-ਸੰਜੇ ਗੁਪਤ

ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਤੋਂ ਠੀਕ ਪਹਿਲਾਂ ਮਮਤਾ ਬੈਨਰਜੀ ਨੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਇਕਜੁੱਟ ਹੋਣ ਅਤੇ ਲੋਕਤੰਤਰ ਬਚਾਉਣ ਦੀ ਜੋ ਚਿੱਠੀ ਲਿਖੀ, ਉਹ ਇਨ੍ਹੀਂ ਦਿਨੀਂ ਚਰਚਾ ਦੇ ਕੇਂਦਰ ਵਿਚ ਹੈ। ਇਸ ਚਿੱਠੀ ਵਿਚ ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਭਾਜਪਾ ਤੋਂ ਆਗਾਹ ਕਰਦੇ ਹੋਏ ਇਹ ਦੋਸ਼ ਲਗਾਇਆ ਕਿ ਉਹ ਦੇਸ਼ ਵਿਚ ਇਕ ਹੀ ਪਾਰਟੀ ਦਾ ਸ਼ਾਸਨ ਚਾਹੁੰਦੀ ਹੈ ਅਤੇ ਇਸ ਲਈ ਈਡੀ, ਸੀਬੀਆਈ ਆਦਿ ਦੇ ਜ਼ਰੀਏ ਗ਼ੈਰ-ਭਾਜਪਾ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਹੀ ਹੈ।

ਸੋਨੀਆ ਗਾਂਧੀ, ਸ਼ਰਦ ਪਵਾਰ ਤੋਂ ਲੈ ਕੇ ਅਖਿਲੇਸ਼ ਅਤੇ ਤੇਜਸਵੀ ਯਾਦਵ ਨੂੰ ਲਿਖੀ ਚਿੱਠੀ ਵਿਚ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜਿੱਥੇ ਭਾਜਪਾ ਪੈਸੇ ਦੇ ਦਮ ’ਤੇ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਖ਼ਰੀਦ ਰਹੀ ਹੈ, ਉੱਥੇ ਹੀ ਕੇਂਦਰ ਸਰਕਾਰ ਸੂਬਿਆਂ ਦੇ ਫੰਡ ਰੋਕ ਰਹੀ ਹੈ।

ਚੋਣਾਂ ਦੌਰਾਨ ਇਹ ਚਿੱਠੀ ਹੈਰਾਨ ਕਰਦੀ ਹੈ ਕਿਉਂਕਿ ਕਿਸੇ ਵੀ ਲਿਹਾਜ਼ ਨਾਲ ਵਿਰੋਧੀ ਧਿਰ ਦੀ ਏਕਤਾ ਦੀ ਮੁਹਿੰਮ ਦਾ ਇਹ ਸਹੀ ਵਕਤ ਨਹੀਂ। ਮਮਤਾ ਦੀ ਇਹ ਚਿੱਠੀ ਕਈ ਸਵਾਲ ਖੜ੍ਹੇ ਕਰਨ ਦੇ ਨਾਲ-ਨਾਲ ਇਹ ਵੀ ਅਹਿਸਾਸ ਕਰਵਾਉਂਦੀ ਹੈ ਕਿ ਕਿਤੇ ਉਨ੍ਹਾਂ ਨੂੰ ਆਪਣੀ ਹਾਰ ਦਾ ਖ਼ਦਸ਼ਾ ਤਾਂ ਨਹੀਂ ਸਤਾ ਰਿਹਾ ਜਾਂ ਫਿਰ ਉਹ ਇਹ ਤਾਂ ਨਹੀਂ ਚਾਹ ਰਹੀ ਕਿ ਬਹੁਮਤ ਤੋਂ ਪਿੱਛੇ ਰਹਿ ਜਾਣ ਦੀ ਹਾਲਤ ਵਿਚ ਕਾਂਗਰਸ ਉਨ੍ਹਾਂ ਦੀ ਹਮਾਇਤ ਕਰਨ ਲਈ ਅੱਗੇ ਆ ਜਾਵੇ? ਆਖ਼ਰ ਮਮਤਾ ਬੈਨਰਜੀ ਨੇ ਚੋਣਾਂ ਤੋਂ ਪਹਿਲਾਂ ਅਜਿਹੀ ਕੋਈ ਕੋਸ਼ਿਸ਼ ਕਿਉਂ ਨਹੀਂ ਕੀਤੀ? ਕੀ ਇਹ ਚੰਗਾ ਨਹੀਂ ਹੁੰਦਾ ਕਿ ਉਹ ਖੱਬੇ-ਪੱਖੀਆਂ ਨਾ ਸਹੀ, ਕਾਂਗਰਸ ਨੂੰ ਆਪਣੇ ਨਾਲ ਮਿਲ ਕੇ ਚੋਣ ਲੜਨ ਦੀ ਪੇਸ਼ਕਸ਼ ਕਰਦੀ? ਆਖ਼ਰ ਉਹ ਕਾਂਗਰਸ ਤੋਂ ਹੀ ਨਿਕਲੀ ਤਾਂ ਨਿਕਲੀ ਹੈ।ਕਾਂਗਰਸ ਤੋਂ ਨਿਕਲ ਕੇ ਆਪਣੀ ਵੱਖਰੀ ਪਾਰਟੀ ਬਣਾਉਣ ਤੋਂ ਬਾਅਦ ਮਮਤਾ ਪਹਿਲਾਂ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਦਾ ਹਿੱਸਾ ਬਣੀ, ਫਿਰ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਦਾ।

ਵੈਸੇ ਤਾਂ ਉਹ ਕੇਂਦਰ ਵਿਚ ਮੰਤਰੀ ਵੀ ਰਹੀ ਹੈ ਪਰ ਮੂਲ ਰੂਪ ਵਿਚ ਉਸ ਨੇ ਬੰਗਾਲ ਕੇਂਦਰਿਤ ਰਾਜਨੀਤੀ ਹੀ ਕੀਤੀ ਹੈ। ਤਬਦੀਲੀ ਦੇ ਨਾਅਰੇ ਨਾਲ ਮਮਤਾ ਬੈਨਰਜੀ ਨੇ ਖੱਬੇ-ਪੱਖੀ ਪਾਰਟੀਆਂ ਦਾ ਸਫ਼ਾਇਆ ਕਰ ਕੇ ਸੂਬਾ ਦੀ ਸੱਤਾ ਸੰਭਾਲੀ ਪਰ ਦਸ ਸਾਲ ਬਾਅਦ ਇਹ ਪਤਾ ਲੱਗ ਰਿਹਾ ਹੈ ਕਿ ਸੂਬੇ ਵਿਚ ਉਸ ਤਰ੍ਹਾਂ ਦਾ ਕੋਈ ਪਰਿਵਰਤਨ ਤਾਂ ਹੋਇਆ ਹੀ ਨਹੀਂ ਜਿਸ ਦਾ ਉਨ੍ਹਾਂ ਨੇ ਵਾਅਦਾ ਕੀਤਾ ਸੀ। ਮਮਤਾ ਨੇ ਆਪਣੀਆਂ ਹੀ ਗ਼ਲਤੀਆਂ ਕਾਰਨ ਆਪਣੀ ਰਾਜਨੀਤਕ ਸਥਿਤੀ ਕਮਜ਼ੋਰ ਕੀਤੀ ਹੈ। ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਮੁਸਲਿਮਾਂ ਨੂੰ ਭਰਮਾਉਣ ਵਾਲੀ ਸਿਆਸਤ ਕਾਰਨ ਸਹਿਣਾ ਪਿਆ। ਵੋਟਾਂ ਦੇ ਲਾਲਚ ਵਿਚ ਦੁਰਗਾ ਪੂਜਾ ਦੇ ਸਮਾਰੋਹਾਂ ’ਤੇ ਰੋਕ ਲਗਾਉਣਾ ਮੁਸਲਮਾਨਾਂ ਨੂੰ ਭਰਮਾਉਣ ਵਾਲੀ ਸਿਆਸਤ ਦਾ ਸਿਖ਼ਰ ਹੀ ਕਿਹਾ ਜਾਵੇਗਾ।

