-ਰੂਪਾ ਅਰੋੜਾ

ਕਹਿੰਦੇ ਹਨ ਜਦੋਂ ਸਰੀਰ 'ਚੋਂ ਆਤਮਾ ਨਿਕਲ ਜਾਂਦੀ ਹੈ ਅਰਥਾਤ ਮੌਤ ਹੋ ਜਾਂਦੀ ਹੈ ਤਾਂ ਸਾਡਾ ਸਰੀਰ ਕਿਸੇ ਕੰਮ ਦਾ ਨਹੀਂ ਰਹਿੰਦਾ ਪਰ ਜੇ ਕੋਈ ਦੁਨੀਆ ਤੋਂ ਜਾਂਦੇ-ਜਾਂਦੇ ਕਿਸੇ ਨੂੰ ਨਵੀਂ ਜ਼ਿੰਦਗੀ ਦੇ ਜਾਵੇ ਤਾਂ ਸ਼ਾਇਦ ਇਸ ਤੋਂ ਚੰਗੀ ਕੋਈ ਗੱਲ ਹੋ ਹੀ ਨਹੀਂ ਸਕਦੀ। ਅਫ਼ਸੋਸ ਕਿ ਅੰਗਦਾਨ ਅੱਜ ਵੀ ਕੇਵਲ ਭਾਰਤ 'ਚ ਹੀ ਨਹੀਂ ਬਲਕਿ ਪੂਰੀ ਦੁਨੀਆ ਲਈ ਚੁਣੌਤੀ ਬਣਿਆ ਹੋਇਆ ਹੈ। ਭਾਰਤ ਵਰਗੇ ਵੱਡੀ ਆਬਾਦੀ ਵਾਲੇ ਦੇਸ਼ ਵਿਚ ਤਾਂ ਇਸ ਦੀ ਹੋਰ ਵੀ ਜ਼ਿਆਦਾ ਜ਼ਰੂਰਤ ਹੈ।

ਜਾਗਰੂਕਤਾ ਦੀ ਕਮੀ ਕਾਰਨ ਲੋਕ ਅੰਗ-ਦਾਨ ਤੋਂ ਗੁਰੇਜ਼ ਕਰਦੇ ਹਨ। ਅੰਗ-ਦਾਨ ਇਕ ਅਜਿਹੀ ਪ੍ਰਕਿਰਿਆ ਹੈ ਜਿਸ ਵਿਚ ਕਿਸੇ ਵਿਅਕਤੀ ਦੇ ਸਿਹਤਮੰਦ ਅੰਗਾਂ ਅਤੇ ਟਿਸ਼ੂਜ਼ ਨੂੰ ਜ਼ਰੂਰਤਮੰਦਾਂ 'ਚ ਟਰਾਂਸਪਲਾਂਟ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਅੰਗ-ਦਾਨ ਸਹਾਰੇ ਕਿਸੇ ਦੂਜੇ ਵਿਅਕਤੀ ਨੂੰ ਨਵੀਂ ਜ਼ਿੰਦਗੀ ਦੇ ਕੇ ਬਚਾਇਆ ਜਾ ਸਕਦਾ ਹੈ। ਇਕ ਅੰਗਦਾਨੀ ਅੱਠ ਲੋਕਾਂ ਦੀ ਜਾਨ ਬਚਾ ਸਕਦਾ ਹੈ ਅਤੇ 75 ਜ਼ਿੰਦਗੀਆਂ ਸੁਧਾਰ ਸਕਦਾ ਹੈ। ਅੰਗਦਾਨ ਜ਼ਰੀਏ ਗੁਰਦੇ, ਲਿਵਰ, ਦਿਲ, ਫੇਫੜੇ, ਪੈਂਕਰੀਆਜ਼, ਅੱਖਾਂ ਦਾ ਕੋਰਨੀਆ, ਚਮੜੀ ਆਦਿ ਦਾਨ ਕਰ ਕੇ ਜ਼ਰੂਰਤਮੰਦ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਭਾਰਤ ਵਿਚ ਹਰ ਸਾਲ 5 ਲੱਖ ਤੋਂ ਜ਼ਿਆਦਾ ਲੋਕ ਅੰਗਦਾਨ ਦਾ ਇੰਤਜ਼ਾਰ ਕਰਦੇ-ਕਰਦੇ ਦਮ ਤੋੜ ਰਹੇ ਹਨ ਕਿਉਂਕਿ ਅੰਗਾਂ ਦੀ ਮੰਗ ਅਤੇ ਜ਼ਰੂਰਤ ਵਿਚ ਭਾਰੀ ਅੰਤਰ ਹੈ। ਦਸੰਬਰ 2018 