ਮਹਾਨ ਵਿਦਵਾਨ ਤੇ ਚਿੰਤਕ ਮਿਲਟਨ ਆਪਣੀ ਆਤਮ ਕਥਾ ਵਿਚ ਲਿਖਦਾ ਹੈ ਕਿ ਮੈਂ ਆਪਣੇ ਵਿਰੋਧੀਆਂ ਨੂੰ ਕਦੇ ਵੀ ਆਪਣੇ ਦੁਸ਼ਮਣ ਨਹੀਂ ਸਮਝਦਾ ਕਿਉਂਕਿ ਉਨ੍ਹਾਂ ਨਾਲ ਮੇਰਾ ਵਿਰੋਧ ਵਿਚਾਰਾਂ ਦਾ ਹੁੰਦਾ ਹੈ। ਉਨ੍ਹਾਂ ਨਾਲ ਮੇਰੇ ਮਤਭੇਦ ਮੁੱਦਿਆਂ ਨੂੰ ਲੈ ਕੇ ਹੁੰਦੇ ਹਨ। ਮੈਂ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਉਨ੍ਹਾਂ ਨਾਲ ਉੱਠਦਾ-ਬੈਠਦਾ ਹਾਂ, ਗੱਲਬਾਤ ਕਰਦਾ ਹਾਂ। ਉਨ੍ਹਾਂ ਨਾਲ ਮੇਰੇ ਦੁੱਖ-ਸੁੱਖ ਵੀ ਸਾਂਝੇ ਹਨ। ਉਨ੍ਹਾਂ ਦਾ ਵਿਰੋਧੀ ਹੋਣ ਦੇ ਬਾਵਜੂਦ ਉਹ ਜਦੋਂ ਠੀਕ ਹੁੰਦੇ ਹਨ ਤਾਂ ਮੈਂ ਉਨ੍ਹਾਂ ਦਾ ਸਮਰਥਕ ਹੁੰਦਾ ਹਾਂ, ਜੇਕਰ ਮਿਲਟਨ ਦੇ ਇਨ੍ਹਾਂ ਵਿਚਾਰਾਂ ਨੂੰ ਹਰ ਵਿਅਕਤੀ ਆਪਣੀ ਜ਼ਿੰਦਗੀ ਵਿਚ ਧਾਰ ਲਵੇ ਤਾਂ ਮਨੁੱਖੀ ਸਬੰਧਾਂ ਵਿਚ ਤਣਾਅ, ਗੁੱਸਾ, ਇਕ-ਦੂਜੇ ਨੂੰ ਨੀਵਾਂ ਵਿਖਾਉਣ ਅਤੇ ਵੈਰ-ਵਿਰੋਧ ਦੀ ਭਾਵਨਾ ਪੈਦਾ ਨਾ ਹੋਵੇ। ਇਨਸਾਨੀਅਤ ਦੇ ਪੁਲ ਢਹਿੰਦੇ ਨਹੀਂ। ਮੇਰੀ ਅਧਿਆਪਕ ਦੀ ਨੌਕਰੀ ਇਕ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਤੋਂ ਸ਼ੁਰੂ ਹੋਈ ਸੀ।
ਉਸ ਸਕੂਲ ਵਿਚ ਨੌਕਰੀ ਕਰਦੇ ਹੋਏ ਮੈਨੂੰ ਆਪਣੇ ਸਕੂਲ ਦੇ ਦਰਵੇਸ਼ ਮਨੁੱਖ ਮੁੱਖ ਅਧਿਆਪਕ ਜਗਮੋਹਨ ਚੌਧਰੀ ਦੀ ਸ਼ਖ਼ਸੀਅਤ ਤੋਂ ਬਹੁਤ ਕੁਝ ਸਿੱਖਣ ਨੂੰ ਪ੍ਰਾਪਤ ਹੋਇਆ। ਉਹ ਦਰਵੇਸ਼ ਇਨਸਾਨ ਭਾਵੇਂ ਇਸ ਦੁਨੀਆ ਤੋਂ ਰੁਖ਼ਸਤ ਹੋ ਚੁੱਕਾ ਹੈ ਪਰ ਉਸ ਦੇ ਆਦਰਸ਼ਾਂ ਅਤੇ ਸਿਧਾਤਾਂ ਨੇ ਮੇਰੇ ਲਈ ਉਸ ਨੂੰ ਅੱਜ ਵੀ ਜ਼ਿੰਦਾ ਰੱਖਿਆ ਹੋਇਆ ਹੈ। ਉਨ੍ਹਾਂ ਦੇ ਆਦਰਸ਼ਾਂ ਤੋਂ ਪ੍ਰੇਰਨਾ ਲੈ ਕੇ ਮੈਂ ਆਪਣੇ ਅਧਿਆਪਨ ਅਤੇ ਸਕੂਲ ਮੁਖੀ ਦੇ ਸਫ਼ਰ ਵਿਚ ਆਪਣੇ ਵਿਰੋਧੀਆਂ ਦੇ ਗੁਣਾਂ ਦਾ ਸਮਰਥਨ ਵੀ ਕਰਦਾ ਰਿਹਾ ਹਾਂ।
ਛੋਟੀ ਉਮਰ ਵਿਚ ਨੌਕਰੀ ਲੱਗ ਜਾਣ ਕਾਰਨ ਸੁਭਾਅ ਵਿਚ ਦੂਰਅੰਦੇਸ਼ੀ ਬਹੁਤ ਘੱਟ ਸੀ। ਮੁੱਖ ਅਧਿਆਪਕ ਦੀ ਛੋਟੀ ਜਿਹੀ ਨਸੀਹਤ ’ਤੇ ਵੀ ਗੁੱਸਾ ਆ ਜਾਂਦਾ ਸੀ। ਉਨ੍ਹਾਂ ਨਾਲ ਝੱਟ ਗੁੱਸੇ ਹੋ ਕੇ ਬੈਠ ਜਾਈਦਾ ਸੀ। ਕਈ ਵਾਰ ਤਾਂ ਗੁੱਸੇ ਵਿਚ ਇਹ ਵੀ ਭੁੱਲ ਜਾਈਦਾ ਸੀ ਕਿ ਉਹ ਮੇਰੇ ਮੁੱਖ ਅਧਿਆਪਕ ਹਨ ਤੇ ਮੈਥੋਂ ਉਮਰ ਵਿਚ ਵੱਡੇ ਹਨ। ਸਾਡੇ ’ਚ ਵਿਰੋਧੀਆਂ ਵਾਲੇ ਸਬੰਧ ਬਣ ਚੁੱਕੇ ਸਨ। ਇਕ ਵਾਰ ਮੇਰੇ ਬਾਰੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਮੇਰੇ ਕਿਸੇ ਵਿਰੋਧੀ ਨੇ ਕੰਨ ਭਰ ਦਿੱਤੇ।
ਉਹ ਸਕੂਲ ਦੇ ਦਫ਼ਤਰ ਵਿਚ ਆ ਕੇ ਸਕੂਲ ਮੁਖੀ ਦੇ ਸਾਹਮਣੇ ਮੇਰੇ ਵਿਰੁੱਧ ਅਬਾ-ਤਬਾ ਬੋਲਣ ਲੱਗਾ। ਉਸ ਨੇ ਮੇਰੇ ਬਾਰੇ ਸਕੂਲ ਮੁਖੀ ਤੋਂ ਦਰਿਆਫਤ ਕਰਦਿਆਂ ਹੋਇਆਂ ਉਨ੍ਹਾਂ ਨੂੰ ਪੁੱਛਿਆ, ‘‘ਹੈੱਡ ਮਾਸਟਰ ਸਾਹਿਬ, ਤੁਸੀਂ ਦੱਸੋ ਕਿ ਇਹ ਕਿਸ ਤਰ੍ਹਾਂ ਦਾ ਅਧਿਆਪਕ ਹੈ? ਕੀ ਇਹ ਮੇਰੇ ਵਿਰੁੱਧ ਬੋਲ ਸਕਦਾ ਹੈ?’’ ਮੁੱਖ ਅਧਿਆਪਕ ਨੇ ਅੱਗੋਂ ਪ੍ਰਧਾਨ ਨੂੰ ਕਿਹਾ, ‘‘ਪ੍ਰਧਾਨ ਜੀ, ਇਹ ਬਹੁਤ ਹੀ ਵਧੀਆ, ਆਪਣੇ ਵਿਸ਼ੇ ਦਾ ਮਾਹਿਰ ਅਤੇ ਮਿਹਨਤੀ ਅਧਿਆਪਕ ਹੈ। ਇਸ ਦੇ ਵਿਰੋਧੀਆਂ ਨੇ ਤੁਹਾਡੇ ਕੰਨ ਭਰ ਦਿੱਤੇ ਹਨ।’’ ਕਮੇਟੀ ਦਾ ਪ੍ਰਧਾਨ ਠੰਢਾ ਹੋ ਕੇ ਚਲਾ ਗਿਆ। ਉਸ ਦੇ ਜਾਣ ਤੋਂ ਬਾਅਦ ਮੈਂ ਉਸ ਮੁੱਖ ਅਧਿਆਪਕ ਨੂੰ ਪੁੱਛਿਆ, ‘‘ਸਰ, ਮੈਂ ਤਾਂ ਤੁਹਾਡਾ ਵਿਰੋਧੀ ਹਾਂ। ਫਿਰ ਵੀ ਤੁਸੀਂ ਕਮੇਟੀ ਦੇ ਪ੍ਰਧਾਨ ਸਾਹਮਣੇ ਮੇਰਾ ਪੱਖ ਕਿਉਂ ਲਿਆ। ਜੇਕਰ ਤੁਸੀਂ ਚਾਹੁੰਦੇ ਤਾਂ ਮੇਰੇ ਵਿਰੁੱਧ ਬੋਲ ਕੇ ਮੇਰਾ ਨੁਕਸਾਨ ਵੀ ਕਰਵਾ ਸਕਦੇ ਸੀ।’’ ਮੁੱਖ ਅਧਿਆਪਕ ਨੇ ਮੈਨੂੰ ਜੋ ਜਵਾਬ ਦਿੱਤਾ ਉਸ ਨੇ ਮੈਨੂੰ ਉਸ ਦਾ ਪੂਰੀ ਉਮਰ ਭਰ ਲਈ ਰਿਣੀ ਬਣਾ ਦਿੱਤਾ।
ਉਸ ਨੇ ਕਿਹਾ, ‘‘ਕਾਕਾ, ਤੇਰਾ ਮੇਰਾ ਵਿਰੋਧ ਵੱਖਰੀ ਗੱਲ ਹੈ। ਇਨਸਾਨੀਅਤ ਆਪਣੀ ਜਗ੍ਹਾ ਹੈ। ਤੇਰੇ ਵਿਚ ਜਿਹੜੇ ਗੁਣ ਮੌਜੂਦ ਹਨ, ਉਨ੍ਹਾਂ ਦਾ ਵਿਰੋਧ ਮੈਂ ਕਿਉਂ ਕਰਾਂ? ਕੀ ਤੂੰ ਮਿਹਨਤੀ ਅਧਿਆਪਕ ਨਹੀਂ ਹੈ? ਜਿਸ ਦਿਨ ਤੂੰ ਗ਼ਲਤ ਹੋਵੇਂਗਾ ਉਸ ਦਿਨ ਮੈਂ ਤੇਰਾ ਵਿਰੋਧ ਵੀ ਕਰਾਂਗਾ। ਚੁਗਲਖੋਰ, ਤੰਗ ਦਿਲ, ਮਤਲਬ ਪ੍ਰਸਤ ਅਤੇ ਗੁੱਸੇਖੋਰ ਲੋਕ ਕਦੇ ਵੀ ਸੂਝਵਾਨ ਅਤੇ ਸਿਆਣੇ ਵਿਰੋਧੀ ਨਹੀਂ ਹੋ ਸਕਦੇ।’’ ਇਬਰਾਹੀਮ ਲਿੰਕਨ ਨੇ ਇਕ ਵਾਰ ਆਪਣੇ ਭਾਸ਼ਣ ਵਿਚ ਕਿਹਾ ਸੀ ਕਿ ਉਹ ਵਿਅਕਤੀ ਖ਼ੁਸ਼ਨਸੀਬ ਹੁੰਦੇ ਹਨ ਜਿਨ੍ਹਾਂ ਦੀ ਜ਼ਿੰਦਗੀ ਵਿਚ ਸੁੱਘੜ-ਸਿਆਣੇ ਵਿਰੋਧੀ ਆਉਂਦੇ ਹਨ। ਸੂਝਵਾਨ ਵਿਰੋਧੀ ਦਾ ਵਿਰੋਧ ਤੁਹਾਨੂੰ ਤੁਹਾਡੇ ਔਗੁਣਾਂ ਤੋਂ ਜਾਣੂ ਕਰਵਾਉਂਦਾ ਰਹਿੰਦਾ ਹੈ।
ਉਹ ਤੁਹਾਨੂੰ ਤੁਹਾਡੀ ਮੰਜ਼ਿਲ ਤਕ ਪਹੁੰਚਾਉਣ ਵਿਚ ਵੀ ਤੁਹਾਡੀ ਸਹਾਇਤਾ ਕਰਦਾ ਹੈ। ਇਕ ਵਾਰੀ ਸਾਡੇ ਪਿੰਡ ਦੇ ਮੁੰਡੇ ਦਾ ਕਿਸੇ ਦੂਰ ਦੇ ਸ਼ਹਿਰ ਵਿਚ ਅਖ਼ਬਾਰ ਰਾਹੀਂ ਰਿਸ਼ਤਾ ਹੋ ਰਿਹਾ ਸੀ। ਦੂਰ ਸ਼ਹਿਰ ਦੇ ਹੋਣ ਕਾਰਨ ਕੁੜੀ ਵਾਲਿਆਂ ਨੂੰ ਮੁੰਡੇ ਬਾਰੇ ਪਤਾ ਕਰਨ ਲਈ ਕੋਈ ਵਿਅਕਤੀ ਨਹੀਂ ਲੱਭਾ। ਕੁੜੀ ਵਾਲੇ ਪੜ੍ਹੇ-ਲਿਖੇ ਲੋਕ ਸਨ। ਕੁੜੀ ਦੇ ਪਿਉ ਨੇ ਸਿੱਧਾ ਹੀ ਆ ਕੇ ਪਿੰਡ ਦੇ ਸਰਪੰਚ ਨੂੰ ਪੁੱਛਿਆ ਕਿ ਅਸੀਂ ਤੁਹਾਡੇ ਪਿੰਡ ਦੇ ਫਲਾਣੇ ਮੁੰਡੇ ਨਾਲ ਆਪਣੀ ਕੁੜੀ ਦਾ ਰਿਸ਼ਤਾ ਕਰ ਰਹੇ ਹਾਂ। ਸਾਨੂੰ ਮੁੰਡੇ ਬਾਰੇ ਦੱਸੋ। ਸਰਪੰਚ ਨੇ ਅੱਗੋਂ ਕਿਹਾ, ‘‘ਸ੍ਰੀਮਾਨ ਜੀ, ਸੋਨੇ ਵਰਗਾ ਮੁੰਡਾ ਹੈ, ਚੁੱਪ ਕਰ ਕੇ ਮੇਰੀ ਜ਼ਿੰਮੇਵਾਰੀ ’ਤੇ ਰਿਸ਼ਤਾ ਕਰ ਦਿਉ। ਤੁਹਾਡੀ ਕੁੜੀ ਰਾਜ ਕਰੇਗੀ।’’ ਵਿਆਹ ਹੋਣ ਤੋਂ ਬਾਅਦ ਜਦੋਂ ਮੁੰਡੇ ਦੇ ਪਿਉ ਨੂੰ ਪਤਾ ਲੱਗਾ ਕਿ ਸਰਪੰਚ ਨੇ ਉਨ੍ਹਾਂ ਦੇ ਮੁੰਡੇ ਬਾਰੇ ਕੁੜੀ ਵਾਲਿਆਂ ਨੂੰ ਬਹੁਤ ਚੰਗਾ ਕਿਹਾ ਸੀ ਤਾਂ ਉਸ ਨੇ ਸਰਪੰਚ ਨੂੰ ਕਿਹਾ, ‘‘ਸਰਪੰਚ ਜੀ, ਮੈਂ ਤੁਹਾਡਾ ਦਿਲੋਂ ਰਿਣੀ ਹਾਂ। ਅਸੀਂ ਸਰਪੰਚੀ ਦੀ ਚੋਣ ਵੇਲੇ ਤੁਹਾਡਾ ਵਿਰੋਧ ਕੀਤਾ ਸੀ, ਤੁਸੀਂ ਕੁੜੀ ਵਾਲਿਆਂ ਨੂੰ ਸਾਡੇ ਮੁੰਡੇ ਬਾਰੇ ਚੰਗਾ ਕਹਿ ਕੇ ਸਾਡੇ ਉੱਤੇ ਅਹਿਸਾਨ ਕੀਤਾ ਹੈ।’’ ਸਰਪੰਚ ਨੇ ਅੱਗੋਂ ਕਿਹਾ, ‘‘ਭਰਾ ਜੀ, ਸਾਡੇ ਸਿਆਸੀ ਮਤਭੇਦ ਅੱਡ ਗੱਲ ਹੈ। ਮੈਂ ਤੁਹਾਡੇ ਸੋਨੇ ਵਰਗੇ ਮੁੰਡੇ ਬਾਰੇ ਗ਼ਲਤ ਕਿਵੇਂ ਕਹਿ ਸਕਦਾ ਸੀ।’’
ਅਗਲੀ ਚੋਣ ਵਿਚ ਉਸ ਪਰਿਵਾਰ ਨੇ ਸਿਆਸੀ ਮਤਭੇਦ ਛੱਡ ਕੇ ਉਸ ਸਰਪੰਚ ਦੀ ਮਦਦ ਕੀਤੀ। ਉਜੱਡ, ਮੂਰਖ ਅਤੇ ਹੋਛੇ ਲੋਕਾਂ ਨੂੰ ਕੇਵਲ ਇੰਨਾ ਹੀ ਪਤਾ ਹੁੰਦਾ ਹੈ ਕਿ ਉਨ੍ਹਾਂ ਨੇ ਵਿਰੋਧ ਕਰਨਾ ਹੈ। ਸੂਝਵਾਨ ਵਿਰੋਧੀ ਟੇਬਲ ਟਾਕ ’ਤੇ ਸਦਾ ਆਪਣਾ ਪੱਖ ਬੜੇ ਹੀ ਸੁਚੱਜੇ ਢੰਗ ਨਾਲ ਰੱਖਦੇ ਹਨ। ਸੁੱਘੜ ਅਤੇ ਸਿਆਣੇ ਵਿਰੋਧੀ ਬਣਨ ਲਈ ਫਿਰਾਖ਼ਦਿਲ ਅਤੇ ਦੂਰਅੰਦੇਸ਼ ਬਣਨਾ ਪੈਂਦਾ ਹੈ।
ਸਵਾਰਥ ਅਤੇ ਤੰਗਦਿਲੀ ਤੋਂ ਪਰੇ ਰਹਿਣਾ ਪੈਂਦਾ ਹੈ। ਇਹ ਗੁਣ ਉਨ੍ਹਾਂ ਲੋਕਾਂ ਵਿਚ ਹੀ ਹੁੰਦੇ ਹਨ ਜੋ ਚੰਗਾ ਸਾਹਿਤ ਪੜ੍ਹਦੇ ਹਨ, ਚੰਗੇ ਲੋਕਾਂ ਦੀ ਸੰਗਤ ਕਰਦੇ ਹਨ ਤੇ ਚੰਗੇ ਲੋਕਾਂ ਦੇ ਵਿਚਾਰ ਸੁਣਦੇ ਹਨ। ਗ਼ਲਤ ਵਿਰੋਧ ਕਰਨ ਵਾਲੇ ਵਿਅਕਤੀ ਨੂੰ ਲੋਕ ਮੂਰਖ ਸਮਝਦੇ ਹਨ। ਉਸ ਦੀ ਪਿੱਠ ਪਿੱਛੇ ਉਸ ਦਾ ਮਜ਼ਾਕ ਉਡਾਉਂਦੇ ਹਨ। ਇਕ ਅਧਿਆਪਕ ਜਥੇਬੰਦੀ ਦਾ ਆਗੂ ਬਹੁਤ ਹੀ ਮਿਹਨਤੀ ਅਧਿਆਪਕ ਸੀ। ਉਸ ਦੇ ਵਿਰੋਧੀਆਂ ਨੇ ਉਸ ਦੀ ਸੇਵਾ ਮੁਕਤੀ ਦੇ ਨੇੜੇ ਉਸ ਨੂੰ ਖੱਜਲ ਕਰਨ ਲਈ ਉਸ ਦੀ ਸਿੱਖਿਆ ਵਿਭਾਗ ਨੂੰ ਸ਼ਿਕਾਇਤ ਕਰ ਦਿੱਤੀ। ਉਸ ਸ਼ਿਕਾਇਤ ਦੀ ਪੜਤਾਲ ਕਰਨ ਲਈ ਜਿਹੜਾ ਉੱਚ ਅਧਿਕਾਰੀ ਆਇਆ, ਉਹ ਵੀ ਉਸ ਦੀ ਵਿਰੋਧੀ ਜੱਥੇਬੰਦੀ ਦਾ ਸੀ। ਉਸ ਅਧਿਆਪਕ ਆਗੂ ਨੇ ਉਸ ਉੱਚ ਅਧਿਕਾਰੀ ਵਿਰੁੱਧ ਕਈ ਵਾਰ ਧਰਨੇ-ਮੁਜ਼ਾਹਰੇ ਵੀ ਕੀਤੇ ਸਨ।
ਉਸ ਉੱਚ ਅਧਿਕਾਰੀ ਨੇ ਜਦੋਂ ਉਸ ਅਧਿਆਪਕ ਆਗੂ ਦੀ ਬੱਚਿਆਂ ਨੂੰ ਪੜ੍ਹਾਉਣ ਦੀ ਮਿਹਨਤ ਦੇਖੀ ਤਾਂ ਉਸ ਨੇ ਉਸ ਨੂੰ ਕਿਹਾ, ‘‘ਪ੍ਰਧਾਨ ਜੀ, ਭਾਵੇਂ ਮੇਰਾ ਸਬੰਧ ਤੁਹਾਡੀ ਜੱਥੇਬੰਦੀ ਨਾਲ ਨਹੀਂ ਹੈ, ਤਸੀਂ ਮੇਰੇ ਵਿਰੁੱਧ ਧਰਨੇ-ਮੁਜ਼ਾਹਰੇ ਵੀ ਕਰਦੇ ਰਹੇ ਹੋ ਪਰ ਤੁਸੀਂ ਅਧਿਆਪਕ ਬਹੁਤ ਕਮਾਲ ਦੇ ਹੋ। ਮੈਂ ਤੁਹਾਡੇ ਵਿਰੁੱਧ ਕੀਤੀ ਗਈ ਸ਼ਿਕਾਇਤ ਨੂੰ ਇਕ ਸਾਜ਼ਿਸ਼ ਮੰਨਦਾ ਹਾਂ। ਤੁਸੀਂ ਬੇਕਸੂਰ ਹੋ। ਮੈਂ ਸਿੱਖਿਆ ਵਿਭਾਗ ਨੂੰ ਲਿਖਾਂਗਾ ਕਿ ਹਰ ਅਧਿਆਪਕ ਨੂੰ ਤੁਹਾਡੇ ਵਾਂਗ ਮਿਹਨਤੀ ਹੋਣਾ ਚਾਹੀਦਾ ਹੈ।’’ ਆਪਣੇ ਕਿਸੇ ਵਿਰੋਧੀ ਦੇ ਗੁਣਾਂ ਦੀ ਤਾਰੀਫ ਵੀ ਉਹੀ ਵਿਅਕਤੀ ਕਰ ਸਕਦਾ ਹੈ ਜੋ ਖ਼ੁਦ ਗੁਣੀ ਹੋਵੇ।
-ਪ੍ਰਿੰਸੀਪਲ ਵਿਜੈ ਕੁਮਾਰ
-ਮੋਬਾਈਲ : 98726-27136
Posted By: Jagjit Singh