ਜੈ ਸ੍ਰੀਰਾਮ ਦੇ ਨਾਅਰੇ ’ਤੇ ਇਤਰਾਜ਼ ਜ਼ਾਹਿਰ ਕਰ ਕੇ ਉਨ੍ਹਾਂ ਨੇ ਖ਼ੁਦ ਨੂੰ ਹਿੰਦੂ ਵਿਰੋਧੀ ਸਿੱਧ ਕਰਨ ਤੋਂ ਸੰਕੋਚ ਨਹੀਂ ਕੀਤਾ। ਭਾਜਪਾ ਇਸ ਦਾ ਫ਼ਾਇਦਾ ਚੁੱਕ ਰਹੀ ਹੈ। ਜਦ ਮਮਤਾ ਨੂੰ ਆਪਣੀ ਰਾਜਨੀਤਕ ਜ਼ਮੀਨ ਖਿਸਕਦੀ ਦਿਖਾਈ ਦਿੱਤੀ, ਉਦੋਂ ਉਨ੍ਹਾਂ ਨੇ ਭੁੱਲ ਸੁਧਾਰਨ ਦੀ ਕੋਸ਼ਿਸ਼ ਵਿਚ ਚੰਡੀ ਦਾ ਪਾਠ ਕਰਨ ਅਤੇ ਖ਼ੁਦ ਦਾ ਗੋਤਰ ਦੱਸਣ ਦਾ ਵੀ ਕੰਮ ਕੀਤਾ ਪਰ ਇਹ ਸਾਫ਼ ਹੈ ਕਿ ਹੁਣ ਦੇਰ ਹੋ ਗਈ ਹੈ।

ਉਨ੍ਹਾਂ ਲਈ ਖ਼ਤਰੇ ਦੀ ਘੰਟੀ ਵੱਜਦੀ ਦਿਖਾਈ ਦੇ ਰਹੀ ਹੈ। ਇਹ ਪਹਿਲੀ ਵਾਰ ਨਹੀਂ ਜਦ ਕਿਸੇ ਨੇ ਭਾਜਪਾ ਦੇ ਵਿਰੋਧ ਵਿਚ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਸੰਨ 2014 ਵਿਚ ਕੇਂਦਰ ਵਿਚ ਮੋਦੀ ਸਰਕਾਰ ਬਣਨ ਤੋਂ ਬਾਅਦ ਤੋਂ ਵਿਰੋਧੀ ਨੇਤਾ ਰਹਿ-ਰਹਿ ਕੇ ਭਾਜਪਾ ਵਿਰੁੱਧ ਕੋਈ ਮੋਰਚਾ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਇਹ ਕੋਸ਼ਿਸ਼ ਸੋਨੀਆ ਗਾਂਧੀ ਤੋਂ ਲੈ ਕੇ ਖੇਤਰੀ ਪਾਰਟੀਆਂ ਦੇ ਕਈ ਨੇਤਾ ਵੀ ਕਰ ਚੁੱਕੇ ਹਨ। ਇਕ ਸਮੇਂ ਖ਼ੁਦ ਮਮਤਾ ਬੈਨਰਜੀ ਬਗੈਰ ਕਾਂਗਰਸ ਦੇ ਵਿਰੋਧੀ ਪਾਰਟੀਆਂ ਦਾ ਮੋਰਚਾ ਬਣਾਉਣ ਦੀ ਕੋਸ਼ਿਸ਼ ਕਰ ਚੁੱਕੀ ਹੈ। ਹਰ ਵਾਰ ਇਹ ਕੋਸ਼ਿਸ਼ ਨਾਕਾਮ ਹੋਈ ਤਾਂ ਇਸ ਲਈ ਕਿ ਉਸ ਦਾ ਮਕਸਦ ਸਿਰਫ਼ ਸੱਤਾ ਹਾਸਲ ਕਰਨਾ ਜਾਂ ਆਪਣੀ ਰਾਜਨੀਤਕ ਜ਼ਮੀਨ ਬਚਾਉਣਾ ਰਿਹਾ।

ਵਿਰੋਧੀ ਪਾਰਟੀਆਂ ਇਸ ਲਈ ਫ਼ਿਕਰਮੰਦ ਹਨ ਕਿਉਂਕਿ ਭਾਜਪਾ ਉੱਥੇ ਵੀ ਆਪਣਾ ਵਿਸਥਾਰ ਕਰਨ ਵਿਚ ਸਮਰੱਥ ਹੈ ਜਿੱਥੇ ਪਹਿਲਾਂ ਉਸ ਦੀ ਹੋਂਦ ਨਹੀਂ ਸੀ। ਆਪਣੀ ਰਾਜਨੀਤਕ ਸੂਝ-ਬੂਝ ਨਾਲ ਭਾਜਪਾ ਜਿਸ ਤਰ੍ਹਾਂ ਆਪਣਾ ਵਿਸਥਾਰ ਕਰਦੀ ਜਾ ਰਹੀ ਹੈ, ਉਸ ਦੀ ਮਿਸਾਲ ਮਿਲਣੀ ਮੁਸ਼ਕਲ ਹੈ। ਜੋ ਭਾਜਪਾ ਬੰਗਾਲ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਮੁਕਾਬਲੇ ਵਿਚ ਨਹੀਂ ਸੀ, ਉਹ ਅੱਜ ਸੱਤਾ ਦੀ ਤਕੜੀ ਦਾਅਵੇਦਾਰ ਬਣੀ ਹੋਈ ਹੈ।