ਵਿਚ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਰਾਜ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਇਹ ਕਿਹਾ ਗਿਆ ਕਿ ਭਾਰਤ ਵਿਚ ਲਗਪਗ 2 ਲੱਖ ਗੁਰਦਿਆਂ ਅਤੇ 30 ਹਜ਼ਾਰ ਜਿਗਰਾਂ ਦੀ ਜ਼ਰੂਰਤ ਹੈ ਜਦੋਂਕਿ ਕੇਵਲ 8 ਤੋਂ 10 ਹਜ਼ਾਰ ਗੁਰਦੇ ਅਤੇ ਲਗਪਗ 2000 ਜਿਗਰ ਹੀ ਮਿਲ ਰਹੇ ਹਨ। ਇਸੇ ਤਰ੍ਹਾਂ ਲਗਪਗ 50 ਹਜ਼ਾਰ ਦਿਲ ਅਤੇ 10 ਲੱਖ ਅੱਖਾਂ ਦੇ ਕੋਰਨੀਆ ਦੀ ਜ਼ਰੂਰਤ ਹੈ ਜਦੋਂਕਿ ਔਸਤ 340 ਦਿਲ ਅਤੇ 1 ਲੱਖ ਕੋਰਨੀਆ ਹੀ ਹਰ ਸਾਲ ਮਿਲ ਰਹੇ ਹਨ। ਭਾਰਤ ਵਿਚ ਅੰਗ-ਦਾਨ ਦੀ ਦਰ 0.8 ਪ੍ਰਤੀ 10 ਲੱਖ ਹੈ ਜਦੋਂਕਿ ਸਪੇਨ ਅਤੇ ਅਮਰੀਕਾ ਵਿਚ ਇਹ ਕ੍ਰਮਵਾਰ 36 ਅਤੇ 26 ਫ਼ੀਸਦੀ ਹੈ। ਸਿਹਤ ਮੰਤਰਾਲੇ ਵੱਲੋਂ ਰਾਜ ਸਭਾ ਵਿਚ ਦਿੱਤੀ ਗਈ ਜਾਣਕਾਰੀ ਮੁਤਾਬਕ ਮ੍ਰਿਤਕਾਂ ਦੇ ਸਰੀਰ ਦੇ ਅੰਗਾਂ ਨੂੰ ਨਾ ਪ੍ਰਾਪਤ ਕਰ ਸਕਣ ਦੇ ਮੁੱਖ ਕਾਰਨਾਂ 'ਚ ਅੰਗ-ਦਾਨ ਪ੍ਰਤੀ ਜਾਗਰੂਕਤਾ ਦੀ ਘਾਟ, ਬਰੇਨ ਸਟੈੱਮ ਮੌਤ ਸਬੰਧੀ ਜਾਣਕਾਰੀ ਦੀ ਅਣਹੋਂਦ, ਹਸਪਤਾਲਾਂ ਵੱਲੋਂ ਖ਼ਰਾਬ ਬਰੇਨ ਸਟੈੱਮ ਮੌਤ ਸਰਟੀਫਿਕੇਸ਼ਨ ਅਤੇ ਅੰਗ-ਦਾਨ ਤੇ ਟਿਸ਼ੂ ਸਬੰਧੀ ਕਈ ਰਾਜਾਂ ਵੱਲੋਂ ਕਮਜ਼ੋਰ ਬੁਨਿਆਦੀ ਸੁਵਿਧਾਵਾਂ ਸ਼ਾਮਲ ਹਨ।

ਸਰਕਾਰੀ ਅੰਕੜਿਆਂ ਮੁਤਾਬਕ ਹਰ ਸਾਲ ਲਗਪਗ ਡੇਢ ਲੱਖ ਲੋਕ ਦੁਰਘਟਨਾਵਾਂ ਵਿਚ ਮਾਰੇ ਜਾਂਦੇ ਹਨ। ਇਵੇਂ ਪ੍ਰਤੀ ਵਿਅਕਤੀ ਦੋ ਗੁਰਦਿਆਂ ਦੇ ਲਿਹਾਜ਼ ਨਾਲ ਦੁਰਘਟਨਾਵਾਂ ਵਿਚ ਲਗਪਗ 3 ਲੱਖ ਗੁਰਦੇ ਉਪਲਬਧ ਹੁੰਦੇ ਹਨ ਪਰ ਭਾਰਤ 'ਚ ਕੇਵਲ ਪੰਜ ਹਜ਼ਾਰ ਲੋਕਾਂ ਦੇ ਹੀ ਹਰ ਸਾਲ ਗੁਰਦੇ ਟ੍ਰਾਂਸਪਲਾਂਟ ਹੁੰਦੇ ਹਨ ਅਤੇ ਬਾਕੀ ਸਭ ਅਜਾਈਂ ਚਲੇ ਜਾਂਦੇ ਹਨ। ਇਹ ਸਾਰਾ ਕੁਝ ਲੋਕਾਂ ਵਿਚ ਜਾਗਰੂਕਤਾ ਦੀ ਘਾਟ ਕਾਰਨ ਹੀ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਪਿੰਡਾਂ ਤਕ ਨਹੀਂ ਪਹੁੰਚ ਸਕੀ ਹੈ। ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਸਾਡੇ ਸਮਾਜ ਵਿਚ ਵੱਖ-ਵੱਖ ਕਿਸਮਾਂ ਦੇ ਵਹਿਮ-ਭਰਮ ਜਾਂ ਅੰਧ-ਵਿਸ਼ਵਾਸ ਪ੍ਰਚਲਿਤ ਹਨ ਜਿਵੇਂ ਕਿ ਕੁਝ ਲੋਕ ਸਮਝਦੇ ਹਨ ਕਿ ਅੰਗ-ਦਾਨ ਧਰਮ ਅਤੇ ਕੁਦਰਤ ਦੇ ਖ਼ਿਲਾਫ਼ ਹੈ। ਅਗਲੇ ਜਨਮ ਬਿਨਾਂ ਅੰਗਾਂ ਦੇ ਪੈਦਾ ਹੋਵਾਂਗੇ, ਮਰਨ ਤੋਂ ਬਾਅਦ ਮੁਕਤੀ ਨਹੀਂ ਮਿਲੇਗੀ। ਕਈ ਵਾਰ ਲਾਲਚ ਵਿਚ ਆ ਕੇ ਕੁਝ ਡਾਕਟਰ ਜਾਣਬੁੱਝ ਕੇ ਮਰੀਜ਼ ਨੂੰ ਮਰਿਆ ਹੋਇਆ ਐਲਾਨ ਦਿੰਦੇ ਹਨ ਤੇ ਅੰਗ ਕੱਢ ਲੈਂਦੇ ਹਨ। ਮੌਤ ਤੋਂ ਬਾਅਦ ਸਰੀਰ ਦਾ ਆਕਾਰ ਸਸਕਾਰ ਲਈ ਖ਼ਰਾਬ ਨਾ ਹੋ ਜਾਵੇ, ਇਸ ਡਰੋਂ ਵੀ ਅੰਗ-ਦਾਨ ਨਹੀਂ ਕੀਤੇ ਜਾਂਦੇ। ਸਾਨੂੰ ਆਪਣੀ ਅਜਿਹੀ ਸੋਚ ਨੂੰ ਬਦਲਣਾ ਪਵੇਗਾ। ਇਸ ਦੇ ਉਲਟ ਕੁਝ ਲੋਕ ਅਜਿਹੇ ਵੀ ਹਨ ਜਿਹੜੇ ਆਪਣੇ ਮ੍ਰਿਤ ਵਿਅਕਤੀ ਦੇ ਅੰਗਾਂ ਨੂੰ ਦਾਨ ਕਰਨ ਵੇਲੇ ਇਹ ਸੋਚਦੇ ਹਨ ਕਿ ਇਹ ਸਾਡੀ ਅੰਤਰ-ਆਤਮਾ ਦੀ ਆਵਾਜ਼ ਹੈ। ਸਾਡੇ ਪਿਆਰਾ ਤਾਂ ਚਲਾ ਗਿਆ ਪਰ ਹੁਣ ਸਾਨੂੰ ਦੂਜਿਆਂ ਦਾ ਸੋਚਣਾ ਚਾਹੀਦਾ ਹੈ। ਸਾਡੇ ਪਰਿਵਾਰ ਨਾਲ ਤਾਂ ਜੋ ਹੋਣਾ ਸੀ, ਹੋ ਗਿਆ। ਇਕ ਪਰਿਵਾਰ 'ਤੇ ਤਾਂ ਦੁੱਖਾਂ ਦਾ ਪਹਾੜ ਟੁੱਟ ਚੁੱਕਾ ਹੈ ਪਰ ਸਾਡੀ ਸਮਝਦਾਰੀ ਨਾਲ ਚਾਰ ਹੋਰ ਨਵੇਂ ਪਰਿਵਾਰਾਂ ਨੂੰ ਜ਼ਿੰਦਗੀ ਮਿਲ ਸਕਦੀ ਹੈ। ਇਸ ਤਰ੍ਹਾਂ ਅੰਗ-ਦਾਨ ਰਾਹੀਂ ਕਿਸੇ ਨੂੰ ਮਾਂ ਮਿਲੇਗੀ, ਕਿਸੇ ਨੂੰ ਭਰਾ ਤੇ ਕਿਸੇ ਨੂੰ ਭੈਣ ਤੇ ਕਿਸੇ ਨੂੰ ਪਿਤਾ। ਸੋ ਅਸੀਂ ਇਹ ਕੰਮ ਜ਼ਰੂਰ ਕਰਾਂਗੇ।

