ਪਿੰਡ ਨੂੰ ਵੀ ਡਾਕਖਾਨਾ ਸਾਹੋਵਾਲ ਲੱਗਦਾ ਹੈ ਅਤੇ ਇਹ ਡਾਕਖਾਨਾ ਸਾਡੇ ਸਕੂਲ ਦੇ ਅੰਦਰ ਹੀ ਚੱਲਦਾ ਸੀ।

ਮਾਸਟਰ ਮੇਹਰ ਚੰਦ ਜੀ ਇਹ ਡਾਕਖਾਨਾ ਸਕੂਲੋਂ ਅਤੇ ਘਰੋਂ, ਦੋਵਾਂ ਥਾਵਾਂ ਤੋਂ ਹੀ ਚਲਾਉਂਦੇ ਸਨ। ਜਦੋਂ ਸਕੂਲ ਵਿਚ ਛੁੱਟੀ ਹੋ ਜਾਂਦੀ ਤਾਂ ਸਾਰੇ ਅਧਿਆਪਕ ਅਤੇ ਵਿਦਿਆਰਥੀ ਛੇਤੀ-ਛੇਤੀ ਆਪਣੇ ਘਰਾਂ ਨੂੰ ਚਲੇ ਜਾਂਦੇ ਪਰ ਮਾਸਟਰ ਜੀ ਸ਼ਹਿਰ ਦੇ ਡਾਕਖਾਨੇ ਤੋਂ ਆਈ ਡਾਕ ਛਾਂਟਦੇ। ਚਿੱਠੀਆਂ ਉੱਪਰ ਮੋਹਰਾਂ ਲਾ ਕੇ ਡਾਕੀਏ ਨੂੰ ਦਿੰਦੇ ਜੋ ਪਿੰਡਾਂ ’ਚ ਜਾ ਕੇ ਚਿੱਠੀਆਂ ਵੰਡਦਾ ਸੀ। ਇਸੇ ਤਰ੍ਹਾਂ ਪੋਸਟ-ਬਾਕਸ ’ਚ ਲੋਕਾਂ ਵੱਲੋਂ ਪਾਈਆਂ ਗਈਆਂ ਚਿੱਠੀਆਂ ਕੱਢ ਕੇ ਉਨ੍ਹਾਂ ਨੂੰ ਮੋਹਰਾਂ ਲਾ ਕੇ ਵੱਡੇ ਡਾਕਖਾਨੇ ਭੇਜ ਦਿੰਦੇ। ਮਾਸਟਰ ਜੀ ਸਕੂਲ ਤੋਂ ਇਲਾਵਾ ਘਰ ਵਿਚ ਡਾਕਘਰ ਦਾ ਕੰਮ ਚਲਾਉਂਦੇ ਸਨ ਅਤੇ ਕਈ ਲੋਕ ਤਾਂ ਆਪਣੇ ਮਨੀਆਰਡਰ ਜਾਂ ਬੁਢਾਪਾ ਪੈਨਸ਼ਨ ਦੀ ਰਾਸ਼ੀ ਉਨ੍ਹਾਂ ਦੇ ਘਰੋਂ ਹੀ ਲੈ ਜਾਂਦੇ ਸਨ। ਉਹ ਆਪਣੇ ਪਿੰਡ ’ਚ ਸਾਂਝੀਵਾਲਤਾ ਦੇ ਪ੍ਰਤੀਕ ਸਨ। ਉਹ ਸਵੇਰੇ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਿਆ ਕਰਦੇ ਸਨ ਅਤੇ ਸ਼ਾਮ ਵੇਲੇ ਪਿੰਡ ਦੇ ਮੰਦਰ ’ਚ ਜਾ ਕੇ ਰਾਮਾਇਣ ਪੜਿ੍ਹਆ ਕਰਦੇ ਸਨ। ਬੇਸ਼ੱਕ ਉਹ ਫ਼ਾਨੀ ਸੰਸਾਰ ਤੋਂ ਜਾ ਚੁੱਕੇ ਹਨ ਪਰ ਜਿੰਨੀ ਦੇਰ ਤਕ ਉਨ੍ਹਾਂ ਵੱਲੋਂ ‘ਮਾਣ੍ਹੀ’ ਪਿਆ ਕੇ ਚੰਡੇ ਵਿਦਿਆਰਥੀ ਹਨ, ਉਨ੍ਹਾਂ ਦੀਆਂ ਯਾਦਾਂ ਹਮੇਸ਼ਾ ਜਿਊਂਦੀਆਂ ਰਹਿਣਗੀਆਂ।

-ਮੋਬਾਈਲ ਨੰ. : 97818-00213

Posted By: Susheel Khanna