ਉਸ ਦਾ ਦਾਅਵਾ ਉਦੋਂ ਹੀ ਮਜ਼ਬੂਤ ਹੋ ਗਿਆ ਸੀ ਜਦ 2019 ਦੀਆਂ ਆਮ ਚੋਣਾਂ ਵਿਚ ਉਸ ਨੇ 42 ਵਿਚੋਂ 48 ਸੀਟਾਂ ਜਿੱਤ ਲਈਆਂ ਸਨ। ਇਸ ਤੋਂ ਪਹਿਲਾਂ ਉਹ ਅਸਾਮ ਅਤੇ ਤ੍ਰਿਪੁਰਾ ਵਿਚ ਅਣਕਿਆਸੀ ਸਫਲਤਾ ਹਾਸਲ ਕਰ ਕੇ ਵਿਰੋਧੀਆਂ ਅਤੇ ਰਾਜਨੀਤਕ ਪੰਡਿਤਾਂ ਨੂੰ ਹੈਰਾਨ ਕਰ ਚੁੱਕੀ ਹੈ। ਬੰਗਾਲ ਦੇ ਨਤੀਜੇ ਕੁਝ ਵੀ ਹੋਣ, ਇਹ ਕਿਸੇ ਤੋਂ ਲੁਕਿਆ ਨਹੀਂ ਕਿ ਕਾਂਗਰਸ ਤੇ ਖੱਬੇ-ਪੱਖੀ ਪਾਰਟੀਆਂ ਖ਼ੁਦ ਨੂੰ ਸੱਤਾ ਦੀ ਦੌੜ ਵਿਚੋਂ ਬਾਹਰ ਮੰਨ ਰਹੀਆਂ ਹਨ। ਜਿੱਥੇ ਖੱਬੇ-ਪੱਖੀ ਪਾਰਟੀਆਂ ਮਮਤਾ ਨੂੰ ਰਾਜਨੀਤਕ ਤੌਰ ’ਤੇ ਕਮਜ਼ੋਰ ਹੁੰਦੇ ਦੇਖਣਾ ਚਾਹੁੰਦੀਆਂ ਹਨ, ਓਥੇ ਹੀ ਕਾਂਗਰਸ ਦੇ ਵੱਡੇ ਨੇਤਾ ਅਤੇ ਖ਼ਾਸ ਤੌਰ ’ਤੇ ਰਾਹੁਲ ਅਤੇ ਪਿ੍ਰਅੰਕਾ ਗਾਂਧੀ ਜਿਸ ਤਰ੍ਹਾਂ ਬੰਗਾਲ ਵਿਚ ਚੋਣ ਪ੍ਰਚਾਰ ਕਰਨ ਤੋਂ ਝਿਜਕ ਰਹੇ ਹਨ, ਉਸ ਤੋਂ ਤਾਂ ਇਹੀ ਲੱਗਦਾ ਹੈ ਕਿ ਉਨ੍ਹਾਂ ਦੀ ਰਣਨੀਤੀ ਮਮਤਾ ਦਾ ਰਸਤਾ ਆਸਾਨ ਕਰਨ ਵਾਲੀ ਹੈ।

ਸੱਚ ਜੋ ਵੀ ਹੋਵੇ, ਕਾਂਗਰਸ ਇਕ ਤੋਂ ਬਾਅਦ ਇਕ ਸੂਬਿਆਂ ਵਿਚ ਜਿਸ ਤਰ੍ਹਾਂ ਹਥਿਆਰ ਸੁੱਟ ਰਹੀ ਹੈ, ਉਸ ਨਾਲ ਉਹ ਹੋਰ ਕਮਜ਼ੋਰ ਹੀ ਹੋ ਰਹੀ ਹੈ। ਕਾਂਗਰਸ ਦੀਆਂ ਗ਼ਲਤ ਨੀਤੀਆਂ ਕਾਰਨ ਲੋਕ ਉਸ ਦੇ ਸ਼ਾਸਨ ਤੋਂ ਤੰਗ ਆ ਚੁੱਕੇ ਸਨ।