ਸਾਨੂੰ ਸਾਰਿਆਂ ਨੂੰ ਅੰਗ-ਦਾਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਜੋ ਲੋਕ ਹਸਪਤਾਲਾਂ ਵਿਚ ਅੰਗਾਂ ਲਈ ਇੰਤਜ਼ਾਰ ਕਰਦੇ ਹੋਏ ਦਮ ਤੋੜ ਰਹੇ ਹਨ, ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ। ਸਹੁੰ ਖਾਓ ਕਿ ਅਸੀਂ ਆਪਣਾ ਜੀਵਨ ਪੂਰਾ ਕਰਨ ਤੋਂ ਬਾਅਦ ਅੰਗ-ਦਾਨ ਕਰਨ ਸਬੰਧੀ ਸਹੁੰ ਚੁੱਕਣੀ ਹੈ। ਮਰਨ ਤੋਂ ਬਾਅਦ ਇਹ ਸਰੀਰ ਕਿਸੇ ਕੰਮ ਦਾ ਨਹੀਂ ਰਹਿੰਦਾ। ਇਸ ਦੇ ਵੱਖ-ਵੱਖ ਅੰਗਾਂ ਅਤੇ ਟਿਸ਼ੂਆਂ ਦਾ ਦਾਨ ਕਰ ਕੇ ਕਿਸੇ ਨੂੰ ਜੀਵਨ ਦਾਨ ਲਈ ਵਰਤਿਆ ਜਾ ਸਕਦਾ ਹੈ। ਦੇਸ਼ ਭਰ 'ਚ ਅੰਗ-ਦਾਨ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੈਸ਼ਨਲ ਓਰਗਨ ਟਰਾਂਸਪਲਾਂਟ ਪ੍ਰੋਗਰਾਮ ਲਾਗੂ ਕਰ ਰਹੀ ਹੈ ਅਤੇ ਬਰੇਨ ਡੈੱਡ ਰਾਹੀਂ ਪ੍ਰਾਪਤ ਅੰਗਾਂ ਦੇ ਰੁਝਾਨ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਵੱਲੋਂ ਅਨੇਕ ਉਪਾਅ ਕੀਤੇ ਜਾ ਰਹੇ ਹਨ। ਨਵੀਂ ਦਿੱਲੀ ਵਿਖੇ ਨੋਟੋ (ਰਾਸ਼ਟਰੀ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਸਥਾ) ਅਤੇ ਪੂਰੇ ਭਾਰਤ ਵਿਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 5 ਰੋਟੋ (ਰਾਜ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਸਥਾਵਾਂ) ਸਥਾਪਤ ਕੀਤੀਆਂ ਗਈਆਂ ਹਨ ਜਿਨ੍ਹਾਂ 'ਚੋਂ ਇਕ ਸੰਸਥਾ ਪੀਜੀਆਈ ਚੰਡੀਗੜ੍ਹ ਵਿਖੇ ਸਥਾਪਿਤ ਹੈ ਜੋ ਕਿ ਉੱਤਰੀ ਭਾਰਤ ਦੇ ਸੱਤ ਸੂਬਿਆਂ/ਯੂਟੀ ਮਸਲਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ-ਕਸ਼ਮੀਰ ਉੱਤਰਾਖੰਡ ਅਤੇ ਇਸ ਖੇਤਰ ਨੂੰ ਦੇਖ ਰਿਹਾ ਹੈ।

