ਪਿਛਲੇ ਕਈ ਦਿਨਾਂ ਤੋਂ ਕੋਰੋਨਾ ਵਾਇਰਸ ਨੇ ਜਿੱਥੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ ਓਥੇ ਹੀ ਇਸ ਕਾਰਨ ਹਜ਼ਾਰਾਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਅਤੇ ਅਣਗਿਣਤ ਪੀੜਤ ਜ਼ਿੰਦਗੀ ਤੇ ਮੌਤ ਵਿਚਾਲੇ ਜੰਗ ਲੜ ਰਹੇ ਹਨ। ਸਮੁੱਚਾ ਭਾਰਤ ਇਸ ਤੋਂ ਬਚਾਅ ਲਈ ਜੱਦੋਜਹਿਦ ਕਰ ਰਿਹਾ ਹੈ। ਸਾਰੇ ਡਾਕਟਰ, ਪੁਲਿਸ ਅਤੇ ਹੋਰ ਸਮਾਜ ਸੇਵੀ ਜੱਥੇਬੰਦੀਆਂ ਇਸ ਸਮੇਂ ਲੋਕਾਂ ਦੀ ਸੇਵਾ ਵਿਚ ਲੱਗੀਆਂ ਹੋਈਆਂ ਹਨ। ਓਥੇ ਹੀ ਕਈ ਸ਼ਰਾਰਤੀ ਅਨਸਰ ਝੂਠੀਆਂ ਅਫ਼ਵਾਹਾਂ ਫੈਲਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਫੇਸਬੁੱਕ 'ਤੇ ਸਰਗਰਮ ਕਈ ਅਖੌਤੀ ਵਿਦਵਾਨ ਲੋਕਾਂ ਨੂੰ ਮੁਫ਼ਤ ਦੀਆਂ ਸਲਾਹਾਂ ਦੇ ਰਹੇ ਹਨ। ਉਹ ਕੋਰੋਨਾ ਤੋਂ ਇਲਾਜ ਦੇ ਨੁਕਤੇ ਦੱਸ ਰਹੇ ਹਨ ਜਿਨ੍ਹਾਂ ਨੂੰ ਕਈ ਅਨਪੜ੍ਹ ਜਾਂ ਭੋਲੇ-ਭਾਲੇ ਲੋਕ ਸੱਚ ਮੰਨ ਕੇ ਅਜ਼ਮਾਈ ਜਾ ਰਹੇ ਹਨ ਜੋ ਉਨ੍ਹਾਂ ਲਈ ਘਾਤਕ ਵੀ ਸਿੱਧ ਹੋ ਸਕਦੇ ਹਨ। ਮੌਜੂਦਾ ਸਮੇਂ 'ਨੀਮ ਹਕੀਮ ਖ਼ਤਰਾ-ਏ-ਜਾਨ' ਵਾਲੀ ਕਹਾਵਤ ਸੱਚ ਹੋ ਰਹੀ ਹੈ। ਕਈ ਲੋਕ ਸਿਰਫ਼ ਮਸ਼ਹੂਰ ਹੋਣ ਲਈ ਹੀ ਇੰਟਰਨੈਟ 'ਤੇ ਅਫ਼ਵਾਹਾਂ ਫੈਲਾ ਕੇ ਲੋਕਾਂ ਨੂੰ ਮਗਰ ਲਾ ਰਹੇ ਹਨ। ਲੋੜ ਇਸ ਗੱਲ ਦੀ ਹੈ ਕਿ ਇੰਟਰਨੈੱਟ ਦੀ ਸਹੀ ਵਰਤੋਂ ਕਰ ਕੇ ਲੋਕਾਂ ਨੂੰ ਕੋਰੋਨਾ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਇਸ ਮੌਕੇ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਨੂੰ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ। ਇਸ ਭਿਆਨਕ ਬਿਮਾਰੀ ਦਾ ਸਭ ਤੋਂ ਵੱਡਾ ਅਤੇ ਵਧੀਆ ਇਲਾਜ ਬਚਾਅ ਹੀ ਹੈ। ਜਿੰਨਾ ਵੀ ਜਨਤਕ ਥਾਵਾਂ 'ਤੇ ਜਾਣ ਤੋਂ ਬਚਿਆ ਜਾ ਸਕੇ ਓਨਾ ਹੀ ਚੰਗਾ ਹੈ। ਸਾਨੂੰ ਇਸ ਨਾਜ਼ੁਕ ਦੌਰ ਵਿਚ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਇਸ ਨਾਮੁਰਾਦ ਬਿਮਾਰੀ ਨੂੰ ਮਜ਼ਾਕ 'ਚ ਨਾ ਲੈ ਕੇ ਗੰਭੀਰਤਾ ਨਾਲ ਇਸ ਦੀ ਰੋਕਥਾਮ ਬਾਰੇ ਸੋਚਣਾ ਚਾਹੀਦਾ ਹੈ। ਵੱਧ ਆਬਾਦੀ ਅਤੇ ਸਾਡੀਆਂ ਸਿਹਤ ਸਹੂਲਤਾਂ ਨੂੰ ਵੇਖਦੇ ਹੋਏ ਸਾਨੂੰ ਸਭ ਨੂੰ ਹੋਰ ਵੀ ਜ਼ਿਆਦਾ ਚੌਕਸ ਹੋਣ ਦੀ ਲੋੜ ਹੈ ਕਿਉਂਕਿ ਬਾਹਰਲੇ ਮੁਲਕਾਂ ਦੇ ਮੁਕਾਬਲੇ ਸਾਡੇ ਕੋਲ ਸਾਧਨਾਂ ਦੀ ਬਹੁਤ ਘਾਟ ਹੈ। ਜ਼ਿਆਦਾਤਰ ਲੋਕ ਅਨਪੜ੍ਹ ਹੋਣ ਕਾਰਨ ਉਨ੍ਹਾਂ ਨੂੰ ਜਾਗਰੂਕ ਕਰਨ ਵਿਚ ਵੀ ਮੁਸ਼ਕਲ ਆ ਰਹੀ ਹੈ। ਸੋ ਇਸ ਮੌਕੇ ਫੇਸਬੁੱਕ 'ਤੇ ਵਿਦਵਾਨ ਬਣਨ ਦੀ ਬਜਾਏ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਕੋਈ ਵੀ ਇਹੋ ਜਿਹਾ ਮੈਸੇਜ ਜਾਂ ਵੀਡੀਓ ਅੱਗੇ ਫੈਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜੋ ਕੋਰੋਨਾ ਦਾ ਟਾਕਰਾ ਕਰ ਰਹੇ ਡਾਕਟਰਾਂ ਦੇ ਹੌਸਲੇ ਤੋੜਨ ਦਾ ਕੰਮ ਕਰਦਾ ਹੋਵੇ ਜਾਂ ਅੰਧਵਿਸ਼ਵਾਸ ਫੈਲਉਂਦਾ ਹੋਵੇ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਤਾਂਤਰਿਕ ਜਾਂ ਹੋਰ ਕਿਸੇ ਗ਼ਲਤ ਵਿਅਕਤੀ ਮਗਰ ਨਾ ਲੱਗਣ। ਇਸ ਲਈ ਸਾਵਧਾਨ ਰਹੋ, ਸੋਸ਼ਲ ਮੀਡੀਆ 'ਤੇ ਅਫ਼ਵਾਹਾਂ ਫੈਲਾਉਣ ਵਾਲੇ ਲੋਕਾਂ ਦਾ ਸਾਥ ਨਾ ਦਿਓ। ਆਪਣੀ ਸੋਚ ਨੂੰ ਗਰਕਣ ਨਾ ਦਿਓ ਕਿਉਂਕਿ ਕੋਰੋਨਾ ਦਾ ਇਲਾਜ ਤਾਂ ਦੇਰ-ਸਵੇਰ ਲੱਭ ਹੀ ਜਾਵੇਗਾ ਪਰ ਘਟੀਆ ਮਾਨਸਿਕਤਾ ਦਾ ਇਲਾਜ ਨਹੀਂ ਹੋ ਸਕਦਾ।

-ਸਰਬਜੀਤ ਧਨੋਆ, ਭੂੰਦੜੀ। (94631-10010)

Posted By: Rajnish Kaur