ਉਸ ਦੇ ਸ਼ਾਸਨ ਕਾਲ ਦੌਰਾਨ ਹੋਏ ਭ੍ਰਿਸ਼ਟਾਚਾਰ ਤੇ ਘਪਲਿਆਂ ਨੇ ਕਾਂਗਰਸ ਦੀ ਬੇੜੀ ਡੋਬਣ ਦਾ ਹੀ ਕੰਮ ਕੀਤਾ ਸੀ। ਇਹੀ ਕਾਰਨ ਹੈ ਕਿ ਸੰਨ 2014 ਵਿਚ ਉਸ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਸ ਦੀ ਹਾਰ ਦਾ ਇਹ ਸਿਲਸਿਲਾ ਹੁਣ ਵੀ ਚੱਲ ਰਿਹਾ ਹੈ। ਉਸ ਦੀ ਕਮਜ਼ੋਰੀ ਦਾ ਇਕ ਕਾਰਨ ਉਸ ਦਾ ਖੱਬੇ-ਪੱਖੀ ਮਾਨਸਿਕਤਾ ਨਾਲ ਲੈਸ ਹੁੰਦੇ ਜਾਣਾ ਵੀ ਹੈ। ਕਾਂਗਰਸ ਅਤੇ ਖੱਬੇ-ਪੱਖੀ ਪਾਰਟੀਆਂ ਨੇ ਬੰਗਾਲ ਵਿਚ ਫੁਰਫੁਰਾ ਸ਼ਰੀਫ ਦਰਗਾਹ ਦੇ ਪੀਰਜ਼ਾਦਾ ਅੱਬਾਸ ਸਿੱਦੀਕੀ ਨੂੰ ਆਪਣੇ ਗੱਠਜੋੜ ਦਾ ਹਿੱਸਾ ਬਣਾ ਕੇ ਤੰਗਦਿਲੀ ਵਾਲੀ ਸਿਆਸਤ ’ਤੇ ਹੀ ਚੱਲਦੇ ਰਹਿਣ ਦਾ ਸੰਕੇਤ ਦਿੱਤਾ ਹੈ। ਕਾਂਗਰਸ ਜੋ ਕੰਮ ਬੰਗਾਲ ਵਿਚ ਕਰ ਰਹੀ ਹੈ, ਉਹੀ ਕੇਰਲ ਅਤੇ ਅਸਾਮ ਵਿਚ ਵੀ ਕਰ ਰਹੀ ਹੈ। ਇਹ ਉਹ ਰਾਜਨੀਤੀ ਹੈ ਜੋ ਲੰਬੇ ਸਮੇਂ ਤਕ ਕਿਤੇ ਨਹੀਂ ਚੱਲੀ।

ਇਕ ਸਮੇਂ ਦਲਿਤ-ਮੁਸਲਿਮ ਗੱਠਜੋੜ ਰਾਜਨੀਤਕ ਕਾਮਯਾਬੀ ਦੀ ਗਾਰੰਟੀ ਹੁੰਦਾ ਸੀ, ਪਰ ਹੁਣ ਇਹ ਬਿਖਰ ਚੁੱਕਾ ਹੈ। ਜਿਸ ਤਰ੍ਹਾਂ ਦਲਿਤ ਇਹ ਸਮਝ ਚੁੱਕੇ ਹਨ ਕਿ ਉਨ੍ਹਾਂ ਦੇ ਹਿਤੈਸ਼ੀ ਬਣਨ ਦਾ ਦਾਅਵਾ ਕਰਨ ਵਾਲੇ ਉਨ੍ਹਾਂ ਦਾ ਚੋਣਾਂ ਦੌਰਾਨ ਇਸਤੇਮਾਲ ਕਰਦੇ ਹਨ, ਵੈਸੇ ਹੀ ਮੁਸਲਿਮ ਵੀ ਇਹ ਸਮਝਣ ਤਾਂ ਬਿਹਤਰ ਹੋਵੇਗਾ। ਆਮ ਤੌਰ ’ਤੇ ਹਰ ਕਿਸੇ ਨੂੰ ਆਪਣੀ ਵੋਟ ਦਾ ਇਸਤੇਮਾਲ ਆਪਣੇ ਅਤੇ ਦੇਸ਼ ਦੇ ਵਿਕਾਸ ਨੂੰ ਧਿਆਨ ਵਿਚ ਰੱਖ ਕੇ ਕਰਨਾ ਚਾਹੀਦਾ ਹੈ। ਪਤਾ ਨਹੀਂ, ਅਜਿਹੀ ਸਥਿਤੀ ਕਦੋਂ ਬਣੇਗੀ ਪਰ ਇਸ ਵਿਚ ਦੋ ਰਾਇ ਨਹੀਂ ਕਿ ਵਿਰੋਧੀ ਧਿਰ ਦੀ ਏਕਤਾ ਦੀ ਹਾਂਡੀ ਵਾਰ-ਵਾਰ ਚੜ੍ਹਨ ਵਾਲੀ ਨਹੀਂ ਹੈ।