ਇਸ ਤੋਂ ਇਲਾਵਾ ਰਾਜ (ਸਟੇਟ) ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਸਥਾਵਾਂ (ਸੋਟੋ) ਸਥਾਪਤ ਕਰਨ ਲਈ ਵੀ ਇੰਤਜ਼ਾਮ ਕੀਤਾ ਗਿਆ ਹੈ। ਕੁਝ ਸਮਾਂ ਪਹਿਲਾਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਕੇਰਲ ਲਈ ਵੀ ਧਨ ਰਾਸ਼ੀ ਜਾਰੀ ਕੀਤੀ ਗਈ ਹੈ। ਲੋਕ ਸਭਾ ਵਿਚ 3 ਅਗਸਤ 2018 ਨੂੰ ਦਿੱਤੀ ਜਾਣਕਾਰੀ ਮੁਤਾਬਕ ਪੂਰੇ ਭਾਰਤ ਵਿਚ 209 ਹਸਪਤਾਲਾਂ ਵਿਚ ਅੰਗ ਟਰਾਂਸਪਲਾਂਟ ਕੀਤੇ ਜਾਂਦੇ ਹਨ। ਨੋਟੋ ਦੁਆਰਾ ਦੱਸੇ ਅੰਕੜਿਆਂ ਮੁਤਾਬਕ 2013 ਵਿਚ 313 ਲੋਕਾਂ ਨੇ ਅੰਗ-ਦਾਨ ਕੀਤੇ। ਇਹ ਅੰਕੜਾ ਵੱਧ ਕੇ 2017 ਵਿਚ 905 ਹੋ ਗਿਆ। ਭਾਰਤ ਦੇ ਸਿਹਤ ਮੰਤਰਾਲੇ ਮੁਤਾਬਕ ਜੁਲਾਈ 2018 ਵਿਚ ਰਾਜ ਸਭਾ ਵਿਚ ਦਿੱਤੀ ਜਾਣਕਾਰੀ ਅਨੁਸਾਰ ਪਿਛਲੇ ਦੋ ਸਾਲਾਂ ਵਿਚ ਅੰਗ-ਦਾਨ ਸਬੰਧੀ ਸਹੁੰ ਚੁੱਕਣ ਵਾਲੇ ਵਿਅਕਤੀਆਂ ਦੀ ਸੰਖਿਆ 9 ਹਜ਼ਾਰ ਤੋਂ ਵੱਧ ਕੇ ਡੇਢ ਲੱਖ ਤਕ ਪੁੱਜ ਗਈ ਹੈ। ਨੋਟੋ ਅਤੇ ਰੋਟੋ ਕਾਰਨ ਭਾਰਤ ਵਿਚ ਅੰਗ-ਦਾਨ ਦੀ ਸੰਖਿਆ ਦਿਨੋ-ਦਿਨ ਵੱਧ ਰਹੀ ਹੈ। ਸੰਸਥਾਵਾਂ ਆਪਣੇ ਉਦੇਸ਼ ਲਈ ਵਚਨਬੱਧ ਹਨ। ਆਪਣੀ ਵੈੱਬਸਾਈਟ www.notto.gov.in ਦੇ ਮਾਧਿਅਮ ਰਾਹੀ ਅਤੇ ਟੋਲ ਫ੍ਰੀ ਹੈਲਪਲਾਈਨ ਨੰਬਰ 18000114770 ਉੱਤੇ 24X7 ਜਾਣਕਾਰੀ ਪ੍ਰਦਾਨ ਕਰਦੇ ਹਨ ਅਤੇ ਆਨਲਾਈਨ ਅੰਗ-ਦਾਨੀ ਕਾਰਡ ਬਣਾਏ ਜਾਂਦੇ ਹਨ। ਭਾਰਤ ਦੇ ਸਿਹਤ ਮੰਤਰੀ ਮੁਤਾਬਕ ਭਾਰਤ ਸਰਕਾਰ ਦਾ 20 ਲੱਖ ਅੰਗ-ਦਾਨੀਆਂ ਦਾ ਇਕ ਅੰਗ ਦਾਨ ਬੈਂਕ ਬਣਾਉਣ ਦਾ ਟੀਚਾ ਹੈ। ਨੌਂ ਅਗਸਤ 2018 ਨੂੰ ਭਾਰਤ ਵਿਚ ਪੁਣੇ ਵਿਖੇ ਉਸ ਸਮੇਂ ਦੇ ਨੋਟੋ ਡਾਇਰੈਕਟਰ ਡਾਕਟਰ ਬਿਮਲ ਭੰਡਾਰੀ ਦੀ ਹਾਜ਼ਰੀ ਵਿਚ ਆਨਲਾਈਨ ਅੰਗ-ਦਾਨ ਸਹੁੰ ਚੁੱਕ ਪ੍ਰੋਗਰਾਮ ਵਿਚ 24166 ਲੋਕਾਂ ਨੇ ਇਕ ਦਿਨ ਵਿਚ ਰਜਿਸਟ੍ਰੇਸ਼ਨ ਕਰਵਾ ਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿਚ ਨਾਂ ਦਰਜ ਕਰਵਾਇਆ ਸੀ ਜਦਕਿ ਪਹਿਲਾਂ ਅਮਰੀਕਾ 'ਚ ਇਕ ਦਿਨ 'ਚ 3200 ਅੰਗ-ਦਾਨ ਸਬੰਧੀ ਸਹੁੰ ਚੁੱਕਣ ਦਾ ਰਿਕਾਰਡ ਸੀ। ਲੋਕਾਂ ਨੂੰ ਜਾਗਰੂਕ ਕਰਨਾ ਸਮਾਜਿਕ ਕੰਮ ਹੈ। ਅੰਗ-ਦਾਨ ਦੀ ਮਹੱਤਤਾ ਉਨ੍ਹਾਂ ਲੋਕਾਂ ਤੋਂ ਪੁੱਛੋ ਜੋ ਹਸਪਤਾਲਾਂ 'ਚ ਅੰਗ ਮਿਲਣ ਦੀ ਉਮੀਦ 'ਚ ਦਮ ਤੋੜ ਰਹੇ ਹਨ।

ਜੀਵਨ ਦੀ ਉਮੀਦ ਖੋ ਚੁੱਕੇ ਲੋਕਾਂ ਲਈ ਅੰਗ-ਦਾਨ ਇਕ ਉਮੀਦ ਦੀ ਕਿਰਨ ਹੈ। ਵੱਧ ਤੋਂ ਵੱਧ ਲੋਕਾਂ ਨੂੰ ਅੰਗ-ਦਾਨ ਕਾਰਡ ਬਣਾਉਣੇ ਚਾਹੀਦੇ ਹਨ ਅਤੇ ਇਹ ਸੁਨੇਹਾ ਆਪਣੇ ਦੋਸਤਾਂ-ਮਿੱਤਰਾਂ ਤਕ ਪਹੁੰਚਾਉਣਾ ਚਾਹੀਦਾ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਵਿਚ ਅੰਗ-ਦਾਨ ਸਬੰਧੀ ਜਾਗਰੂਕਤਾ ਆਵੇ ਅਤੇ ਭਾਰਤ ਗਿਣੇ-ਚੁਣੇ ਅੰਗ-ਦਾਨੀ ਦੇਸ਼ਾਂ ਦੀ ਕਤਾਰ ਵਿਚ ਸਭ ਤੋਂ ਅੱਗੇ ਖੜ੍ਹਾ ਹੋਵੇ। ਸਾਨੂੰ ਸਮਾਜ ਦੇ ਇਸ ਪ੍ਰੋਗਰਾਮ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਇਸ ਭਲਾਈ ਦੇ ਕੰਮ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਬੇਸ਼ਕੀਮਤੀ ਜ਼ਿੰਦਗੀਆਂ ਬਚਾਈਆਂ ਜਾ ਸਕਣ। ਜੇਕਰ ਮਰ ਕੇ ਵੀ ਜਿਊਣਾ ਚਾਹੁੰਦੇ ਹੋ ਤਾਂ ਅੰਗ-ਦਾਨ ਜ਼ਰੂਰ ਕਰੋ। ਜਿਊਣਾ ਉਸ ਦਾ ਸਾਰਥਕ ਹੁੰਦਾ ਹੈ ਜਿਹੜਾ ਹੋਰ ਵਿਅਕਤੀਆਂ ਨੂੰ ਜੀਵਨ ਦਿੰਦਾ ਹੈ।

-(ਲੇਖਿਕਾ 65% ਜਿਗਰ ਦਾਨੀ ਤੇ ਚੰਡੀਗੜ੍ਹ ਦੇ ਇਕ ਹਾਈ ਸਕੂਲ ਵਿਚ ਅਧਿਆਪਕਾ ਹੈ)।

-ਮੋਬਾਈਲ ਨੰ. : 98552-50641

Posted By: Jagjit Singh