ਦੇਸ਼ ਦੀ ਜਨਤਾ ਇਸ ਤੋਂ ਜਾਣੂ ਹੈ ਕਿ ਜੋ ਵਿਰੋਧੀ ਪਾਰਟੀਆਂ ਇਕਜੁੱਟ ਹੋ ਕੇ ਮੋਦੀ ਨੂੰ ਚੁਣੌਤੀ ਦੇਣਾ ਚਾਹ ਰਹੀਆਂ ਹਨ, ਉਹ ਆਪਣੇ ਰਾਜਨੀਤਕ ਸਵਾਰਥਾਂ ਨੂੰ ਪੂਰਾ ਕਰਨ ਦੇ ਚੱਕਰ ਵਿਚ ਅਜਿਹਾ ਕਰ ਰਹੀਆਂ ਹਨ। ਜੇਕਰ ਕੋਈ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਕੋਈ ਕਾਰਗਰ ਰੂਪ-ਰੇਖਾ ਸਾਹਮਣੇ ਰੱਖਣੀ ਹੋਵੇਗੀ। ਭਾਜਪਾ ਨੂੰ ਹਰਾਉਣ ਦਾ ਇਰਾਦਾ ਤਾਂ ਠੀਕ ਹੈ ਪਰ ਆਖ਼ਰ ਉਸ ਨੂੰ ਹਰਾ ਕੇ ਵਿਰੋਧੀ ਧਿਰ ਦੇ ਨੇਤਾ ਸਮਾਜ ਅਤੇ ਦੇਸ਼ ਲਈ ਕੀ ਕਰਨਗੇ?

ਵਿਰੋਧੀ ਧਿਰ ਦੀ ਏਕਤਾ ਵਿਚ ਇਕ ਵੱਡਾ ਅੜਿੱਕਾ ਜ਼ਿਆਦਾਤਰ ਖੇਤਰੀ ਪਾਰਟੀਆਂ ਕੋਲ ਰਾਸ਼ਟਰੀ ਨਜ਼ਰੀਏ ਦੀ ਘਾਟ ਹੋਣਾ ਹੈ। ਇਹ ਖੇਤਰੀ ਪਾਰਟੀਆਂ ਆਪਣੇ ਰਾਜਨੀਤਕ ਵਜੂਦ ਨੂੰ ਬਚਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੀਆਂ ਹਨ। ਦਰੁਸਤ ਹੋਵੇਗਾ ਕਿ ਵਿਰੋਧੀ ਧਿਰ ਦੇ ਏਕੇ ਦੀ ਗੱਲ ਕਰਨ ਵਾਲੇ ਦੇਸ਼ ਨਿਰਮਾਣ ਦੀ ਅਜਿਹੀ ਕੋਈ ਰੂਪ-ਰੇਖਾ ਲੈ ਕੇ ਸਾਹਮਣੇ ਆਉਣ ਜੋ ਭਾਜਪਾ ਨਾਲੋਂ ਬਿਹਤਰ ਹੋਵੇ। ਸਿਰਫ਼ ਇਸ ਰਟ ਨਾਲ ਗੱਲ ਬਣਨ ਵਾਲੀ ਨਹੀਂ ਕਿ ਮੋਦੀ ਕਾਰਨ

ਲੋਕਤੰਤਰ ਖ਼ਤਰੇ ਵਿਚ ਹੈ।

-(ਲੇਖਕ ‘ਦੈਨਿਕ ਜਾਗਰਣ’ ਅਖ਼ਬਾਰ ਦੇ ਮੁੱਖ ਸੰਪਾਦਕ ਹਨ)।

-response@jagran.com

Posted By: Jagjit Singh